ਸਰੀ, (ਏਕਜੋਤ ਸਿੰਘ): ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੈਨੇਡੀਅਨ ਹਥਿਆਰਾਂ ਨੂੰ ਗਾਜ਼ਾ ਪੱਟੀ ਤੱਕ ਭੇਜਣ ਦੀ ਮਨਾਹੀ ਹੋਵੇਗੀ। ਇਸ ਐਲਾਨ ਨੇ ਕੈਨੇਡਾ ਦੀ ਹਥਿਆਰ ਨੀਤੀ ਵਿੱਚ ਇੱਕ ਵੱਡਾ ਮੋੜ ਲਿਆਂਦਾ ਹੈ।
ਇਹ ਟਿੱਪਣੀਆਂ ਕੁਝ ਹਫ਼ਤੇ ਬਾਅਦ ਆਈਆਂ ਹਨ ਜਦੋਂ ਅਮਰੀਕਾ ਨੇ ਇਜ਼ਰਾਈਲ ਨੂੰ ਕਿਊਬੈਕ ਵਿਚ ਬਣਿਆ ਗੋਲਾ-ਬਾਰੂਦ ਭੇਜਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਜੋਲੀ ਨੇ ਕਿਹਾ ਕਿ ਕੈਨੇਡਾ ਗਾਜ਼ਾ ਪੱਟੀ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਨੇਡੀਅਨ ਹਥਿਆਰਾਂ ਦੀ ਵਰਤੋਂ ਨਹੀਂ ਹੋਣ ਦੇਵੇਗਾ।
ਮੰਤਰੀ ਜੋਲੀ ਨੇ ਇਹ ਵੀ ਕਿਹਾ ਕਿ ਕੈਨੇਡਾ ਨੇ ਜਨਵਰੀ ਵਿੱਚ ਇਜ਼ਰਾਈਲ ਲਈ ਨਵੇਂ ਹਥਿਆਰ ਪਰਮਿਟਾਂ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਰੋਕ ਦਿੱਤੀ ਹੈ। ਇਸ ਤੋਂ ਇਲਾਵਾ, ਜੋਲੀ ਨੇ ਸਮਰ ਵਿੱਚ ਲਗਭਗ 30 ਮੌਜੂਦਾ ਪਰਮਿਟਾਂ ਨੂੰ ਮੁਅੱਤਲ ਕੀਤਾ ਹੈ ਅਤੇ ਕੈਨੇਡੀਅਨ ਕੰਪਨੀਆਂ ਤੋਂ ਇਸ ਬਾਰੇ ਸਵਾਲ ਵੀ ਪੁੱਛੇ ਹਨ।
ਕੈਨੇਡਾ ਦੇ ਵਿਦੇਸ਼ ਮਾਮਲੇ ਦਫ਼ਤਰ ਵੱਲੋਂ ਪੇਸ਼ ਕੀਤੇ ਦਸਤਾਵੇਜ਼ਾਂ ਮੁਤਾਬਕ, 3 ਜੁਲਾਈ ਤੱਕ ਇਜ਼ਰਾਈਲ ਲਈ 136 ਮਿਲੀਅਨ ਡਾਲਰ ਦੇ ਮਨਜ਼ੂਰਸ਼ੁਦਾ ਨਿਰਯਾਤ ਪਰਮਿਟ ਸਨ।
ਇਹ ਪਰਮਿਟਾਂ ਦਸੰਬਰ 2020 ਤੋਂ ਚੱਲ ਰਹੇ ਹਨ, ਅਤੇ ਹਮਾਸ ਦੇ ਹਮਲੇ ਤੋਂ ਬਾਅਦ, ਇਨ੍ਹਾਂ ਦੀ ਰਕਮ ਵਿੱਚ ਹੋਰ ਵੀ ਵਾਧਾ
ਹੋਇਆ ਹੈ।
ਇਸ ਘਟਨਾ ਦੇ ਪ੍ਰਸੰਗ ਵਿੱਚ, ਕਈ ਸਿਵਲ-ਸੁਸਾਇਟੀ ਸਮੂਹਾਂ ਨੇ ਕੈਨੇਡਾ ਵਲੋਂ ਇਜ਼ਰਾਈਲ ਨੂੰ ਹਥਿਆਰ ਨਿਰਯਾਤ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ।