Saturday, November 23, 2024
9.6 C
Vancouver

ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ) ਵੱਲੋਂ ਵਲੰਟੀਅਰਾਂ ਦਾ ਸਨਮਾਨ

 

ਸਰੀ, (ਹਰਦਮ ਮਾਨ)-ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ ਰਿਚਮੰਡ) ਵੱਲੋਂ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਦੇ ਪੰਜਾਬੀ ਸਕੂਲ, ਯੋਗਾ ਸੈਂਟਰ, ਖੁੱਲ੍ਹੇ ਦਰਵਾਜੇ, ਲੰਗਰ ਦੀ ਸੇਵਾ, ਕਿਚਨ ਦੇ ਕੰਮ ਅਤੇ ਹੋਰ ਵੱਖ ਵੱਖ ਕਾਰਜਾਂ ਵਿਚ ਹੱਥ ਵਟਾਉਣ ਵਾਲੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਗੁਰਦੁਆਰਾ ਸਾਹਿਬ ਦੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਕਿਹਾ ਕਿ ਵਲੰਟੀਅਰ ਹਰ ਇਕ ਕੌਮ ਅਤੇ ਕਮਿਊਨਿਟੀ ਦਾ ਬਹੁਤ ਵੱਡਾ ਸਰਮਾਇਆ ਹੁੰਦੇ ਹਨ। ਉਹ ਹਰ ਇਕ ਕਮਿਊਨਿਟੀ ਦੀ ਰੀੜ੍ਹ ਦੀ ਹੱਡੀ ਵਾਂਗੂੰ ਹੁੰਦੇ ਹਨ ਜੋ ਬਿਨਾਂ ਕਿਸੇ ਲਾਲਚ ਜਾਂ ਤਨਖਾਹ ਦੇ ਲੋਕਾਂ ਦੀ ਭਲਾਈ ਲਈ ਯੋਗਦਾਨ ਪਾਉਂਦੇ ਹਨ। ਤਕਰੀਬਨ ਹਰ ਇਕ ਗੁਰਦੁਆਰੇ, ਮੰਦਰ,  ਮਸਜਿਦ ਚਰਚ ਜਾਂ ਹੋਰ  ਅਦਾਰਿਆਂ ਵਿਚ ਵਲੰਟੀਅਰ ਅਣਥੱਕ ਸੇਵਾ ਕਰਦੇ ਹਨ। ਇਸੇ ਹੀ ਤਰ੍ਹਾਂ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦਵਾਰਾ ਨਾਨਕ ਨਿਵਾਸ 8600 ਨੰਬਰ ਪੰਜ ਰੋਡ, ਰਿਚਮੰਡ)  ਵਿਖੇ ਅਨੇਕਾਂ ਹੀ ਵਲੰਟੀਅਰ ਹਰ ਰੋਜ਼ ਨਿਸ਼ਕਾਮ ਸੇਵਾ ਕਰਦੇ ਹਨ। ਇਹਨਾਂ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸਾਹਿਬ ਦੀ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਨੇ ਉਨ੍ਹਾਂ ਨੂੰ ਸਨਮਾਨ ਪੱਤਰ ਦਿੱਤੇ। ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਮੋਹਣ ਸਿੰਘ ਸੰਧੂ ਅਤੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਵੀ ਵਲੰਟੀਅਰ ਬੀਬੀਆਂ ਅਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਇਹ ਸੱਜਣ ਅਤੇ ਬੀਬੀਆਂ ਗੁਰੂ ਘਰ ਵਿਚ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣਗੇ।