ਵਿਸ਼ਵ ਦੇ ਹਰ ਸਮਾਜ ਅਤੇ ਦੇਸ਼ ਵਿੱਚ ਅਧਿਆਪਕ ਦਾ ਵਿਸ਼ੇਸ਼ ਸਥਾਨ ਅਤੇ ਮਹੱਤਵ ਹੈ।ਹਰ ਵਿਅਕਤੀ ਦੀ ਕਾਮਯਾਬੀ ਪਿੱਛੇ ਉਸਦੇ ਅਧਿਆਪਕ ਦਾ ਅਕੱਥ ਅਤੇ ਅਸੀਮ ਯੋਗਦਾਨ ਹੁੰਦਾ ਹੈ। ਇੱਕ ਅਧਿਆਪਕ ਹੀ ਹੈ,ਜੋ ਆਪਣੇ ਵਿਦਿਆਰਥੀ ਦਾ ਦੋਸਤ, ਮਾਰਗ ਦਰਸ਼ਕ, ਆਦਰਸ਼, ਅਤੇ ਸਲਾਹਕਾਰ ਹੁੰਦਾ ਹੈ। ਜੋ ਜੀਵਨ ਜਿਊਣ ਦਾ ਤਰੀਕਾ, ਅਗਾਂਹ ਵਧੂ ਸੋਚ, ਅਤੇ ਜੀਵਨ ਦੀ ਸੋਝੀ ਸਿਖਾਉਦਿਆਂ ਹਨੇਰੇ ਰਾਹਾਂ ਤੋਂ ਚਾਨਣ ਵੱਲ ਲੈਕੇ ਜਾਂਦਾ ਹੈ। ਅਧਿਆਪਕ ਸਾਡੇ ਜੀਵਨ ਨੂੰ ਆਪਣੇ ਗਿਆਨ, ਤਜਰਬਿਆਂ, ਸੰਸਕਾਰਾਂ ਅਤੇ ਉੱਚੀ ਸੋਚ ਕਰਕੇ ਖੁਸ਼ਹਾਲ, ਪ੍ਰੇਰਨਾਦਾਇਕ, ਉਤਮ ਅਤੇ ਸੱਭਿਅਕ ਬਣਾਉਂਦਾ ਹੈ। ਭਾਰਤ ਵਿਚ ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਹੈ।
ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀ। 1954 ਵਿੱਚ ਉਹਨਾਂ ਨੂੰ ਭਾਰਤ ਰਤਨ ਨਾਲ ਨਿਵਾਜਿਆ ਗਿਆ ਸੀ। ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਸਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ।1962 ਵਿੱਚ ਭਾਰਤ ਸਰਕਾਰ ਨੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਤੌਰ ਤੇ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ।
ਇਸ ਦਿਨ ਸਕੂਲਾਂ, ਕਾਲਜਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਸ ਵਿਚ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਵਿਸ਼ੇਸ਼ ਉਪਲੱਬਧੀਆਂ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਹੈ। ਕੇਵਲ ਇੱਕ ਅਧਿਆਪਕ ਹੀ ਹੈ, ਜੋ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਉਣ ਦੇ ਨਾਲ -ਨਾਲ ਉਹਨਾਂ ਨੂੰ ਉੱਚੇ ਅਹੁਦਿਆਂ ਤੇ ਦੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ। ਸਾਡੇ ਸਮਾਜ ਵਿਚ ਅਧਿਆਪਕ ਦਾ ਦਰਜਾ ਸਭ ਤੋਂ ਉੱਚਾ ਹੈ। ਅਧਿਆਪਕ ਇੱਕ ਉਹ ਦੀਵਾ ਹੈ, ਜੋ ਆਪ ਬਲਕੇ ਆਪਣੇ ਵਿਦਿਆਰਥੀਆਂ ਨੂੰ ਰੋਸ਼ਨੀ ਦਿੰਦਾ ਹੈ।ਇਹ ਸੱਚ ਹੀ ਕਿਹਾ ਗਿਆ ਹੈ ,ਕਿ “ਗੁਰ ਬਿਨ ਗਿਆਨ ਨਹੀਂ” ਭਾਵ ਜੇ ਸਾਡੇ ਜੀਵਨ ਵਿੱਚ ਸਾਡਾ ਕੋਈ ਗੁਰੂ ਨਹੀਂ ਹੈ,ਤਾਂ ਅਸੀਂ ਗੁਰੂ ਤੋਂ ਬਿਨਾਂ ਗਿਆਨਵਾਨ ਨਹੀਂ ਬਣ ਸਕਦੇ। ਸਮਾਜ ਨੂੰ ਸੁਧਾਰਨ ਦੀ ਸਾਰੀ ਜ਼ਿੰਮੇਵਾਰੀ ਇੱਕ ਅਧਿਆਪਕ ਦੇ ਮੋਢਿਆਂ ਉੱਤੇ ਹੁੰਦੀ ਹੈ। ਇਸਲਈ ਸਾਡਾ ਵੀ ਫਰਜ਼ ਬਣਦਾ ਹੈ,ਕਿ ਇੰਨੀ ਵੱਡੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਇਸ ਦਿਨ ਸਮਰਪਿਤ ਜ਼ਰੂਰ ਕਰੀਏ, ਤਾਂ ਜੋ ਅਧਿਆਪਕ ਨੂੰ ਮਾਣ ਸਨਮਾਨ ਅਤੇ ਸਤਿਕਾਰ ਦੇ ਸਕੀਏ।
ਅਜੋਕੀ ਸਿਖਿਆ ਪ੍ਰਣਾਲੀ -:
ਆਧੁਨਿਕ ਸਮੇਂ ਵਿਚ ਸਿੱਖਿਆ ਪ੍ਰਣਾਲੀ ਵਿੱਚ ਕਾਫੀ ਨਿਘਾਰ ਆ ਚੁੱਕਾ ਹੈ। ਅੱਜ ਦੇ ਸਮੇਂ ਵਿਚ ਸਿੱਖਿਆ ਇੱਕ ਨਿੱਜੀ ਸੰਪਤੀ ਬਣ ਕੇ ਰਹਿ ਚੁੱਕੀ ਹੈ ।ਵੱਡੇ ਘਰਾਣਿਆਂ ਦੇ ਲੋਕਾਂ ਨੇ ਨਿੱਜੀ ਸਕੂਲ,ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹ ਕੇ ਸਿੱਖਿਆ ਦੇ ਖੇਤਰ ਵਿਚ ਪੈਰ ਪਸਾਰ ਲਏ ਹਨ। ਸਿੱਖਿਆ ਦਾ ਨਿੱਜੀਕਰਨ ਹੋਣ ਕਾਰਨ ਗ਼ਰੀਬ ਲੋਕ ਆਪਣੇ ਬੱਚਿਆਂ ਨੂੰ ਮਹਿੰਗੀ ਉੱਚ ਵਿੱਦਿਆ ਦਿਵਾਉਣ ਤੋਂ ਬਾਂਝੇ ਰਹਿ ਜਾਂਦੇ ਹਨ। ਆਧੁਨਿਕ ਸਮੇਂ ਵਿਚ ਸਾਡਾ ਸਿੱਖਿਆ ਸਿਸਟਮ ਰੱਟਾ ਲਾਉ, ਬੋਝਲ, ਅਤੇ ਗੈਰ ਵਿਗਿਆਨਕ ਹੈ, ਜਿਸ ਕਾਰਨ ਸਾਡੇ ਸਮਾਜ ਵਿਚ ਜਾਤ ਪਾਤ, ਵਿਤਕਰਾ, ਧਾਰਮਿਕ ਅੰਧਵਿਸ਼ਵਾਸ਼ਾਂ ਵਾਲੇ ਵਿਚਾਰਾਂ ਦਾ ਸੰਚਾਰ ਹੋ ਰਿਹਾ ਹੈ। ਜਿਸ ਕਰਕੇ ਉੱਚ ਡਿਗਰੀਆਂ ਪ੍ਰਾਪਤ ਵਿਦਿਆਰਥੀਆਂ ਨੂੰ ਬਾਹਰਮੁੱਖੀ ਸਮਾਜ ਦੇ ਹਾਲਾਤਾਂ ਦੀ ਕੋਈ ਖਾਸ ਸੋਝੀ ਨਹੀਂ ਹੈ । ਸਿੱਖਿਆ ਦੀ ਇਸ ਗਿਰਾਵਟ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ ਅਤੇ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਵੀ ਨਿਘਾਰ ਆ ਰਿਹਾ ਹੈ।ਵਿਦਿਆ ਦੇ ਬਾਜ਼ਾਰੀਕਰਨ ਨੇ ਸਮਾਜ ਵਿਚ ਅਧਿਆਪਕ ਦੇ ਮਾਣ ਸਨਮਾਨ ਨੂੰ ਕਾਫ਼ੀ ਚੋਟ ਪਹੁੰਚਾਈ ਹੈ। ਇੱਕ ਅਧਿਆਪਕ ਹੀ ਹੈ, ਜਿਸ ਦੇ ਅੱਗੇ ਸਾਡਾ ਸਿਰ ਝੁਕਦਾ ਹੈ, ਨਹੀਂ ਉਂਝ ਤਾਂ ਦੁਨੀਆਂ ਤੇ ਹੋਰ ਵੀ ਬਹੁਤ ਅਹੁਦੇ ਹਨ। ਅੱਜ ਸਾਨੂੰ ਅਧਿਆਪਕ ਦੇ ਹਾਲਾਤ, ਸਥਿਤੀ ਅਤੇ ਅਧਿਆਪਕ ਤੇ ਵਿਦਿਆਰਥੀ ਦੇ ਵਿਚਕਾਰ ਜੋ ਰਿਸ਼ਤਾ ਹੈ, ਉਸਨੂੰ ਸਮਝਣ ਦੀ ਲੋੜ ਹੈ। ਮੇਰੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਲੱਖ -ਲੱਖ ਮੁਬਾਰਕਾਂ।
ਅਸੀਂ ਭਟਕ ਜਾਂਦੇ ਜੇ ਸਾਨੂੰ
ਉਹ ਰਾਹ ਨਾ ਦਿਖਾਉਂਦੇ,
ਸਹੀ ਗਲਤ ਵਿੱਚ ਜੇ ਫਰਕ
ਕਰਨਾ ਨਾ ਸਿਖਾਉਂਦੇ,
ਅਸੀਂ ਕੁੱਝ ਨਾ ਹੁੰਦੇ ਜੇ
ਐਨੇ ਗਿਆਨੀ ਲੋਕ,
ਸਾਡੀ ਜ਼ਿੰਦਗੀ ਵਿੱਚ
ਅਧਿਆਪਕ ਬਣ ਕੇ ਨਾ ਆਉਂਦੇ।
ਇੰਚਾਰਜ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ
ਨਵਾਂ ਕੇਸਰ ਸਿੰਘ ਵਾਲਾ (ਬਠਿੰਡਾ)