ਔਟਵਾ : ਬੁੱਧਵਾਰ ਨੂੰ ਕੈਨੇਡਾ ਦੀ ਇੱਕ ਨਵੀਂ ਫ਼ੈਡਰਲ ਸਿਆਸੀ ਪਾਰਟੀ ਔਟਵਾ ਵਿੱਚ ਅਧਿਕਾਰਤ ਤੌਰ ‘ਤੇ ਲਾਂਚ ਕੀਤੀ ਗਈ। ਕੈਨੇਡੀਅਨ ਫ਼ਿਊਚਰ ਪਾਰਟੀ ਲਿਬਰਲ ਅਤੇ ਕੰਜ਼ਰਵੇਟਿਵਜ਼ ਦੋਵਾਂ ਤੋਂ ਨਾਖੁਸ਼ ਵੋਟਰਾਂ ਲਈ ਆਪਣੇ ਆਪ ਨੂੰ ਇੱਕ ਕੇਂਦਰਵਾਦੀ ਵਿਕਲਪ ਵਜੋਂ ਪੇਸ਼ ਕਰ ਰਹੀ ਹੈ। ਅੰਤਰਿਮ ਲੀਡਰ ਡੌਮਿਨਿਕ ਕਾਰਡੀ ਨੇ ਔਟਵਾ ਵਿਚ ਇੱਕ ਪ੍ਰੈਸ ਕਾਨਫ਼੍ਰੰਸ ਦੌਰਾਨ ਬੋਲਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਕੈਨੇਡੀਅਨਜ਼ ਕੋਲ ਕੋਈ ਸਹੀ ਵਿਕਲਪ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਦੋਂ ਲੋਕਾਂ ਨੂੰ ਸੋਸ਼ਲ ਪ੍ਰੋਗਰਾਮ ਚਾਹੀਦੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਇੱਕ ਅਜਿਹੀ ਪਾਰਟੀ ਨਾਲ ਸਮਝੌਤਾ ਕਰਨਾ ਪੈਂਦਾ ਹੈ ਜੋ ਬਿਨਾ ਸਾਰਥਕ ਨਤੀਜਿਆਂ ਦੇ ਸਰਕਾਰੀ ਖ਼ਰਚਿਆਂ ਨੂੰ ਵਧਾਈ ਰੱਖਦੀ ਹੈ।
ਪਰ ਦੂਸਰੇ ਪਾਸੇ ਲੋਕ ਜਦੋਂ ਸਰਕਾਰ ਦੇ ਵਿੱਤੀ ਅਨੁਸ਼ਾਸਨ ਦੇ ਦਾਅਵੇ ਕਰਨ ਵਾਲੀ ਪਾਰਟੀ ਵੱਲ ਰੁਖ਼ ਕਰਦੇ ਹਨ ਤਾਂ ਉਸਦੀ ਪਹੁੰਚ ਇਸ ਤਰ੍ਹਾਂ ਦੀ ਹੁੰਦੀ ਹੈ ਜਿੱਥੇ ਸਰਕਾਰੀ ਸਰੋਤ ਦੀ ਦੁਰਵਰਤੋਂ ਨਾਲ ਅਮੀਰਾਂ ਨੂੰ ਤਾਂ ਫ਼ਾਇਦਾ ਹੁੰਦਾ ਹੈ, ਅਤੇ ਮੁਲਕ ਦੀਆਂ ਸਮੱਸਿਆਵਾਂ ਲਈ ਹਾਸ਼ੀਆਗਤ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਅੰਤਰਿਮ ਪਾਰਟੀ ਪ੍ਰੈਜ਼ੀਡੈਂਟ ਅਤੇ ਕੰਜ਼ਰਵੇਟਿਵ ਪਾਰਟੀ ਦੀ ਸਾਬਕਾ ਕਾਰਕੁਨ, ਟੈਰਾ ਮੈਕਫੇਲ ਨੇ ਕਿਹਾ ਕਿ ਇਹ ਨਵੀਂ ਪਾਰਟੀ ਸਿਆਸੀ ਤੌਰ ‘ਤੇ ਬੇਘਰਿਆਂ ਲਈ ਇੱਕ ਥਾਂ ਹੈ। ਕਾਰਡੀ, ਜੋ ਕਿ ਨਿਊ ਬ੍ਰੰਜ਼ਵਿਕ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵਿੱਚ ਸਾਬਕਾ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਅਤੇ ਸੂਬੇ ਦੀ ਐਨਡੀਪੀ ਦੇ ਸਾਬਕਾ ਲੀਡਰ ਰਹੇ ਹਨ, ਨੇ ਕਿਹਾ ਕਿ ਨਵੀਂ ਪਾਰਟੀ ਨਾ ਤਾਂ ਖੱਬੇ ਵੱਲ ਹੈ ਅਤੇ ਨਾ ਹੀ ਸੱਜੇ ਪਾਸੇ ਹੈ, ਸਗੋਂ ਇਹ ਅੱਗੇ ਵਧਣ ਵੱਲ ਹੈ।
ਕੈਨੇਡੀਅਨ ਫ਼ਿਊਚਰ ਅਗਲੇ ਮਹੀਨੇ ਕਿਊਬੈਕ ਦੀ ਲੈਸੈਲ-ਇਮਾਰਡ-ਵਰਡਨ ਰਾਈਡਿੰਗ ਅਤੇ ਮੈਨੀਟੋਬਾ ਦੀਐਲਮਵੁਡ -ਟ੍ਰਾਂਸਕੋਨਾ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿਚ ਵੀ ਆਪਣੇ ਉਮੀਦਵਾਰ ਖੜੇ ਕਰ ਰਹੀ ਹੈ। ਕਿਊਬੈਕ ਦੀ ਰਾਈਡਿੰਗ ਤੋਂ ਮਾਰਕ ਖੌਰੀ ਉਮੀਦਵਾਰ ਹਨ। ਮੈਨੀਟੋਬਾ ਦੀ ਰਾਈਡਿੰਗ ਲਈ ਉਮੀਦਵਾਰ ਅਜੇ ਐਲਾਨਿਆ ਜਾਣਾ ਹੈ।
ਕੈਨੇਡਾ ਵਿਚ ਬਣੀ ਨਵੀਂ ‘ਕੈਨੇਡੀਅਨ ਫ਼ਿਊਚਰ ਪਾਰਟੀ’, ਅਗਾਮੀ ਚੋਣਾਂ ‘ਚ ਉਤਾਰੇਗੀ ਉਮੀਦਵਾਰ
