Sunday, November 24, 2024
9.6 C
Vancouver

ਟਰੰਪ ਦਾ ਅਰਲਿੰਗਟਨ ਦੌਰਾ ਸਿਆਸੀ ਸਟੰਟ: ਹੈਰਿਸ

ਵਾਸ਼ਿੰਗਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ‘ਅਰਲਿੰਗਟਨ ਨੈਸ਼ਨਲ ਸਿਮੇਟਰੀ’ ਦੇ ਦੌਰੇ ਨੂੰ ਪਵਿੱਤਰ ਧਰਤੀ ਦਾ ਅਪਮਾਨ ਕਰਾਰ ਦਿੱਤਾ ਹੈ। ਟਰੰਪ ਨੇ ਸਿਮੇਟਰੀ ‘ਚ ਚੋਣ ਪ੍ਰਚਾਰ ਗਤੀਵਿਧੀਆਂ ‘ਤੇ ਪਾਬੰਦੀ ਲਾਗੂ ਹੋਣ ਦੇ ਬਾਵਜੂਦ ਉਥੇ ਤਸਵੀਰਾਂ ਖਿਚਵਾਈਆਂ ਅਤੇ ਉਨ੍ਹਾਂ ਨੂੰ ਪ੍ਰਕਾਸ਼ਿਤ ਕਰਵਾਇਆ। ਹੈਰਿਸ ਨੇ ਸ਼ਨਿਚਰਵਾਰ ਨੂੰ ‘ਐਕਸ’ ‘ਤੇ ਇਕ ਪੋਸਟ ‘ਚ ਉਨ੍ਹਾਂ ਖ਼ਬਰਾਂ ਦਾ ਹਵਾਲਾ ਦਿੱਤਾ ਜਿਨ੍ਹਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਦੀ ਚੋਣ ਪ੍ਰਚਾਰ ਟੀਮ ਨਾਲ ਜੁੜੇ ਲੋਕਾਂ ਨੇ ਕਬਰਿਸਤਾਨ ਦੇ ਇਕ ਮੁਲਾਜ਼ਮ ਨਾਲ ਝਗੜਾ ਕੀਤਾ ਅਤੇ ਅਫ਼ਗਾਨ ਜੰਗ ‘ਚ ਜਾਨ ਗੁਆਉਣ ਵਾਲੇ ਫੌਜੀਆਂ ਦੀ ਯਾਦਗਾਰ ਨਾਲ ਜੁੜੇ ਨਿਯਮਾਂ ਬਾਰੇ ਚੇਤੇ ਕਰਵਾਏ ਜਾਣ ਦੇ ਬਾਵਜੂਦ ਕਬਰ ਕੋਲ ਟਰੰਪ ਦੀਆਂ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਰਿਕਾਰਡ ਕੀਤੇ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ ਸਿਆਸੀ ਲਾਹੇ ਲਈ ਪਵਿੱਤਰ ਧਰਤੀ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਅਜਿਹੇ ਵਿਅਕਤੀ ਹਨ ਜੋ ਆਪਣਾ ਹਿੱਤ ਦੇਖਣ ਤੋਂ ਇਲਾਵਾ ਕੁਝ ਵੀ ਨਹੀਂ ਸਮਝਦੇ ਹਨ।