ਰੈਜੀਨਾ : ਸਸਕੈਚਵਨ ਸਰਕਾਰ ਦਾ ਵਲੋਂ ਆਉਣ ਵਾਲੇ ਸਕੂਲੀ ਸਾਲ ਵਿੱਚ ਵਿਦਿਆਰਥੀਆਂ ਨੂੰ ਕਲਾਸ ਵਿੱਚ ਸੈਲਫੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੰਗਲਵਾਰ ਨੂੰ ਐਲਾਨਿਆ ਗਿਆ ਇਹ ਨਵਾਂ ਫ਼ੈਸਲਾ ਕਿੰਡਰਗਾਰਟਨ ਤੋਂ ਗ੍ਰੇਡ 12 ਤੱਕ ਦੀਆਂ ਸਾਰੀਆਂ ਕਲਾਸਾਂ ‘ਤੇ ਲਾਗੂ ਹੋਵੇਗਾ।
ਸਿੱਖਿਆ ਮੰਤਰੀ ਜੈਰੇਮੀ ਕੌਕਰਿਲ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਮੋਬਾਈਲ ਫ਼ੋਨ ਵਿਦਿਆਰਥੀਆਂ ਦਾ ਧਿਆਨ ਭੰਗ ਕਰਨ ਦਾ ਕਾਰਨ ਬਣ ਰਹੇ ਹਨ ਅਤੇ ਵਿਦਿਆਰਥੀ ਉਹ ਨਹੀਂ ਸਿੱਖ ਪਾ ਰਹੇ ਜੋ ਉਨ੍ਹਾਂ ਨੂੰ ਸਿੱਖਣਾ ਚਾਹੀਦਾ ਹੈ।
ਮਿਨਿਸਟਰ ਜੈਰੇਮੀ ਨੇ ਕਿਹਾ, ਇਹ ਨਵੀਂ ਨੀਤੀ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਨਾਲ ਵਧੇਰੇ ਰੁੱਝਣ ਅਤੇ ਹੁਨਰਾਂ ਤੇ ਗਿਆਨ ਨੂੰ ਸਿੱਖਣ ‘ਤੇ ਧਿਆਨ ਕੇਂਦਰਿਤ ਕਰਨ ਦੀ ਇਜਾਜ਼ਤ ਦੇਵੇਗੀ, ਜਿਹੜਾ ਕਿ ਉਹਨਾਂ ਨੂੰ ਸਮਰੱਥ ਬਣਾਉਣ ਲਈ ਲੋੜੀਂਦਾ ਹੈ।
ਗ਼ੌਰਤਲਬ ਹੈ ਕਿ ਸਸਕੈਚਵਨ ਤੋਂ ਪਹਿਲਾਂ ਬੀਸੀ, ਓਨਟੇਰਿਓ, ਕਿਊਬੈਕ ਅਤੇ ਐਲਬਰਟਾ ਸਰਕਾਰਾਂ ਵੀ ਸਕੂਲਾਂ ਵਿਚ ਮੋਬਾਈਲ ਫ਼ੋਨਾਂ ਦੀ ਵਰਤੋਂ ਨੂੰ ਸੀਮਤ ਕਰ ਚੁੱਕੀਆਂ ਹਨ।
ਪ੍ਰੇਰੀ ਸਪਿਰਟ ਬੋਰਡ ਔਫ਼ ਐਜੂਕੇਸ਼ਨ ਦੇ ਚੇਅਰ, ਬਰਨੀ ਹੋਵ ਨੇ ਕਿਹਾ ਕਿ ਸਸਕੈਚਵਨ ਸਰਕਾਰ ਵੱਲੋਂ ਕੀਤਾ ਇਹ ਬਦਲਾਅ ਸਟਾਫ਼ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ ‘ਤੇ ਧਿਆਨ ਦੇਣ ਦੀ ਆਗਿਆ ਦੇਵੇਗਾ।
ਰਿਲੀਜ਼ ਵਿਚ ਉਨ੍ਹਾਂ ਕਿਹਾ, ਇਸ ਤਰ੍ਹਾਂ ਦੇ ਕਦਮ ਚੁੱਕਣੇ ਮਹੱਤਵਪੂਰਨ ਹਨ ਜੋ ਸਾਡੇ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਅਤੇ ਅਕਾਦਮਿਕ ਸਫਲਤਾ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਹਨ।
ਸੂਬੇ ਨੇ ਕਿਹਾ ਕਿ ਹਾਈ ਸਕੂਲ ਦੀਆਂ ਕਲਾਸਾਂ ਦੇ ਨਾਲ-ਨਾਲ ਮੈਡੀਕਲ ਜਾਂ ਸਿਖਲਾਈ ਸਬੰਧੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵਾਸਤੇ, ਪੜ੍ਹਾਈ ਦੇ ਉਦੇਸ਼ ਲਈ, ਇਸ ਨਵੀਂ ਨੀਤੀ ਵਿਚ ਕੁਝ ਛੋਟਾਂ ਵੀ ਸ਼ਾਮਲ ਹਨ।