Friday, April 4, 2025
7 C
Vancouver

ਰੰਗ

ਯਾਰ ਦਿਲਾਂ ਦੇ, ਹੋਵਣ ਸੱਚੇ।
ਰੰਗ ਪਿਆਰ ਦੇ ਹੋਵਣ ਪੱਕੇ।
ਵੇ ਸਾਈਂਆਂ ਰੰਗ ਜਾਵਣ ਦੇ।
ਅੱਜ ਮੈਨੂੰ ਹੀਰ ਕਹਾਵਣ ਦੇ।
ਮੈਂ ਚੂਰੀਆਂ ਕੁੱਟ ਖੁਆਵਾਂ ਵੇ।
ਤੇਰੇ ਮੂੰਹ ਬੁਰਕੀਆਂ ਪਾਵਾਂ ਵੇ।
ਨੈਣਾਂ ਨਾਲ਼ ਨੈਣ ਮਿਲਾਵਣ ਦੇ
ਅੱਜ ਮੈਨੂੰ ਹੀਰ ਕਹਾਵਣ ਦੇ।
ਕਮਲਾ ਤਾਂ ਮੇਰਾ, ਰਾਂਝਾ ਏ।
ਮੈਨੂੰ ਕਮਲੀ ਆਖੀ ਜਾਂਦਾ ਏ।
ਮੈਨੂੰ ਕੀਤੇ ਬੋਲ ਪੁਗਾਵਣ ਦੇ।
ਅੱਜ ਮੈਨੂੰ ਹੀਰ ਕਹਾਵਣ ਦੇ।
ਮੈਂ ਯਾਰ ਬਿਨਾਂ ਅਧਮੋਈ ਹਾਂ।
ਵਿਯੋਗ ਉਹਦੇ ਵਿੱਚ ਰੋਈ ਹਾਂ।
ਰਾਂਝਣ ਨੂੰ ਕੰਨ ਪੜਵਾਵਣ ਦੇ।
ਅੱਜ ਮੈਨੂੰ ਹੀਰ ਕਹਾਵਣ ਦੇ।
ਮੇਰਾ ਤਾਂ ਇਸ਼ਕ ਹਕੀਕੀ ਏ।
ਪਰ ਚੰਗੀ ਨਾ ਤੂੰ ਕੀਤੀ ਏ।
ਮੈਨੂੰ ਕੀਤੇ ਕੌਲ਼ ਪੁਗਾਵਣ ਦੇ।
ਅੱਜ ਮੈਨੂੰ ਹੀਰ ਕਹਾਵਣ ਦੇ।
ਮੈਂ ਹਿੱਕ ਚੀਰਨੀ ਨੇਰ੍ਹਿਆਂ ਦੀ।
ਨਈਂ ਡੋਲ੍ਹੀ ਚੜ੍ਹਣਾ ਖੇੜਿਆਂ ਦੀ।
ਖੁਦ ਹਸਤੀ ਅੱਜ ਮਿਟਾਵਣ ਦੇ।
ਅੱਜ ਮੈਨੂੰ ਹੀਰ ਕਹਾਵਣ ਦੇ।
ਮੇਰਾ ਰੋਮ ਰੋਮ ਉਹਦੇ ਲੇਖੇ ਆ।
ਖੇੜਿਆਂ ਦੇ ਭਰਮ ਭੁਲੇਖੇ ਆ।
ਕੈਦੋਂ ਨੂੰ ਦਗ੍ਹਾ ਕਮਾਵਣ ਦੇ।
ਅੱਜ ਮੈਨੂੰ ਹੀਰ ਕਹਾਵਣ ਦੇ।
ਮੈਂ ਰਾਂਝਣ ਯਾਰ ਦੀ ਰਹਿਣਾਂ ਏਂ।
ਰਾਂਝਣ ਹੀ ਮੇਰਾ ਗਹਿਣਾਂ ਏਂ।
ਸਾਹ ਦੇਖਣ ਲਈ ਇੱਕ ਆਵਣ ਦੇ।
ਅੱਜ ਮੈਨੂੰ ਹੀਰ ਕਹਾਵਣ ਦੇ।
ਲਿਖਤ : ਸਾਬ ਲਾਧੂਪੁਰੀਆ, 98558-31456