ਲਿਖਤ : ਗੁਰਪ੍ਰੀਤ ਸਿੰਘ ਤਲਵੰਡੀ
ਸੰਪਰਕ: 77898-09196 (ਕੈਨੇਡਾ)
ਵਿਸ਼ਵ ਦੇ ਦੋ ਵਿਕਸਤ ਦੇਸ਼ਾਂ ਕੈਨੇਡਾ ਤੇ ਅਮਰੀਕਾ ਵੱਲੋਂ ਆਪਣੀਆਂ ਵੱਖ-ਵੱਖ ਰਾਜਾਂ ਨਾਲ ਲੱਗਦੀਆਂ ਕੌਮਾਂਤਰੀ ਸਰਹੱਦਾਂ ‘ਤੇ ਸ਼ਾਂਤੀ ਦਾ ਸੁਨੇਹਾ ਦਿੰਦੀਆਂ ਗਈ ਵੱਡੀਆਂ ਪਾਰਕਾਂ ਜਾਂ ਬਾਗ਼-ਬਗੀਚੇ ਸਥਾਪਿਤ ਕੀਤੇ ਹੋਏ ਹਨ, ਜੋ ਅੱਧਾ-ਅੱਧਾ ਦੋਵੇਂ ਮੁਲਕਾਂ ਨੂੰ ਵੰਡਦੇ ਹਨ। ਕੈਨੇਡਾ ਦੇ ਰਾਜ ਬ੍ਰਿਟਿਸ਼ ਕੋਲੰਬੀਆ ਦੇ ਅਮਰੀਕਾ ਨਾਲ ਲੱਗਦੀ ਕੌਮਾਂਤਰੀ ਸਰਹੱਦ ‘ਤੇ ਪੀਸ ਆਰਚ ਪਾਰਕ ਬਣਾਈ ਗਈ ਹੈ, ਜਿੱਥੇ ਦੋਵਾਂ ਹੀ ਮੁਲਕਾਂ ਦੇ ਵਾਸੀ ਬਿਨਾਂ ਕਿਸੇ ਰੋਕ ਟੋਕ ਦੇ ਆ ਤੇ ਜਾ ਸਕਦੇ ਹਨ। ਇਸੇ ਤਰ੍ਹਾਂ ਹੀ ਕੈਨੇਡੀਅਨ ਰਾਜ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਦੇ ਸ਼ਹਿਰ ਬਰੈਂਡਨ ਦੇ ਨਾਲ ਲੱਗਦੀ ਅਮਰੀਕਾ ਦੀ ਕੌਮਾਂਤਰੀ ਸਰਹੱਦ ‘ਤੇ ਬਣਿਆ ਇੰਟਰਨੈਸ਼ਨਲ ਪੀਸ ਗਾਰਡਨ ਵੀ ਸੈਲਾਨੀਆਂ ਦੀ ਵੱਡੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਇੰਟਰਨੈਸ਼ਨਲ ਪੀਸ ਗਾਰਡਨ ਕਰੀਬ 3.65 ਵਰਗ ਮੀਲ (9.5 ਵਰਗ ਕਿਲੋਮੀਟਰ) ਵਿੱਚ ਫੈਲਿਆ ਹੋਇਆ ਹੈ। ਇਹ ਮੈਨੀਟੋਬਾ ਰਾਜ ਦੇ ਹਾਈਵੇ 10 ‘ਤੇ ਸਥਿਤ ਹੈ। ਇਹ ਵਿਨੀਪੈੱਗ ਦੇ ਨੇੜਲੇ ਸ਼ਹਿਰ ਬਰੈਂਡਨ ਤੋਂ ਕਰੀਬ 100 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਦੇ ਦੂਸਰੇ ਪਾਸੇ ਅਮਰੀਕਾ ਦਾ ਰਾਜ ਉੱਤਰੀ ਡਕੋਟਾ ਹੈ। ਇੰਟਰਨੈਸ਼ਨਲ ਪੀਸ ਗਾਰਡਨ ਦੀ ਸਥਾਪਨਾ 14 ਜੁਲਾਈ 1932 ਨੂੰ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀਪੂਰਨ ਸਬੰਧਾਂ ਦੇ ਪ੍ਰਤੀਕ ਵਜੋਂ ਕੀਤੀ ਗਈ ਸੀ ਤਾਂ ਕਿ ਵਿਸ਼ਵ ਨੂੰ ਸ਼ਾਂਤੀ ਦੀ ਅਸਲ ਪਰਿਭਾਸ਼ਾ ਸਮਝਾਈ ਜਾ ਸਕੇ। ਇਸੇ ਪੀਸ ਗਾਰਡਨ ਕਰਕੇ ਹੀ ਅਮਰੀਕਾ ਦੇ ਰਾਜ ਉੱਤਰੀ ਡਕੋਟਾ ਦੇ ਵਾਹਨਾਂ ਦੀਆਂ ਰਜਿਸਟ੍ਰੇਸ਼ਨ ਪਲੇਟਾਂ ਉੱਪਰ ਵੀ ਸੰਨ 1956 ਤੋਂ ਪੀਸ ਗਾਰਡਨ ਸਟੇਟ ਲਿਖਣਾ ਸ਼ੁਰੂ ਕੀਤਾ ਗਿਆ।
ਇਸ ਪਾਰਕ ਵਿੱਚ ਹਰ ਸਾਲ ਗਰਮੀਆਂ ਦੇ ਦਿਨਾਂ ਵਿੱਚ 150000 ਤੋਂ ਜ਼ਿਆਦਾ ਫੁੱਲ ਖਿੜਦੇ ਹਨ। ਬਾਗ਼ ਵਿੱਚ ਸੁੰਦਰ ਫੁੱਲਾਂ ਦੇ ਬਗ਼ੀਚੇ, ਹਰੇ ਘਾਹ ਦੇ ਵਿਸ਼ਾਲ ਮੈਦਾਨ ਅਤੇ ਪਾਣੀ ਦੇ ਫੁਆਰੇ ਹਰ ਕਿਸੇ ਦੇ ਮਨ ਨੂੰ ਮੋਹ ਲੈਂਦੇ ਹਨ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ 18 ਫੁੱਟ ਉੱਚੀ ਫੁੱਲਾਂ ਦੀ ਘੜੀ ਅਤੇ 120 ਫੁੱਟ ਲੰਬੇ ਕੰਕਰੀਟ ਦੇ ਟਾਵਰਾਂ ਨਾਲ ਬਣਾਇਆ ਹੋਇਆ ਸ਼ਾਂਤੀ ਭਵਨ। ਇਸ ਭਵਨ ਦੀਆਂ ਅੰਦਰੂਨੀ ਦੀਵਾਰਾਂ ‘ਤੇ ਵਿਸ਼ਵ ਭਰ ਦੀਆਂ ਮਹਾਨ ਸ਼ਖ਼ਸੀਅਤਾਂ ਦੇ ਸ਼ਾਂਤੀ ਕਾਇਮ ਰੱਖਣ ਦਾ ਸੰਦੇਸ਼ ਦਿੰਦੇ ਹਵਾਲੇ ਲਿਖੇ ਗਏ ਹਨ, ਜਿਨ੍ਹਾਂ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ, ਰੋਮ ਕੈਥੋਲਿਕ ਚਰਚ ਵੈਟੀਕਨ ਸਿਟੀ ਦੇ ਪੋਪ-2, ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਐੱਸ ਚਰਚਿਲ, ਦਾਰਸ਼ਨਿਕ ਕਨਫੂਸੀਅਸ, ਵਿਗਿਆਨੀ ਅਲਬਰਟ ਆਈਂਸਟਾਈਨ, ਬਰਤਾਨੀਆ ਦੇ ਕਿੰਗ ਜਾਰਜ-6, ਵਿਗਿਆਨੀ ਬੈਂਜਾਮਿਨ ਫਰੈਂਕਲਿਨ, ਲੁਈਸ ਪਾਸਚਰ, ਸਾਬਕਾ ਅਮਰੀਕੀ ਰਾਸ਼ਟਰਪਤੀ ਅਬਰਾਹਿਮ ਲਿੰਕਨ, ਮਹਾਤਮਾ ਬੁੱਧ ਅਤੇ ਮਹਾਤਮਾ ਗਾਂਧੀ ਆਦਿ ਦੇ ਹਵਾਲੇ ਸ਼ਾਮਿਲ ਕੀਤੇ ਗਏ ਹਨ।
ਇਸ ਪਾਰਕ ਵਿੱਚ ਇੱਕ ਵਿਸ਼ਾਲ ਬੈੱਲ ਟਾਵਰ ਵੀ ਬਣਾਇਆ ਗਿਆ ਹੈ ਜਿਸ ਵਿੱਚ ਵੱਡ ਆਕਾਰੀ ਸੀਮਿੰਟ ਦੇ ਥਮਲਿਆਂ ‘ਤੇ ਵੱਡੀਆਂ ਘੜੀਆਂ ਲਗਾਈਆਂ ਗਈਆਂ ਹਨ। ਇਸ ਟਾਵਰ ਦਾ ਨਾਮ ‘ਦਿ ਵੈਸਟਮਨਿਸਟਰ ਕੈਰੀਲੀਓਨ ਬੈੱਲ ਟਾਵਰ’ ਹੈ। ਗਰਮੀ ਦੇ ਦਿਨਾਂ ਵਿੱਚ ਹਰ 15 ਮਿੰਟਾਂ ਬਾਅਦ ਇਨ੍ਹਾਂ ਘੜੀਆਂ ਦੀ ਮਧੁਰ ਆਵਾਜ਼ ਸੁਣਨ ਨੂੰ ਮਿਲਦੀ ਹੈ। ਇੱਥੇ ਸਥਾਪਿਤ ਕੀਤੀਆਂ ਗਈਆਂ ਘੜੀਆਂ ਦੇ ਪੂਰੇ ਵਿਸ਼ਵ ਵਿੱਚ ਸਿਰਫ਼ ਚਾਰ ਸੈੱਟ ਹੀ ਹਨ। ਇਹ ਟਾਵਰ ਸੰਨ 1976 ਵਿੱਚ ਸਿਫਟਨ ਪਰਿਵਾਰ ਦੇ ਚਾਰ ਸਪੁੱਤਰਾਂ ਨੇ ਆਪਣੀ ਮਾਂ ਲੇਡੀ ਸਿਫਟਨ ਦੀ ਯਾਦ ਵਿੱਚ ਸਥਾਪਿਤ ਕੀਤਾ ਸੀ। ਪਹਿਲਾਂ ਇਹ ਘੜੀਆਂ ਸੰਨ 1932 ਵਿੱਚ ਬਰੈਂਡਨ ਦੇ ਚਰਚ ਨੂੰ ਦਾਨ ਦਿੱਤੀਆਂ ਗਈਆਂ ਸਨ। ਜਦ ਚਰਚ ਦੀ ਮੁੜ ਉਸਾਰੀ ਕੀਤੀ ਗਈ ਤਾਂ ਇਨ੍ਹਾਂ ਘੜੀਆਂ ਨੂੰ ਪੀਸ ਗਾਰਡਨ ਵਿੱਚ ਸਥਾਪਿਤ ਕਰ ਦਿੱਤਾ ਗਿਆ। ਘੜੀਆਂ ਨੂੰ ਦਾਨ ਕਰਨ ਵਾਲੇ ਸਿਫਨ ਵਾਰ ਦਾ ਨਾਂ ਕਿਸੇ ਵੇਲੇ ਮੈਨੀਟੋਬਾ ਦੇ ਵੱਡੇ ਵਪਾਰੀਆਂ ਵਿੱਚ ਸ਼ਾਮਿਲ ਸੀ।
11 ਸਤੰਬਰ, 2001 ਵਿੱਚ ਅਮਰੀਕਾ ਦੇ ਨਿਊਯਾਰਕ ਵਿੱਚ ਸਥਿਤ ਵਰਲਡ ਟਰੇਡ ਸੈਂਟਰ ‘ਤੇ ਹੋਏ ਹਵਾਈ ਹਮਲੇ ਦੌਰਾਨ ਨਸ਼ਟ ਹੋਈਆਂ ਕਈ ਇਮਾਰਤਾਂ ਦੇ ਅੰਸ਼ ਵੀ ਇਸ ਪਾਰਕ ਵਿੱਚ ਯਾਦਗਾਰ ਵਜੋਂ ਸੰਭਾਲੇ ਗਏ ਹਨ। ਇਨ੍ਹਾਂ ਵਿੱਚ ਲੋਹੇ ਦੇ ਬਹੁਤ ਹੀ ਭਾਰੀ ਗਾਰਡਰ ਅਤੇ ਕੰਕਰੀਟ ਦੀਆਂ ਕੰਧਾਂ ਦੇ ਕੁਝ ਭਾਗ ਹਨ। ਇਸ ਯਾਦਗਾਰ ਕੋਲ ਇਸ ਹਵਾਈ ਹਮਲੇ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਨਾਮ ਲਿਖ ਕੇ ਉਨ੍ਹਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇੱਥੋਂ ਦਾ ਕੈਕਟਸ (ਛਿੱਤਰ ਥੋਹਰ) ਬਗੀਚਾ ਵੀ ਦੇਖਣਯੋਗ ਹੈ। ਇੱਥੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਕੈਕਟਸ ਲਿਆ ਕੇ ਲਗਾਏ ਗਏ ਹਨ। ਕੈਨੇਡਾ ਵੱਲੋਂ ਇਸ ਗਾਰਡਨ ਵਿੱਚ ਜਾਣ ਵਾਲੇ ਸੈਲਾਨੀਆਂ ਕੋਲ ਇਮੀਗ੍ਰੇਸ਼ਨ ਕਾਗਜ਼ ਪੱਤਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਗਾਰਡਨ ਤੋਂ ਬਾਹਰ ਨਿਕਲਣ ਵੇਲੇ ਕੈਨੇਡੀਅਨ ਬਾਰਡਰ ਏਜੰਸੀ ਦੇ ਬੂਥ ਕੋਲੋਂ ਹੋ ਕੇ ਗੁਜ਼ਰਨਾ ਪੈਂਦਾ ਹੈ। ਗਾਰਡਨ ਸੱਚਮੁੱਚ ਹੀ ਸ਼ਾਂਤੀ ਦਾ ਪ੍ਰਤੀਕ ਹੈ। ਇੱਥੇ ਜਾਣ ਵਾਲੇ ਸੈਲਾਨੀ ਇੱਥੋਂ ਦੇ ਕੁਦਰਤੀ ਸੁਹੱਪਣ ਨੂੰ ਚੰਗੀ ਤਰ੍ਹਾਂ ਮਾਣਦੇ ਤੇ ਮਹਿਸੂਸ ਕਰਦੇ ਹਨ।