ਟੋਰਾਂਟੋ : ਓਨਟੇਰਿਓ ਦੇ ਸਿੱਖਿਆ ਮੰਤਰੀ ਟੌਡ ਸਮਿੱਥ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਸਮਿੱਥ ਨੇ ਤਿੰਨ ਮਹੀਨੇ ਪਹਿਲਾਂ ਹੀ ਸਿੱਖਿਆ ਮੰਤਰਾਲਾ ਸੰਭਾਲਿਆ ਸੀ।
ਬੀਤੇ ਦਿਨੀਂ ਜਾਰੀ ਇੱਕ ਬਿਆਨ ਵਿਚ ਸਮਿੱਥ ਨੇ ਕਿਹਾ ਕਿ ਉਹਨਾਂ ਨੇ ਪ੍ਰਾਈਵੇਟ ਸੈਕਟਰ ਵਿਚ ਕਿਸੇ ਨੌਕਰੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ।
2018 ਵਿੱਚ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਪਹਿਲੀ ਵਾਰ ਚੁਣੇ ਜਾਣ ਤੋਂ ਬਾਅਦ ਹੀ ਟੌਡ ਸਮਿਥ ਕੈਬਿਨੇਟ ਮੰਤਰੀ ਰਹੇ ਸਨ, ਪਰ ਉਨ੍ਹਾਂ ਨੇ ਊਰਜਾ ਮੰਤਰਾਲੇ ਨਾਲ ਸਭ ਤੋਂ ਲੰਬਾ ਸਮਾਂ ਬਿਤਾਇਆ ਹੈ।
ਸੂਤਰਾਂ ਨੇ ਦੱਸਿਆ ਕਿ ਸਮਿੱਥ ਊਰਜਾ ਮੰਤਰੀ ਦਾ ਤਿੰਨ ਸਾਲ ਅਹੁਦਾ ਸੰਭਾਲਣ ਤੋਂ ਬਾਅਦ, ਜੂਨ ਵਿੱਚ ਕੈਬਨਿਟ ਵਿੱਚ ਹੋਏ ਫੇਰਬਦਲ ਵਿੱਚ ਸਿੱਖਿਆ ਮੰਤਰਾਲਾ ਦਿੱਤੇ ਜਾਣ ਤੋਂ ਖੁਸ਼ ਨਹੀਂ ਸਨ।
ਫੋਰਡ ਦੇ ਦਫਤਰ ਨੇ ਕਿਹਾ ਕਿ ਪ੍ਰੀਮੀਅਰ ਸ਼ੁੱਕਰਵਾਰ ਦੁਪਹਿਰ ਨੂੰ ਕਿਸੇ ਸਮੇਂ ਨਵੇਂ ਸਿੱਖਿਆ ਮੰਤਰੀ ਦਾ ਐਲਾਨ ਕਰਨਗੇ।
ਸਮਿਥ ਦਾ ਅਸਤੀਫਾ ਉਦੋਂ ਆਇਆ ਹੈ ਜਦੋਂ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ $10-ਪ੍ਰਤੀ ਦਿਨ ਚਾਈਲਡ ਕੇਅਰ ਪ੍ਰੋਗਰਾਮ ਵਿੱਚ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਨਵੇਂ ਫੰਡਿੰਗ ਫਾਰਮੂਲੇ ਅਤੇ ਫ਼ੀਸਾਂ ਵਿਚ ਅਗਾਮੀ ਕਟੌਤੀਆਂ ਦੀ ਘੋਸ਼ਣਾ ਕੀਤੀ ਸੀ।
ਸਮਿਥ, ਲਜਿਸਲੇਚਰ ਵਿੱਚ ਇੱਕ ਵਿਆਪਕ ਤੌਰ ‘ਤੇ ਪਸੰਦ ਕੀਤੇ ਜਾਣ ਵਾਲੇ ਸਿਆਸਤਦਾਨ ਸਨ। ਉਹਨਾਂ ਨੇ ਰੇਡੀਓ ਪ੍ਰਸਾਰਣ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਸਮਿੱਥ ਨੇ ਕਿਹਾ ਕਿ ਅਸਤੀਫ਼ਾ ਇੱਕ ਬਹੁਤ ਮੁਸ਼ਕਲ ਫੈਸਲਾ ਸੀ ਅਤੇ ਉਹਨਾਂ ਨੇ ਲਜਿਸਲੇਚਰ ਵਿੱਚ ਬਿਤਾਏ ਸਾਲਾਂ ਦੌਰਾਨ ਆਪਣੀ ਪਤਨੀ ਅਤੇ ਬੱਚਿਆਂ ਦੇ ਸਮਰਥਨ ਲਈ ਧੰਨਵਾਦ ਕੀਤਾ।
ਫ਼ੋਰਡ ਨੇ ਸਮਿੱਥ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਫ਼ੋਰਡ ਨੇ ਕਿਹਾ, ਟੌਡ ਹਮੇਸ਼ਾ ਇੱਕ ਦੋਸਤ ਰਹੇਗਾ ਅਤੇ ਮੈਂ ਉਸਦੇ ਜੀਵਨ ਦੇ ਨਵਾਂ ਅਧਿਆਏ ਸ਼ੁਰੂ ਕਰਨ ‘ਤੇ ਉਸਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ।
ਸਮਿਥ ਬੇ ਔਫ਼ ਕੁਇੰਟ ਰਾਈਡਿੰਗ ਦੇ ਨੁਮਾਇੰਦੇ ਸਨ ਅਤੇ ਉਹ ਪਹਿਲੀ ਵਾਰ 2011 ਵਿੱਚ ਚੁਣੇ ਗਏ ਸਨ ਜਦੋਂ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਵਿਰੋਧੀ ਧਿਰ ਬਣੇ ਸਨ।
ਫੋਰਡ ਦੇ ਕਾਰਜਕਾਲ ਦੌਰਾਨ, ਸਮਿਥ ਨੇ ਆਰਥਿਕ ਵਿਕਾਸ ਮੰਤਰੀ, ਬਾਲ, ਭਾਈਚਾਰਕ ਅਤੇ ਸਮਾਜਿਕ ਸੇਵਾ ਲਈ ਮੰਤਰੀ, ਅਤੇ ਸਰਕਾਰ ਅਤੇ ਉਪਭੋਗਤਾ ਸੇਵਾਵਾਂ ਲਈ ਮੰਤਰੀ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ। ਉਹ ਜੂਨ 2018 ਤੋਂ ਜੂਨ 2019 ਦਰਮਿਆਨ ਗਵਰਨਮੈਂਟ ਹਾਊਸ ਲੀਡਰ ਸਨ।