ਲਿਖਤ : ਤਰਲੋਚਨ ਸਿੰਘ ‘ਦੁਪਾਲ ਪੁਰ’
ਫੋਨ: +1-408-915-1268
ਗੈਰਾਂ ਨਾਲ਼ ਨਹੀਂ ਸਗੋਂ ਗਿਲੇ ਸ਼ਿਕਵੇ ਹਮੇਸ਼ਾਂ ਆਪਣਿਆਂ ਨਾਲ਼ ਹੀ ਹੁੰਦੇ ਨੇ ਜੀ। ਗੱਲ ਕਰਨ ਜਾ ਰਿਹਾ ਹਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਦੇਸ਼ੀ ਦੌਰਿਆਂ ਬਾਰੇ। ਜਦੋਂ ਤੋਂ ਪੰਥਕ ਕੇਂਦਰ (ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਉੱਤੇ ਬਾਦਲ ਪਰਿਵਾਰ (ਪਹਿਲਾਂ ਮਰਹੂਮ ਵੱਡੇ ਬਾਦਲ ਤੇ ਹੁਣ ਸੁਖਬੀਰ ਬਾਦਲ) ਦਾ ਕਬਜ਼ਾ ਹੋਇਆ ਹੋਇਆ ਹੈ, ਉਦੋਂ ਦਾ ਹੀ ਸਾਰਾ ਸਿੱਖ ਜਗਤ ਇਸ ਕਬਜ਼ੇ ਦੇ ਵਿਰੋਧ ਵਿਚ ਤੜਪਦਾ ਤੇ ਕਲ਼ਪਦਾ ਆ ਰਿਹਾ ਹੈ। ਉਸੇ ਟੱਬਰ ਵਲੋਂ ਹੀ ਆਪਣੀਆਂ ਸਿਆਸੀ ਗਿਣਤੀਆਂ-ਮਿਣਤੀਆਂ ਜਾਂ ਲੋੜਾਂ ਕਹਿ ਲਉ, ਨੂੰ ਮੁੱਖ ਰੱਖ ਕੇ ਕਈ ਦਹਾਕਿਆਂ ਤੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਅਦਲਾ-ਬਦਲੀ ਕੀਤੀ ਜਾ ਰਹੀ ਹੈ। ਜਿਸ ਨੂੰ ਪੰਥ ਬੇਬਸੀ ਨਾਲ਼ ਦੇਖਦਾ ਆ ਰਿਹਾ ਹੈ। ਸੰਨ 1999 ਵਿਚ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਬਰੀ ਬਰਖਾਸਤ ਕਰਨ ਤੋਂ ਲੈ ਕੇ ਮੌਜੂਦਾ ਜਥੇਦਾਰ ਭਾਈ ਰਘਬੀਰ ਸਿੰਘ ਤੋਂ ਪਹਿਲੇ ਗਿਆਨੀ ਹਰਪ੍ਰੀਤ ਸਿੰਘ ਤੱਕ ਹਰੇਕ ਜਥੇਦਾਰ ਦੀ ਚੁੱਪ-ਚੁਪੀਤੇ ਬਰਖਾਸਤਗੀ ਕਰਨ ਵੇਲੇ ਕਦੇ ਸਿੱਖ ਪੰਥ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਜਥੇਦਾਰ ਨੂੰ ਕਿਹੜੇ ਕਾਰਨਾਂ ਕਰਕੇ ਅਹੁਦਾ-ਮੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨਵਾਂ ਜਥੇਦਾਰ ਥਾਪਣ ਵੇਲੇ ਕੁੱਝ ਨਹੀਂ ਦੱਸਿਆ ਜਾਂਦਾ ਕਿ ਉਸਨੂੰ ਕਿਹੜੀ ਕਿਹੜੀ ਸਿੱਖ ਜਥੇਬੰਦੀ ਨੇ ਨਿਯੁਕਤ ਕਰਨ ਲਈ ਸਹਿਮਤੀ ਦਿੱਤੀ ਹੈ! ਜਾਂ ਉਸਦੀ ਕਿਸ ਪ੍ਰਕਿਰਿਆ ਰਾਹੀਂ ਚੋਣ ਕੀਤੀ ਗਈ ਹੈ? ਜਾਣੀ ਕਿ ਕੁੱਲ ਮਿਲ਼ਾ ਕੇ ਖਾਲਸਾ ਪੰਥ ਦੀ ਇਸ ਸਰਬੋਤਮ ਪਦਵੀ ਲਈ ਇੱਕੋ ਟੱਬਰ ਹੀ ‘ਬੁੱਕਲ਼ ਵਿਚ ਗੁੜ ਭੋਰਦਾ’ ਆ ਰਿਹਾ ਹੈ! ਇੱਥੇ ਇਹ ਵੀ ਜੱਗ ਜ਼ਾਹਰ ਸੱਚ ਹੈ ਕਿ ਅਜਿਹੀ ਅਦਲਾਬਦਲੀ ਵੇਲੇ ਦੇਸ ਵਿਦੇਸ਼ ਦੇ ਸਿੱਖਾਂ ਵਲੋਂ ਇਸ ਗੁਪਤੋ-ਗੁਪਤੀ ਦੀ ਕਾਰਵਾਈ ਵਿਰੁੱਧ ਤਕੜਾ ਵਿਰੋਧ ਪ੍ਰਗਟਾਇਆ ਜਾਂਦਾ ਹੈ। ਖਾਸ ਕਰਕੇ ਵਿਦੇਸ਼ਾਂ ਦੀਆਂ ਆਜ਼ਾਦ ਫਿਜ਼ਾਵਾਂ ਵਿਚ ਵਸਦੇ ਜਾਗਰੂਕ ਪ੍ਰਵਾਸੀ ਸਿੱਖਾਂ ਵਲੋਂ ਪੰਥਕ ਕੇਂਦਰ ਦੀ ਗੁਲਾਮੀ ਵਿਰੁੱਧ ਡਟ ਕੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ! ਪਰ ਉਦੋਂ ਬਹੁਤ ਹੈਰਾਨੀ ਹੁੰਦੀ ਹੈ ਜਦ ਏਹੀ ਪ੍ਰਵਾਸੀ ਸਿੱਖ ਭਰਾ ਬਾਦਲੀਗੁਲਾਮੀ ਵਾਲ਼ੀ ਪ੍ਰਕਿਰਿਆ ‘ਚੋਂ ਨਿਕਲ਼ੇ ਹੋਏ ‘ਜਥੇਦਾਰਾਂ’ ਨੂੰ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਆਦਿ ਬਾਹਰਲੇ ਦੇਸ਼ਾਂ ਵਿਖੇ ਹੋਣ ਵਾਲ਼ੇ ਧਾਰਮਿਕ ਸਮਾਗਮਾਂ ਵਿਚ ਸੱਦ ਸੱਦ ਕੇ ‘ਲਫਾਫੇ’ ਅਤੇ ਸਿਰੋਪੇ ਭੇਟ ਕਰਦੇ ਹਨ! ਸਵਾਲ ਪੈਦਾ ਹੁੰਦਾ ਹੈ ਕਿ ਕੀ ਪ੍ਰਵਾਸੀ ਸਿੱਖ ਅਜਿਹਾ ਕਰਦਿਆਂ ਬਾਦਲੀ ਪ੍ਰਕਿਰਿਆ ਨੂੰ ਮਾਨਤਾ ਨਹੀਂ ਦੇ ਰਹੇ ਹੁੰਦੇ? ਇਕ ਪਾਸੇ ‘ਹਾਏ ਪੰਥਕ ਕੇਂਦਰ ਗੁਲਾਮ!’ ਦੀ ਦਰਦ ਭਰੀ ਪੁਕਾਰ ਪਰ ਨਾਲ਼ ਹੀ ਬਾਦਲਾਂ ਦੁਆਰਾ ਥਾਪਿਆ (ਅਸਲ ਵਿਚ ਥੋਪਿਆ) ਹੋਇਆ ਹਰੇਕ ਜਥੇਦਾਰ ਸਾਡਾ ‘ਵਿਸ਼ੇਸ਼ ਮਹਿਮਾਨ’ ਬਣਿਆ ਹੁੰਦੈ! ਜਿਸਨੂੰ ਸਮਾਗਮਾਂ ਦੀਆਂ ਖਬਰਾਂ/ ਇਸ਼ਤਿਹਾਰਾਂ ਆਦਿ ਵਿਚ ਜਥੇਦਾਰ ਫਲਾਣਾ ਸਿੰਘ ਜੀ ‘ਉਚੇਚੇ ਤੌਰ ‘ਤੇ ਸ਼ਾਮਲ’ ਹੋਇਆ ਲਿਖਿਆ ਹੁੰਦਾ ਹੈ! ਪਤਾ ਨਹੀਂ ਕਿਹੜੇ ਹੀਰੇ-ਮੋਤੀਆਂ ਨਾਲ਼ ਸ਼ਿੰਗਾਰੇ ਹੋਏ ਹਾਥੀ ਦੀ ਸਵਾਰੀ ਕਰਕੇ ਉਹ ਵਿਦੇਸ਼ੀ ਇਕੱਠਾਂ ਵਿਚ ‘ਉਚੇਚਾ’ ਸ਼ਾਮਲ ਹੋਇਆ ਹੁੰਦਾ ਐ!! ਕੀ ਅਜਿਹੇ ਦੋਹਰੇ ਕਿਰਦਾਰ ਕਾਰਨ ਅਸੀਂ ਪ੍ਰਵਾਸੀ ਸਿੱਖ ਖੁਦ ਉੱਤੇ ‘ਦੋਗਲੇ’ ਹੋਣ ਦਾ ਠੱਪਾ ਨਹੀਂ ਲਗਵਾ ਰਹੇ ਹੁੰਦੇ? ਮਿਸਾਲ ਵਜੋਂ ਇੰਗਲੈਂਡ (ਡਰਬੀ) ਵਿਚ ਛਪਦੀ ਪੰਥਕ ਮੰਨੀ ਜਾਂਦੀ ਅਖਬਾਰ ‘ਪੰਜਾਬ ਟਾਈਮਜ਼’ (25 ਜੁਲਾਈ-1 ਅਗਸਤ 2024 ਸਫਾ 10) ਵਿਚ ਇਕ ਫੋਟੋ ਸਮੇਤ ਖਬਰ ਛਪੀ ਹੋਈ ਹੈ ਅਖੇ ਗਿਆਨੀ ਰਘਬੀਰ ਸਿੰਘ ਨੇ ਸਾਊਥਾਲ ਦੇ ਗੁਰਮਤਿ ਸਮਾਗਮ ਵਿਚ ਕੀਤੀ ਸ਼ਮੂਲੀਅਤ! ਇਸ ਖਬਰ ਵਿਚ ਵੀ ‘ਉਚੇਚੇ ਤੌਰ ‘ਤੇ ਪਹੁੰਚੇ’ ਲਿਖਿਆ ਹੋਇਆ ਹੈ! ਵਾਹ!! ਇਸ ਤੱਥ ਵਿਚ ਕੋਈ ਦੋ ਰਾਵਾਂ ਨਹੀਂ ਕਿ ਪੰਥ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਦ-ਪਦਵੀ ਸਰਬੋਤਮ ਹੈ ਪਰ ਜਦੋਂ ਤੱਕ ਪੰਥਕ ਕੇਂਦਰ ਆਜ਼ਾਦ ਨਹੀਂ ਹੋ ਜਾਂਦਾ ਤਦ ਤੱਕ ਵਿਦੇਸ਼ੀ (ਦੇਸ਼ ਵਿਚ ਵੀ) ਧਰਤੀ ‘ਤੇ ਆਯੋਜਿਤ ਕੀਤੇ ਜਾਣ ਵਾਲ਼ੇ ਧਾਰਮਿਕ ਸਮਾਗਮਾਂ ਦੇ ਮੁੱਖ ਬੁਲਾਰੇ ਵਾਸਤੇ, ਸਿੱਖੀ ਰਹੁਰੀਤਾਂ ਅਨੁਸਾਰ ਜੀਵਨ ਬਿਤਾ ਰਹੇ ਕਿਸੇ ਸਥਾਨਕ ਕਿਰਤੀ ਸਿੱਖ ਦੀ ਚੋਣ ਕਰ ਲੈਣੀ ਚਾਹੀਦੀ ਹੈ। ਜਾਂ ਫਿਰ ਵਿਦੇਸ਼ ਦੇ ਗੁਰਦੁਆਰਿਆਂ ਵਿਚ ਪੰਜਾਬ ਤੋਂ ਆਏ ਹੋਏ ਰਾਗੀਆਂ, ਕਥਾਵਾਚਕਾਂ ਜਾਂ ਪਾਠੀ ਸਿੰਘਾਂ ਵਿਚੋਂ ਹੀ ਕਿਸੇ ਇਕ ਤੋਂ ਇਹ ਸੇਵਾ ਲਈ ਜਾ ਸਕਦੀ ਹੈ। ਮੱਤ ਕੋਈ ਸਮਝੇ ਕਿ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਕਿਸੇ ਖਾਸ ਸਿੱਖ ਸ਼ਖ਼ਸੀਅਤ ਜਾਂ ਕਿਸੇ ਜਥੇਦਾਰ ਨਾਲ਼ ਕੋਈ ਨਿੱਜੀ ਰੰਜਿਸ਼ ਹੈ! ਅਜਿਹਾ ਬਿਲਕੁਲ ਨਹੀਂ ਹੈ। ਸਿਰਫ ਤੇ ਸਿਰਫ ਪੰਥਕ ਕੇਂਦਰ ਖਾਸ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਦੀ ਨਿਰਾਲੀ ਸ਼ਾਨ ਅਤੇ ਪ੍ਰੱਭੂਤਾ ਦਾ ਮੁਤਲਾਸ਼ੀ ਹੋਣ ਸਦਕਾ ਇਹ ਵਿਚਾਰ ਪ੍ਰਗਟਾਏ ਹਨ!!