ਭਗਤਾ ਭਾਈਕਾ (ਵੀਰਪਾਲ ਭਗਤਾ): ਭਾਵੇਂ ਅੱਜ ਦੇ ਯੁੱਗ ਵਿਚ ਰੱਬ ਦਾ ਰੂਪ ਕਹੇ ਜਾਣ ਵਾਲਾ ਡਾਕਟਰੀ ਕਿੱਤਾ ਵੀ ਬਦਨਾਮ ਹੋਣ ਲੱਗਾ ਹੈ ਅਤੇ ਕੁਝ ਡਾਕਟਰਾਂ ਦੀ ਅਣਗਹਿਲੀ ਕਾਰਨ ਲੋਕਾਂ ਨੂੰ ਜਾਨ ਤੋਂ ਵੀ ਹੱਥ ਧੋਣੇ ਪਏ ਹਨ, ਪ੍ਰੰਤੂ ਇੱਥੇ ਮਿਹਨਤੀ ਅਤੇ ਇਮਾਨਦਾਰ ਡਾਕਟਰਾਂ ਦੀ ਕਮੀ ਨਹੀਂ, ਜੋ ਲੋਕਾਂ ਨੂੰ ਮੌਤ ਦੇ ਮੂੰਹ ਚੋਂ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛਡਦੇ। ਅਜਿਹੀ ਮਿਸਾਲ ਸਿਵਲ ਹਸਪਤਾਲ ਭਗਤਾ ਭਾਈ ਦੇ ਡਾ. ਸੁਮਿਤ ਮਿੱਤਲ ਤੋਂ ਮਿਲਦੀ ਹੈ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਕੂਲੀ ਬੱਚਿਆਂ ਲਈ ਰੱਬ ਰੂਪ ਬਣ ਕੇ ਉਭਰਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਡਾ. ਸੁਮਿਤ ਮਿੱਤਲ ਵੱਲੋਂ ਬੁਰਜ ਲੱਧਾ ਸਿੰਘ ਵਾਲਾ ਦੇ ਇਕ ਆਂਗਨਵਾੜੀ ਸੈਂਟਰ ਦਾ ਦੌਰਾ ਕਰਕੇ ਬੱਚਿਆਂ ਦੀ ਜਾਂਚ ਕੀਤੀ ਜਾਂ ਰਹੀ ਸੀ ਤਾਂ ਮੁਢਲੀ ਜਾਂਚ ਦੌਰਾਨ ਚਾਰ ਕੁ ਸਾਲਾਂ ਹਰਜੋਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਜੋ ਕਿ ਆਂਗਣਵਾੜੀ ਸੈਂਟਰ ਬੁਰਜ ਲੱਧਾ ਸਿੰਘ ਵਾਲਾ ਵਿਚ ਜਾਂਦੀ ਸੀ ਦੇ ਦਿਲ ਦੀ ਧੜਕਨ ਵਿਚ ਗੜਬੜ ਮਹਿਸੂਸ ਕੀਤੀ। ਤਾ ਬੱਚੀ ਦੇ ਗ਼ਰੀਬ ਮਾਪਿਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਇਸ ਬਾਰੇ ਆਪਣੀ ਅਣਜਾਣਤਾ ਜਾਹਿਰ ਕੀਤੀ ਅਤੇ ਕਿਹਾ ਕਿ ਬੱਚੀ ਆਮ ਜਿੰਦਗੀ ਜਿਉਂ ਰਹੀ ਹੈ। ਪਰੰਤੂ ਡਾ. ਮਿੱਤਲ ਨੇ ਹਰਜੋਤ ਕੌਰ ਨੂੰ ਅਗਲੇਰੀ ਚੈਕਿੰਗ ਲਈ ਭੇਜ ਦਿੱਤਾ। ਜਿਥੋਂ ਕਿ ਜਾਂਚ ਦੌਰਾਨ ਹਰਜੋਤ ਕੌਰ ਦੇ ਦਿਲ ਵਿਚ ਛੇਕ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ। ਇਸ ਤੋਂ ਬਾਅਦ ਡਾ. ਮਿੱਤਲ ਦੀਆਂ ਕੋਸ਼ਿਸ਼ਾਂ ਸਦਕਾ ਹਰਜੋਤ ਕੌਰ ਦੇ ਦਿਲ ਦਾ ਅਪਰੇਸ਼ਨ ਫੋਰਟਸ ਹਸਪਤਾਲ ਮੁਹਾਲੀ ਤੋਂ ਕੇਂਦਰ ਸਰਕਾਰ ਦੀ ਸਕੀਮ ਤਹਿਤ ਬਿਲਕੁਲ ਮੁਫ਼ਤ ਕਰਵਾ ਕੇ ਉਸਨੂੰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ। ਹਰਜੋਤ ਕੌਰ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਚੀ ਦੀ ਸਿਹਤ ਵਿਚ ਗੜਬੜ ਹੋਣ ਦਾ ਪਤਾ ਲਗਦਿਆਂ ਹੀ ਉਹ ਪ੍ਰੇਸ਼ਾਨੀ ਦੇ ਆਲਮ ਵਿਚ ਸਨ। ਪ੍ਰੰਤੂ ਉਨ੍ਹਾਂ ਦੀ ਬੱਚੀ ਲਈ ਰੱਬ ਬਣਕੇ ਬਹੁੜੇ ਡਾ. ਮਿੱਤਲ ਦੀਆਂ ਕੋਸ਼ਿਸ਼ਾਂ ਸਦਕਾ ਉਸ ਦੀ ਪੁੱਤਰੀ ਦਾ ਇਲਾਜ ਬਿਲਕੁਲ ਮੁਫ਼ਤ ਹੋਣਾ ਸੰਭਵ ਹੋ ਸਕਿਆ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਡਾ. ਮਿੱਤਲ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਸਕੀਮ ਤਹਿਤ ਬੱਚਿਆਂ ਦੇ ਆਪਰੇਸ਼ਨ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਇਲਾਜ ਦੌਰਾਨ ਸਾਰੇ ਟੈਸਟ ਅਤੇ ਖਾਣਾ ਪੀਣਾ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਡਾ. ਸੁਮਿਤ ਮਿੱਤਲ ਵੱਲੋਂ ਕੀਤੀ ਜਾਂ ਰਹੀ ਜਾਂਚ ਤੋਂ ਬਾਅਦ ਅਨੇਕਾਂ ਬੱਚਿਆਂ ਦਾ ਮੁਫਤ ਇਲਾਜ ਕਰਵਾ ਕੇ ਉਨ੍ਹਾਂ ਨੂੰ ਨਵੀਂ ਜਿੰਦਗੀ ਦੇਣ ਵਿਚ ਯੋਗਦਾਨ ਪਾ ਚੁੱਕੇ ਹਨ।
ਡਾ. ਸੁਮਿਤ ਮਿੱਤਲ ਦੇ ਇਸ ਉਪਰਾਲੇ ਦੀ ਇਲਾਕਾ ਭਰ ਵਿਚ ਖੂਭ ਪ੍ਰਸੰਸਾ ਹੋ ਰਹੀ ਹੈ।