ਹੰਕਾਰ ‘ਚ ਗੜੁੱਚ ਹੋਏ
ਬੰਦੇ ਨੇ
ਪਾਣੀਆਂ ਦੇ ਪਿੰਡੇ ‘ਤੇ ਡਾਂਗ ਮਾਰੀ
ਕਹਿੰਦਾ ਵਿਚਾਲਿਓਂ ਪਾੜਦੂੰ
ਟੁੱਟੇ ਨੱਕੇ ‘ਤੇ
ਉੱਚਾ ਸਾਰਾ ਬੰਨ੍ਹ ਮਾਰਿਆ
ਤੇ ਬਾਹਾਂ ਫੈਲਾ ਕੇ
ਸਿਰ ‘ਤੇ ਮਾਣ ਦੀ ਪੰਡ ਚੁੱਕੀ
ਠੁੱਡੇ ਮਾਰਦਾ
ਪਾਣੀ ਦੇ ਭਰੇ
ਖਾਲ ਵਿਚਦੀ ਹੋ ਤੁਰਿਆ
ਸੂਏ ਦੇ ਦੂਜੇ ਪਾਸੇ ਖਲੋਤੇ
ਤਾਏ ਦੇ ਪੁੱਤ ਨੂੰ
ਉੱਚੀ ਦੇਣੇ ਬੋਲਿਆ
ਹੁਣ ਟੁੱਟ ਕੇ ਦਿਖਾਵੇ ਨੱਕਾ
ਅਖੇ ਲੋਟ ਨ੍ਹੀਂ ਆਉਂਦਾ ਪਾਣੀ
ਹੂੰਅ
ਕੰਢੇ ‘ਤੇ ਛੱਲ ਸੁੱਟ ਕੇ
ਬੰਦੇ ਦੇ ਮੂੰਹ ‘ਤੇ ਛਿੱਟੇ ਮਾਰੇ
ਤੇ ਪਾਣੀ ਹੱਸਿਆ
ਬੰਦਾ ਭਿੱਜੀ ਬਿੱਲੀ ਬਣ ਗਿਆ
ਬੰਨ੍ਹ ਤੋੜ
ਤੇ ਆਲ੍ਹਣੇ ਰੋੜ੍ਹ ਗਿਆ
ਬੰਦੇ ਵਾਂਗ ਚਾਂਭਲਿਆ
ਨੱਕੋ ਨੱਕ ਆਫ਼ਰਿਆ
ਸਾਰੀ ਕੁਦਰਤ ਤੋਂ
ਆਕੀ ਹੋਇਆ
ਪਲਾਂ ‘ਚ ਬਣਾ ਗਿਆ
ਮਾਣ ਦੀਆਂ ਲੋਥਾਂ
ਨਾ ਨੱਕੇ ਲੱਭੇ
ਤੇ ਨਾ ਬੰਨ੍ਹ ਮਿਲੇ
ਪਾਣੀਆਂ ਨੂੰ ਕੈਦ ਕਰਕੇ
ਟਾਹਰਾਂ ਮਾਰਨ ਵਾਲਾ
ਹੜ੍ਹ ਅੱਗੇ
ਹਾੜੇ ਕੱਢਦਾ
ਕੂਕ ਰਿਹਾ
ਤੇ ਤਾਏ ਦੇ ਪੁੱਤ ਨੂੰ ਆਵਾਜ਼ਾਂ ਮਾਰਦਾ
ਲੋਟ ਨ੍ਹੀਂ ਆਉਂਦਾ ਪਾਣੀ
ਲਿਖਤ : ਬੇਅੰਤ ਗਿੱਲ
ਸੰਪਰਕ: 99143-81958