Sunday, November 24, 2024
5.9 C
Vancouver

ਬ੍ਰਿਟੇਨ ਵਿੱਚ ਦੰਗੇ ਭੜਕਨ ਲਈ ਸੋਸ਼ਲ ਮੀਡੀਆ ਕਿੰਨਾ ਜ਼ਿੰਮੇਵਾਰ, ਇਹ ਮਾਮਲਾ ਪਰਵਾਸੀਆਂ ਨਾਲ ਕਿਵੇਂ ਜੁੜਿਆ

ਪਰਵਾਸ ਵਿਰੋਧੀ ਮੁਜ਼ਾਹਰਿਆਂ ਅਤੇ ਹਿੰਸਾ ਤੋਂ ਬਾਅਦ ਨਸਲਵਾਦ ਵਿਰੋਧੀ ਮੁਜ਼ਾਹਰਾਕਾਰੀਆਂ ਵੱਲੋਂ ਸੜਕਾਂ ਉੱਤੇ ਆ ਕੇ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ। ਨਸਲਵਾਦ ਵਿਰੋਧੀਆਂ ਨੇ ਆਪਣੇ ਮੁਜ਼ਾਹਰੇ ਦੇਸ ਭਰ ਵਿੱਚ ਜ਼ਿਆਦਾਤਰ ਉਨ੍ਹਾਂ ਥਾਵਾਂ ਉੱਤੇ ਕੀਤੇ ਜਿੱਥੇ ਨਸਲਵਾਦੀਆਂ ਅਤੇ ਪਰਵਾਸ ਵਿਰੋਧੀਆਂ ਨੇ ਮੁਜ਼ਾਹਰੇ ਕਰਨੇ ਸਨ। ਇਹ ਮੁਜ਼ਾਹਰੇ૷ ਬ੍ਰਿਸਟਲ, ਲੰਡਨ ਅਤੇ ਨਿਊ ਕਾਸਲ ਵਿੱਚ ਕੀਤੇ ਗਏ। ਇਹ ਮੁਜ਼ਾਹਰੇ ਜ਼ਿਆਦਾਤਰ ਸ਼ਾਂਤੀਪੂਰਨ ਸਨ ਅਤੇ ਲੋਕ ਨਾਅਰੇ ਲਾ ਰਹੇ ਸਨ ਕਿ ”ਰਿਫਿਊਜੀਆਂ ਦਾ ਇੱਥੇ ਸਵਾਗਤ ਹੈ”। ਹੋਰ ਹਿੰਸਾ ਦੀ ਸੰਭਾਵਨਾ ਦੇ ਮੱਦੇ ਨਜ਼ਰ ਪੁਲਿਸ ਦੀ ਤੈਨਾਤੀ ਵਧਾ ਦਿੱਤੀ ਗਈ ਹੈ ਅਤੇ ਉਮੀਦ ਹੈ ਕਿ ਅਜਿਹੇ ਮੁਜ਼ਾਹਰੇ 100 ਤੋਂ ਜ਼ਿਆਦਾ ਥਾਵਾਂ ਉੱਤੇ ਹੋ ਸਕਦੇ ਹਨ।

ਚੈਟ ਗਰੁੱਪਾਂ ਵਿੱਚ ਇਮੀਗ੍ਰੇਸ਼ਨ ਵਕੀਲਾਂ ਅਤੇ ਕੰਸਲਟੈਂਸੀ ਫਰਮਾਂ ਦੀ ਜਾਣਕਾਰੀ ਸਾਂਝੀ ਕੀਤੇ ਜਾਣ ਮਗਰੋਂ ਬੁੱਧਵਾਰ ਨੂੰ ਪਰਵਾਸੀ ਵਕੀਲਾਂ ਨੂੰ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਗਈ ਸੀ। ਬੁੱਧਵਾਰ ਨੂੰ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੁਕਾਨਾਂ ਦੀਆਂ ਖਿੜਕੀਆਂ ਢੱਕੀਆਂ ਹੋਈਆਂ ਸਨ ਅਤੇ ਹਿੰਸਾ ਫੈਲਣ ਦੇ ਡਰ ਦੇ ਚਲਦਿਆਂ ਦੁਕਾਨਾਂ ਆਮ ਨਾਲੋਂ ਜਲਦੀ ਬੰਦ ਹੋ ਗਈਆਂ ਸਨ। ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਯੂਕੇ ਦੀ ਹਿੰਸਾ ਪਿੱਛੇ ਕੀ ਕਾਰਨ ਹਨ।

ਡਾਂਸ ਸਕੂਲ ਵਿੱਚ ਛੁਰੇਬਾਜ਼ੀ ਅਤੇ

ਹਿੰਸਾ ਦਾ ਫੈਲਣਾ

ਸੋਮਵਾਰ ਨੂੰ ਦੁਪਹਿਰ ਲਗਭਗ ਪੌਣੇ 12 ਵਜੇ ਪੁਲਿਸ ਨੂੰ ਸਾਊਥਪੋਰਟ ਦੇ ਹਾਰਟ ਸਟਰੀਟ ਉੱਤੇ ਛੁਰੇਬਾਜ਼ੀ ਦੀ ਘਟਨਾ ਬਾਰੇ ਇਤਲਾਹ ਮਿਲੀ।

ਪੁਲਿਸ ਇਹ ਦੇਖ ਕੇ ਹੈਰਾਨ ਸੀ ਕੀ ਕਈ ਜਾਣੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਸਨ, ਗੰਭੀਰ ਰੂਪ ਵਿੱਚ ਜ਼ਖਮੀ ਪਏ ਸਨ। ਸ਼ੁਰੂ ਵਿੱਚ ਪੁਲਿਸ ਦਾ ਮੰਨਣਾ ਸੀ ਕਿ ਬੱਚੇ ਇੱਕ ਡਾਂਸ ਸਕੂਲ ਦੇ ਫੰਕਸ਼ਨ ਵਿੱਚ ਹਿੱਸਾ ਲੈ ਰਹੇ ਸਨ ਜਦੋਂ ਇੱਕ ਛੁਰਾਧਾਰੀ ਵਿਅਕਤੀ ਇਮਾਰਤ ਵਿੱਚ ਆਣ ਵੜਿਆ ਅਤੇ ਉਸ ਨੇ ਹਾਜ਼ਰੀਨ ਉੱਤੇ ਹਮਲਾ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਇਸ ਦੌਰਾਨ ਦੋ ਬਾਲਗ ਬਹਾਦਰੀ ਨਾਲ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਛੇ ਸਾਲਾ ਬੱਚੀ ਬੇਬੇ ਕਿੰਗ ਅਤੇ ਸੱਤ ਸਾਲਾ ਐਲਸੀ ਡੌਟ ਸਟੈਂਕੋਂਬ ਦੀ ਸੋਮਵਾਰ ਨੂੰ ਜਾਨ ਚਲੀ ਗਈ। ਜਦਕਿ ਐਲਿਸ ਡਸਿਲਵਾ ਅਗੁਈਅਰ (9) ਦੀ ਹਸਪਤਾਲ ਵਿੱਚ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਮੰਗਲਵਾਰ ਤੜਕੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਗਈ।

ਜਿੱਥੇ ਇਨ੍ਹਾਂ ਤਿੰਨਾਂ ਬੱਚੀਆਂ ਦੀ ਮੌਤ ਹੋ ਗਈ, ਉੱਥੇ ਹੀ ਅੱਠ ਹੋਰ ਜ਼ਖਮੀ ਸਨ ਜਦਕਿ ਪੰਜ ਗੰਭੀਰ ਜ਼ਖਮੀ ਸਨ। ਨੌਰਥ ਵੈਸਟ ਐਂਬੂਲੈਂਸ ਸੇਵਾ ਨੇ ਕਿਹਾ ਕਿ ਉਨ੍ਹਾਂ ਨੇ ਛੁਰੇਬਾਜ਼ੀ ਕਾਰਨ ਜ਼ਖਮੀ ਹੋਏ 11 ਜਣਿਆਂ ਦਾ ਇਲਾਜ ਕੀਤਾ ਸੀ।

ਘਟਨਾ ਤੋਂ ਬਾਅਦ ਹੀ ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਦਾ ਬਜ਼ਾਰ ਗਰਮ ਹੋ ਗਿਆ ਅਤੇ ਉਸ ਤੋਂ ਬਾਅਦ ਪੂਰੇ ਦੇਸ ਵਿੱਚ ਹਿੰਸਾ ਦਾ ਦੌਰ ਜਾਰੀ ਹੈ। ਜਦੋਂ ਸਾਊਥਪੋਰਟ ਟਾਊਨ, ਵਿੱਚ ਅਜੇ ਜਾਨੀ ਨੁਕਸਾਨ ਦਾ ਸੋਗ ਹੀ ਮਨਾਇਆ ਜਾ ਰਿਹਾ ਸੀ। ਧੁਰ ਸੱਜੇ ਪੱਖੀਆਂ ਨੇ ਇਸ ਦੀ ਆੜ ਵਿੱਚ ਗੈਰ-ਗੋਰੇ ਭਾਈਚਾਰਿਆਂ ਨੂੰ ਭੜਕਾਉਣ ਅਤੇ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਸ਼ਹਿਰ ਵਿੱਚ ਹਿੰਸਾ ਅਤੇ ਤੋੜ-ਭੰਨ ਫੈਲ ਗਈ। ਇੱਟਾਂ-ਰੋੜੇ, ਸਮੋਕ ਬੰਬ ਵਗੈਰਾ ਪੁਲਿਸ ਵੱਲ ਸੁੱਟੇ ਜਾਣ ਲੱਗੇ। ਹੋਟਲਾਂ ਅਤੇ ਹੋਰ ਥਾਵਾਂ ਉੱਤੇ ਰਹਿ ਰਹੇ ਸ਼ਰਣਾਰਥੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਦੇਖਦੇ ਹੀ ਦੇਖਦੇ ਇਹ ਹਿੰਸਾ ਦੇਸ ਦੇ ਹੋਰ ਹਿੱਸਿਆਂ- ਹੱਲ, ਲਿਵਰਪੂਲ, ਮੈਨਚੈਸਟਰ, ਬਲੈਕਪੂਲ ਅਤੇ ਬੇਲਫਾਸਟ ਵਿੱਚ ਫੈਲ ਗਈ। ਬ੍ਰਿਟੇਨ ਵਿੱਚ ਵਿਗੜਦੀ ਅਮਨ-ਕਨੂੰਨ ਦੀ ਸਥਿਤੀ ਦੇ ਮੱਦੇ ਨਜ਼ਰ- ਭਾਰਤ, ਨਾਈਜੀਰੀਆ ਅਤੇ ਮਲੇਸ਼ੀਆ ਨੇ ਸਫ਼ਰੀ ਸਲਾਹਕਾਰੀਆਂ ਜਾਰੀ ਕੀਤੀਆਂ ਹਨ। ਪ੍ਰਧਾਨ ਮੰਤਰੀ ਕੀਰ ਸਾਟਰਮਰ ਨੇ ਇਸ ਸਾਰੀ ਸਥਿਤੀ ਨੂੰ ”ਧੁਰ-ਸੱਜੇ ਪੱਖੀਆਂ ਦੀ ਠੱਗੀ” ਕਰਾਰ ਦਿੱਤਾ ਹੈ ਅਤੇ ਕਿਹਾ ਹੈ ”ਇਸ ਕੰਮ ਕਰਨ ਦਾ ਕੋਈ ਤਰਕ ਨਹੀਂ ਹੈ”।

ਕਾਰਨ ਪਹਿਲਾ- ਗ਼ਲਤ ਜਾਣਕਾਰੀ

ਛੁਰੇਬਾਜ਼ੀ ਦੀ ਖ਼ਬਰ ਸਾਹਮਣੇ ਆਉਣ ਦੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਹਮਲਾਵਰ ਦੀ ਪਛਾਣ ਬਾਰੇ ਗ਼ਲਤ ਜਾਣਕਾਰੀ ਜੰਗਲ ਦੀ ਅੱਗ ਵਾਂਗ ਫੈਲ ਗਈ। ਹਮਲਾਵਰ ਦੀ ਉਮਰ ਕਾਰਨ ਪੁਲਿਸ ਨੇ ਜ਼ਿਆਦਾ ਕੁਝ ਨਹੀਂ ਦੱਸਿਆ। ਸਿਰਫ਼ ਇੰਨਾ ਹੀ ਕਿਹਾ ਕਿ ਇੱਕ 17 ਸਾਲ ਦੇ ਮੁੰਡੇ ਨੂੰ ਮੁਲਜ਼ਮ ਬਣਾਇਆ ਗਿਆ ਹੈ ਅਤੇ ਲੋਕਾਂ ਨੂੰ ਕਿਆਸ-ਅਰਾਈਆਂ ਤੋਂ ਬਚਣ ਦੀ ਅਪੀਲ ਕੀਤੀ। ਲੇਕਿਨ ਧੁਰ-ਸੱਜੇਪੱਖੀ ਇਨਫਲੂਐਂਸਰਾਂ ਨੇ ਅਫਵਾਹ ਫੈਲਾਅ ਦਿੱਤੀ ਕਿ ਹਮਲਾਵਰ ਇੱਕ ਮੁਸਲਮਾਨ ਸ਼ਰਣਾਰਥੀ ਸੀ ਜੋ ਕਿ ਕਿਸ਼ਤੀ ਰਾਹੀਂ ਬ੍ਰਿਟੇਨ ਪਹੁੰਚਿਆ ਸੀ। ਇਨ੍ਹਾਂ ਅਫਵਾਹਾਂ ਕਾਰਨ ਹਿੰਸਾ ਦੀ ਅੱਗ ਨੂੰ ਹੋਰ ਹਵਾ ਮਿਲੀ। ਸੋਸ਼ਲ ਮੀਡੀਆ ਰਾਹੀਂ ਕੀਤੇ ਜਾ ਰਹੇ ਝੂਠੇ ਜਲਦੀ ਹੀ ਉਨ੍ਹਾਂ ਲੋਕਾਂ ਕੋਲ ਵੀ ਪਹੁੰਚ ਗਏ ਜਿਨ੍ਹਾਂ ਦਾ ਧੁਰ-ਸੱਜੇ ਪੱਖੀਆਂ ਨਾਲ ਕੋਈ ਸੰਬੰਧ ਵੀ ਨਹੀਂ ਸੀ।  ਹੋਪ-ਨੌਟ-ਹੇਟ ਵਿੱਚ ਕੱਟੜਵਾਦ-ਵਿਰੋਧੀ ਖੋਜ ਦੇ ਮੁਖੀ ਜੋਏ ਮੁਹੱਲ ਨੇ ਕਿਹਾ ”ਹਿੰਸਾ ਦੇ ਪਿੱਛੇ ਕੋਈ ਇੱਕ ਸ਼ਕਤੀ ਨਹੀਂ ਹੈ।” ਉਨ੍ਹਾਂ ਨੇ ਕਿਹਾ, ”ਇਹ ਮੌਜੂਦਾ ਧੁਰ-ਸੱਜੇਪੱਖ ਦੇ ਸੁਭਾਅ ਨੂੰ ਦਰਸਾਉਂਦਾ ਹੈ। ਬਹੁਤ ਸਾਰੇ ਲੋਕ ਆਨ ਲਾਈਨ ਸਰਗਰਮ ਰਹਿੰਦੇ ਹਨ। ਕੋਈ ਸਪਸ਼ਟ ਢਾਂਚਾ ਜਾਂ ਬੈਚ ਨਹੀਂ ਹੈ। ਕੋਈ ਰਸਮੀ ਆਗੂ ਵੀ ਨਹੀਂ ਹਨ ਸਗੋਂ ਸੋਸ਼ਲ ਮੀਡੀਆ ਇਨਫਲੂਐਂਸਰ ਆਮ ਲੋਕਾਂ ਨੂੰ ਹਦਾਇਤਾਂ ਦੇ ਰਹੇ ਹਨ।”

ਕਾਰਨ ਦੂਜਾ- ਨਸਲਵਾਦ ਅਤੇ ਪਰਵਾਸ

ਜੁਲਾਈ ਵਿੱਚ ਹੋਈਆਂ ਯੂਕੇ ਦੀਆਂ ਆਮ ਚੋਣਾਂ ਨੇ ਹੋਰ ਮੁੱਦਿਆਂ ਦੇ ਨਾਲ ਛੋਟੀਆਂ-ਛੋਟੀਆਂ ਕਿਸ਼ਤੀਆਂ ਜ਼ਰੀਏ ਬ੍ਰਿਟੇਨ ਪਹੁੰਚ ਰਹੇ ਸ਼ਰਣਾਰਥੀਆਂ ਦੇ ਮਸਲੇ ਨੇ ਵੀ ਧਿਆਨ ਖਿੱਚਿਆ। ਬ੍ਰਿਟੇਨ ਦੇ ਬ੍ਰੈਗਜ਼ਿਟ ਅਭਿਆਨ ਦੇ ਚਰਚਿਤ ਚਿਹਰੇ ਨੀਗੇਲ ਫਰਾਗੇ (ਂਿਗੲਲ ਢੳਰੳਗੲ,) ਵੀ ਇੱਕ ਸਿਆਸੀ ਪਾਰਟੀ ਰਿਫਾਰਮ ਯੂਕੇ ਦੇ ਮੁਖੀ ਵਜੋਂ ਸਿਆਸਤ ਵਿੱਚ ਵਾਪਸੀ ਕਰ ਰਹੇ ਹਨ। ਜਿਸ ਨੇ ”ਗੈਰ ਜ਼ਰੂਰੀ” ਪਰਵਾਸ ਉੱਤੇ ਪੰਬਾਦੀ ਲਾਉਣ ਦੀ ਮੰਗ ਕੀਤੀ ਹੈ। ਹਿੰਸਾ ਬਾਰੇ ਉਨ੍ਹਾਂ ਨੇ ਦਾਅਵਾ ਕੀਤਾ, ”ਸਾਡੀ ਵਸੋਂ ਦਾ ਵੱਡਾ ਹਿੱਸਾ ਬੇਰੋਕ, ਅਤੇ ਵੱਡੀ ਗਿਣਤੀ ਵਿੱਚ ਹੋ ਰਹੇ ਪਰਵਾਸ ਕਾਰਨ ਸਾਡੇ ਭਾਈਚਾਰਿਆਂ ਨੂੰ ਪਹੁੰਚ ਰਹੇ ਨੁਕਸਾਨ ਨੂੰ ਦੇਖ ਸਕਦੇ ਹਨ।” ਬ੍ਰਿਟੇਨ ਵਿੱਚ ਵਧ ਰਿਹਾ ਪਰਵਾਸ ਭਾਵੇਂ ਉਹ ਕਨੂੰਨੀ ਹੋਵੇ ਜਾਂ ਗੈਰ ਕਨੂੰਨੀ, ਚਿੰਤਾ ਦਾ ਵਿਸ਼ਾ ਹੈ। ਫਰਵਰੀ ਵਿੱਚ ਹੋਏ ਇੱਕ ਸਰਵੇਖਣ ਮੁਤਾਬਕ 52 ਫੀਸਦੀ ਲੋਕਾਂ ਦੀ ਰਾਇ ਸੀ ਕਿ ਪਰਵਾਸ ਦੇ ਮੌਜੂਦਾ ਪੱਧਰ ਬਹੁਤ ਜ਼ਿਆਦਾ ਹਨ। ਦੋ ਸਾਲ ਪਹਿਲਾਂ ਸਿਰਫ਼ 42 ਫੀਸਦੀ ਲੋਕਾਂ ਦੀ ਇਹ ਰਾਇ ਸੀ।

ਭਾਵੇਂ ਕਿ 2022 ਦੇ ਮੁਕਾਬਲੇ ਇਹ ਅੰਤਰ ਘਟਿਆ ਹੈ ਪਰ ਸਰਵੇਖਣ ਮੁਤਾਬਕ ਲੋਕ ਆਮ ਤੌਰ ਉੱਤੇ ਪਰਵਾਸ ਦੇ ਪ੍ਰਭਾਵਾਂ ਨੂੰ ਲੈਕੇ ਹਾਂਮੁਖੀ ਰੁਝਾਨ ਰੱਖਦੇ ਹਨ। ਪੈਟਰਿਓਟਿਕ ਅਲਟਰਨੇਟਿਵ ਵਰਗੇ ਦੂਜੇ ਸਮੂਹਾਂ ਨੇ, ਜਿਨ੍ਹਾਂ ਨੇ ਪਰਵਾਸ ਵਿਰੋਧੀ ਮੁਜ਼ਾਹਰੇ ਕੀਤੇ ਸਨ ਅਤੇ ਹਿੰਸਾ ਨੂੰ ਹੱਲਾਸ਼ੇਰੀ ਦਿੱਤੀ ਸੀ, ਇਸ ਵਿਚਾਰ ਨਾਲ ਸਹਿਮਤ ਨਹੀਂ ਹਨ। ਧੁਰ ਸੱਜੇ ਪੱਖੀਆਂ ਦੀ ਮੰਗ ਹੈ ਕਿ ਪਰਵਾਸੀਆਂ ਨੂੰ ਵੱਡੇ ਪੱਧਰ ਉੱਤੇ ਡਿਪੋਰਟ ਕੀਤਾ ਜਾਵੇ। ਪੂਰੇ ਇੰਗਲੈਂਡ ਵਿੱਚ ਹੀ ਮਸਜਿਦਾਂ ਨੂੰ ਨਸਲਵਾਦੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ। ਜਿਸ ਕਾਰਨ ਇਨ੍ਹਾਂ ਥਾਵਾਂ ਉੱਥੇ ਪੁਲਿਸ ਦੀ ਤੈਨਾਤੀ ਵਧਾ ਦਿੱਤੀ ਗਈ ਹੈ। ਪਰਵਾਸ ਵਿਰੋਧੀ ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ਹੋਟਲਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ, ਜਿੱਥੇ ਸ਼ਰਣਾਰਥੀ ਰੁਕੇ ਹੋਏ ਹਨ। ਐਲਡਰਸ਼ੌਟ ਟਾਊਨ ਵਿੱਚ ਬੀਬੀਸੀ ਪੱਤਰਕਾਰ ਪੈਡੀ ਓ’ਕੋਨਲ ਨੇ ਸ਼ਰਣਾਰਥੀਆਂ ਦੇ ਹੋਟਲ ਦੇ ਬਾਹਰ ਮੁਜ਼ਾਹਰਾਕਾਰੀਆਂ ਦਾ ਹਜੂਮ ਇਕੱਠਾ ਹੋਇਆ ਦੇਖਿਆ। ਬਾਹਰ ਰਸਤੇ ਉੱਤੇ ਉਨ੍ਹਾਂ ਨੇ ਅਫ਼ਾਗਾਨਿਸਤਾਨ ਤੋਂ ਆਈਆਂ ਦੋ ਭੈਣਾਂ ਨਾਲ ਗੱਲ ਕੀਤੀ ਜੋ ਬ੍ਰਿਟੇਨ ਵਿੱਚ ਸ਼ਰਣ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਵਿੱਚੋਂ ਇੱਕ 22 ਸਾਲਾ ਭੈਣ ਨੇ ਮੈਨੂੰ ਦੱਸਿਆ, ”ਦੰਗਈ ਅਚਾਨਕ ਇੱਥੇ ਆ ਗਈ ਅਤੇ ਆਪਣੀਆਂ ਕਾਰਾਂ ਖੜ੍ਹੀਆਂ ਕਰ ਦਿੱਤੀਆਂ। ਉਹ ਹੋਟਲ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਸਾਡੀ ਕੰਧ ਅਤੇ ਗੇਟ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਖਿੜਕੀਆਂ ਤੋੜੀਆਂ ਗਈਆਂ। ਇਹ ਬਹੁਤ ਡਰਾਉਣਾ ਸੀ।” ਛੋਟੀ 17 ਸਾਲ ਭੈਣ ਨੇ ਕਿਹਾ,”ਉਹ ਸਾਨੂੰ ਗਾਲ਼ਾਂ ਕੱਢ ਰਹੇ ਸਨ ਅਤੇ ਵੀਡੀਓ ਬਣਾ ਰਹੇ ਸਨ ਇਹ ਕੋਈ ਚੰਗਾ ਵਿਹਾਰ ਨਹੀਂ ਹੈ।”

ਬ੍ਰਿਟੇਨ ਵਿੱਚ ਅਮਨ ਕਨੂੰਨ ਦੀ ਸਥਿਤੀ

ਵਿਗੜ ਰਹੀ ਹੈ-ਵਿਸ਼ਲੇਸ਼ਣ

ਅਪਰਾਧ ਦੀਆਂ ਹਰ ਰੋਜ਼ ਆਉਂਦੀਆਂ ਡਰਾਉਣੀਆਂ ਕਹਾਣੀਆਂ ਦੇ ਮੱਦੇ ਨਜ਼ਰ ਅਸੀਂ ਸਮਝ ਸਕਦੇ ਹਾਂ ਕਿ ਦੇਸ ਵਿੱਚ ਅਮਨ ਕਨੂੰਨ ਦੀ ਸਥਿਤੀ ਵਿਗੜ ਰਹੀ ਹੈ ਅਤੇ ਇਹ ਹੋਰ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਲੇਕਿਨ ਕਰਾਈਮ ਸਰਵੇ ਆਫ਼ ਇੰਗਲੈਂਡ ਮੁਤਾਬਕ ਜੇ ਤੁਸੀਂ ਅਪਰਾਧ ਬਾਰੇ ਲੋਕਾਂ ਦਾ ਅਨੁਭਵ ਪੁੱਛੋਂ ਤਾਂ ਉਹ ਇਸ ਤੋਂ ਉਲਟ ਹੈ। ਸੰਡਰਲੈਂਡ ਵਿੱਚ ਇਦਾਂ ਲੱਗਿਆ ਜਿਵੇਂ ਬਹੁਤ ਥੋੜ੍ਹੇ ਲੋਕਾਂ ਨੇ ਤਣਾਅ ਨੂੰ ਉਸ ਸਰਕਾਰ ਪ੍ਰਤੀ ਆਪਣਾ ਗੁੱਸਾ ਦਿਖਾਉਣ ਦੇ ਜ਼ਰੀਏ ਵਜੋਂ ਦੇਖਿਆ ਹੈ, ਕਿ ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੀ ਹੈ। ਦੂਜਿਆਂ ਲਈ ਇਹ ਕੁਦਰਤੀ ਨਹੀਂ ਹੈ। ਸਮੱਸਿਆ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਹਿਰ ਦੇ ਕੇਂਦਰ ਵਿੱਚ ਗਲਾਸਗੋ, ਸਕਾਟਲੈਂਡ ਤੋਂ ਆਕੇ ਇੱਕ ਰੇਲ ਗੱਡੀ ਰੁੱਕੀ, ਉਸ ਵਿੱਚ ਬ੍ਰਿਟੇਨ ਦੇ ਕੌਮੀ ਝੰਡਿਆਂ ਵਿੱਚ ਲਿਪਟੇ ਲੋਕ ਸਨ। ਸਟੇਸ਼ਨ ਦੇ ਬਾਹਰ ਉਨ੍ਹਾਂ ਲੋਕਾਂ ਦਾ ਸਵਾਗਤ ਦੱਖਣੀ ਲਹਿਜ਼ੇ ਵਾਲੇ ਲੋਕਾਂ ਦੀ ਭੀੜ ਨੇ ਕੀਤਾ। ਮੈਂ ਦੇਖਿਆ ਕਿ ਉਨ੍ਹਾਂ ਵਿੱਚੋਂ ਕੁਝ ਚਿਹਰੇ ਹੁਣ ਬੰਦ ਹੋ ਚੁੱਕੇ ਇੰਗਲਿਸ਼ ਡਿਫੈਂਸ ਲੀਗ ਨਾਲ ਸੰਬੰਧਿਤ ਸਨ। ਆਪਣੇ 45 ਸਾਲਾਂ ਦੇ ਪੱਤਰਕਾਰੀ ਜੀਵਨ ਦੌਰਾਨ ਮੈਂ ਪਹਿਲੀ ਵਾਰ ਨਸਲੀ ਤਣਾਅ ਨਹੀਂ ਦੇਖ ਰਿਹਾ ਹਾਂ। ਇਸ ਵਾਰ ਵੱਖਰਾ ਹੈ ਕਿ ਇਸ ਵਾਰ ਲੋਕ ਤੱਥਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ-ਆਪ ਸੋਸ਼ਲ ਮੀਡੀਆ ਉੱਤੇ ਕੁਝ ਵੀ ਛਾਪ ਸਕਦੇ ਹਨ। ਵਿਦੇਸ਼ੀ ਮੂਲ ਦੀਆਂ ਵੈਬਸਾਈਟਾਂ ਵੱਲੋਂ ਵੀ ਸਰਗਰਮੀ ਨਾਲ ਗਲਤ ਜਾਣਕਾਰੀ ਫੈਲਾਉਣ ਦੇ ਸਬੂਤ ਹਨ। ਇਹ ਲੋਕ ਆਪੇ ਬਣੇ ਦੇਸ਼ ਭਗਤ ਸਮੂਹਾਂ ਨਾਲ ਜੁੜੇ ਹੋਣ ਦਾ ਦਾਅਵਾ ਕਰਦੇ ਹਨ।

ਜੋ ਲੋਕ ਆਪਣੇ ਭਾਈਚਾਰਿਆਂ ਵਿੱਚ ਫੈਲ ਰਹੀ ਹਿੰਸਾ ਨੂੰ ਦੇਖ ਰਹੇ ਹਨ। ਉਨ੍ਹਾਂ ਲਈ ਇਹ ਵਾਕਈ ਚਿੰਤਾਜਨਕ ਸਮਾਂ ਹੈ। ਸਾਨੂੰ ਇਹ ਵੀ ਨਹੀਂ ਪਤਾ ਕਿ ਕੀ ਅਸੀਂ ਇਸਦਾ ਸਿਖਰ ਦੇਖ ਲਿਆ ਹੈ ਜਾਂ ਨਹੀਂ।

ਲੇਕਿਨ ਮੈਂ ਉੱਤਰ-ਪੂਰਬ ਵਿੱਚ ਹਾਰਟਪੂਲ ਵਿੱਚ ਕਲੀਨਅਪ ਅਪਰੇਸ਼ਨ ਦੇਖਿਆ ਹੈ ਅਤੇ ਉਹ ਲੇਖ ਦੇਖੇ ਹਨ ਜੋ ਕਹਿ ਰਹੇ ਹਨ ਕਿ ਬ੍ਰਿਟੇਨ ਪਹਿਲਾਂ ਨਾਲੋਂ ਸੁਰੱਖਿਅਤ ਹੈ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਹਿਨਸ਼ੀਲ ਹੋਇਆ ਹੈ।

ਇਸ ਕਾਰਨ, ਮੇਰੇ ਮੁਤਾਬਕ ਇਹ ਸਮਝ ਲੈਣਾ ਕਿ ਧੁਰ-ਸੱਜੇ ਪੱਖੀਆਂ ਵੱਲੋਂ ਬ੍ਰਿਟੇਨ ਵਿੱਚ ਫੈਲਾਈ ਗਈ ਗੁੰਡਾਗਰਦੀ ਬ੍ਰਿਟੇਨ ਦੇ ਮੂਡ ਦੀ ਤਰਜਮਾਨੀ ਕਰਦੀ ਹੈ, ਕੁਤਾਹੀ ਹੋਵੇਗੀ।