Thursday, April 3, 2025
10 C
Vancouver

ਕੁੜੀਓ ਨੀ….

 

ਕੁੜੀਓ ਨੀ ਚਿੜੀਓ ਨੀ,

ਆ ਜੋ ਨੀ ਗੱਲਾਂ ਕਰੀਏ,

ਸਾਨੂੰ ਕਿਉਂ ਕਹਿਣ ਵਿਚਾਰੀ,

ਬਹਿ ਕੇ ਨੀਂ ਚਿੰਤਨ ਕਰੀਏ,

ਕੁੜੀਓ ਨੀ ਚਿੜੀਓ ਨੀ..।

 

ਕੁੜੀਓ ਨੀ ਚਿੜੀਓ ਨੀ,

ਆ ਜੋ ਨੀ ਉੱਡਣ ਚੱਲੀਏ,

ਹੋਣ  ਜਿੱਥੇ ਉਕਾਬ ਨਾ ਖੂਨੀ

ਐਸਾ ਕੋਈ ਦੇਸ਼ ਨੀ ਮੱਲੀਏ,

ਐਸੇ ਫਿਰ ਦੇਸ਼ ਦੀਆਂ ਨੀ

ਚੁੰਮੀਏ ਸਰਹੱਦਾਂ ਨੀ,

ਰੀਲਾਂ ਦੇ ਪਿੱਛੇ ਐਵੇਂ

ਟੱਪੀਏ ਨਾ ਹੱਦਾਂ ਨੀ,

ਕੁੜੀਓ ਨੀ ਚਿੜੀਓ ਨੀ..।

 

ਕੁੜੀਓ ਨੀ ਚਿੜੀਓ ਨੀ

ਇੱਜਤਾਂ ਨਾ ਛੱਡੀਏ ਸੁੰਨੀਆਂ,

ਫੋਕੀ ਵਾਹ ਵਾਹ ਦੀ ਖਾਤਰ

ਗਲ.ਚੋਂ ਨਾ ਲਾਹੀਏ ਚੁੰਨੀਆਂ,

ਚੁੰਨੀਆਂ ਤੇ ਸੰਗਾਂ ਹੁੰਦੀਆਂ

ਕੁੜੀਆਂ ਦੇ ਗਹਿਣੇ ਨੀ,

ਹੱਥੀਂ ਜੋ ਬੀਜੇ ਕੰਡੇ

ਚੁੰਗਣੇਂ ਤਾਂ ਪੈਣੇ ਨੀ,

ਕੁੜੀਓ ਨੀ ਚਿੜੀਓ ਨੀ..।

ਕੁੜੀਓ ਨੀ ਚਿੜੀਓ ਨੀ

ਕਾਲੇ.ਨੇ ਬੱਦਲ ਛਾਏ,

ਕਿਸਨੇ ਨਸ਼ਿਆ ਤੇ ਲਾ ਤੇ

ਸਾਡੇ ਨੀ ਅਮੜੀ ਦੇ ਜਾਏ,

ਅਮੜੀ ਦੇ ਜਾਇਆ ਤਾਂਈ

ਬਹਿ ਕੇ ਸਮਝਾਈਏ ਨੀ,

ਹਾੜਾ ਨਸ਼ਿਆ ਨੂੰ ਛੱਡੋ

ਵਾਸਤਾ ਕੋਈ ਪਾਈਏ ਨੀ,

ਕੁੜੀਓ ਨੀ ਚਿੜੀਓ ਨੀ…।

 

ਕੁੜੀਓ ਨੀ ਚਿੜੀਓ ਨੀ

ਬਾਗਾਂ ਦੇ ਮਾਲੀ ਤੁਰ ਗਏ,

ਹੱਥਾਂ ਚੋ ਚੂੜੇ ਲੱਥੇ

ਅੱਖਾਂ ਚੋਂ ਕੱਜਲ ਖੁਰ ਗਏ,

ਖੁਰ ਗਏ ਨੇ ਕੱਜਲੇ ਅੱਖੋਂ

ਵਿਲਕਣ ਸੱਜ ਵਿਆਹੀਆਂ ਨੀ,

ਸਭ ਥਾਈਂ  ਪੱਤਝੜ ਦੀਂਹਦਾ

ਰੁੱਤਾਂ ਕੈਸੀਆਂ ਨੇ ਆਈਆਂ ਨੀ,

ਕੁੜੀਓ ਨੀ ਚਿੜੀਓ ਨੀ…..।

 

ਕੁੜੀਓ ਨੀ ਚਿੜੀਓ ਨੀ

ਪ੍ਰਦੇਸ਼ੀਂ ਉੱਡ ਗਏ ਪਰਿੰਦੇ,

ਏਥੇ ਤਾਂ ਘੁੱਟਦੇ ਸੰਘੀਆਂ

ਖੁੱਲ੍ਹ ਕੇ ਨਾਂ ਜੀਵਣ ਦਿੰਦੇ,

ਖੁੱਲ੍ਹ ਕੇ ਜੋ ਜੀਣਾਂ ਚਾਹੁੰਦਾ,

ਦਿੰਦੇ ਨੇ ਜਹਿਰਾਂ ਨੀ,

ਆ ਜੋ ਰਲ.ਮਿਲ ਕੇ ਆਪਾਂ

ਮੰਗੀਏ ਵਤਨਾਂ ਦੀਆਂ ਖੈਰਾਂ ਨੀ,

ਕੁੜੀਓ ਨੀ ਚਿੜੀਓ ਨੀ…….।

 

ਲਿਖਤ : ਜਸਵੀਰ ਮਾਨ ,(ਲੁਧਿਆਣਾ) 8437775940