ਲੇਖਕ : ਰਜਵਿੰਦਰ ਪਾਲ ਸ਼ਰਮਾ
ਸੰਪਰਕ : 70873 – 67969
ਅਜੋਕੇ ਸਮੇਂ ਵਿੱਚ ਚੋਰੀ ਅਤੇ ਠੱਗੀ ਦੇ ਨਵੇਂ ਤੋਂ ਨਵੇਂ ਤਰੀਕੇ ਈਜਾਦ ਕੀਤੇ ਜਾ ਰਹੇ ਹਨ। ਇਹਨਾਂ ਵਿਚੋਂ ਹੀ ਇੱਕ ਹੈ ਔਨਲਾਈਨ, ਮੋਬਾਇਲ ਅਤੇ ਹੋਰ ਸੋਸ਼ਲ ਮੀਡੀਏ ਦੀ ਮਦਦ ਨਾਲ ਲੋਕਾਂ ਨੂੰ ਝਾਂਸਾ ਦੇ ਕੇ ਠੱਗਣਾ। ਅਜਿਹੀ ਹੀ ਇੱਕ ਘਟਨਾ ਕੋਟਫਤੂਹੀ ਦੇ ਨੇੜੇ ਬਹਿਬਲਪੁਰ ਵਿੱਚ ਵਾਪਰੀ ਜਿਸ ਵਿੱਚ ਪਿੰਡ ਦੇ ਸਰਪੰਚ ਨੂੰ ਇੱਕ ਅਣਜਾਣ ਵਿਅਕਤੀ ਵਲੋਂ ਫ਼ੋਨ ਆਉਂਦਾ ਹੈ। ਕਾਲ ਕਰਨ ਵਾਲਾ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦਾ ਹੋਇਆ ਕਹਿੰਦਾ ਹੈ ਕਿ ਤੇਰੇ ਪੁੱਤਰ ਨੂੰ ਅਸੀਂ ਅਪਰਾਧੀਆਂ ਨਾਲ ਪਕੜਿਆ ਹੈ ਅਤੇ ਅਸੀਂ ਉਸ ‘ਤੇ ਪਰਚਾ ਪਾਉਣ ਲੱਗੇ ਹਾਂ। ਜੇਕਰ ਪਰਚੇ ਤੋਂ ਆਪਣੇ ਪੁੱਤਰ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਦਿੱਤੇ ਖਾਤੇ ਨੰਬਰ ਵਿੱਚ ਇੱਕ ਲੱਖ ਰੁਪਏ ਪਾ ਦਿਉ। ਜਦੋਂ ਸਰਪੰਚ ਆਪਣੇ ਪੁੱਤਰ ਨਾਲ ਗੱਲ ਕਰਵਾਉਣ ਲਈ ਕਹਿੰਦਾ ਹੈ ਤਾਂ ਉਹ ਕਹਿੰਦੇ ਹਨ ਕਿ ਉਹ ਰੋ ਰਿਹਾ ਹੈ। ਉਸ ਸਮੇਂ ਫ਼ੋਨ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਆ ਰਹੀ ਹੁੰਦੀ ਹੈ। ਠੱਗਾਂ ਦੁਆਰਾ ਸਰਪੰਚ ਨੂੰ ਯਕੀਨ ਦਿਵਾ ਦਿੱਤਾ ਜਾਂਦਾ ਹੈ ਕਿ ਉਸ ਦਾ ਪੁੱਤਰ ਪੁਲਿਸਸ ਕੋਲ ਹੀ ਹੈ। ਸਰਪੰਚ ਘਬਰਾਇਆ ਹੋਇਆ ਆਪਣੇ ਪੁੱਤਰ ਨੂੰ ਪਰਚੇ ਤੋਂ ਬਚਾਉਣ ਲਈ ਇੱਕ ਲੱਖ ਰੁਪਏ ਗੂਗਲ ਪੇਅ ਕਰ ਦਿੰਦਾ ਹੈ। ਉਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਠੱਗਿਆ ਗਿਆ ਹੈ, ਉਸ ਨਾਲ ਠੱਗੀ ਹੋ ਗਈ ਹੈ। ਪ੍ਰੰਤੂ ਹੁਣ ਕੀ ਹੋ ਸਕਦਾ ਹੈ।
ਸਰਪੰਚ ਨੇ ਪੁਲਿਸ ਕੋਲ ਜਾ ਕੇ ਠੱਗੀ ਸਬੰਧੀ ਰਿਪੋਰਟ ਵੀ ਲਿਖਵਾਈ ਪ੍ਰੰਤੂ ਇਸ ਉੱਤੇ ਕਾਰਵਾਈ ਕਿੰਨੀ ਜਲਦੀ ਹੋਵੇਗੀ ਅਤੇ ਇਹ ਕਾਰਵਾਈ ਕੀ ਨਤੀਜਾ ਲਿਆਵੇਗੀ ਇਹ ਤਾਂ ਸਮਾਂ ਦੱਸੇਗਾ, ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਦਿਨੋਂ ਦਿਨ ਸੋਸ਼ਲ ਮੀਡੀਏ, ਜਿਸ ਵਿਚ ਮੋਬਾਇਲ ਫੋਨ ਮੁੱਖ ਹੈ, ਦੀ ਮਦਦ ਨਾਲ ਦਿਨੋਂ ਦਿਨ ਠੱਗੀਆਂ ਅਤੇ ਧੋਖਾਧੜੀਆ ਵਿੱਚ ਵਾਧਾ ਹੋ ਰਿਹਾ ਹੈ। ਇਸ ‘ਤੇ ਲਗਾਮ ਕਿਵੇਂ ਲੱਗੇਗੀ? ਸੋਸ਼ਲ ਮੀਡੀਏ ਦੀ ਵਰਤੋਂ ਸਬੰਧੀ ਬਣੇ ਕਾਨੂੰਨ ਜਿੱਥੇ ਸਖ਼ਤੀ ਨਾਲ਼ ਲਾਗੂ ਕਰਨੇ ਚਾਹੀਦੇ ਹਨ, ਉੱਥੇ ਸਾਨੂੰ ਸਾਰਿਆਂ ਨੂੰ ਆਪ ਵੀ ਔਨਲਾਈਨ ਠੱਗੀ ਤੋਂ ਸੁਚੇਤ ਰਹਿਣਾ ਹੋਵੇਗਾ ਤਾਂ ਜੋ ਹੋਰ ਕੋਈ ਵੀ ਵਿਅਕਤੀ ਧੋਖਾਧੜੀ ਦਾ ਸ਼ਿਕਾਰ ਨਾ ਹੋ ਸਕੇ।