ਰਾਜਪਾਲ ਨੇ ਹਰਿਆਣਾ ਸਰਕਾਰ ਨੂੰ ਪੱਤਰਕਾਰਾਂ ਦੀ ਹਿਤੈਸ਼ੀ ਕਰਾਰ ਦਿੱਤਾ
ਚੰਡੀਗੜ੍ਹ (ਵੀਰਪਾਲ ਭਗਤਾ): ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਪੰਚਕੂਲਾ ਵਿਖੇ ਇੰਡੀਅਨ ਜਰਨਲਿਸਟ ਯੂਨੀਅਨ ਦੀ ਕੌਮੀ ਕੌਂਸਲ ਦੀ ਦੋ ਰੋਜ਼ਾ ਮੀਟਿੰਗ ਦੇ ਆਖ਼ਰੀ ਦਿਨ ਭਾਰਤੀ ਮੀਡੀਆ ਸਾਹਮਣੇ ਦਰਪੇਸ਼ ਚੁਨੌਤੀਆਂ ਬਾਰੇ ਚਰਚਾ ਕਰਦਿਆਂ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਦਾ ਸਮਰਥਨ ਕੀਤਾ। ਉਨ੍ਹਾਂ ਮੀਡੀਆ ਦੀ ਘੱਟ ਰਹੀ ਭਰੋਸੇਯੋਗਤਾ ਉਪਰ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਬੇਹੱਦ ਮੁਸ਼ਕਲ ਭਰੇ ਹਾਲਾਤ ਵਿੱਚ ਸ਼ਾਨਦਾਰ ਕੰਮ ਕਰਨ ਬਦਲੇ ਸ਼ਲਾਘਾ ਵੀ ਕੀਤੀ। ਉਨ੍ਹਾਂ ਯੂਨੀਅਨ ਵੱਲੋਂ ਉਠਾਈਆਂ ਗਈਆਂ ਕਈ ਮੰਗਾਂ ਦਾ ਸਮਰਥਨ ਕਰਦਿਆਂ ਆਪਣੇ ਪੱਧਰ ‘ਤੇ ਭਾਰਤ ਸਰਕਾਰ ਕੋਲ ਉਠਾਉਣ ਦਾ ਭਰੋਸਾ ਵੀ ਦਿੱਤਾ। ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਕੇ. ਸ੍ਰੀ ਨਿਵਾਸ ਰੈਡੀ ਨੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਦਾ ਜ਼ੋਰਦਾਰ ਸਵਾਗਤ ਕਰਦਿਆਂ ਉਨ੍ਹਾਂ ਵੱਲੋਂ ਕੇਂਦਰੀ ਕਿਰਤ ਮੰਤਰੀ ਹੁੰਦੇ ਹੋਏ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਫ਼ੌਰੀ ਕਦਮ ਚੁੱਕਣ ਦੀ ਸ਼ਲਾਘਾ ਵੀ ਕੀਤੀ। ਚੰਡੀਗੜ੍ਹ ਅਤੇ ਹਰਿਆਣਾ ਜਰਨਲਿਸਟ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਮ ਸਿੰਘ ਬਰਾੜ ਤੋਂ ਇਲਾਵਾ ਸਾਬਕਾ ਕੌਮੀ ਪ੍ਰਧਾਨ ਐੱਸ.ਐਨ ਸਿਨਹਾ, ਕੌਮੀ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ, ਬਲਵੰਤ ਤਖਸ਼ਕ, ਬਲਵੀਰ ਸਿੰਘ ਜੰਡੂ ਪ੍ਰਧਾਨ ਪੰਜਾਬ ਸਮਾਗਮ ਦੇ ਮੁੱਖ ਪ੍ਰਬੰਧਕ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਨਲਿਨ ਅਚਾਰੀਆ ਸਮੇਤ ਹੋਰਨਾਂ ਨੇ ਮੁੱਖ ਮਹਿਮਾਨ ਦੱਤਾਤ੍ਰੇਅ ਦਾ ਸਨਮਾਨ ਕੀਤਾ। ਮੁੱਖ ਮਹਿਮਾਨ ਦੱਤਾਤ੍ਰੇਅ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਯੁੱਗ ਪੱਤਰਕਾਰੀ ਦਾ ਨਵਾਂ ਦੌਰ ਹੈ, ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪੱਤਰਕਾਰੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਵੀ ਪੱਤਰਕਾਰਾਂ ਨੇ ਅਹਿਮ ਯੋਗਦਾਨ ਪਾਇਆ ਸੀ ਅਤੇ ਅਜ਼ਾਦੀ ਤੋਂ ਬਾਅਦ ਲੋਕਤੰਤਰ ਦੀ ਰਾਖੀ ਲਈ ਵੀ ਪੱਤਰਕਾਰਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਇੰਡੀਅਨ ਜਰਨਲਿਸਟ ਯੂਨੀਅਨ ਦੀ ਸਿਖਰਲੀ ਲੀਡਰਸ਼ਿਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਜਿੱਥੇ ਪੱਤਰਕਾਰਾਂ ਦੀਆ ਮੰਗਾਂ ਲਈ ਅਨੇਕਾਂ ਸੰਘਰਸ਼ ਲੜੇ ਹਨ, ਉੱਥੇ ਦੇਸ਼ ਵਿੱਚ ਸਾਫ਼-ਸੁਥਰੀ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਅਨੇਕਾਂ ਕਦਮ ਚੁੱਕੇ ਹਨ। ਉਨ੍ਹਾਂ ਚੰਡੀਗੜ੍ਹ ਅਤੇ ਹਰਿਆਣਾ ਜਰਨਲਿਸਟ ਯੂਨੀਅਨ ਦੀ ਆਪਣੇ ਮੈਂਬਰਾਂ ਲਈ 10-10 ਲੱਖ ਰੁਪਏ ਦਾ ਦੁਰਘਟਨਾ ਬੀਮਾ ਆਪਣੇ ਖ਼ਰਚੇ ਉੱਪਰ ਕਰਾਉਣ ਲਈ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਪੱਤਰਕਾਰਾਂ ਦੀ ਭੂਮਿਕਾ ਬਹੁਤ ਅਹਿਮ ਹੈ, ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਨੇ ਹਮੇਸ਼ਾ ਗ਼ਰੀਬ ਅਤੇ ਕਮਜ਼ੋਰ ਲੋਕਾਂ ਨੂੰ ਇਨਸਾਫ਼ ਦਿਵਾਉਣ ਅਤੇ ਉਨ੍ਹਾਂ ਨਾਲ ਬੇਇਨਸਾਫ਼ੀ ਵਿਰੁੱਧ ਅਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਹਰਿਆਣਾ ਸਰਕਾਰ ਨੂੰ ਪੱਤਰਕਾਰਾਂ ਦੀ ਹਿਤੈਸ਼ੀ ਦੱਸਦਿਆਂ ਕਿਹਾ ਕਿ ਦੇਸ਼ ਵਿੱਚ ਪੱਤਰਕਾਰਾਂ ਲਈ ਪੈਨਸ਼ਨ ਸਕੀਮ ਲਾਗੂ ਕਰਨ ਵਾਲਾ ਹਰਿਆਣਾ ਪਹਿਲਾ ਸੂਬਾ ਹੈ। ਉਨ੍ਹਾਂ ਪੱਤਰਕਾਰਾਂ ਦੀ ਪੈਨਸ਼ਨ ਵਿੱਚ ਵਾਧਾ ਕਰਨ ਦੀ ਮੰਗ ਨੂੰ ਵੀ ਜਾਇਜ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਸਮੂਹਿਕ ਬੀਮਾ ਯੋਜਨਾ ਦਾ ਵੀ ਲਾਭ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਪੱਤਰਕਾਰਾਂ ਦੀ ਅਚਾਨਕ ਮੌਤ ਹੋਣ ‘ਤੇ ਉਨ੍ਹਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਟੈਕਨਾਲੋਜੀ ਅਤੇ ਮਸ਼ੀਨੀ-ਗਿਆਨ ਦੇ ਇਸ ਯੁੱਗ ਵਿੱਚ ਮੀਡੀਆ ਦੀ ਭਰੋਸੇਯੋਗਤਾ ਬਣਾਈ ਰੱਖਣੀ ਪੱਤਰਕਾਰਾਂ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਹੈ। ਉਨ੍ਹਾਂ ਪੱਤਰਕਾਰਤਾ ਦੇ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਦੀ ਵੀ ਵਕਾਲਤ ਕੀਤੀ।
ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਦਾ ਸਮਰਥਨ ਕੀਤਾ
