Sunday, November 24, 2024
7.3 C
Vancouver

ਕੂਟਨੀਤਕ ਨਾਕਾਮੀ ਅਤੇ ਪਰਮਾਣੂ ਜੰਗ ਦੇ ਖ਼ਤਰੇ

ਲਿਖਤ : ਡਾ. ਅਰੁਣ ਮਿੱਤਰਾ
ਸੰਪਰਕ: 94170-00360
ਰੂਸੀ ਫੌਜਾਂ ਦੁਆਰਾ 8 ਜੁਲਾਈ 2024 ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਓਖਮਤਦਿਤ ਬੱਚਿਆਂ ਦੇ ਹਸਪਤਾਲ ‘ਤੇ ਮਿਜ਼ਾਈਲ ਹਮਲਾ ਬਹੁਤ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਅਨੁਸਾਰ ਗਾਜ਼ਾ ਵਿੱਚ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 36 ਵਿੱਚੋਂ 31 ਹਸਪਤਾਲਾਂ ਨੂੰ ਨੁਕਸਾਨ ਪੁੱਜਾ ਹੈ ਜਾਂ ਤਬਾਹ ਕਰ ਦਿੱਤਾ ਗਿਆ ਹੈ। 500 ਤੋਂ ਵੱਧ ਸਿਹਤ ਸੰਭਾਲ ਕਰਮਚਾਰੀ ਮਾਰੇ ਗਏ ਹਨ। ਜਨੇਵਾ ਕਨਵੈਨਸ਼ਨ ਦੀ ਧਾਰਾ 18 ਵਿਚ ਕਿਹਾ ਗਿਆ ਹੈ ਕਿ ਨਾਗਰਿਕ ਹਸਪਤਾਲ ਵਜੋਂ ਮਨੋਨੀਤ ਇਮਾਰਤ ਹਮਲੇ ਦਾ ਨਿਸ਼ਾਨਾ ਨਹੀਂ ਹੋ ਸਕਦੀ ਪਰ ਯੂਐੱਨਓ ਸਮੇਤ ਕਈ ਅਪੀਲਾਂ ਦੇ ਬਾਵਜੂਦ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਜੰਗ ਦੌਰਾਨ ਸਮਾਜ ਦੇ ਕਮਜ਼ੋਰ ਵਰਗਾਂ, ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਪਿਛਲੇ ਸਮੇਂ ਦੌਰਾਨ ਹੋਣ ਵਾਲੀਆਂ ਜੰਗਾਂ ਵਿੱਚ ਬੱਚਿਆਂ ਨੂੰ ਵਧੇਰੇ ਨਿਸ਼ਾਨਾ ਬਣਾਏ ਜਾਣ ਦੀਆਂ ਖਬਰਾਂ ਬੜੀਆਂ ਦਰਦਨਾਕ ਹਨ। ਬੱਚਿਆਂ ਨੂੰ ਮਦਦ ਲਈ ਰੋਂਦੇ ਵਿਲਕਦੇ, ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਕੋਲ ਬੈਠੇ ਦੇਖ ਕੇ ਦਿਲ ਪਸੀਜਦਾ ਹੈ। ਉਹ ਤਾਂ ਇਹ ਵੀ ਨਹੀਂ ਸਮਝਦੇ ਕਿ ਅਸਲ ਵਿੱਚ ਹੋ ਕੀ ਰਿਹਾ ਹੈ ਅਤੇ ਭਵਿੱਖ ਵਿੱਚ ਉਨ੍ਹਾਂ ਲਈ ਕੀ ਰੱਖਿਆ ਹੋਇਆ ਹੈ। ਇਜ਼ਰਾਇਲੀ ਹਮਲੇ ਦੇ ਨਤੀਜੇ ਵਜੋਂ ਗਾਜ਼ਾ ਵਿੱਚ ਲਗਭਗ 15000 ਬੱਚਿਆਂ ਦਾ ਕਤਲੇਆਮ ਮੌਜੂਦਾ ਸਮੇਂ ਦਾ ਸਭ ਤੋਂ ਘਿਨਾਉਣਾ ਅਪਰਾਧ ਹੈ।
ਆਧੁਨਿਕ ਯੁੱਧ ਦੌਰਾਨ ਮਾਰੇ ਗਏ ਗੈਰ-ਲੜਾਕੂਆਂ ਦੀ ਗਿਣਤੀ ਲੜਾਕਿਆਂ ਨਾਲੋਂ ਕਿਤੇ ਵੱਧ ਹੁੰਦੀ ਹੈ। 1990 ਦੇ ਦਹਾਕੇ ਦੌਰਾਨ ਜੰਗਾਂ ਵਿੱਚ ਮਾਰੇ ਗਿਆਂ ਵਿੱਚ 90% ਤੋਂ ਵੱਧ ਆਮ ਨਾਗਰਿਕ ਸਨ; ਸੈਨਿਕਾਂ ਨਾਲੋਂ ਵੱਧ ਬੱਚੇ ਮਰੇ। ਪਿਛਲੇ ਦਹਾਕਿਆਂ ਦੌਰਾਨ ਯੁੱਧ ਦੀਆਂ ਰਣਨੀਤੀਆਂ ਵਿੱਚ ਆਈਆਂ ਤਬਦੀਲੀਆਂ ਦੇ ਨਤੀਜੇ ਵਜੋਂ ਨਾਗਰਿਕਾਂ ਦੀਆਂ ਮੌਤਾਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ ਹੈ।
ਯੁੱਧ ਅਤਿਅੰਤ ਦੁੱਖ ਦਾ ਕਾਰਨ ਬਣਦਾ ਹੈ। ਸਮੇਂ ਦੇ ਕਿਸੇ ਵੀ ਪਲ ਜੀਵਨ ਦੀ ਅਨਿਸ਼ਚਿਤਤਾ ਹੁੰਦੀ ਹੈ। ਉਜਾੜੇ, ਸੱਟ ਅਤੇ ਮੌਤ ਦਾ ਡਰ ਹਮੇਸ਼ਾ ਲੱਗਿਆ ਰਹਿੰਦਾ ਹੈ। ਆਮ ਜੀਵਨ ਰੁਕ ਜਾਂਦਾ ਹੈ. ਸਕੂਲ ਬੰਦ ਹੋ ਜਾਂਦੇ ਹਨ। ਸੈਰ ਸਪਾਟਾ ਖਤਮ। ਅਰਥਵਿਵਸਥਾ ਸੁਸਤ ਹੋ ਜਾਂਦੀ ਹੈ। ਹਥਿਆਰਾਂ ‘ਤੇ ਫਜ਼ੂਲ ਖਰਚੀ ਵਿਚ ਕਈ ਗੁਣਾ ਵਾਧਾ ਹੁੰਦਾ ਹੈ। ਇਸ ਨਾਲ ਜੰਗ ਦੇ ਖੇਤਰ ਵਿੱਚ ਹਰ ਪਾਸੇ ਭੁੱਖ, ਆਮ ਲੋੜਾਂ ਦੀਆਂ ਵਸਤਾਂ ਦੀ ਗੰਭੀਰ ਕਮੀ, ਤਬਾਹੀ ਅਤੇ ਰੋਣਾ ਵਿਲਕਣਾ ਵਧ ਜਾਂਦਾ ਹੈ। ਕਈ ਵਾਰ ਜੰਗਾਂ ਸੱਭਿਆਚਾਰਾਂ ਇੱਥੋਂ ਤੱਕ ਕਿ ਸਭਿਅਤਾਵਾਂ ਦੀ ਤਬਾਹੀ ਦਾ ਕਰਨ ਬਣ ਜਾਂਦੀਆਂ ਹਨ। ਜੰਗ ਵਾਤਾਵਰਨ ਵਿਚ ਨਿਘਾਰ ਦਾ ਵੱਡਾ ਕਾਰਨ ਹੈ। ਸੰਸਾਰ ਭਰ ਦੀਆਂ ਫੌਜੀ ਕਾਰਵਾਈਆਂ ਦੀ ਵਾਤਾਵਰਨ ਵਿੱਚ ਆ ਰਹੇ ਨਿਘਾਰ ਵਿੱਚ 6% ਹਿੱਸੇਦਾਰੀ ਹੈ। ਅਜੋਕੇ ਸਮੇਂ ਯੁੱਧ ਦੇ ਪ੍ਰਭਾਵ ਕੇਵਲ ਖੇਤਰੀ ਨਹੀਂ ਰਹਿੰਦੇ ਬਲਕਿ ਇਸ ਦੇ ਆਲਮੀ ਅਸਰ ਪੈਂਦੇ ਹਨ। ਹਮਦਰਦੀ, ਪਿਆਰ ਤੇ ਸਨੇਹ ਜੋ ਬੰਦੇ ਦਾ ਸੁਭਾਵਿਕ ਵਿਹਾਰ ਹੈ, ਵਿਗੜ ਜਾਂਦਾ ਹੈ। ਬੱਚਿਆਂ ਅਤੇ ਔਰਤਾਂ ਲਈ ਵੀ ਕੋਈ ਹਮਦਰਦੀ ਨਹੀਂ ਰਹਿ ਜਾਂਦੀ। ਅਸਲ ਵਿੱਚ ਬਹੁਤ ਸਾਰੀਆਂ ਜੰਗੀ ਹਾਲਤਾਂ ਵਿੱਚ ਬੱਚਿਆਂ ਅਤੇ ਔਰਤਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ; ਇੱਥੋਂ ਤੱਕ ਕਿ ਉਨ੍ਹਾਂ ਨੂੰ ਯੁੱਧ ਦੇ ਹਥਿਆਰ ਵਜੋਂ ਵਰਤਿਆ ਜਾਂਦਾ ਹੈ।
ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜਿੱਥੇ ਅੱਜ ਜੰਗ ਦੀ ਹਰ ਘਟਨਾ ਸਾਡੇ ਘਰਾਂ ਦੀਆਂ ਸਕ੍ਰੀਨਾਂ ‘ਤੇ ਆਸਾਨੀ ਨਾਲ ਦਿਖਾਈ ਦਿੰਦੀ ਹੈ, ਅਸੀਂ ਉਨ੍ਹਾਂ ਨੂੰ ਰੋਕਣ ਵਿੱਚ ਅਸਫਲ ਰਹੇ ਹਾਂ। ਸੰਵਾਦ ਰਾਹੀਂ ਜੰਗਾਂ ਨੂੰ ਰੋਕਣ ਲਈ ਕੋਈ ਗੰਭੀਰ ਸਮੂਹਿਕ ਯਤਨ ਨਹੀਂ ਹੋ ਰਿਹਾ ਸਗੋਂ ਪਿਛਲੇ ਕੁਝ ਦਹਾਕਿਆਂ ਵਿੱਚ ਲੋਕਤੰਤਰ ਦੀ ਸਥਾਪਨਾ ਜਾਂ ਅਤਿਵਾਦ ਨਾਲ ਲੜਨ ਦੇ ਬਹਾਨੇ ਵੱਡੀਆਂ ਸ਼ਕਤੀਆਂ ਦੂਜੇ ਦੇਸ਼ਾਂ ਵਿੱਚ ਦਖਲਅੰਦਾਜ਼ੀ ਵਧਾ ਰਹੀਅਘ ਹਨ। ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਦਾ ਇਰਾਕ ‘ਤੇ ਹਮਲਾ, ਅਤਿਵਾਦ ਨਾਲ ਨਜਿੱਠਣ ਦੇ ਨਾਂ ‘ਤੇ ਅਫਗਾਨਿਸਤਾਨ ਵਿੱਚ ਹਥਿਆਰਬੰਦ ਦਖ਼ਲ ਅਤੇ ਲੀਬੀਆ ‘ਤੇ ਹਮਲਾ ਇਨ੍ਹਾਂ ਦੀਆਂ ਉਦਾਹਰਨਾਂ ਹਨ। ਸੀਰੀਆ ਅਤੇ ਕੁਝ ਅਫਰੀਕੀ ਦੇਸ਼ਾਂ ਵਿੱਚ ਹਥਿਆਰਬੰਦ ਸੰਘਰਸ਼ ਵਿੱਚ ਇਨ੍ਹਾਂ ਦੀ ਭੂਮਿਕਾ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਅਜਿਹੀਆਂ ਕਾਰਵਾਈਆਂ ਨਾਲ ਹਥਿਆਰਾਂ ‘ਤੇ ਖਰਚੇ ਨੂੰ ਘਟਾਉਣ ਦੀ ਬਜਾਇ ਸੰਸਾਰ ਫੌਜੀ ਖਰਚਿਆਂ ਵਿੱਚ ਵਾਧਾ ਹੋਇਆ ਹੈ ਜੋ 2022 ਵਿੱਚ 2240 ਬਿਲੀਅਨ ਡਾਲਰ ਹੋ ਗਿਆ। ਸਿਰਫ ਪਰਮਾਣੂ ਹਥਿਆਰਾਂ ‘ਤੇ 82.9 ਬਿਲੀਅਨ ਡਾਲਰ ਖਰਚ ਕੀਤੇ ਗਏ। ਪਰਮਾਣੂ ਹਥਿਆਰਾਂ ਦੇ ਖਾਤਮੇ ਲਈ ਕੌਮਾਂਤਰੀ ਮੁਹਿੰਮ (ੀਛਅਂ) ਦੇ ਅਨੁਸਾਰ, 2023 ਵਿੱਚ ਪਰਮਾਣੂ ਹਥਿਆਰ ਵਾਲੇ 9 ਦੇਸ਼ਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੇ ਪਰਮਾਣੂ ਹਥਿਆਰਾਂ ‘ਤੇ 10.8 ਬਿਲੀਅਨ ਡਾਲਰ (13.4%) ਵੱਧ ਖਰਚ ਕੀਤੇ ਜੋ ਕੁੱਲ 91.4 ਬਿਲੀਅਨ ਡਾਲਰ ਜਾਂ 2898 ਡਾਲਰ ਪ੍ਰਤੀ ਸਕਿੰਟ ਬਣਦੇ ਹਨ। ਪਰਮਾਣੂ ਹਥਿਆਰ ਵਾਲੇ ਹਰ ਦੇਸ਼ ਨੇ ਪਰਮਾਣੂ ਹਥਿਆਰਾਂ ‘ਤੇ ਖਰਚੀ ਰਕਮ ਵਧਾ ਦਿੱਤੀ ਹੈ। ਅਮਰੀਕਾ ਵਿੱਚ ਸਭ ਤੋਂ ਵੱਧ ਵਾਧਾ ਹੋਇਆ, ਲਗਭਗ 18%। ਅਮਰੀਕਾ ਨੇ 51.5 ਬਿਲੀਅਨ ਡਾਲਰ, ਭਾਵ, ਪਰਮਾਣੂ ਹਥਿਆਰਬੰਦ ਦੇਸ਼ਾਂ ਵੱਲੋਂ ਸੰਯੁਕਤ ਰੂਪ ਵਿੱਚ ਕੀਤੇ ਖਰਚੇ ਨਾਲੋਂ ਵੀ ਵੱਧ ਖਰਚ ਕੀਤੇ। ਚੀਨ ਨੇ 11.9 ਬਿਲੀਅਨ ਡਾਲਰ ਖਰਚ ਕਰ ਕੇ ਰੂਸ ਨੂੰ ਪਿੱਛੇ ਛੱਡ ਦਿੱਤਾ ਅਤੇ ਰੂਸ 8.3 ਬਿਲੀਅਨ ਡਾਲਰ ਖਰਚ ਕਰ ਕੇ ਤੀਜੇ ਨੰਬਰ ‘ਤੇ ਆਇਆ।
ਅੱਜ ਹਥਿਆਰਾਂ ਦੀ ਦੌੜ ਘਟਾਉਣ ਅਤੇ ਸੰਸਾਰ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਲਈ ਤੀਬਰ ਕੂਟਨੀਤੀ ਦਾ ਸਮਾਂ ਹੈ ਕਿਉਂਕਿ ਹਥਿਆਰਾਂ ‘ਤੇ ਖਰਚਾ ਸਾਡੇ ਸਰੋਤਾਂ ਨੂੰ ਸਮਾਜਿਕ ਲੋੜਾਂ ਤੋਂ ਵਾਂਝੇ ਕਰ ਰਿਹਾ ਹੈ। ਵੱਡੀਆਂ ਤਾਕਤਾਂ, ਖਾਸ ਤੌਰ ‘ਤੇ 7 ਨੂੰ ਇਸ ਨੂੰ ਸਮਝਣ ਦੀ ਲੋੜ ਹੈ। ਇਹ ਬਹੁਤ ਦੁਖਦਾਈ ਹੈ ਕਿ ਕੂਟਨੀਤਕ ਸਾਧਨਾਂ ਅਤੇ ਗੱਲਬਾਤ ਦੀ ਸ਼ੁਰੂਆਤ ਦੀ ਬਜਾਇ ਨਾਟੋ ਨੇ ਵਾਸ਼ਿੰਗਟਨ ਵਿੱਚ ਆਪਣੀ ਮੀਟਿੰਗ ਵਿੱਚ ਯੂਕਰੇਨ ਨੂੰ ਰੂਸ ਨਾਲ ਲੜਦੇ ਰਹਿਣ ਅਤੇ ਹਰਾਉਣ ਲਈ 43 ਬਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ।
ਇਜ਼ਰਾਈਲ ਨੂੰ ਇੱਕ ਪਾਸੇ ਆਪਣੇ ਹਮਲੇ ਵਿੱਚ ਸੰਜਮ ਰੱਖਣ ਲਈ ਕਹਿਣ, ਦੂਜੇ ਪਾਸੇ ਸਵੈ-ਰੱਖਿਆ ਦੇ ਨਾਮ ਉੱਤੇ ਉਨ੍ਹਾਂ ਨੂੰ ਹਥਿਆਰਾਂ ਦੇ ਵੱਡੇ ਭੰਡਾਰਾਂ ਦੀ ਸਪਲਾਈ ਕਰਨ ਦੇ ਅਮਰੀਕੀ ਸਰਕਾਰ ਦੇ ਦੋਹਰੇ ਮਾਪਦੰਡ ਨਿਖੇਧੀ ਯੋਗ ਹਨ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਿਕ, ਅਕਤੂਬਰ 2023 ਵਿੱਚ ਗਾਜ਼ਾ ਉੱਤੇ ਇਜ਼ਰਾਈਲ ਦੀ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਜੂਨ ਦੇ ਅੰਤ ਤੱਕ ਅਮਰੀਕਾ ਨੇ ਘੱਟੋ-ਘੱਟ 14000 ਐੱਮਕੇ-84 2000-ਪਾਊਂਡ ਬੰਬ, 6500 500-ਪਾਊਂਡ ਬੰਬ, 1000 ਬੰਕਰ-ਬਸਟਰ ਬੰਬ, 2600 ਹਵਾ ਤੋਂ ਸੁੱਟੇ ਜਾਣ ਵਾਲੇ ਛੋਟੇ ਵਿਆਸ ਵਾਲੇ ਬੰਬ ਅਤੇ ਹੋਰ ਹਥਿਆਰ ਦਿੱਤੇ।
ਜੰਗ ਖਤਮ ਕਰਨ ਦੇ ਮਾੜੇ ਕੂਟਨੀਤਕ ਯਤਨਾਂ ਕਾਰਨ ਮਿਲਟਰੀ ਇੰਡਸਟਰੀਅਲ ਕੰਪਲੈਕਸ (ਹਥਿਆਰ ਬਣਾਉਣ ਵਾਲਾ ਉਦਯੋਗ) ਹਥਿਆਰ ਵੇਚ ਕੇ ਭਾਰੀ ਮੁਨਾਫ਼ਾ ਕਮਾ ਰਿਹਾ ਹੈ ਪਰ ਦੁਨੀਆ ਦੇ ਦੱਖਣੀ ਹਿੱਸੇ ਦੇ ਦੇਸ਼ ਆਰਥਿਕ ਵਿਕਾਸ ਅਤੇ ਵਾਤਾਵਰਨ ਸੰਭਾਲ ਦੀਆਂ ਆਪਣੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਸ਼ਾਂਤੀ ਲਈ ਤਰਸ ਰਹੇ ਹਨ। ਇਹ ਸਿਰਫ਼ ਸੰਸਾਰ ਸ਼ਾਂਤੀ ਦੇ ਹਾਲਾਤ ਵਿੱਚ ਹੈ ਕਿ ਗਰੀਬ ਵਿਕਾਸਸ਼ੀਲ ਦੇਸ਼ਾਂ ਵਿੱਚ ਨਿਵੇਸ਼ ਵਧਦਾ ਹੈ। ਸਾਂਝੇ ਭਲੇ ਲਈ ਜੰਗੀ ਉਦਯੋਗ ਤੋਂ ਲੋਕ ਲੋੜਾਂ ਦੀਆਂ ਵਸਤਾਂ ਦੇ ਉਦਯੋਗ ਵਿੱਚ ਤਬਦੀਲੀ ਲਿਆਉਣ ਨਾਲ ਬਿਹਤਰ ਹਾਲਾਤ ਬਣਨਗੇ।
ਇਸ ਲਈ ਇਹ ਲਾਜ਼ਮੀ ਹੈ ਕਿ ਰੂਸ ਯੂਕਰੇਨ ਤੇ ਖਾਸ ਤੌਰ ‘ਤੇ ਗਾਜ਼ਾ ਵਿੱਚ ਜੰਗ ਸਮੇਤ ਚੱਲ ਰਹੇ ਹੋਰ ਯੁੱਧ ਖਤਮ ਕਰਨ ਲਈ ਕੂਟਨੀਤਕ ਯਤਨ ਵਧਾਏ ਜਾਣ। ਕੁਝ ਅਫਰੀਕੀ ਦੇਸ਼ਾਂ ਵਿੱਚ ਝਗੜੇ ਸੁਲਝਾਉਣ ਅਤੇ ਦੱਖਣੀ ਏਸ਼ੀਆ ਵਿੱਚ ਗੱਲਬਾਤ ਦੀ ਲੋੜ ਹੈ। ਗੁਟ ਨਿਰਲੇਪ ਲਹਿਰ (ਂਅੰ) ਦੀ ਅਣਹੋਂਦ ਵਿੱਚ ਬ੍ਰਿਕਸ (ਭ੍ਰੀਛਸ਼) ਕੁਝ ਭੂਮਿਕਾ ਨਿਭਾ ਸਕਦਾ ਹੈ, ਭਾਵੇਂ ਇਹ ਨਾਟੋ ਦੀ ਪਸੰਦ ਨਾ ਹੋਵੇ। ਹੁਣ ਸਮਾਂ ਆ ਗਿਆ ਹੈ ਕਿ ਪਰਮਾਣੂ ਹਥਿਆਰ ਰੱਖਣ ਵਾਲੇ ਦੇਸ਼ਾਂ ਨੂੰ ਪਰਮਾਣੂ ਹਥਿਆਰਾਂ ਦੀ ਮਨਾਹੀ ਦੀ ਸੰਧੀ (ਠਫਂਾਂ) ਵਿੱਚ ਸ਼ਾਮਲ ਹੋਣ ਦੀ ਅਪੀਲ ਕਰਨ ਲਈ ਕੌਮਾਂਤਰੀ ਪੱਧਰ ‘ਤੇ ਪਹਿਲਕਦਮੀ ਕੀਤੀ ਜਾਵੇ। ਉਨ੍ਹਾਂ ਨੂੰ ਸਾਰੀ ਪਰਮਾਣੂ ਸੰਚਾਲਿਤ ਹਥਿਆਰ ਪ੍ਰਣਾਲੀ ਨੂੰ ਹਾਈ ਅਲਰਟ ਤੋਂ ਦੂਰ ਰੱਖਣ ਲਈ ਸਹਿਮਤ ਕਰਨਾ ਪਏਗਾ। ਪਰਮਾਣੂ ਹਥਿਆਰ ਰੱਖਣ ਵਾਲਿਆਂ (ਂਾਂਸ਼) ਨੂੰ ਪਰਮਾਣੂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਕਿਸੇ ਗੈਰ-ਪਰਮਾਣੂ ਰਾਜ ‘ਤੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਯੂਕਰੇਨ ਅਤੇ ਗਾਜ਼ਾ ਵਿੱਚ ਜੰਗ ਦਾ ਕੋਈ ਵੀ ਵਾਧਾ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਖ਼ਤਰਾ ਵਧਾਏਗਾ। ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਖ਼ਤਰਾ ਰੋਕਣ ਲਈ ਇਸ ਮਾਮਲੇ ਵਿੱਚ ਕੋਈ ਵੀ ਢਿੱਲ ਜਾਂ ਕੂਟਨੀਤਕ ਪਹਿਲਕਦਮੀਆਂ ਦੀ ਘਾਟ ਘਾਤਕ ਹੋ ਸਕਦੀ ਹੈ ਤੇ ਹਜ਼ਾਰਾਂ ਸਾਲ ਦੀ ਮਿਹਨਤ ਨਾਲ ਉਸਾਰੀ ਆਧੁਨਿਕ ਮਨੁੱਖੀ ਸਭਿਅਤਾ ਦੀ ਤਬਾਹੀ ਦਾ ਕਾਰਨ ਬਣ ਸਕਦੀ ਹੈ।