Saturday, November 23, 2024
8.7 C
Vancouver

ਕੈਨੇਡੀਅਨ ਨੈਸ਼ਨਲ ਐਗਜ਼ੀਬੀਸ਼ਨ ਵਿੱਚ ਭਾਰੀ ਮੀਂਹ ਕਾਰਨ ਰੌਣਕ ਰਹੀ ਫਿੱਕੀ

ਸਰੀ (ਏਕਜੋਤ ਸਿੰਘ): ਟੋਰਾਂਟੋ ਵਿਚ ਲੰਘੇ ਵੀਕੈਂਡ ਹੋਈਆਂ ਬਾਰਿਸ਼ਾਂ ਨੇ ਸੈਲਾਨੀਆਂ ਨੂੰ ਕੈਨੇਡੀਅਨ ਨੈਸ਼ਨਲ ਐਗਜ਼ੀਬੀਸ਼ਨ ਦੀਆਂ ਰੌਣਕਾਂ ਫਿੱਕੀਆਂ ਰਹੀਆਂ ਪਰ ਆਯੋਜਕਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ। ਇੱਕ ਬੁਲਾਰੇ ਨੇ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਸ਼ੁਰੂ ਹੋਈ ਇਸ ਪ੍ਰਦਰਸ਼ਨੀ ਦੇ ਪਹਿਲੇ ਦਿਨ ਸੈਲਾਨੀਆਂ ਦੀ ਗਿਣਤੀ, ਪਿਛਲੇ ਸਾਲ ਨਾਲੋਂ 10,000 ਜ਼ਿਆਦਾ ਸੀ, ਪਰ ਅਚਾਨਕ ਮੀਂਹ ਪੈ ਜਾਣ ਕਰਕੇ ਸੈਲਾਨੀਆਂ ਕਾਫੀ ਨਾਰਾਜ਼ ਨਜ਼ਰ ਆਏ। ਕੈਨੇਡਾ ਦੇ ਮੌਸਮ ਵਿਭਾਗ ਨੇ ਪਿਛਲੇ ਵੀਕੈਂਡ ਦੱਖਣੀ ਓਨਟੇਰਿਓ ਵਿਚ ਸਪੈਸ਼ਲ ਵੈਦਰ ਸਟੇਟਮੈਂਟ ਜਾਰੀ ਕੀਤੀ ਸੀ, ਜਿਸ ਵਿਚ ਟੋਰਾਂਟੋ ਵਿਚ ਭਾਰੀ ਮੀਂਹ ਦੀ ਵੀ ਚਿਤਾਵਨੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ। ਪੀਅਰਸਨ ਏਅਰਪੋਰਟ ‘ਤੇ ਰਿਕਾਰਡ 128.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
ਬੁਲਾਰੇ ਨੇ ਕਿਹਾ ਕਿ ਇਥੇ ਪਹੁੰਚਣ ਵਾਲੇ ਸੈਲਾਨੀਆਂ ਦੀ ਗਿਣਤੀ ਉਪਲਬਧ ਨਹੀਂ ਹੈ, ਪਰ ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਦੇ ਬਾਵਜੂਦ ਇੰਡੋਰ ਗਤੀਵਿਧੀਆਂ ਵਿਚ ਪੂਰੀ ਚਹਿਲ-ਪਹਿਲ ਵੇਖਣ ਨੂੰ ਮਿਲੀ ।
ਉਨ੍ਹਾਂ ਕਿਹਾ ਕਿ ਮੌਸਮ ਵਿਚ ਸੁਧਾਰ ਹੋਣ ਅਤੇ ਲੇਬਰ ਡੇਅ ਲੌਂਗ ਵੀਕੈਂਡ ਦੇ ਮੱਦੇਨਜ਼ਰ ਦਰਸ਼ਕਾਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
16 ਅਗਸਤ ਤੋਂ ਸ਼ੁਰੂ ਹੋਈ ਇਹ ਪ੍ਰਦਰਸ਼ਨੀ 2 ਸਤੰਬਰ ਤੱਕ ਜਾਰੀ ਰਹੇਗੀ। ਇਹ ਕੈਨੇਡਾ ਦਾ ਸਭ ਤੋਂ ਵੱਡਾ ਅਤੇ ਉੱਤਰੀ ਅਮਰੀਕਾ ਵਿਚ ਛੇਵਾਂ ਸਭ ਤੋਂ ਵੱਡਾ ਮੇਲਾ ਹੈ। ਹਰ ਸਾਲ ਇਥੇ 1 ਤੋਂ 1.5 ਮਿਲੀਅਨ ਸੈਲਾਨੀ ਇਸ ਪ੍ਰਦਰਸ਼ਨੀ ਵਿਚ ਸ਼ਾਮਲ ਹੁੰਦੇ ਹਨ। ਮੁੱਖ ਤੌਰ ‘ਤੇ ਕੈਨੇਡਾ ਦੀ ਖੇਤੀਬਾੜੀ ਅਤੇ ਟੈਕਨੋਲੌਜੀ ਦੇ ਪ੍ਰਚਾਰ ਲਈ ਇਹ ਪ੍ਰਦਰਸ਼ਨੀ 1879 ਵਿਚ ਸ਼ੁਰੂ ਕੀਤੀ ਗਈ ਸੀ। ਇਸ ਮੇਲੇ ਵਿਚ ਖੇਤੀ ਮਾਹਰ, ਇੰਜੀਨੀਅਰ ਅਤੇ ਵਿਗਿਆਨੀ ਆਪਣਾ ਕੰਮ ਅਤੇ ਦੇਸ਼ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦੇ ਹਨ। ਸੀ.ਐਨ.ਈ. ਦੇਸ਼ ਵਿਚ ਵੰਨ-ਸੁਵੰਨਤਾ ਅਤੇ ਨਵੀਨਤਾ ਦੇ ਵਿਕਾਸ ਨੂੰ ਵੀ ਦਰਸਾਉਂਦੀ ਹੈ। ਟੋਰਾਂਟੋ ਦੇ ਐਗਜ਼ੀਬੀਸ਼ਨ ਪਲੇਸ ‘ਤੇ ਇਸ ਪ੍ਰਦਰਸ਼ਨੀ ਨੂੰ ਆਯੋਜਿਤ ਕੀਤਾ ਜਾਂਦਾ ਹੈ। ਇਸ ਸਮਾਗਮ ਵਿਚ ਨੁਮਾਇਸ਼ਾਂ, ਲਾਈਵ ਮਨੋਰੰਜਨ, ਖੇਤੀਬਾੜੀ ਪ੍ਰਦਰਸ਼ਨੀ, ਸਪੋਰਟਸ, ਕੈਸੀਨੋ, ਗੇਮਾਂ, ਫ਼ੂਡ, ਸ਼ੌਪਿੰਗ ਏਰੀਆ ਅਤੇ ਕਈ ਹੋਰ ਆਕਰਸ਼ਣ ਸ਼ਾਮਲ ਹੁੰਦੇ ਹਨ।