Saturday, November 23, 2024
9.4 C
Vancouver

ਅਕਾਲੀ ਦਲ ਦਾ ਮੌਜੂਦਾ ਵਿਧਾਇਕ ਗਾ. ਸੁਖਵਿੰਦਰ ਸੁੱਖੀ ਪਾਰਟੀ ਛੱਡ ਕੇ ‘ਆਪ’ ਦੀ ਬੇੜੀ ‘ਚ ਹੋਇਆ ਸਵਾਰ

-ਨਾਇਬ ਤਹਿਸੀਲਦਾਰ ਖ਼ਿਲਾਫ਼ ਕੀਤੀ ਸ਼ਿਕਾਇਤ ‘ਤੇ ਹੋਈ ਕਾਰਵਾਈ ਨੇ ਬਦਲ ਦਿੱਤਾ ਮਨ, -ਦੋਸਤ ਪਾਰਟੀਆਂ ਛੱਡ ਤੀਜੀ ‘ਚ ਹੋਇਆ ਸ਼ਾਮਲ
ਬਰਨਾਲਾ, (ਗੋਰਾ ਸੰਧੂ ਖੁਰਦ): 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਹਾਸ਼ੀਏ ‘ਤੇ ਚੱਲ ਰਹੇ ਅਕਾਲੀ ਦਲ ਨੂੰ ਜਿਥੇ ਪਾਰਟੀ ਦੇ ਅੰਦਰੂਨੀ ਕਲੇਸ਼ ਨੇ ਹਿਲਾ ਕੇ ਰੱਖ ਦਿੱਤਾ ਹੈ, ਉਥੇ ਹੀ ਪਾਰਟੀ ਨੂੰ ਅੱਜ ਉਸ ਸਮੇਂ ਇਕ ਹੋਰ ਤਗੜਾ ਝਟਕਾ ਲੱਗਾ ਜਦੋਂ ਪਾਰਟੀ ਦੇ ਬੰਗਾ ਤੋਂ ਮੌਜੂਦਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਕੋਲ ਸਿਰਫ ਤਿੰਨ ਹੀ ਵਿਧਾਇਕ ਸਨ, ਜਿਨ੍ਹਾਂ ਵਿਚੋਂ ਡਾ. ਸੁੱਖੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ, ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਕੋਲ ਪੰਜਾਬ ਵਿਚ ਸਿਰਫ ਦੋ ਵਿਧਾਇਕ ਹੀ ਰਹਿ ਗਏ ਹਨ। ਜਿਨ੍ਹਾਂ ਵਿਚ ਮੁੱਲਾਂਪੁਰ ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ ਅਤੇ ਹਲਕਾ ਮਜੀਠਾ ਤੋਂ ਗਨੀਵ ਕੌਰ ਮਜੀਠੀਆ ਸ਼ਾਮਲ ਹਨ।ઠ
ਮਨਪ੍ਰੀਤ ਇਆਲੀ ਪਹਿਲਾਂ ਹੀ ਅਕਾਲੀ ਦਲ ਦੇ ਉਲਟੇ ਵਹਿਣ ਵਗ ਰਿਹਾ, ਉਹ ਨਾ ਤਾਂ ਦਾਗੀਆਂ ‘ਚ ਰਿਹਾ ਅਤੇ ਨਾ ਹੀ ਅਜੇ ਬਾਗ਼ੀ ਦਲ ਦੀ ਗਿਣਤੀ ‘ਚ ਵਾਧਾ ਕੀਤਾ।
ਮਜੀਠਾ ਤੋਂ ਅਕਾਲੀ ਵਿਧਾਇਕ ਬਿਕਰਮ ਮਜੀਠੀਏ ਦੀ ਪਤਨੀ ਗਨੀਵ ਕੌਰ ਵਿਧਾਇਕ ਨੇ। ਇਸ ਪਰਿਵਾਰ ਬਾਰੇ ਹੁਣ ਇਹ ਗੱਲ ਵਾਅ ਵਰੋਲ਼ਾ ਬਣੀ ਹੋਈ ਐ ਕਿ ਜਦੋਂ ਸੁਖਬੀਰ ਬਾਦਲ ਨੇ ਆਪਣੇ ਜੀਜੇ ਨੂੰ ਹੀ ਪਾਰਟੀ ‘ਚ ਕੱਢ ਦਿੱਤਾ ਤਾਂ ਮਜੀਠਾ ਪਰਿਵਾਰ ਲਈ ਕਦੋਂ ਕੁ ਤੱਕ ਦਿਆਲਵਾਨ ਹੋਵੇਗਾ। ਹੋ ਸਕਦਾ ਕਿਤੇ ਮਜੀਠੀਆ ਹੀ ਨਾ ਕਿਤੇ ਸੁਖਬੀਰ ਦਾ ਧੋਬੀ ਪਟੜਾ ਲਾ ਕੇ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਅਕਾਲੀ ਦਲ ਮਜੀਠਾ ਨਾ ਖੜ੍ਹਾ ਕਰ ਦੇਵੇ।
ਡਾ. ਸੁਖਵਿੰਦਰ ਸੁੱਖੀ ਅਕਾਲੀ ਦਲ ਤੋਂ ਪਹਿਲਾਂ ਬਸਪਾ ਵਿਚ ਸਨ, 2009 ਵਿਚ ਉਨ੍ਹਾਂ ਨੇ ਬਸਪਾ ਦੀ ਟਿਕਟ ‘ਤੇ ਹੁਸ਼ਿਆਰਪੁਰ ਤੋਂ ਚੋਣ ਲੜੀ ਸੀ। ਇਸ ਤੋਂ ਬਾਅਦ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਅਤੇ ਬੰਗਾ ਹਲਕੇ ਤੋਂ ਮੈਦਾਨ ਵਿਚ ਉਤਾਰਿਆ। ਇਨ੍ਹਾਂ ਚੋਣਾਂ ਵਿਚ ਉਹ ਜੇਤੂ ਰਹੇ ਅਤੇ ਪਹਿਲੀ ਵਾਰ ਵਿਧਾਇਕ ਚੁਣੇ ਗਏ। ਡਾਕਟਰ ਸੁਖਵਿੰਦਰ ਸੁੱਖੀ ਸਮਾਜ ਸੇਵੀ ਹਨ, ਵਿਧਾਇਕੀ ਦੇ ਨਾਲ ਉਹ ਆਪਣਾ ਕਲੀਨਿਕ ਵੀ ਚਲਾਉਂਦੇ ਹਨ ਜਿੱਥੇ ਉਹ ਗਰੀਬਾਂ ਦਾ ਮੁਫਤ ਇਲਾਜ ਕਰਦੇ ਹਨ। ਸਮਾਜ ਭਲਾਈ ਦੇ ਕੰਮਾਂ ਸਦਕਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਅਕਾਲੀ ਦਲ ਨੇ ਮੁੜ ਟਿਕਟ ਨਾਲ ਨਿਵਾਜ਼ਿਆ ਅਤੇ ਲਗਾਤਾਰ ਦੂਜੀ ਵਾਰ ਚੋਣ ਜਿੱਤ ਕੇ ਉਹ ਵਿਧਾਇਕ ਬਣੇ। 2023 ਦੌਰਾਨ ਜਲੰਧਰ ਵਿਚ ਹੋਈ ਲੋਕ ਸਭਾ ਜ਼ਿਮਨੀ ਚੋਣ ਵਿਚ ਅਕਾਲੀ ਦਲ ਨੇ ਉਨ੍ਹਾਂ ਨੂੰ ਮੁੜ ਮੈਦਾਨ ਵਿਚ ਉਤਾਰਿਆ ਪਰ ਇਥੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।ઠ
ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੌਰਾਨ ਡ. ਸੁੱਖੀ ਨੇ ਕਿਹਾ ਕਿ ਅਕਾਲੀ ਦਲ ਵਿਚ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਮਿਲਿਆ ਅਕਾਲੀ ਦਲ ਦੀ ਟਿਕਟ ‘ਤੇ ਹੀ ਉਹ ਦੋ ਵਾਰ ਵਿਧਾਇਕ ਬਣੇ। ਨਾ ਤਾਂ ਉਨ੍ਹਾਂ ਦੇ ਪਾਰਟੀ ਨਾਲ ਤੇ ਨਾ ਹੀ ਪਾਰਟੀ ਪ੍ਰਧਾਨ ਨਾਲ ਕੋਈ ਮਨ ਮੁਟਾਵ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਧਾਇਕ ਬਣੇ 7 ਸਾਲ ਹੋ ਗਏ। ਬੀਤੀ ਕਾਂਗਰਸ ਸਰਕਾਰ ਸਮੇਂ ਵੀ ਉਨ੍ਹਾਂ ਦੇ ਹਲਕੇ ਦਾ ਵਿਕਾਸ ਨਹੀਂ ਹੋਇਆ। ਹਲਕੇ ਦੇ ਲੋਕਾਂ ਦੀ ਭਲਾਈ ਲਈ ਹੀ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਜਿਸ ਧਰਤੀ ‘ਤੇ ਤੁਸੀਂ ਸਹੁੰ ਚੁੱਕੀ ਹੈ, ਉਥੇ ਮੈਡੀਕਲ ਕਾਲਜ ਬਣਾਇਆ ਜਾਵੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਇਥੇ ਮੈਡੀਕਲ ਕਾਲਜ ਜ਼ਰੂਰ ਬਣਾਇਆ ਜਾਵੇਗਾ, ਇਸ ਤੋਂ ਇਲਾਵਾ ਵਿਧਾਨ ਸਭਾ ਵਿਚ ਵੀ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਕ ਭ੍ਰਿਸ਼ਟ ਨਾਇਬ ਤਹਿਸੀਲਦਾਰ ਦੀ ਸ਼ਿਕਾਇਤ ਕੀਤੀ ਸੀ ਤਾਂ ਇਸ ‘ਤੇ ਵੀ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਸੀ ਜਿਸ ਕਰਕੇ ਉਹ ਆਮ ਆਦਮੀ ਬਣ ਗਏ ਹਨ।