Saturday, November 23, 2024
9.4 C
Vancouver

ਪੰਜਾਬ ‘ਚ ‘ਘੋੜੇ ਵਾਲੇ ਕੈਪਸੂਲ’ ਦੀ ਵਿਕਰੀ ਉੱਤੇ ਕਿਹੜੀਆਂ ਪਾਬੰਦੀਆਂ ਲੱਗੀਆਂ, ਕਿਵੇਂ ਇਨ੍ਹਾਂ ਦੀ ਦੁਰਵਰਤੋਂ ਖ਼ਤਰਨਾਕ ਹੈ

 

ਵਲੋਂ : ਨਵਜੋਤ ਕੌਰ

ਮੈਂ ਮੁਹਾਲੀ ਦੇ 10 ਫੇਸ ਵਿੱਚ ਇੱਕ ਮੈਡੀਕਲ ਸਟੋਰ ਉੱਤੇ ਜਾ ਕੇ ਕਿਹਾ,”ਮੈਨੂੰ ਪ੍ਰੀਗਾਬਲਿਨ ਗੋਲੀ ਮਿਲ ਸਕਦੀ ਹੈ?”

ਅੱਗੋਂ ਜਵਾਬ ਆਇਆ,”ਨਹੀਂ, ਇਹ ਤਾਂ ਮੁਹਾਲੀ ਵਿੱਚ ਕਦੋਂ ਦੀ ਬੰਦ ਹੋਈ ਹੈ”

ਮੈਂ ਅੱਗੇ ਪੁੱਛਿਆ,”ਅਜਿਹਾ ਕਿਉਂ”

ਤਾਂ ਜਵਾਬ ਮਿਲਿਆ,”ਇਹ ਗੋਲੀ ਜਾਂ ਕੈਪਸੂਲ ਪਿੰਡਾਂ ਵੱਲ ਲੋਕ ਨਸ਼ੇ ਲਈ ਵਰਤਣ ਲੱਗ ਗਏ ਸਨ, ਇਸ ਕਰ ਕੇ ਇੱਥੇ ਸ਼ਹਿਰ ਵਿੱਚ ਤਾਂ ਇਸ ਗੋਲੀ ਦੀ ਵਿਕਰੀ ਉੱਤੇ ਪੂਰਨ ਤੌਰ ‘ਤੇ ਰੋਕ ਲੱਗੀ ਹੋਈ ਹੈ।”

”ਹਾਂ, ਪਿੰਡਾਂ ਵੱਲ ਲੋਕ ਚੋਰੀ ਵੇਚਦੇ ਹੋਣ ਉਹ ਵੱਖਰੀ ਗੱਲ ਹੈ ਪਰ ਪ੍ਰਸ਼ਾਸਨ ਨੇ ਆਰਡਰ ਜਾਰੀ ਕਰਕੇ ਇਸ ਗੋਲੀ ਦੀ ਵਿਕਰੀ ਉੱਤੇ ਰੋਕ ਲਾ ਦਿੱਤੀ ਹੈ।”

ਸਿਰਫ਼ ਮੁਹਾਲੀ ਹੀ ਨਹੀਂ, ਅੰਮ੍ਰਿਤਸਰ, ਪਟਿਆਲਾ, ਮਾਨਸਾ, ਬਠਿੰਡਾ,ਫਤਿਹਗੜ੍ਹ ਸਾਹਿਬ ਸਣੇ ਤਕਰੀਬਨ ਪੂਰੇ ਪੰਜਾਬ ਵਿੱਚ ਹੀ ਪ੍ਰੀਗਾਬਲਿਨ ਗੋਲੀਆਂ ਦੀ 75 ਮਿਲੀਗ੍ਰਾਮ ਤੋਂ ਜ਼ਿਆਦਾ ਵਿਕਰੀ ਉੱਤੇ ਰੋਕ ਲੱਗੀ ਹੋਈ ਹੈ।

ਹਾਲ ਹੀ ਵਿੱਚ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਪ੍ਰੀਗਾਬਲਿਨ ਕੈਪਸੂਲ ਦੀ ਦੁਰਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟ੍ਰੇਟਾਂ ਵਲੋਂ ਸਖ਼ਤ ਕਦਮ ਚੁੱਕੇ ਗਏ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਮਾਲਵਾ ਖੇਤਰ ਵਿੱਚ ਨਸ਼ੇ ਦੀ ਪੂਰਤੀ ਕਰਨ ਲਈ ਕੁਝ ਨਸ਼ੇੜੀ ਸਿਗਨੇਚਰ ਕੈਪਸੂਲ ਦੀ ਵਰਤੋਂ ਕਰ ਰਹੇ ਸਨ।

ਆਮ ਭਾਸ਼ਾ ਵਿੱਚ ਲੋਕ ਸਿਗਨੇਚਰ ਕੈਪਸੂਲ ਨੂੰ ‘ਘੋੜੇ ਵਾਲਾ ਕੈਪਸੂਲ’ ਕਹਿੰਦੇ ਹਨ ਪਰ ਮੈਡੀਕਲ ਭਾਸ਼ਾ ਵਿੱਚ ਇਨ੍ਹਾਂ ਕੈਪਸੂਲਾਂ ਵਿੱਚ ਪ੍ਰੀਗਾਬਲਿਨ-300 ਐੱਮਜੀ ਸਾਲਟ ਪਾਇਆ ਜਾਂਦਾ ਹੈ।

ਵੱਖ-ਵੱਖ ਜ਼ਿਲ੍ਹਿਆਂ ਵਲੋਂ ਲਾਈ ਗਈ ਰੋਕ

ਤਰਨਤਾਰਨ ਜਿਲ੍ਹੇ ਦੇ ਅੰਦਰ ਡੀਸੀ ਸੰਦੀਪ ਕੁਮਾਰ ਨੇ ਪ੍ਰੀਗਾਬਲਿਨ ਕੈਪਸੂਲ ਬਿਨ੍ਹਾਂ ਲਾਇਸੰਸ ਰੱਖਣ, ਮਨਜ਼ੂਰਸ਼ੁਦਾ ਮਾਤਰਾ ਤੋਂ ਵੱਧ ਰੱਖਣ ਜਾਂ ਵੇਚਣ, ਬਿਨ੍ਹਾਂ ਬਿੱਲ ਅਤੇ ਰਿਕਾਰਡ ਦੇ ਖਰੀਦਣ ਤੇ ਵੇਚਣ ਉੱਤੇ ਰੋਕ ਲਗਾਉਣ ਦੇ ਹੁਕਮ 1 ਨਵੰਬਰ 2024 ਤੱਕ ਜਾਰੀ ਕਰ ਦਿੱਤੇ ਹਨ।”

ਅੰਮ੍ਰਿਤਸਰ ਦੇ ਡੀਸੀ ਘਨਸ਼ਾਮ ਥੋਰੀ ਨੇ ਵੀ ਨੋਟੀਫਿਕੇਸ਼ਨ ਜਾਰੀ ਕਰਕੇ ਪ੍ਰੀਗਾਬਲਿਨ ਦੀਆਂ ਗੋਲੀਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਉਦੇਸ਼ ਨਾਲ 75ਐੱਮਜੀ ਤੋਂ ਵੱਧ ਪ੍ਰੀਗਾਬਲਿਨ ਦੀ ਵਿਕਰੀ ਅਤੇ ਸਟੋਰ ਕਰ ਕੇ ਰੱਖਣ ਉੱਤੇ ਪਾਬੰਦੀ ਲਗਾ ਦਿੱਤੀ ਹੈ।

ਅੰਮ੍ਰਿਤਸਰ ਦੇ ਡੀਸੀ ਘਨਸ਼ਾਮ ਥੋਰੀ ਨੇ ਬੀਬੀਸੀ ਨੂੰ ਦੱਸਿਆ,”ਗੋਲੀਆਂ ਦੀ ਵਿਕਰੀ ਉੱਤੇ ਰੋਕ ਲਗਾਉਣ ਦਾ ਫ਼ੈਸਲਾ ਐੱਸਐੱਸਪੀ ਅਤੇ ਸਿਵਲ ਸਰਜਨ ਦੀ ਸਲਾਹ ਤੋਂ ਬਾਅਦ ਲਿਆ ਗਿਆ ਹੈ।”

”ਇਸ ਤੋਂ ਇਲਾਵਾ ਨਾਰਕੋਟਿਕਸ ਤਾਲਮੇਲ ਮੀਟਿੰਗ ਵਿੱਚ ਮਨੋਵਿਗਿਆਨੀਆਂ ਨੇ ਵੀ ਗੋਲੀਆਂ ਦੀ ਦੁਰਵਰਤੋਂ ਰੋਕਣ ਲਈ ਅਜਿਹਾ ਕਰਨ ਦੀ ਸਿਫ਼ਾਰਿਸ਼ ਕੀਤੀ ਸੀ।”

ਪ੍ਰੀਗਾਬਲਿਨ -300 ਐੱਮਜੀ ਕੈਪਸੂਲ ਕੀ ਹਨ?

ਡਾਕਟਰ ਗੁਰਪ੍ਰਕਾਸ਼ ਸਿੰਘ ਪੰਜਾਬ ਦੇ ਜੇਲ੍ਹ ਵਿਭਾਗ ਵਿੱਚ ਮਨੋਵਿਗਿਆਨ ਦੇ ਮਾਹਿਰ ਹਨ।

ਜੁਲਾਈ ਮਹੀਨੇ ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਨਾਲ ਗੱਲਬਾਤ ਦੌਰਾਨ ਡਾਕਟਰ ਗੁਰਪ੍ਰਕਾਸ਼ ਸਿੰਘ ਦੱਸਦੇ ਹਨ ਕਿ ਪ੍ਰੀਗਾਬਲਿਨ ਪਹਿਲਾਂ ਮਿਰਗੀ ਦੇ ਇਲਾਜ ਲਈ ਬਣੀ ਸੀ ਪਰ ਬਾਅਦ ਵਿੱਚ ਇਸ ਦਵਾਈ ਦੀ ਵਰਤੋਂ ਸ਼ੂਗਰ ਦੇ ਮਰੀਜ਼ਾਂ ਲਈ ਵੀ ਹੋਣ ਲੱਗੀ ਕਿਉਂਕਿ ਸ਼ੂਗਰ ਦੇ ਮਰੀਜ਼ਾਂ ਉੱਤੇ ਇਸ ਦਵਾਈ ਦਾ ਕਾਰਗਰ ਪ੍ਰਭਾਵ ਦੇਖਿਆ ਗਿਆ ਸੀ।

ਉਹ ਕਹਿੰਦੇ ਹਨ, ”ਇਸ ਦਵਾਈ ਦੇ ਸਰੀਰ ‘ਤੇ ਮਾੜੇ ਪ੍ਰਭਾਵ ਘੱਟ ਹੁੰਦੇ ਹਨ। ਜੇ ਨਿਰਧਾਰਿਤ ਡੋਜ਼ ਲਈ ਜਾਵੇ ਤਾਂ ਇਹ ਮਰੀਜ਼ ਨੂੰ ਸ਼ਾਂਤ ਕਰਦੀ ਹੈ।”

ਡਾਕਟਰ ਗੁਰਪ੍ਰਕਾਸ਼ ਸਿੰਘ ਦੱਸਦੇ ਹਨ, ”ਚਾਰ ਪੰਜ ਸਾਲ ਪਹਿਲਾਂ ਸਾਨੂੰ ਪ੍ਰੀਗਾਬਾਲਿਨ ਕੈਪਸੂਲ ਦੀ ਦੁਰਵਰਤੋਂ ਬਾਰੇ ਸ਼ਿਕਾਇਤਾਂ ਮਿਲਣ ਲੱਗੀਆਂ ਸਨ।”

”ਅਸੀਂ ਜੇਲ੍ਹ ਵਿੱਚ ਇਲਾਜ਼ ਅਧੀਨ ਕੈਦੀਆਂ ਨੂੰ ਪ੍ਰੀਗਾਬਲਿਨ 75-ਐੱਮਜੀ ਦਵਾਈ ਦਿੰਦੇ ਸੀ। ਪਰ ਜਦੋਂ ਕੈਦੀਆਂ ਨੇ ਇਹ ਦਵਾਈ ਦੇਣ ਲਈ ਵਾਰ-ਵਾਰ ਕਹਿਣਾ ਸ਼ੁਰੂ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਉਹ ਇਸ ਦੀ ਦੁਰਵਰਤੋਂ ਕਰ ਰਹੇ ਹਨ।”

ਡਾਕਟਰ ਗੁਰਪ੍ਰਕਾਸ਼ ਸਿੰਘ ਕਹਿੰਦੇ ਹਨ, ”ਅਸਲ ਵਿੱਚ ਜੋ ਦਵਾਈ ਨਸ਼ੇ ਲਈ ਵਰਤੀ ਜਾਂਦੀ ਹੈ, ਉਹ ਕਈ ਬਿਮਾਰੀਆਂ ਲਈ ਕਾਰਗਰ ਵੀ ਹੁੰਦੀ ਹੈ।”

ਉਹ ਦੱਸਦੇ ਹਨ, ”ਮਿਸਾਲ ਦੇ ਤੌਰ ‘ਤੇ ਕੈਂਸਰ ਦੇ ਮਰੀਜ਼ ਜੋ ਕਿ ਦਰਦ ਤੋਂ ਪੀੜਤ ਹੁੰਦੇ ਹਨ, ਉਹਨਾਂ ਲਈ ਟ੍ਰਾਮਾਡੋਲ ਦਵਾਈ ਮਦਦਗਾਰ ਹੁੰਦੀ ਹੈ ਪਰ ਉਨ੍ਹਾਂ ਨੂੰ ਇਹ ਦਵਾਈ ਆਸਾਨੀ ਨਾਲ ਨਹੀਂ ਮਿਲਦੀ ਕਿਉਂਕਿ ਇਸ ਦੀ ਵਿਆਪਕ ਦੁਰਵਰਤੋਂ ਹੋ ਰਹੀ ਹੈ।”

ਉਨ੍ਹਾਂ ਕਿਹਾ ਕਿ ‘ਪ੍ਰੀਗਾਬਲਿਨ ਦੀ ਜਅਿਾਦਾ ਵਰਤੋਂ ਨਾਲ ਮਰੀਜ਼ ਦੇ ਗੁਰਦੇ ਅਤੇ ਜਿਗਰ ‘ਤੇ ਵੀ ਮਾੜਾ ਅਸਰ ਪੈਂਦਾ ਹੈ।’

ਕੀ ਹੁਣ ਪ੍ਰੀਗਾਬਲਿਨ ਵਿਕੇਗੀ ਹੀ ਨਹੀਂ?

ਜ਼ੋਨਲ ਲਾਇਸੈਂਸਿੰਗ ਅਥਾਰਿਟੀ ਡਰੱਗਸ ਅੰਮ੍ਰਿਤਸਰ ਦੇ ਕੁਲਵਿੰਦਰ ਸਿੰਘ ਕਹਿੰਦੇ ਹਨ,”ਪਹਿਲੀ ਗੱਲ ਸਾਨੂੰ ਇਹ ਸਮਝਣੀ ਪਵੇਗੀ ਕਿ ਇਹ ਦਵਾਈ ਉੱਤੇ ਪੰਜਾਬ ਵਿੱਚ ਪਾਬੰਦੀ ਨਹੀਂ ਹੈ।”

”ਜੇਕਰ ਇਸ ਨੂੰ ਬੈਨ ਕਰਨਾ ਹੈ ਤਾਂ ਕੇਂਦਰ ਸਰਕਾਰ ਕਰ ਸਕਦੀ ਹੈ । ਹਾਲ ਦੀ ਘੜੀ ਅੰਮ੍ਰਿਤਸਰ ਦੇ ਡੀਸੀ ਨੇ ਇਸ ਦਵਾਈ ਦੀ ਖੁੱਲ੍ਹੇਆਮ 75 ਐੱਮਜੀ ਤੋਂ ਜ਼ਿਆਦਾ ਵਿਕਰੀ ਉੱਤੇ ਰੋਕ ਲਗਾਈ ਹੈ।”

”ਹੁਣ ਇਹ ਦਵਾਈ ਉਦੋਂ ਹੀ ਵਿਕ ਸਕਦੀ ਹੈ ਜਦੋਂ ਕਿਸੇ ਮਰੀਜ਼ ਲਈ ਇਸ ਦੀ ਵਰਤੋਂ ਦੀ ਸਿਫ਼ਾਰਿਸ਼ ਡਾਕਟਰ ਵਲੋਂ ਲਿਖਤੀ ਕੀਤੀ ਜਾਵੇਗੀ। ਇਸ ਵਿੱਚ ਦਵਾਈ ਦੀ ਡੋਜ਼ ਬਾਰੇ ਵੀ ਸਪੱਸ਼ਟ ਲਿਖਿਆ ਹੋਣਾ ਚਾਹੀਦਾ ਹੈ। ਇੱਕ ਦਿਨ ਵਿੱਚ ਇਹ ਗੋਲੀ 75ਐੱਮਜੀ ਤੋਂ ਜ਼ਿਆਦਾ ਨਹੀਂ ਲਈ ਜਾ ਸਕਦੀ।”

”ਇਹ ਦਵਾਈ ਅਸਲ ਵਿੱਚ ਜੇ ਬਿਮਾਰੀ ਦੀ ਰੋਕਥਾਮ ਲਈ ਖਾਦੀ ਜਾਵੇ ਤਾਂ ਅਸਰਦਾਰ ਵੀ ਹੈ। ਉਹ ਮਰੀਜ਼ ਜਿਨ੍ਹਾਂ ਦੀ ਯਾਦਾਸ਼ਤ ਘੱਟ ਜਾਂਦੀ ਹੈ, ਹੱਥ-ਪੈਰ ਸੁੰਨ ਹੋ ਜਾਂਦੇ ਹਨ, ਦਿਮਾਗੀ ਬਿਮਾਰੀਆਂ ਤੋਂ ਪੀੜਤ ਹੋਣ, ਸ਼ੂਗਰ ਜਾਂ ਹੱਡੀਆਂ ਦੀਆਂ ਬਿਮਾਰੀਆਂ ਲਈ ਇਨ੍ਹਾਂ ਕੈਪਸੂਲਾਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।”

”ਯਾਨੀ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਡਾਕਟਰ ਵੱਲੋਂ ਲਿਖੀ ਪਰਚੀ ਦੇ ਆਧਾਰ ਉੱਤੇ ਹੀ ਹੁਣ ਦਵਾਈ ਖਰੀਦੀ ਜਾ ਸਕੇਗੀ।”

”ਹੁਣ ਵੀ ਡਾਕਟਰ ਇਹ ਦਵਾਈ ਦੇ ਸਕਦੇ ਹਨ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਮਰੀਜ਼ ਨੂੰ 15 ਦਿਨ ਲਈ ਜਾਂ ਇੱਕ ਮਹੀਨੇ ਲਈ ਇਸ ਦੀ ਲੋੜ ਹੈ। ਇਹ ਫ਼ੈਸਲਾ ਡਾਕਟਰ ਲੈਣਗੇ ਕਿ ਕਿੰਨੀ ਮਾਤਰਾ ਵਿੱਚ ਇੱਕ ਮਰੀਜ਼ ਨੂੰ ਇਸ ਦਵਾਈ ਦਾ ਸੇਵਨ ਕਰਨ ਦੀ ਸਿਫ਼ਾਰਿਸ਼ ਕਰਨੀ ਹੈ।” ”ਡਾਕਟਰ ਆਮ ਤੌਰ ਉੱਤੇ ਇਸ ਦਵਾਈ ਦੀ ਪ੍ਰਤੀ ਦਿਨ ਵਰਤੋਂ 75ਐੱਮਜੀ ਤੋਂ ਵੱਧ ਕਰਨ ਦੀ ਸਲਾਹ ਨਹੀਂ ਦਿੰਦੇ ਹਨ।”

ਪੁਲਿਸ ਪਰਚਾ ਦਰਜ ਕਰ ਸਕਦੀ ਹੈ

ਤਰਨਤਾਰਨ ਦੇ ਡੀਸੀ ਸੰਦੀਪ ਕੁਮਾਰ ਨੇ ਵੀ ਜਲ੍ਹਿੇ ਵਿੱਚ ਪ੍ਰੀਗਾਬਾਲਿਨ ਕੈਪਸੂਲ/ਗੋਲੀ ਦੀ 75 ਐੱਮਜੀ ਤੋਂ ਜ਼ਿਆਦਾ ਵਿਕਰੀ ਕਰਨ ਉੱਤੇ ਪਾਬੰਦੀ ਲਾ ਦਿੱਤੀ ਹੈ।

”ਇਸੇ ਤਰ੍ਹਾਂ ਜੇ ਕਿਸੇ ਮਰੀਜ਼ ਕੋਲ ਦਵਾਈ ਦੀ ਮਾਤਰਾ ਡਾਕਟਰ ਵਲੋਂ ਲਿਖੀ ਗਈ ਪਰਚੀ ਨਾਲੋਂ ਵੱਧ ਹੈ ਤਾਂ ਵੀ ਇਹ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ।”

ਡੀਸੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ,”ਵੱਖ-ਵੱਖ ਖੁਫ਼ੀਆ ਰਿਪੋਰਟਾਂ ਅਤੇ ਡਰੱਗ ਐਡਿਕਟਸ ਨਾਲ ਗੱਲਬਾਤ ਦੌਰਾਨ ਇਹ ਸਾਹਮਣੇ ਆਇਆ ਕਿ ਪ੍ਰੀਗਾਬਾਲਿਨ ਕੈਪਸੂਲ ਦਾ ਸੇਵਨ ਨਸ਼ੇ ਦੇ ਆਦੀ ਅਤੇ ਆਮ ਲੋਕਾਂ ਵੱਲੋਂ ਮੈਡੀਕਲ ਨਸ਼ਾ ਵਜੋਂ ਭਾਰੀ ਤਾਦਾਦ ਵਿੱਚ ਕੀਤਾ ਜਾ ਰਿਹਾ ਹੈ।”

”ਇਸ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਨਸ਼ਿਆਂ ਦੀ ਰੋਕਥਾਮ ਹਿੱਤ ਪ੍ਰੀਗਾਬਾਲਿਨ ਕੈਪਸੂਲ ਦੀ ਦੁਰਵਰਤੋਂ ਉੱਤੇ ਪਾਬੰਦੀ ਲਗਾਉਣਾ ਜ਼ਰੂਰੀ ਹੈ।”

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਰੇ ਜ਼ਿਲ੍ਹਿਆਂ ਵਿੱਚ ਪ੍ਰੀਗਾਬਾਲਿਨ ਕੈਪਸੂਲ ਦੀ ਦੁਰਵਰਤੋਂ ਨੂੰ ਰੋਕਣ ਲਈ ਨਿਯਮਤ ਚੈਕਿੰਗ ਦੇ ਹੁਕਮ ਦਿੱਤੇ ਹਨ।

ਪੁਲਿਸ ਹੁਣ ਕੈਮਿਸਟਾਂ ਜਾਂ ਡਾਕਟਰ ਦੀ ਪਰਚੀ ਤੋਂ ਬਿਨਾਂ ਪ੍ਰੀਗਾਬਾਲਿਨ ਵੇਚਣ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਐੱਫ਼ਆਈਆਰ ਦਰਜ ਕਰ ਸਕਦੀ ਹੈ।

ਪੰਜਾਬ ਦੇ ਪੱਛਮੀ ਖੇਤਰ ‘ਚ ਗੰਭੀਰ ਜਨਤਕ ਸਿਹਤ ਸਮੱਸਿਆ: ਏਮਜ਼ ਰਿਸਰਚ

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾ ਦੇ ਮਨੋਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਜਤਿੰਦਰ ਅਨੇਜਾ ਅਤੇ ਸਹਾਇਕ ਪ੍ਰੋਫੈਸਰ ਡਾਕਟਰ ਜਵਾਹਰ ਸਿੰਘ ਨੇ ਸਾਲ 2021 ਵਿੱਚ ਪ੍ਰੀਗਾਬਲਿਨ ਦੀ ਵਰਤੋਂ ਅਤੇ ਦੁਰਵਰਤੋਂ ‘ਤੇ ਇੱਕ ਖੋਜ ਪੱਤਰ ਪ੍ਰਕਾਸਤਿ ਕੀਤਾ ਸੀ।

ਇਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦਾ ਪੱਛਮੀ ਖੇਤਰ ਪ੍ਰੀਗਾਬਲਿਨ ਦੀ ਦੁਰਵਰਤੋਂ ਦੇ ਰੂਪ ਵਿੱਚ ਇੱਕ ਹੋਰ ਭਿਆਨਕ ਜਨਤਕ ਸਿਹਤ ਸਮੱਸਿਆ ਵੱਲ ਜਾ ਰਿਹਾ ਹੈ।

ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਵੱਖ-ਵੱਖ ਜਿਿਲ੍ਹਆਂ ਵਿੱਚ ਵੱਡੀ ਮਾਤਰਾ ਵਿੱਚ ਪ੍ਰੀਗਾਬਾਲਿਨ ਅਤੇ ਹੋਰ ਗੈਬਾਪੇਂਟਿਨੋਇਡ ਜ਼ਬਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ।

ਜਕਿਰਯੋਗ ਹੈ ਕਿ ਮਾਨਸਾ ਦੇ ਜਲ੍ਹਿਾ ਪ੍ਰਸ਼ਾਸਨ ਨੇ ਪ੍ਰੀਗਾਬਲਿਨ-300 ਮਿਲੀਗ੍ਰਾਮ ਦੀ ਬਿਨਾਂ ਡਾਕਟਰ ਦੀ ਪਰਚੀ ਤੋਂ ਵਿਕਰੀ ਕਰਨ ‘ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਸੀ।

ਇਸ ਖੋਜ ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰੀਗਾਬਲਿਨ ਨੂੰ ਅੰਸ਼ਕ ਦੌਰੇ, ਨਿਊਰੋਪੈਥਿਕ ਦਰਦ ਅਤੇ ਫਾਈਬਰੋਮਾਈਆਲਗੀਆ ਲਈ ਮਨਜ਼ੂਰੀ ਦਿੱਤੀ ਗਈ ਸੀ ਪਰ ਇਹ ਚਿੰਤਾ ਰੋਗ ਨਾਲ ਜੁੜੀਆਂ ਸਮੱਸਿਆਵਾਂ ਅਤੇ ਅਫ਼ੀਮ ਦੇ ਆਦੀਆਂ ਨੂੰ ਠੀਕ ਕਰਨ ਲਈ ਵੀ ਵਰਤਿਆ ਜਾਂਦਾ ਹੈ।

ਖੋਜ ਪੱਤਰ ਮੁਤਾਬਕ ਹੈ ਕਿ ਵਿਸ਼ਵ ਪੱਧਰ ‘ਤੇ, ਅਧਿਐਨਾਂ ਨੇ ਦਿਖਾਇਆ ਹੈ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਇਤਿਹਾਸ ਵਾਲੇ ਵਿਅਕਤੀ ਇਲਾਜ ਦੀ ਖੁਰਾਕ ਤੋਂ 3-20 ਗੁਣਾ ਖੁਰਾਕ ਸੀਮਾ ਵਿੱਚ ਪ੍ਰੀਗਾਬਲਿਨ ਅਤੇ ਹੋਰ ਗੈਬਾਪੇਂਟਿਨੋਇਡਜ਼ ਦੀ ਦੁਰਵਰਤੋਂ ਕਰਦੇ ਹਨ।

ਡਾਕਟਰ ਜਤਿੰਦਰ ਅਨੇਜਾ ਨੇ ਦੱਸਿਆ ਕਿ ਕੁਝ ਨਸ਼ਾ ਕਰਨ ਵਾਲੇ ਲੋਕ ਇੱਕ ਦਿਨ ਵਿੱਚ 300 ਮਿਲੀਗ੍ਰਾਮ ਪ੍ਰੀਗਾਬਲਿਨ ਦੀਆਂ 10 ਕੈਪਸੂਲ ਦਾ ਸੇਵਨ ਕਰ ਰਹੇ ਹਨ ਜੋ ਕਿ ਜਾਨਲੇਵਾ ਵੀ ਸਾਬਿਤ ਹੋ ਰਹੀਆਂ ਹਨ।

ਫਤਹਿਗੜ੍ਹ ਸਾਹਿਬ ਵਿੱਚ ਹੋਈਆਂ ਦੋ ਗ੍ਰਿਫ਼ਤਾਰੀ

ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਂਦੇ ਥਾਣਾ ਨਬੀਪੁਰ ਦੇ ਸਬ-ਇੰਸਪੈਕਟਰ ਮਨਦੀਪ ਸਿੰਘ ਦੱਸਦੇ ਹਨ, ”ਅਸੀਂ ਡਰੱਗ ਇੰਸਪੈਕਟਰ ਸੰਤੋਸ਼ ਕੁਮਾਰ ਦੇ ਨਾਲ ਮਿਲ ਕੇ ਮੈਡੀਕਲ ਦੁਕਾਨਾਂ ਉੱਤੇ ਰੇਡ ਕੀਤੀ ਗਈ ਸੀ।”

”ਉਦੋਂ ਦੋ ਵਿਅਕਤੀਆਂ ਨੂੰ ਪ੍ਰੀਗਾਬਲਿਨ ਕੈਪਸੂਲ ਵੇਚਣ ਦੇ ਇਲਜ਼ਾਮਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਦੋਵੇਂ ਵਿਅਕਤੀ ਬਿਨਾਂ ਲਾਇਸੈਂਸ ਤੋਂ ਕੈਪਸੂਲ ਵੇਚ ਰਹੇ ਸਨ।”

”ਉਨ੍ਹਾਂ ਕੋਲ ਕੋਈ ਵੀ ਲਿਖਤੀ ਸਬੂਤ ਨਹੀਂ ਸੀ, ਬਿਨਾਂ ਕਿਸੇ ਵੇਰਵੇ ਤੋਂ ਉਹ ਇਹ ਕੈਪਸੂਲ ਵੇਚਦੇ ਸਨ ਇਸ ਕਰਕੇ ਡੀਸੀ ਦੇ ਹੁਕਮਾਂ ਮੁਤਾਬਕ ਉਨ੍ਹਾਂ ਖਲਿਾਫ਼ 223 ਬੀਐੱਨਐੱਸ ਤਹਿਤ ਪਰਚਾ ਦਰਜ ਕੀਤਾ ਗਿਆ ਸੀ।”

ਪ੍ਰੀਗਾਬਾਲਿਨ ਦੇ ਨੁਕਸਾਨ ਕੀ ਹਨ?

ੋਨਲ ਲਾਇਸੈਂਸਿੰਗ ਅਥਾਰਿਟੀ ਡਰੱਗਸ ਅੰਮ੍ਰਿਤਸਰ ਦੇ ਕੁਲਵਿੰਦਰ ਸਿੰਘ ਕਹਿੰਦੇ ਹਨ,”ਜੇਕਰ ਤੁਸੀਂ ਇੱਕ ਦਿਨ ਵਿੱਚ ਖੰਡ ਨੂੰ ਵੀ ਲੋੜੋਂ ਵੱਧ ਖਾਂਦੇ ਹੋ ਤਾਂ ਤੁਹਾਡੇ ਲਈ ਉਹ ਵੀ ਜ਼ਹਿਰ ਹੈ।”

”ਉਸੇ ਤਰੀਕੇ ਪ੍ਰੀਗਾਬਾਲਿਨ ਗੋਲੀ ਜਾਂ ਕੈਪਸੂਲ ਨੂੰ ਜਦੋਂ ਤੁਸੀਂ ਲੋੜ ਤੋਂ ਜ਼ਿਆਦਾ ਲਵੋਗੇ ਤਾਂ ਇਸਦੇ ਨੁਕਸਾਨ ਹੋਣਗੇ ਹੀ। ਅਸਲ ਵਿੱਚ, ਜਦੋਂ ਇੱਕ ਨਸ਼ੇੜੀ ਨੂੰ ਤੋੜ ਪੈਂਦੀ ਹੈ, ਮਤਲਬ ਨਸ਼ੇ ਦੀ ਤਲਬ ਲੱਗਦੀ ਹੈ, ਇਸ ਹਾਲਾਤ ਵਿੱਚ ਉਸ ਨੂੰ ਸਿੰਥੈਟਿਕ ਡਰੱਗ(ਹੈਰੋਇਨ) ਨਾ ਮਿਲੇ ਤਾਂ ਉਹ ਉਸਦਾ ਬਦਲ ਲੱਭਦੇ ਹਨ। ਬਦਲ ਵਿੱਚ ਉਹ ਪ੍ਰੀਗਾਬਾਲਿਨ ਦੀਆਂ ਪੰਜ-ਪੰਜ ਗੋਲੀਆਂ ਵੀ ਖਾ ਲੈਂਦੇ ਹਨ, ਇਹ ਖ਼ਤਰਨਾਕ ਹੈ।”

”ਫੇਰ ਅਸੀਂ ਕਹਿ ਸਕਦੇ ਹਾਂ ਕਿ ਪ੍ਰੀਗਾਬਾਲਿਨ ਦੀ ਨਸ਼ੇ ਦੇ ਤੌਰ ਉੱਤੇ ਦੁਰਵਰਤੋਂ ਹੋ ਰਹੀ ਹੈ।”

”ਕਈ ਵਾਰ ਲੋਕ ਆਪਣੀ ਅਗਿਆਨਤਾ ਵਿੱਚ ਹੀ ਇੱਕ ਤੋਂ ਵੱਧ ਗੋਲੀਆਂ ਖਾ ਲੈਂਦੇ ਹਨ ਤਾਂ ਉਹ ਹਾਨੀਕਾਰਕ ਹੋਵੇਗਾ ਹੀ। ਕੋਈ ਵੀ ਦਵਾਈ ਹੋਵੇ, ਡਾਕਟਰ ਦੀ ਸਲਾਹ ਬਹੁਤ ਜ਼ਰੂਰੀ ਹੈ, ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਕੋਈ ਵੀ ਦਵਾਈ ਖਾਣਾ ਗ਼ਲਤ ਹੀ ਹੈ।”

ਜਲੰਧਰ ਦੇ ਸਰਕਾਰੀ ਨਸ਼ਾ ਮੁੜ ਵਸੇਬਾ ਕੇਂਦਰ ਦੇ ਸੀਨੀਅਰ ਮਨੋਵਿਗਿਆਨੀ ਡਾਕਟਰ ਅਮਨ ਸੂਦ ਨੇ ਦੱਸਿਆ ਕਿ ਪ੍ਰੀਗਾਬਲਿਨ-300 ਐੱਮਜੀ ਨਸ਼ੇ ਦੇ ਆਦੀ ਲੋਕਾਂ ਵਿੱਚ ਵਿਆਪਕ ਤੌਰ ‘ਤੇ ਵਰਤੀ ਜਾਂਦੀ ਹੈ।

ਕਿਉਂਕਿ ਟਰਾਮਾਡੋਲ ਮੁਕਾਬਲਤਨ ਘੱਟ ਉਪਲੱਭਧ ਹੈ ਤੇ ਇਨ੍ਹਾਂ ਕੁਝ ਗੋਲੀਆਂ ਦਾ ਸੇਵਨ ਕਰਨ ਨਾਲ ਦਿਮਾਗ ਗੁੰਮ ਜਿਹਾ ਹੋ ਜਾਂਦਾ ਹੈ ਤੇ ਨੀਂਦ ਵੀ ਆਉਂਦੀ ਹੈ।

ਉਨ੍ਹਾਂ ਕਿਹਾ ਕਿ ਨਸ਼ੇ ਕਰਨ ਵਾਲਿਆਂ ਦਾ ਮੰਨਣਾ ਹੁੰਦਾ ਹੈ ਕਿ ਉਹ ਇਸ ਦਾ ਸੇਵਨ ਕਰਕੇ ਵੱਧ ਕੰਮ ਕਰ ਸਕਦੇ ਹਨ ਤੇ ਇਸ ਲਈ ਇਸ ਨੂੰ ਘੋੜੇ ਵਾਲਾ ਕੈਪਸੂਲ ਵੀ ਕਹਿੰਦੇ ਹਨ।

ਡਾਕਟਰ ਅਮਨ ਸੂਦ ਅਨੁਸਾਰ, ”ਲੰਬੇ ਸਮੇਂ ਦੇ ਪ੍ਰਭਾਵਾਂ ਵਿੱਚ ਇਹ ਮਾਨਸਿਕ ਸਮੱਸਿਆਵਾਂ ਪੈਦਾ ਕਰਦੇ ਹਨ ਤੇ ਵਿਵਹਾਰ ਵਿੱਚ ਬਦਲਾਅ ਵੀ ਆਉਂਦਾ ਹੈ। ਸਾਡੇ ਕੋਲ ਜਲੰਧਰ ਵਿੱਚ ਓਟ ਕਲੀਨਿਕਾਂ ਵਿੱਚ ਕੁੱਲ 18000 ਨਸ਼ੇੜੀ ਰਜਿਸਟਰਡ ਹਨ।”

ਧੰਨਵਾਦ ਸਹਿਤ ਬੀਬੀਸੀਪੰਜਾਬੀ