Thursday, November 21, 2024
6.8 C
Vancouver

ਸਾਹਿਤਕ ਮੰਚ ਭਗਤਾ ਵੱਲੋਂ ਸੁਖਮੰਦਰ ਬਰਾੜ ਗੁੰਮਟੀ ਦਾ ਲਿਖਿਆ ਨਾਵਲ “ਕੱਚਾ ਮਾਸ” ਲੋਕ ਅਰਪਣ

-ਖੁਸ਼ਵੰਤ ਸਿੰਘ ਬਰਗਾੜੀ ਨੇ ਨਾਵਲ ਬਾਰੇ ਪੜ੍ਹਿਆ ਪਰਚਾ
ਭਗਤਾ ਭਾਈ, (ਗੋਰਾ ਸੰਧੂ ਖੁਰਦ) -ਸਾਹਿਤਕ ਮੰਚ ਭਗਤਾ ਭਾਈ ਵੱਲੋਂ ਕਰਵਾਏ ਸਾਹਿਤਕ ਸਮਾਗਮ ਦੌਰਾਨ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਦਾ ਲਿਖਿਆ ਨਾਵਲ ਕੱਚਾ ਮਾਸ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਹੋਏ ਪੰਜਾਬੀ ਸਾਹਿਤ ਦੇ ਗੂੜ੍ਹੇ ਹਸਤਾਖ਼ਰ ਅਤੇ ਪੀਪਲਜ਼ ਫੋਰਮ ਬਰਗਾੜੀ ਦੇ ਸੰਚਾਲਕ ਖੁਸ਼ਵੰਤ ਸਿੰਘ ਬਰਗਾੜੀ ਨੇ ਨਾਵਲ ਅੰਦਰਲੀਆਂ ਘਟਨਾਵਾਂ ਨੂੰ ਬਰੀਕੀ ਨਾਲ਼ ਟਟੋਲਦਿਆਂ ਕਿਹਾ ਕਿ ਅੱਧੀ ਸਦੀ ਪਹਿਲਾਂ ਲਿਖੇ ਹੋਏ ਨਾਵਲ ਵਿੱਚ ਸਮਕਾਲ ਦੇ ਸਮਾਜਿਕ ਚਿੱਤਰ ਨੂੰ ਚਿਤਰਣ ਤੇ ਵਖਰੇਵੇਂ ਉਭਰਦੇ ਹਨ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ ਹੋਏ ਉੱਘੇ ਨਾਵਲਕਾਰਾ ਰਣਬੀਰ ਕੌਰ ਰਾਣਾ ਨੇ ਕਿਹਾ ਕਿ ਨਾਵਲ ਵਿਚਲੀ ਨਾਇਕਾ ਅਮਨ ਦੇ ਅਖੀਰ ਵਿੱਚ ਜਾਗਰਤ ਹੋਣ ‘ਤੇ ਮੈਂ ਬੇਹੱਦ ਖੁਸ਼ ਹਾਂ। ਸਮਾਗਮ ਦੀ ਪ੍ਰਧਾਨਗੀ ਇਲਾਕੇ ਦੇ ਉੱਘੇ ਉਦਯੋਗਪਤੀ ਦਰਸ਼ਨ ਸਿੰਘ ਭਾਈਕੇ ਨੇ ਕੀਤੀ। ਉਨ੍ਹਾਂ ਨੇ ਸਾਹਤਿਕ ਮੰਚ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ 5100 ਰੁਪਏ ਦੀ ਸਹਾਇਤਾ ਕੀਤੀ। ਸਮਾਗਮ ਦੇ ਸ਼ੁਰੂ ਵਿਚ ਸਭਾ ਦੇ ਸਰਪ੍ਰਸਤ ਬਲੌਰ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਗਗਨਦੀਪ ਸਿੰਘ ਨੇ ਕਿਸਾਨ ਦੀ ਹਾਲਤ ਨੂੰ ਬਿਆਨ ਕਰਦੀ ਕੋਰੀਓਗ੍ਰਾਫੀ ਪੇਸ਼ ਕੀਤੀ। ਸਟੇਜ ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਅਤੇ ਮੀਤ ਪ੍ਰਧਾਨ ਪ੍ਰਿੰਸੀਪਲ ਹੰਸ ਸਿੰਘ ਸੋਹੀ ਨੇ ਸਾਂਝੇ ਤੌਰ ‘ਤੇ ਚਲਾਈ। ਅੰਤ ਵਿੱਚ ਮੰਚ ਦੇ ਵਿੱਤ ਸਕੱਤਰ ਸੁਖਵਿੰਦਰ ਚੀਦਾ ਅਤੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵੀਰ ਕੌਰ ਸੋਢੀ ਚੰਡੀਗੜ੍ਹ, ਨਛੱਤਰ ਸਿੰਘ ਸਿੱਧੂ, ਤਰਲੋਚਨ ਸਿੰਘ ਗੰਗਾ, ਸੁਖਦੇਵ ਦੁਸਾਂਝ ਫਰੀਦਕੋਟ, ਸੋਹਣ ਸਿੰਘ ਕੇਸਰਵਾਲੀਆ, ਮੰਚ ਦੇ ਪ੍ਰੈੱਸ ਸਕੱਤਰ ਰਾਜਿੰਦਰ ਸਿੰਘ ਮਰਾਹੜ, ਸੀਰਾ ਰੌਂਤਾ ਗਰੇਵਾਲ, ਸ਼ਮਸ਼ੇਰ ਸਿੰਘ ਮੱਲ੍ਹੀ, ਸੰਦੀਪ ਸਿੰਘ ਭਗਤਾ, ਜਗਤਾਰ ਸਿੰਘ, ਗਗਨਦੀਪ ਸਿੰਘ, ਕਿਰਨਦੀਪ ਕੌਰ ਭਾਈ ਰੂਪਾ, ਜਸਵੀਰ ਕੌਰ, ਰਣਜੋਧ ਸਿੰਘ, ਮਾਸਟਰ ਸੁਰਜੀਤ ਸਿੰਘ, ਵਾਤਾਵਰਨ ਪ੍ਰੇਮੀ ਸਰਬਪਾਲ ਸ਼ਰਮਾ, ਮਾਸਟਰ ਉਜਾਗਰ ਸਿੰਘ ਢਿੱਲੋਂ, ਡਾ. ਬਲਵਿੰਦਰ ਸਿੰਘ ਸੋਢੀ, ਅਮਨਦੀਪ ਕੌਰ, ਸੁਖਜਿੰਦਰ ਚੀਮਾ, ਸਰਜੀਵਨ ਬਠਿੰਡਾ, ਵੀਰਪਾਲ ਸਿੰਘ ਹਾਕਮ ਵਾਲਾ ਹਾਜ਼ਰ ਸਨ।