ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਤ ਕਈ ਅਹਿਮ ਮਤੇ ਸਰਬਸੰਮਤੀ ਨਾਲ ਪ੍ਰਵਾਨ
ਸਰੀ, (ਹਰਦਮ ਮਾਨ): ਜੀਵੇ ਪੰਜਾਬ ਅਦਬੀ ਸੰਗਤ ਫਾਊਂਡੇਸ਼ਨ’ ਸਰੀ ਵੱਲੋਂ ਬੀਤੇ ਐਤਵਾਰ ਸਰੀ ਵਿਚ ਵਿਸ਼ਵ ਪੰਜਾਬੀ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ‘ਪੰਜਾਬ ਦੀ ਦਸ਼ਾ ਤੇ ਦਿਸ਼ਾ’ ਉੱਪਰ ਭਾਰਤ, ਪਾਕਿਸਤਾਨ, ਇੰਗਲੈਂਡ ਅਤੇ ਕੈਨਡਾ ਦੇ ਵਿਦਵਾਨਾਂ ਨੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਅਤੇ ‘ਪੰਜਾਬੀ ਦਰਸ਼ਨ’ ਵਿਸ਼ੇ ਦੀ ਅਹਿਮੀਅਤ ਨੂੰ ਵਿਚਾਰਿਆ। ਭੁਪਿੰਦਰ ਸਿੰਘ ਮੱਲ੍ਹੀ ਅਤੇ ਸੁੱਚਾ ਸਿੰਘ ਦੀਪਕ ਦੀ ਅਗਵਾਈ ਵਿੱਚ ਇਹ ਵਿਸ਼ਵ ਪੰਜਾਬੀ ਸੈਮੀਨਾਰ, ਸਾਥੀ ਹਰਦਿਆਲ ਸਿੰਘ ਬੈਂਸ, ਡਾ. ਪ੍ਰੇਮ ਪ੍ਰਕਾਸ਼ ਸਿੰਘ, ਡਾ. ਕਰਨੈਲ ਸਿੰਘ ਥਿੰਦ, ਪ੍ਰੋਫੈਸਰ ਪ੍ਰੀਤਮ ਸਿੰਘ, ਕਵੀ ਹਰਭਜਨ ਸਿੰਘ ਬੈਂਸ, ਮੋਹਤਰਮਾ ਸਮੀਨਾ ਹੁਸੈਨ ਸਈਅਦ ਅਤੇ ਚਾਰਲਸ ਬੋਇਲਨ ਸਮੇਤ ਮਹਾਨ ਸ਼ਖਸੀਅਤਾਂ ਨੂੰ ਸਮਰਪਿਤ ਕੀਤਾ ਗਿਆ।
ਸੈਮੀਨਰ ਵਿਚ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕੁਝ ਅਹਿਮ ਅਤੇ ਮਹੱਤਵਪੂਰਨ ਮਤੇ ਪੜ੍ਹੇ, ਜਿਨ੍ਹਾਂ ਨੂੰ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਨ੍ਹਾਂ ਮਤਿਆਂ ਰਾਹੀਂ ਭਾਰਤ ਅਤੇ ਪਾਕਿਸਤਾਨ ਦੇ ਪੰਜਾਬਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਜੰਗ ਖਿਲਾਫ ਸਖਤ ਸ਼ਬਦਾਂ ਵਿੱਚ ਵਿਰੋਧ ਪ੍ਰਗਟਾਉਣ, ਪੰਜਾਬੀਆਂ ਨੂੰ ਭੂਗੋਲਿਕ ਟੁਕੜਿਆਂ ‘ਚ ਵੰਡਣ ਦੀ ਥਾਂ ‘ਇੱਕੋ ਪੰਜਾਬ’ ਦੇ ਰੂਪ ਵਿੱਚ ਸਵਿਕਾਰ ਕਰਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਸਮੂਹ ਪੰਜਾਬੀ ਸੰਸਥਾਵਾਂ ਵਿੱਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ, ਕੈਨੇਡਾ ਦੇ ਮੂਲ ਨਿਵਾਸੀਆਂ ‘ਤੇ ਗਸਟ ਆਫਸਨ ਲੇਕ ‘ਤੇ ਹੋਏ ਤਸ਼ੱਦਦ ਅਤੇ ਰੈਜੀਡੈਂਸ਼ੀਅਲ ਸਕੂਲਾਂ ਰਾਹੀਂ ਹੋਈ ਨਸਲਕੁਸ਼ੀ ਨੂੰ ਨਾ ਮਾਫ ਕਰਨਯੋਗ ਅਪਰਾਧ ਕਰਾਰ ਦੇਣ, ਪੰਜਾਬ ਦੀ ਧਰਤੀ ‘ਤੇ ਦਰਬਾਰ ਸਾਹਿਬ ‘ਤੇ ਭਾਰਤੀ ਹਮਲੇ ਸਮੇਤ ਪੰਜਾਬ ਅਤੇ ਪੰਜਾਬੀਆਂ ‘ਤੇ ਹੋਏ ਹਰ ਤਰ੍ਹਾਂ ਦੇ ਜਬਰ ਨੂੰ ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ ਗੁਨਾਹ ਕਰਾਰ ਦੇਣ, ਪੰਜਾਬ ਦੀਆਂ ਸਮੱਸਿਆਵਾਂ ਲਈ ਲੋਕਾਂ ਨੂੰ ਕਸੂਰਵਾਰ ਠਹਿਰਾਉਣ ਦੀ ਥਾਂ, ਸਰਕਾਰੀ ਧੱਕੇਸ਼ਾਹੀ ਨੂੰ ਜ਼ਿੰਮੇਵਾਰ ਠਹਿਰਾਉਣ, ਪੰਜਾਬੀ ਸੈਮੀਨਾਰ ਦੌਰਾਨ ਆਈਆਂ ਵੀਜ਼ੇ ਦੀਆਂ ਸਮੱਸਿਆਵਾਂ ‘ਤੇ ਚਿੰਤਾ ਪ੍ਰਗਟਾਉਂਦਿਆਂ ਕੈਨੇਡਾ ਸਰਕਾਰ ਨੂੰ ਭਵਿੱਖ ਵਿੱਚ ਇਹਨਾਂ ਦੇ ਹੱਲ ਲੱਭਣ, ਪੰਜਾਬੀ ਸਾਹਿਤ ‘ਤੇ ਕਾਬਜ਼ ਮਾਫੀਆ ਦੁਆਰਾ ਸਰਕਾਰੀ ਫੰਡਾਂ ਅਤੇ ਇਨਾਮਾਂ ਦੇ ਭ੍ਰਿਸ਼ਟਾਚਾਰੀ ਚਾਲਾਂ ਚੱਲਣ ਦਾ ਵਿਰੋਧ ਕਰਨ, ਪੰਜਾਬੀ ਬੋਲੀ ਲਈ ਹਾਅ ਦਾ ਨਾਅਰਾ ਮਾਰਨ ਵਾਲੀਆਂ ਕੁੱਲ ਪੰਜਾਬੀ ਸੰਸਥਾਵਾਂ ਅਤੇ ਨਿਧੜਕ ਵਿਦਵਾਨਾਂ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਨ ਅਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਚਿੰਤਨ ਅਤੇ ਨਾਬਰੀ ਦਾ ਚਰਿਤਰ ਕਾਇਮ ਰੱਖਦੇ ਹੋਏ, ਸਾਰੀਆਂ ਸਮੱਸਿਆਵਾਂ ਨੂੰ ਇੱਕ-ਮੁੱਠ ਹੋ ਕੇ ਹੱਲ ਕਰਨ ਦੀ ‘ਪੰਜਾਬੀ ਦਰਸ਼ਨ’ ਦੀ ਉੱਚੀ-ਸੁੱਚੀ ਵਿਚਾਰਧਾਰਾ ਨੂੰ ਪ੍ਰਵਾਨਗੀ ਦਿੱਤੀ ਗਈ।
ਸੈਮੀਨਾਰ ਵਿੱਚ ਭਾਰਤ ਤੋਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਡਾ. ਪਿਆਰੇ ਲਾਲ ਗਰਗ ਨੇ ‘ਪੰਜਾਬੀ ਦਰਸ਼ਨ’ ਵਿਸ਼ੇ ਉਪਰ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪ੍ਰੋਫੈਸਰ ਡਾ. ਆਸਮਾ ਕਾਦਰੀ, ਨਾਮਵਰ ਇਤਿਹਾਸਕਾਰ ਡਾ. ਗੁਰਦੇਵ ਸਿੰਘ ਸਿੱਧੂ, ਡਾ. ਬਾਵਾ ਸਿੰਘ, ਐਡਵੋਕੇਟ ਮਿੱਤਰ ਸੈਨ ਮੀਤ, ਡਾ. ਸੁੱਚਾ ਸਿੰਘ ਗਿੱਲ, ਡਾ. ਗੁਰਵਿੰਦਰ ਸਿੰਘ ਤੇ ਨੁਜ਼ਹਤ ਅੱਬਾਸ ਵੱਖ ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਰੱਖੇ। ਹਾਲ ਵਿਚ ਵੱਡੀ ਗਿਣਤੀ ਵਿਚ ਮੌਜੂਦ ਸਰੋਤਿਆਂ ਨੇ ਸਾਰੇ ਬੁਲਾਰਿਆਂ ਨੂੰ ਬੜੀ ਦਿਲਚਸਪੀ ਅਤੇ ਠਰੰਮੇ ਨਾਲ ਸੁਣਿਆ।
ਪ੍ਰਬੰਧਕਾਂ ਵੱਲੋਂ ਸਾਰੇ ਵਿਦਵਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਅਤੇ ਪਲੀ ਸੰਸਥਾ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੂੰ ਪੰਜਾਬੀ ਬੋਲੀ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸੈਮੀਨਾਰ ਦਾ ਸੰਚਾਲਨ ਨਵਰੂਪ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਅੰਤ ਵਿਚ ਭੁਪਿੰਦਰਸਿੰਘ ਮੱਲ੍ਹੀ ਨੇ ਸਾਰੇ ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ਰਿੱਕੀ ਬਾਜਵਾ, ਡਾ: ਫਰੀਦ ਸਈਅਦ, ਪ੍ਰਭਜੋਤ ਬੈਂਸ, ਰਣਜੀਤ ਸਿੰਘ ਕਲਸੀ, ਰਾਜ ਸਿੰਘ ਭੰਡਾਲ ਅਤੇ ਗੁਰਬਚਨ ਸਿੰਘ ਖੁੱਡੇਵਾਲਾ ਅਤੇ ਵਲੰਟੀਅਰ ਨੌਜਵਾਨ ਮੁੰਡਿਆਂ ਤੇ ਕੁੜੀਆਂ ਦਾ ਭਰਪੂਰ ਸਹਿਯੋਗ ਰਿਹਾ। ਪੰਜਾਬੀ ਕਾਰੋਬਾਰੀਆਂ, ਪੰਜਾਬੀ ਮੀਡੀਆ ਅਤੇ ਪੰਜਾਬੀ ਬੋਲੀ ਨੂੰ ਸਮਰਪਿਤ ਸੰਸਥਾਵਾਂ ਦੇ ਨੁੰਮਾਇਦਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।