ਜਦ ਦਾ ਇਸ਼ਕ ਖ਼ਸਮ ਨਾਲ ਹੋਇਆ
ਮੋਹ-ਭੰਗ ਇਸ ਦੁਨੀਆਂ ਤੋਂ ਹੋਇਆ
ਆਪਣੇ ਆਪ ਦੀ ਰਹੀ ਨਾ ਸੁੱਧ-ਬੁੱਧ
ਹਰਦਮ ਓਹਦੀ ਯਾਦ ‘ਚ ਖੋਇਆ
ਦੀਦ ਓਹਦੀ ਨੂੰ ਤਰਸਣ ਅੱਖੀਆਂ
ਮਨ ਵੀ ਹੋਇਆ ਮੌਨ, ਓ ਮੌਲ਼ਾ…..
ਕੀ ਜਾਣਾਂ ! ਮੈਂ ਕੌਣ, ਓ ਮੌਲ਼ਾ……
ਕੁੱਲੀ ਨੂੰ ਅੱਗ ਲਾ ਆਇਆਂ ਹਾਂ
“ਮੈਂ” ਨੂੰ ਮਾਰ ਮੁਕਾ ਆਇਆਂ ਹਾਂ
ਐਸਾ ਤੇਰੇ ਰੰਗ ਵਿੱਚ ਰੰਗਿਆ
ਸੁੱਖ, ਦੁੱਖ-ਦਰਦ ਭੁਲਾ ਆਇਆਂ ਹਾਂ
ਸਮਝ ਕੇ ਮੈਨੂੰ ਵਾਂਗ ਸ਼ੁਦਾਈਆਂ
ਲੋਕੀਂ ਸ਼ੋਰ ਮਚਾਉਣ, ਓ ਮੌਲ਼ਾ
ਕੀ ਜਾਣਾਂ ! ਮੈਂ ਕੌਣ, ਓ ਮੌਲ਼ਾ…….
ਫ਼ੱਕਰਾਂ ਵਾਲਾ ਭੇਸ ਹੋ ਗਿਆ
ਮੈਂ ਬੰਦਾ ਦਰਵੇਸ਼ ਹੋ ਗਿਆ
ਨਾ ਰੋਣਾ, ਨਾ ਆਵੇ ਹਾਸਾ
ਦਰ ਦਰ ਫਿਰਾਂ, ਲੈ ਹੱਥ ਵਿੱਚ ਕਾਸਾ
ਇਸ ਜ਼ਿੰਦੜੀ ਦਾ ਕੀ ਭਰਵਾਸਾ
ਤੁਝ ਬਿਨ ਮੇਰਾ ਕੌਣ, ਓ ਮੌਲ਼ਾ
ਕੀ ਜਾਣਾਂ ! ਮੈਂ ਕੌਣ, ਓ ਮੌਲ਼ਾ…..
ਮੌਲ਼ਾ ਤੇਰੇ ਰੰਗ ਵਿੱਚ ਰਾਜ਼ੀ
ਨਾ ਜਾਣਾਂ ਕੀ ਪੰਡਿਤ-ਕਾਜ਼ੀ
ਮਸਲਾ ਦੋ-ਟੁੱਕ ਰੋਟੀ ਦਾ ਹੁਣ
ਕੋਈ ਫਰਕ ਨਈਂ, ਬੇਹੀ ਤਾਜ਼ੀ
ਪਾਟੇ ਕੱਪੜੇ, ਕਾਸਾ, ਝੋਲ਼ੀ
ਇਹੀ ਮਨ ਨੂੰ ਭਾਉਣ, ਓ ਮੌਲ਼ਾ
ਕੀ ਜਾਣਾਂ ! ਮੈਂ ਕੌਣ, ਓ ਮੌਲ਼ਾ…….
ਕੀ ਲੈਣਾ ਬੰਦਿਆਂ ਸੁੱਤਿਆਂ ਤੋਂ
‘ਖੁਸ਼ੀ’ ਸਬਕ ਸਿੱਖ ਲਿਆ ਕੁੱਤਿਆਂ ਤੋਂ
ਇਹ ਸੌਂਦੇ ਨਹੀਂਓਂ ਰਾਤਾਂ ਨੂੰ
ਨਾ ਡਰਨ ਮਾਲਕ ਦਿਆਂ ਜੁੱਤਿਆਂ ਤੋਂ
ਮਾਲਕ ਦਾ ਦਰ ਮੂਲ ਨਾ ਛੱਡਣ
ਸੁੱਖ ਮਾਲਕ ਦੀ ਚਾਹੁਣ, ਓ ਮੌਲ਼ਾ
ਕੀ ਜਾਣਾਂ ! ਮੈਂ ਕੌਣ, ਓ ਮੌਲ਼ਾ…….
ਲਿਖਤ : ਖੁਸ਼ੀ ਮੁਹੰਮਦ ਚੱਠਾ