ਲੇਖਕ : ਗੁਰਚਰਨ ਸਿੰਘ ਨੂਰਪੁਰ
ਸੰਪਰਕ: 9855051099
ਸਾਨੂੰ ਦੱਸਿਆ ਜਾ ਰਿਹਾ ਹੈ ਕਿ ਦੁਨੀਆ ਵਿਕਾਸ ਕਰ ਰਹੀ ਹੈ ਪਰ ਧਰਤੀ ਦੀ ਤਬਾਹੀ ਨੂੰ ਵਿਕਾਸ ਸਮਝਣਾ ਸਾਡਾ ਭਰਮ ਹੈ। ਹਕੀਕਤ ਵਿੱਚ ਇਹ ਵਿਕਾਸ ਪੂੰਜੀਵਾਦ ਦੀ ਹਵਸ ਲਈ ਹੈ।
ਇਸ ਅਖੌਤੀ ਵਿਕਾਸ ਵਿੱਚ ਬਹੁਤ ਕੁਝ ਤਬਾਹ ਹੋ ਰਿਹਾ ਹੈ। ਇਸ ਤਬਾਹੀ ਵਿਚੋਂ ਮਨੁੱਖ ਆਪਣੇ ਸੁਨਿਹਰੀ ਭਵਿੱਖ ਦੇ ਸੁਫਨੇ ਵੇਖ ਰਿਹਾ ਹੈ ਜਦਕਿ ਇਹ ਉਸਦੀ ਭੁੱਲ ਹੈ। ਅਸੀਂ ਕਿਹੋ ਜਿਹੀ ਦੁਨੀਆ ਦੀ ਸਿਰਜਣਾ ਵੱਲ ਵਧ ਰਹੇ ਹਾਂ ਇਸ ਲਈ ਵੱਡੇ ਚਿੰਤਨ ਦੀ ਲੋੜ ਹੈ। ਜਿਸ ਸੰਸਾਰ ਦੀ ਅਸੀਂ ਸਿਰਜਣਾ ਕਰਨ ਜਾ ਰਹੇ ਹਾਂ ਉਸ ਵਿੱਚ ਧਰਤੀ ਦੇ ਜੰਗਲਾਂ ਦੀ ਤਬਾਹੀ, ਪਾਣੀਆਂ ਦੀ ਬਰਬਾਦੀ, ਪਹਾੜਾਂ ਦਾ ਸਫਾਇਆ, ਖਾਣਾਂ ਪੁੱਟ ਪੁੱਟ ਕੇ ਧਰਤੀ ਦੇ ਬਹੁਮੁੱਲੇ ਖਣਿਜਾਂ ਦੀ ਖੋਹਾ-ਖੋਹੀ ਹੈ। ਤੇਲ ਦੇ ਭੰਡਾਰਾਂ ‘ਤੇ ਕਬਜ਼ੇ, ਪਰਮਾਣੂ, ਹਾਈਡ੍ਰੋਜਨ ਹਥਿਆਰਾਂ ਦੇ ਜ਼ਖੀਰੇ, ਨਸ਼ਿਆਂ ਦਾ ਕਾਰੋਬਾਰ ਤੇ ਧਰਤੀ ਦੇ ਜੈਵ ਚੱਕਰ ਨੂੰ ਤਬਾਹ ਕਰਨ ਲਈ ਜ਼ਹਿਰਾਂ ਸਪਰੇਆਂ ਹਨ। ਧਰਤੀ, ਹਵਾ ਤੇ ਪਾਣੀ ਦਾ ਪ੍ਰਦੂਸ਼ਣ ਹੈ ਜਿਸ ਨੇ ਧਰਤੀ ਦੇ ਸੁਹੱਪਣ ਨੂੰ ਦਾਗ਼ਦਾਰ ਕਰ ਦਿੱਤਾ ਹੈ। ਇਸ ਨਾਲ ਜੀਵਨ ਲਈ ਵੱਡੇ ਖਤਰੇ ਪੈਦਾ ਹੋ ਗਏ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਇਹ ਸਭ ਕੁਝ ਕਿਸ ਨੇ ਪੈਦਾ ਕੀਤਾ? ਇਸਦਾ ਜਵਾਬ ਹੈ ਮਨੁੱਖੀ ਹਵਸ ਨੇ। ਅਸੀਂ ਇਸ ਭਰਮ ਵਿੱਚ ਹਾਂ ਕਿ ਸੰਸਾਰ ਭਰ ਦੀਆਂ ਸਰਕਾਰਾਂ ਨੂੰ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਚਲਾਉਂਦੇ ਹਨ ਅਤੇ ਸਰਕਾਰਾਂ ਇਸ ਸੰਸਾਰ ਨੂੰ ਚਲਾਉਂਦੀਆਂ ਹਨ ਪਰ ਹਕੀਕਤ ਇਹ ਹੈ ਇਸ ਦੁਨੀਆ ਨੂੰ ਕਾਰਪੋਰੇਟ ਜਗਤ ਚਲਾ ਰਿਹਾ ਹੈ। ਮੁੱਠੀ ਭਰ ਪੂੰਜੀਪਤੀ ਜਮਾਤਾਂ ਸੰਸਾਰ ਨੂੰ ਚਲਾ ਰਹੀਆਂ ਹਨ ਜੋ ਪੂਰੀ ਦੁਨੀਆ ਲਈ ਨੀਤੀਆਂ ਘੜਦੀਆਂ ਹਨ।
ਪੂੰਜੀਵਾਦੀ ਕਾਰਪੋਰੇਸ਼ਨਾਂ ਦੇ ਉਜਾੜੇ ਨਾਲ ਦੁਨੀਆ ਵਿੱਚ ਅਜਿਹੀਆਂ ਅਲਾਮਤਾਂ ਪੈਦਾ ਹੋ ਰਹੀਆਂ ਹਨ ਜੋ ਧਰਤੀ ਦੀ ਤਬਾਹੀ ਦਾ ਕਾਰਨ ਬਣ ਰਹੀਆਂ ਹਨ। ਇਨ੍ਹਾਂ ਨੀਤੀਆਂ ਨੇ ਜਿੱਥੇ ਦੁਨੀਆ ਭਰ ਵਿੱਚ ਜਨਤਕ ਅਦਾਰਿਆਂ ਦਾ ਖਾਤਮਾ ਕਰ ਦਿੱਤਾ ਹੈ ਉੱਥੇ ਅਜਿਹੇ ਕਰੂਰ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਇੱਕੀਵੀਂ ਸਦੀ ਵਿੱਚ ਵੀ ਧਰਤੀ ਦੇ ਕਰੋੜਾਂ ਲੋਕ ਭੁੱਖ ਨਾਲ ਮਰ ਰਹੇ ਹਨ। ਕਰੋੜਾਂ ਲੋਕ ਹਨ ਜਿਨ੍ਹਾਂ ਕੋਲ ਪੀਣ ਵਾਲਾ ਪਾਣੀ ਨਹੀਂ। ਇਹ ਲੋਕ ਨਾਲਿਆਂ-ਟੋਭਿਆਂ ਦਾ ਪਾਣੀ ਪੀਣ ਲਈ ਮਜਬੂਰ ਹਨ। ਲੱਖਾਂ ਲੋਕ ਬਿਮਾਰੀਆਂ ਦੁਸ਼ਵਾਰੀਆਂ ਨਾਲ ਘੁਲਦੇ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਇਨ੍ਹਾਂ ਵਿੱਚ ਕਾਰਪੋਰੇਟ ਹਸਪਤਾਲਾਂ ਵਿੱਚ ਜਾ ਕੇ ਆਪਣਾ ਇਲਾਜ ਕਰਾਉਣ ਦੀ ਆਰਥਿਕ ਸੱਤਿਆ ਨਹੀਂ।
ਪੂਰੀ ਦੁਨੀਆ ਵਿੱਚ ਜੇਕਰ ਅੱਜ ਵਾਤਾਵਰਣ ਦੀ ਤਬਾਹੀ ਦੀ ਹਾਲ ਪਾਹਰਿਆ ਹੋ ਰਹੀ ਹੈ ਤਾਂ ਇਸ ਲਈ ਜ਼ਿੰਮੇਵਾਰ ਪੂੰਜੀਵਾਦੀ ਨੀਤੀਆਂ ਹਨ ਜਿਨ੍ਹਾਂ ‘ਤੇ ਚੱਲਦਿਆਂ ਜੰਗਲ ਤਬਾਹ ਕੀਤੇ ਜਾ ਰਹੇ ਹਨ। ਧਰਤੀ ‘ਤੇ ਕੂੜੇ ਦੇ ਢੇਰ ਹਰ ਦਿਨ ਵਧ ਰਹੇ ਹਨ। ਕੂੜਾ ਸਮੇਟਣ ਦੀ ਸਮੱਸਿਆ ਪੂਰੀ ਦੁਨੀਆ ਵਿੱਚ ਹੈ। ਇਸੇ ਤਰ੍ਹਾਂ ਸਮੁੰਦਰ ਦੇ ਪਾਣੀਆਂ ਵਿੱਚ ਪਲਾਸਟਿਕ ਕਚਰੇ ਦੇ ਟਾਪੂ ਬਣ ਰਹੇ ਹਨ। ਇਹ ਕਚਰਾ ਜਿੱਥੇ ਸਮੁੰਦਰੀ ਜੀਵਾਂ ਦੀ ਜਾਨ ਦਾ ਖੌਅ ਬਣ ਰਿਹਾ ਹੈ ਉੱਥੇ ਇਸ ਨਾਲ ਸਮੁੰਦਰੀ ਜੀਵਾਂ ‘ਤੇ ਨਿਰਭਰ ਲੱਖਾਂ ਲੋਕਾਂ ਦੀ ਸਿਹਤ ਲਈ ਵੱਡੀਆਂ ਸਮੱਸਿਆਵਾਂ ਖੜੀਆਂ ਕਰ ਰਿਹਾ ਹੈ। ਕਿਸੇ ਸਰਕਾਰ ਕੋਲ ਇੰਨੀ ਸੱਤਿਆ ਨਹੀਂ ਕਿ ਇਸ ਕਾਰਪੋਰੇਟ ਵਿਕਾਸ ਮਾਡਲ ‘ਤੇ ਉਂਗਲ ਚੁੱਕ ਸਕੇ।
ਭਵਿੱਖ ਵਿੱਚ ਤੇਲ ਦੀ ਆਰਥਿਕ ਸਰਦਾਰੀ ਖੁੱਸਣ ਜਾ ਰਹੀ ਹੈ, ਜਿਸ ਨਾਲ ਦੁਨੀਆ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਵਾਪਰਨ ਵਾਲੀਆਂ ਹਨ। ਤੇਲ ‘ਤੇ ਨਿਰਭਰਤਾ ਖਤਮ ਹੋਣ ਨਾਲ ਦੁਨੀਆ ਇੱਕ ਨਵੇਂ ਦੌਰ ਵਿੱਚ ਪ੍ਰਵੇਸ਼ ਕਰਨ ਜਾ ਰਹੀ ਹੈ ਜਿਸ ਲਈ ਕਾਰਪੋਰੇਟ ਲਾਬੀ ਹੁਣ ਤੋਂ ਹੀ ਸਰਗਰਮ ਹੋ ਰਹੀ ਹੈ। ਭਵਿੱਖ ਵਿੱਚ ਮੋਬਾਈਲ ਨੈੱਟਵਰਕ, ਸੰਚਾਰ ਸਾਧਨ, ਇੰਟਰਨੈੱਟ ਦੀ ਦੁਨੀਆ, ਸਾਡਾ ਖਾਣ ਪੀਣ, ਦਫ਼ਤਰੀ ਕੰਮਕਾਜ ਆਦਿ ਸਭ ਕੁਝ ਤੇਜ਼ੀ ਨਾਲ ਤਬਦੀਲ ਹੋਣ ਜਾ ਰਿਹਾ ਹੈ। ਇਸ ਨੂੰ ਪੂੰਜੀਪਤੀ ਕੰਪਨੀਆਂ ਨੇ ਬਹੁਤ ਚੰਗੀ ਤਰ੍ਹਾਂ ਭਾਂਪ ਲਿਆ ਹੈ। ਇੰਟਰਨੈੱਟ, ਦੂਰਸੰਚਾਰ, ਆਟੋਮੋਬਾਈਲ, ਅਤੇ ਤੇਲ ਦੇ ਕਾਰੋਬਾਰ ਤੋਂ ਮੋਟੀਆਂ ਕਮਾਈਆਂ ਹੁੰਦੀਆਂ ਸਨ। ਉਹ ਜਾਣ ਗਈਆਂ ਹਨ ਕਿ ਭਵਿੱਖ ਵਿੱਚ ਸਪੇਸਐਕਸ, ਸਟਾਰਲਿੰਕ ਅਤੇ ਟੈਸਲਾ ਮੋਟਰ ਜਿਹੀਆਂ ਕੰਪਨੀਆਂ ਦੀ ਸਰਦਾਰੀ ਕਰ ਕੇ ਉਨ੍ਹਾਂ ਦੇ ਇਹ ਕਾਰੋਬਾਰ ਖੁੱਸਣ ਜਾ ਰਹੇ ਹਨ। ਇਸ ਲਈ ਇਨ੍ਹਾਂ ਖੇਤਰਾਂ ਵਿੱਚ ਕੰਮ ਕਰਦੀਆਂ ਕੰਪਨੀਆਂ ਦਾ ਸਾਰਾ ਜ਼ੋਰ ਵੱਧ ਤੋਂ ਵੱਧ ਜ਼ਮੀਨਾਂ ਹਥਿਆਉਣ, ਬੀਜਾਂ, ਦਵਾਈਆਂ, ਅਨਾਜ ਅਤੇ ਮੰਡੀਆਂ, ਰੇਲਾਂ, ਅਨਾਜ ਦੀ ਢੋਆ-ਢੋਆਈ ਲਈ ਸੜਕਾਂ ਦੇ ਜਾਲ ‘ਤੇ ਗਲਬਾ ਪਾਉਣ ਲੱਗਾ ਹੋਇਆ ਹੈ। ਦੁਨੀਆ ਦੇ ਵੱਖ ਵੱਖ ਖੇਤਰਾਂ ਵਿੱਚ ਕਾਰਪੋਰੇਟ ਕਿਸੇ ਵੀ ਢੰਗ ਨਾਲ ਜ਼ਮੀਨਾਂ ‘ਤੇ ਕਾਬਜ਼ ਹੋਣ ਲਈ ਯਤਨਸ਼ੀਲ ਹਨ।
ਸਾਨੂੰ ਇਹ ਸਮਝਣਾ ਪਵੇਗਾ ਕਿ ਕਾਰਪੋਰੇਟ ਪੂੰਜੀਪਤੀਆਂ ਦੀ ਵੀ ਆਪਸੀ ਮੁਕਾਬਲੇਬਾਜ਼ੀ ਚੱਲਦੀ ਰਹਿੰਦੀ ਹੈ। ਜਿੱਥੇ ਕੁਝ ਪੂੰਜੀਪਤੀ ਦੁਨੀਆ ਦੇ ਪੁਲਾੜ ਖੇਤਰ ਇੰਟਰਨੈੱਟ ਅਤੇ ਆਟੋਮੋਬਾਈਲ ਖੇਤਰ ਵਿੱਚ ਕਾਬਜ਼ ਹੋ ਰਹੇ ਹਨ ਉੱਥੇ ਇਨ੍ਹਾਂ ਖੇਤਰਾਂ ਤੋਂ ਬਾਹਰ ਹੋ ਰਹੀਆਂ ਕੰਪਨੀਆਂ ਦਾ ਅਗਲਾ ਮਿਸ਼ਨ ਮਨੁੱਖ ਦੀ ਭੁੱਖ ਤੋਂ ਮੋਟੀਆਂ ਕਮਾਈਆਂ ਕਰਨਾ ਹੈ। ਇਸ ਸਬੰਧੀ ਖੋਜਾਂ ਹੋ ਰਹੀਆਂ ਹਨ ਕਿ ਮਨੁੱਖ ਦੇ ਖਾਣੇ ਦੇ ਸਵਾਦ ਨੂੰ ਸਮਝਿਆ ਜਾਵੇ। ਪੂਰੀ ਦੁਨੀਆ ਵਿੱਚ ਖਾਣੇ ਦਾ ਰਵਾਇਤੀ ਢੰਗ ਬਦਲ ਰਿਹਾ ਹੈ। ਛੋਟੇ ਵੱਡੇ ਸ਼ਹਿਰਾਂ ਵਿੱਚ ਮੈਕਡੌਨਲ, ਸਬਵੇਅ, ਬਰਿਸਟਾ, ਕੇਐਫਸੀ ਵਰਗੀਆਂ ਕੰਪਨੀਆਂ ਕਰੋੜਾਂ ਰੁਪਏ ਖਰਚ ਕੇ ਆਪਣੇ ਸੈਂਟਰ ਸਥਾਪਤ ਕਰ ਰਹੀਆਂ ਹਨ। ਆਨਲਾਈਨ ਆਰਡਰ ਕਰਨ ਨਾਲ ਖਾਣਾ ਮੰਗਵਾਉਣ ਅਤੇ ਖਾਣ ਦਾ ਰੁਝਾਨ ਵਧ ਜਾਵੇਗਾ। ਦੁਨੀਆ ਭਰ ਵਿੱਚ ਰੋਟੀ ਇੱਕ ਵੱਡੀ ਸਨਅਤ ਬਣ ਰਹੀ ਹੈ। ਸਾਡੀ ਰਸੋਈ ਸਾਡੇ ਦੇਖਦਿਆਂ ਦੇਖਦਿਆਂ ਹੀ ਸਾਡੇ ਘਰਾਂ ‘ਚੋਂ ਗਾਇਬ ਹੋ ਜਾਵੇਗੀ। ਭਵਿੱਖ ਵਿੱਚ ਅਜਿਹੀ ਵਿਵਸਥਾ ਬਣਾ ਦਿੱਤੀ ਜਾਵੇਗੀ ਕਿ ਸਾਨੂੰ ਇਹ ਲੱਗਣ ਲੱਗੇਗਾ ਕਿ ਘਰ ਖਾਣਾ ਬਣਾਉਣ ਨਾਲੋਂ ਬਾਹਰ ਦਾ ਖਾਣਾ ਸਸਤਾ ਪੈਂਦਾ ਹੈ। ਸਮਾਜ ਦੀ ਬਹੁਗਿਣਤੀ ਪੂਰੀ ਤਰ੍ਹਾਂ ਇਸ ‘ਤੇ ਨਿਰਭਰ ਹੋ ਜਾਵੇਗੀ। ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਤਬਦੀਲ ਹੋ ਜਾਣਗੀਆਂ। ਜਿੱਥੇ ਇਸ ਨਾਲ ਸਿਹਤ ਸਮੱਸਿਆਵਾਂ ਗੰਭੀਰ ਹੋਣਗੀਆਂ ਉਥੇ ਸਾਡਾ ਤੰਦਰੁਸਤ ਰਹਿਣ ਲਗਭਗ ਅਸੰਭਵ ਹੋ ਜਾਵੇਗਾ ਤੇ ਵਾਤਾਵਰਣ ਸੰਕਟ ਹੋਰ ਭਿਆਨਕ ਬਣੇਗਾ। ਚਾਹੇ ਸਾਡੀਆਂ ਲੋੜਾਂ ਹੋਣ ਜਾਂ ਸਾਡੇ ਸੰਕਟ ਹੋਣ, ਕਾਰਪੋਰੇਟ ਜਗਤ ਦੋਹਾਂ ਹਾਲਤਾਂ ਵਿੱਚ ਹੀ ਲੋਕਾਂ ਤੋਂ ਕਮਾਈ ਕਰਨੀ ਜਾਣਦਾ ਹੈ। ਮਾੜਾ ਖਾਣਾ ਅਤੇ ਗੰਦੇ ਵਾਤਾਵਰਣ ਨਾਲ ਜੇਕਰ ਸਾਡੇ ਲਈ ਸਿਹਤ ਦਾ ਸੰਕਟ ਪੈਦਾ ਹੁੰਦਾ ਹੈ ਤਾਂ ਕਾਰਪੋਰੇਟ ਦਵਾਈ ਕੰਪਨੀਆਂ ਲਈ ਕੰਮ ਕਰਨ ਦਾ ਇਹ ਬੜਾ ਸ਼ੁਭ ਅਵਸਰ ਹੁੰਦਾ ਹੈ। ਘਰਾਂ ਵਿੱਚ ਬਣਦੇ ਖਾਣੇ ਦੀ ਰਹਿੰਦ-ਖੂੰਹਦ ਖੇਤਾਂ ਜਾਂ ਪਸ਼ੂਆਂ ਦੇ ਕੰਮ ਆਉਂਦੀ ਹੈ ਪਰ ਕੰਪਨੀਆਂ ਖਾਣੇ ਦੀ ਪੈਕਿੰਗ ਲਈ ਜੋ ਸਾਮਾਨ ਵਰਤਦੀਆਂ ਹਨ ਉਹ ਭਵਿੱਖ ਵਿੱਚ ਵਾਤਾਵਰਣ ਲਈ ਹੋਰ ਵੱਡੇ ਸੰਕਟ ਖੜੇ ਕਰ ਦੇਵੇਗਾ ਅਤੇ ਇਨ੍ਹਾਂ ਖਾਣਿਆਂ ਦੀ ਪੈਕਿੰਗ ਦਾ ਕੂੜਾ ਵਧਦਾ ਜਾਵੇਗਾ।
ਉਪਜਾਊ ਅਤੇ ਖਣਿਜ ਪਦਾਰਥ ਪੈਦਾ ਕਰਨ ਵਾਲੀਆਂ ਜ਼ਮੀਨਾਂ ‘ਤੇ ਕਬਜ਼ੇ ਕਰਨ ਲਈ ਕਾਰਪੋਰੇਟ ਲਾਬੀ ਪਿਛਲੇ ਅਰਸੇ ਤੋਂ ਸਰਗਰਮੀ ਨਾਲ ਕੰਮ ਕਰ ਰਹੀ ਹੈ। ਦੁਨੀਆ ਦੇ ਵੱਖ ਵੱਖ ਖਿੱਤਿਆਂ ਵਿੱਚ ਜ਼ਮੀਨਾਂ ਹਥਿਆਉਣ ਲਈ ਵਾਤਾਵਰਣ ਤਬਾਹ ਕੀਤਾ ਜਾ ਰਿਹਾ ਹੈ। ਜੰਗਲ ਸਾੜੇ ਜਾ ਰਹੇ ਹਨ ਤੇ ਕਬਾਇਲੀ ਇਲਾਕਿਆਂ ਵਿੱਚ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ। ਇਨ੍ਹਾਂ ਦੇ ਘਰਾਂ, ਝੁੱਗੀਆਂ ਨੂੰ ਅੱਗਾਂ ਲਾ ਕੇ ਸਵਾਹ ਕੀਤਾ ਜਾਂਦਾ ਹੈ। ਇਲਜ਼ਾਮ ਇਹ ਲਾਇਆ ਜਾਂਦਾ ਹੈ ਕਿ ਇਹ ਲੋਕ ਵਿਕਾਸ ਵਿੱਚ ਰੋੜਾ ਬਣਦੇ ਹਨ। ਇਨ੍ਹਾਂ ਦੀਆਂ ਜ਼ਮੀਨਾਂ ਹਥਿਆ ਲਈਆਂ ਜਾਂਦੀਆਂ ਹਨ ਤਾਂ ਕਿ ਇਨ੍ਹਾਂ ਥਾਵਾਂ ‘ਤੇ ਕਬਜ਼ੇ ਕਰਕੇ ਧਰਤੀ ਹੇਠੋਂ ਖਣਿਜ ਕੱਢੇ ਜਾ ਸਕਣ। ਕੋਲੇ, ਲੋਹੇ ਅਤੇ ਸੋਨੇ ਦੀਆਂ ਖਾਣਾਂ ‘ਤੇ ਕਾਰਪੋਰੇਟ ਕੰਪਨੀਆਂ ਕਾਬਜ਼ ਹਨ। ਜਿਹੜੇ ਖੇਤਰਾਂ ‘ਤੇ ਪਹਿਲਾਂ ਜਨਤਕ ਅਜ਼ਾਰੇਦਾਰੀ ਸੀ, ਉਹ ਹੁਣ ਲਗਪਗ ਖਤਮ ਕਰ ਦਿੱਤੀ ਗਈ ਹੈ। ਲੱਖਾਂ ਮਜ਼ਦੂਰ ਜੋ ਇਨ੍ਹਾਂ ਖਾਣਾਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਠੀਕ ਢੰਗ ਨਾਲ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਦੁਨੀਆ ਵਿੱਚ ਜਿੱਥੇ ਜਿੱਥੇ ਸੋਨੇ ਲਈ ਖੁਦਾਈ ਹੁੰਦੀ ਹੈ, ਉਥੇ ਲੱਖਾਂ ਟਨ ਮਿੱਟੀ ਨੂੰ ਖੁਰਦ ਬੁਰਦ ਕੀਤਾ ਜਾਂਦਾ ਹੈ ਜਿਸ ਨਾਲ ਧਰਤੀ ਦੇ ਤਲ ਵਿੱਚ ਸੈਂਕੜੇ ਮੀਟਰ ਡੂੰਘੇ ਟੋਏ ਪੁੱਟੇ ਜਾਂਦੇ ਹਨ। ਖੁਰਦ ਬੁਰਦ ਕੀਤੀ ਜਾਂਦੀ ਮਿੱਟੀ ਚੋਂ ਉੱਡਦੀ ਧੂੜ ਵਾਤਾਵਰਣ ਤੇ ਖਾਸ ਕਰਕੇ ਜਾਨਵਰਾਂ, ਰੁੱਖਾਂ ਅਤੇ ਬਨਸਪਤੀ ਲਈ ਸੰਕਟ ਪੈਦਾ ਕਰਦੀ ਹੈ।
ਸਾਡੀ ਇਹ ਧਰਤੀ ਯੁੱਗਾਂ-ਯੁਗਾਂਤਰਾਂ ਤੋਂ ਸਾਨੂੰ ਪਾਲਦੀ ਅਤੇ ਸੰਭਾਲਦੀ ਆਈ ਹੈ। ਇਹ ਧਰਤੀ ਇੱਥੇ ਰਹਿਣ ਵਾਲੇ ਹਰ ਮਨੁੱਖ ਲਈ ਸਾਫ ਪਾਣੀ ਤੇ ਚੰਗੀ ਖੁਰਾਕ ਪੈਦਾ ਕਰਨ ਦੇ ਸਮਰੱਥ ਹੈ। ਉਹ ਕਿਹੜੀਆਂ ਧਿਰਾਂ ਹਨ ਜੋ ਇਸ ਦੀ ਤਬਾਹੀ ਦੀ ਸਿਰਜਣਾ ਕਰ ਰਹੀਆਂ ਹਨ ਉਨ੍ਹਾਂ ਨੂੰ ਪਛਾਣਨ ਦੀ ਲੋੜ ਹੈ। ਆਪਣੇ ਕਾਰੋਬਾਰ ਕਰਨ ਦਾ ਹਰ ਇੱਕ ਨੂੰ ਅਧਿਕਾਰ ਹੈ ਪਰ ਇਹ ਕਾਰੋਬਾਰ ਧਰਤੀ ਦੇ ਅੰਗ ਹਵਾ, ਪਾਣੀ ਤੇ ਮਿੱਟੀ ਦੀ ਬਰਬਾਦੀ ਦੀ ਕੀਮਤ ‘ਤੇ ਨਹੀਂ ਹੋਣੇ ਚਾਹੀਦੇ।
ਸਾਨੂੰ ਅੱਜ ਇਹ ਵਿਚਾਰਨ ਦੀ ਲੋੜ ਹੈ ਕਿ ਕਾਰਪੋਰੇਟ ਵਿਕਾਸ ਮਾਡਲ ਨਾਲ ਦੁਨੀਆ ਦਾ ਭਲਾ ਨਹੀਂ ਹੋ ਸਕਦਾ। ਇਹ ਉਹ ਵਿਕਾਸ ਮਾਡਲ ਹੈ ਜੋ ਧਰਤੀ ਦੀ ਤਬਾਹੀ ਦੀ ਇਬਾਰਤ ਲਿਖ ਰਿਹਾ ਹੈ। ਉਹ ਵਿਕਾਸ ਮਾਡਲ ਜਿਸ ਵਿੱਚ ਦੁਨੀਆ ਦਾ ਪੈਸਾ ਕੁਝ ਹੀ ਹੱਥਾਂ ਤੱਕ ਸੀਮਤ ਹੋ ਰਿਹਾ ਹੈ। ਇਹ ਵਿਕਾਸ ਮਾਡਲ ਇੰਨਾ ਭਿਆਨਕ ਹੈ ਕਿ ਇਹ ਲੋਕਾਂ ਦੇ ਰੋਜ਼ਗਾਰ ਹੀ ਨਹੀਂ ਬਲਕਿ ਰੋਜ਼ਗਾਰ ਪੈਦਾ ਕਰਨ ਵਾਲੀਆਂ ਸੰਸਥਾਵਾਂ ਨੂੰ ਹੀ ਨਿਗਲ ਰਿਹਾ ਹੈ। ਬੇਰੁਜ਼ਗਾਰਾਂ ਲਈ ਨੌਕਰੀਆਂ ਨਹੀਂ ਹਨ ਜਦਕਿ ਨੌਕਰੀਆਂ ਕਰਨ ਵਾਲਿਆਂ ਨੂੰ ਇਹ ਡਰ ਹੈ ਕਿ ਉਨ੍ਹਾਂ ਦਾ ਰੁਜ਼ਗਾਰ ਖੁੱਸ ਸਕਦਾ ਹੈ। ਅੱਜ ਸਮਾਂ ਮੰਗ ਕਰਦਾ ਹੈ ਕਿ ਦੁਨੀਆ ਭਰ ਦੇ ਲੋਕਾਂ ਨੂੰ ਇਸ ਵਿਸ਼ੇ ‘ਤੇ ਲਿਖਣ, ਬੋਲਣ, ਇਨ੍ਹਾਂ ਵਰਤਾਰਿਆਂ ਨੂੰ ਸਮਝਣ ਤੇ ਜਾਗਰੂਕ ਹੋਣ ਦੀ ਬਹੁਤ ਵੱਡੀ ਲੋੜ ਹੈ।