Saturday, November 23, 2024
8.4 C
Vancouver

ਗੁਰਮੀਤ ਸਿੱਧੂ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਦਾ ਰਿਲੀਜ਼ ਸਮਾਗਮ

ਸਰੀ, (ਹਰਦਮ ਮਾਨ): ਗ਼ਜ਼ਲ ਮੰਚ ਸਰੀ ਵੱਲੋਂ ਗੁਰਮੀਤ ਸਿੱਧੂ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਗਰੈਂਡ ਤਾਜ ਬੈਂਕੁਇਟ ਹਾਲ ਸਰੀ ਵਿਚ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਅਜੈਬ ਸਿੰਘ ਸਿੱਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਪਰੰਤ ਗੋਗੀ ਬੈਂਸ ਅਤੇ ਡਾ. ਰਣਦੀਪ ਮਲਹੋਤਰਾ ਨੇ ਪੁਸਤਕ ਵਿਚਲੀਆਂ ਦੋ ਗ਼ਜ਼ਲਾਂ ਨੂੰ ਆਪਣੇ ਸੁਰੀਲੇ ਸੁਰਾਂ ਰਾਹੀਂ ਪੇਸ਼ ਕੀਤਾ।
ਸਟੇਜ ਦਾ ਸੰਚਾਲਨ ਸੰਭਾਲਦਿਆਂ ਗ਼ਜ਼ਲ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਗੁਰਮੀਤ ਸਿੰਘ ਸਿੱਧੂ ਦੇ ਜੀਵਨ ਅਤੇ ਰਚਨਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਪੁਸਤਕ ‘ਪਿੰਡ ਤੋਂ ਬ੍ਰਹਿਮੰਡ’ ਉੱਪਰ ਸ਼ਾਇਰ ਇੰਦਰਜੀਤ ਧਾਮੀ ਅਤੇ ਸ਼ਾਇਰ ਪ੍ਰੀਤ ਮਨਪ੍ਰੀਤ ਨੇ ਆਪਣੇ ਪਰਚੇ ਪੜ੍ਹੇ। ਇੰਦਰਜੀਤ ਧਾਮੀ ਨੇ ਆਪਣੀ ਖੂਬਸੂਰਤ ਕਾਵਿਕ ਸ਼ੈਲੀ ਵਿਚ ਪਰਚਾ ਪੜ੍ਹਦਿਆਂ ਕਿਹਾ ਕਿ ਗੁਰਮੀਤ ਸਿੱਧੂ ਸੁੱਤੀ ਸੁੰਦਰੀ ਦੇ ਲਟਕ ਦੇ ਕੇਸਾਂ ਵਿੱਚ ਸਿਤਾਰੇ ਗੁੰਦਣ ਵਾਲਾ ਕਲਮਕਾਰ ਹੈ ਅਤੇ ਇਸ ਦੀਆਂ ਗ਼ਜ਼ਲਾਂ ਹੀਰਿਆਂ ਦੇ ਫਰਸ਼ ਤੇ ਬਹਿ ਕੇ ਮੋਹ ਭਿੱਜੇ ਸ਼ਬਦਾਂ ਦਾ ਮਹਿਮਾ ਗਾਣ ਹੈ। ਪੁਸਤਕ ਵਿੱਚ ਸ਼ਾਇਰ ਦੀ ਸਰੀਰਕ ਤੇ ਆਤਮਿਕ ਸੂਖ਼ਮਤਾ ਨਜ਼ਰ ਆਉਂਦੀ ਹੈ। ਇਹ ਸ਼ਾਇਰੀ ਚਿੰਤਨ ਅਵਸਥਾ ਵਿੱਚ ਉਜਾਲੇ ਵੱਲ ਨੂੰ ਇਸ਼ਾਰੇ ਕਰਦੀ ਸ਼ਾਇਰੀ ਹੈ। ਕਿਤਾਬ ਵਿਚਲੇ ਸ਼ਬਦਾਂ ਵਿੱਚ ਵਗਦੇ ਪਾਣੀਆਂ ਵਰਗੀ ਅਮੀਰੀ ਹੈ।
ਪ੍ਰੀਤ ਮਨਪ੍ਰੀਤ ਨੇ ਆਪਣੇ ਪਰਚੇ ਰਾਹੀਂ ਕਿਹਾ ਕਿ ਗੁਰਮੀਤ ਸਿੱਧੂ ਗਜ਼ਲ ਮੰਚ ਸਰੀ ਦਾ ਮਾਣਮੱਤਾ, ਸੰਵੇਦਨਸ਼ੀਲ ਤੇ ਊਰਜਾ ਭਰਪੂਰ ਸ਼ਾਇਰ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਸਾਹਿਤ ਦੇ ਪੈੜ ਵਿੱਚ ਸ਼ਬਦ ਸਾਧਨਾਂ ਨਾਲ ਜੁੜਿਆ ਹੋਇਆ ਹੈ। ਇਹ ਕਿਤਾਬ ਪੜ੍ਹਦਿਆਂ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਗੁਰਮੀਤ ਸਿੱਧੂ ਨੇ ਅਧਿਆਤਮ ਤੇ ਖਾਸ ਕਰਕੇ
ਗੁਰਬਾਣੀ ਦਾ ਗਹਿਰਾ ਅਧਿਐਨ ਕੀਤਾ ਹੈ। ਉਸ ਦੀਆਂ ਗ਼ਜ਼ਲਾਂ ਵਿਚਲੇ ਬਹੁਯਾਮੀ ਵਿਸ਼ੇ, ਭਾਸ਼ਾ ਅਤੇ ਖ਼ਿਆਲਾਂ ਦੀ ਪਰਪੱਕਤਾ ਇਸ ਪੁਸਤਕ ਦੇ ਨਾਂ ‘ਪਿੰਡ ਤੋਂ ਬ੍ਰਹਿਮੰਡ’ ਨੂੰ ਸਾਰਥਿਕ ਤੇ ਢੁਕਵਾਂ ਸਿੱਧ ਕਰਦੇ ਹਨ। ਇਨ੍ਹਾਂ ਗ਼ਜ਼ਲਾਂ ਦਾ ਕਾਵਿ ਮੁਹਾਂਦਰਾ ਪੇਂਡੂ ਸੱਭਿਆਚਾਰ ਦੇ ਬਹੁਤ ਨੇੜੇ ਹੈ। ਠੇਠ ਪੰਜਾਬੀ ਸ਼ਬਦਾਂ ਦੀ ਵਰਤੋਂ ਗ਼ਜ਼ਲ ਦੇ ਸ਼ਿਅਰਾਂ ਵਿੱਚ ਹੁਸਨ ਪੈਦਾ ਕਰਦੀ ਹੈ। ਇਹ ਗ਼ਜ਼ਲਾਂ ਪਾਠਕਾਂ ਦੇ ਅੰਤਰਮਨ ਨਾਲ ਸਾਂਝ ਪਾ ਕੇ ਆਪਣੇ ਨਾਲ ਤੋਰਨ ਦੀ ਸਮਰੱਥਾ ਰੱਖਦੀਆਂ ਹਨ। ਇਹ ਸ਼ਿਅਰਾਂ ਵਿੱਚ ਥਾਂ ਪੁਰ ਥਾਂ ਸਦਾਚਾਰਕ ਜੀਵਨ, ਉੱਚੀ ਸੋਚ ਤੇ ਰੂਹਾਨੀਅਤ ਦੀਆਂ ਰਮਜ਼ਾਂ ਸਾਫ ਦਿਖਾਈ ਦਿੰਦੀਆਂ ਹਨ।
ਪਰਿਚਆਂ ਤੋਂ ਬਾਅਦ ਗ਼ਜ਼ਲ ਮੰਚ ਦੇ ਮੈਂਬਰਾਂ. ਮਹਿਮਾਨ ਲੇਖਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ‘ਪਿੰਡ ਤੋਂ ਬ੍ਰਹਿਮੰਡ’ ਪੁਸਤਕ ਰਿਲੀਜ਼ ਕੀਤੀ ਗਈ। ਇਸ ਰਸਮ ਵਿਚ ਇਕ ਸਦੀ ਜੀਵਨ ਬਤੀਤ ਕਰਨ ਵਾਲੇ ਗੁਰਮੀਤ ਸਿੱਧੂ ਦੇ ਪਿਤਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਪਰੰਤ ਰਾਜਵੰਤ ਰਾਜ ਨੇ ਪੁਸਤਕ ਵਿਚਲੇ ਦਰਸ਼ਨ ਦੀ ਗੱਲ ਕੀਤੀ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਡਾ. ਪ੍ਰਥੀਪਾਲ ਸਿੰਘ ਸੋਹੀ, ਮੋਹਨ ਗਿੱਲ, ਮੇਜਰ ਸਿੰਘ ਰੰਧਾਵਾ, ਬਲਦੇਵ ਸਿੰਘ ਬਾਠ, ਬਖਸ਼ਿੰਦਰ, ਭੁਪਿੰਦਰ ਸਿੰਘ ਮੱਲ੍ਹੀ, ਅਸ਼ੋਕ ਭਾਰਗਵ, ਕ੍ਰਿਸ਼ਨ ਬੈਕਟਰ, ਹਰਦਮ ਸਿੰਘ ਮਾਨ, ਕ੍ਰਿਸ਼ਨ ਭਨੋਟ, ਕਵਿੰਦਰ ਚਾਂਦ, ਅਮਰੀਕ ਪਲਾਹੀ, ਪਰਮਿੰਦਰ ਸਵੈਚ ਅਤੇ ਅੰਮ੍ਰਿਤ ਦੀਵਾਨਾ ਨੇ ਵੀ ਪੁਸਤਕ ਉਪਰ ਆਪਣੇ ਵਿਚਾਰ ਪੇਸ਼ ਕੀਤੇ ਅਤੇ ਗੁਰਮੀਤ ਸਿੱਧੂ ਨੂੰ ਖੂਬਸੂਰਤ ਗ਼ਜ਼ਲ ਸੰਗ੍ਰਹਿ ਦੀਆਂ ਮੁਬਾਰਕਾਂ ਦਿੱਤੀਆਂ।
ਅੰਤ ਵਿਚ ਗੁਰਮੀਤ ਸਿੰਘ ਸਿੱਧੂ ਨੇ ਭਾਵਕ ਹੁੰਦਿਆਂ ਆਪਣੇ ਪਰਿਵਾਰ ਵੱਲੋਂ ਮਿਲੇ ਸਹਿਯੋਗ ਦੀ ਪ੍ਰਸੰਸਾ ਕੀਤੀ। ਪੁਸਤਕ ਵਿੱਚੋਂ ਕੁਝ ਗ਼ਜ਼ਲਾਂ ਦੇ ਚੋਣਵੇਂ ਸ਼ਿਅਰ ਸਰੋਤਿਆਂ ਦੀ ਨਜ਼ਰ ਕੀਤੇ ਅਤੇ ਸਮਾਗਮ ਵਿਚ ਹਾਜਰ ਸਭਨਾਂ ਮਹਿਮਾਨਾਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਸਾਹਿਤਕਾਰਾਂ, ਸਹਿਯੋਗੀਆਂ ਅਤੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ।