Friday, April 4, 2025
4.9 C
Vancouver

ਰੂਸ ਵਿੱਚ ਹੈਲੀਕਾਪਟਰ ਹਾਦਸੇ ਦੇ 22 ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ

ਮਾਸਕੋ : ਰੂਸੀ ਹੰਗਾਮੀ ਸੇਵਾਵਾਂ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇਸ਼ ਦੇ ਪੂਰਬਲੇ ਹਿੱਸੇ ਵਿਚ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ 22 ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਹਾਦਸਾ ਪੁਰਾਤਨ ਪ੍ਰਾਇਦੀਪ ਕਾਮਚਾਤਕਾ ‘ਚ ਹੋਇਆ ਸੀ, ਜਿੱਥੇ ਬਹੁਤ ਸਾਰੇ ਜਵਾਲਾਮੁਖੀ ਹਨ। ਐੱਮਆਈ-8 ਹੈਲੀਕਾਪਟਰ, ਜਿਸ ਵਿਚ 19 ਯਾਤਰੀ ਤੇ ਅਮਲੇ ਦੇ ਤਿੰਨ ਮੈਂਬਰ ਸਵਾਰ ਸਨ, ਨੇ ਸ਼ਨਿੱਚਰਵਾਰ ਨੂੰ ਉਡਾਣ ਭਰੀ ਸੀ। ਹੈਲੀਕਾਪਟਰ ਇਕ ਜਵਾਲਾਮੁਖੀ ਦੇ ਕਾਫੀ ਨਜ਼ਦੀਕ ਗਿਆ ਸੀ, ਜਿਸ ਮਗਰੋਂ ਇਹ ਹਾਦਸਾਗ੍ਰਸਤ ਹੋ ਗਿਆ। ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੀ ਟੀਮ ਨੂੰ ਹੈਲੀਕਾਪਟਰ ਦਾ ਮਲਬਾ ਅਗਲੇ ਦਿਨ ਮਿਲਿਆ ਸੀ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਰੀਆ ਨੋਵੋਸਤੀ ਨੇ ਐਮਰਜੈਂਸੀਜ਼ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਹਾਦਸਾ ਖ਼ਰਾਬ ਮੌਸਮ ਕਾਰਨ ਹੋਇਆ।