Sunday, November 24, 2024
5.9 C
Vancouver

ਗੱਲਬਾਤ ਅਤੇ ਮੇਲ ਮਿਲਾਪ

ਲਿਖਤ : ਅਵਤਾਰ ਸਿੰਘ (ਪ੍ਰੋ.)

ਫੋਨ: +91-94175-18384

ਕਬੀਰ ਜੀ ਦਾ ਇਕ ਸ਼ਬਦ ਹੈ, ਜਿਸ ਵਿਚ ਉਨ੍ਹਾਂ ਦੀ ਮਾਤਾ ਸ਼ਿਕਾਇਤ ਕਰਦੀ ਹੈ ਕਿ ਇਸ ਮੁੰਡੇ ਕੋਲ ਆਉਣ-ਜਾਣ ਵਾਲਿਆਂ ਨੇ ਨੱਕ ਵਿਚ ਦਮ ਕੀਤਾ ਹੋਇਆ ਹੈ। ਇਕ ਦੋ ਅੰਦਰ ਬੈਠੇ ਹੁੰਦੇ ਹਨ ਤੇ ਇਕ ਦੋ ਰਸਤੇ ਵਿਚ ਹੁੰਦੇ ਹਨ। ਪਹਿਲੇ ਹਾਲੇ ਗਏ ਨਹੀਂ ਹੁੰਦੇ ਹੋਰ ਆਉਣ ਵਾਲੇ ਹੁੰਦੇ ਹਨ। ਇਹ ਵੀ ਦੱਸਿਆ ਹੈ ਕਿ ਉਨ੍ਹਾਂ ਕੋਲ ਕੋਈ ਕਿਤਾਬ ਵੀ ਹੁੰਦੀ ਹੈ। ਮਤਲਬ ਕਿ ਉਹ ਸੱਜਣ ਕਬੀਰ ਜੀ ਨਾਲ ਬਚਨ-ਬਿਲਾਸ ਹੀ ਕਰਨ ਆਉਂਦੇ ਹੋਣਗੇ ਤੇ ਬਾਕੀ ਸਾਰੇ ਟੱਬਰ ਦਾ ਨੱਕ ਵਿਚ ਦਮ ਕਰੀਂ ਰਖਦੇ ਹੋਣਗੇ। ਛੋਟੇ ਹੁੰਦਿਆਂ ਮੈਂ ਦੇਖਦਾ ਰਿਹਾ ਹਾਂ ਕਿ ਸਾਡੇ ਘਰ ਵੀ ਅਕਸਰ ਕੋਈ ਨਾ ਕੋਈ ਆਇਆ ਰਹਿੰਦਾ ਸੀ। ਹਰਭਜਨ ਸੋਂਹ ਗਿਆ ਨਿਰੰਜਣ ਆ ਗਿਆ, ਉਹ ਗਿਆ ਤਾਂ ਕਰਤਾਰ ਸੋਂਹ ਆ ਗਿਆ, ਉਹ ਗਿਆ ਤਾਂ ਸੇਵਾ ਸੋਂਹ ਆ ਗਿਆ, ਉਹ ਗਿਆ ਤਾਂ ਸੋਢੀ ਸਾਹਿਬ ਆ ਗਏ। ਹੋਰ ਵੀ ਬੜੇ ਸਨ, ਜਿਨ੍ਹਾਂ ਦਾ ਨਾਂ ਲਿਖਣਾ ਜ਼ਰੂਰੀ ਨਹੀਂ। ਇਨ੍ਹਾਂ ਵਿਚੋਂ ਕੁਝ ਅਜਿਹੇ ਸਨ, ਜਿਨ੍ਹਾਂ ਨੂੰ ਮਿਲ ਕੇ ਪਿਤਾ ਜੀ ਖੁਸ਼ ਹੁੰਦੇ ਸਨ ਤੇ ਕੁਝ ਅਜਿਹੇ ਵੀ ਸਨ, ਜਿਨ੍ਹਾਂ ਬਾਰੇ ਕਹਿੰਦੇ ਕਿ ਇਹਨੂੰ ਗੱਲ ਨਹੀਂ ਕਰਨੀਂ ਆਉਂਦੀ…ਉਹਨੇ ਘੰਟਾ ਖਰਾਬ ਕਰ ਦਿਤਾ…ਇਹਨੇ ਸਿਰ ਖਾ ਲਿਆ ਆਦਿ। ਮੇਰੀ ਮਾਤਾ ਦੇ ਇਤਰਾਜ਼ ਬਿਲਕੁਲ ਉਹੋ ਜਿਹੇ ਹੀ ਸਨ, ਜਿਹੋ ਜਿਹੇ ਕਬੀਰ ਜੀ ਦੀ ਮਾਤਾ ਦੇ ਸਨ, ਜਿਹੜੇ ਉਪਰ ਦੱਸੇ ਪੂਰੇ ਸ਼ਬਦ ਵਿਚ ਦੱਸੇ ਹੋਏ ਹਨ। ਇਸੇ ਤਰ੍ਹਾਂ ਦੀ ਹਾਲਤ ਹੀ ਸਾਡੇ ਘਰ ਵੀ ਬਣੀ ਰਹਿੰਦੀ ਹੈ ਤੇ ਆਂਦਕ-ਜਾਂਦਕ ਚੱਲਦੀ ਰਹਿੰਦੀ ਹੈ। ਕਦੇ ਕਦੇ ਤਾਂ ਮਨ ਉਡੀਕ ਰਿਹਾ ਹੁੰਦਾ ਹੈ, ਕੋਈ ਆਵੇ ਤੇ ਚਿੱਤ ਲੱਗੇ। ਕਈ ਵਾਰੀ ਚਿੱਤ ਲੱਗਿਆ ਹੁੰਦਾ ਹੈ ਤੇ ਜੀ ਕਰਦਾ ਹੈ ਕੋਈ ਨਾ ਆਵੇ। ਪਰ ਆਉਣ ਵਾਲੇ ਪੁੱਛ ਕੇ ਨਹੀਂ ਆਉਂਦੇ ਤੇ ਜੇ ਕੋਈ ਪੁੱਛ ਵੀ ਲਵੇ ਤਾਂ ਕਿਸੇ ਨੂੰ ਮਨ੍ਹਾਂ ਕਰਨਾ ਮੁਸ਼ਕਲ ਹੁੰਦਾ ਹੈ। ਕਿਉਂਕਿ ਸਾਡੇ ਮੁਲਕ ਵਿਚ ਏਨੀ ਗੱਲ ਪਿੱਛੇ ਸਾਕ-ਸੰਬੰਧੀਆਂ ਦੇ ਮੂੰਹ ਵਿੰਗੇ ਹੋ ਜਾਂਦੇ ਹਨ ਤੇ ਮਿੱਤਰ ਤਾਂ ਕਾਂਟਾ ਹੀ ਮਾਰ ਜਾਂਦੇ ਹਨ। ਮੈਨੂੰ ਡਰ ਹੈ ਕਿ ਮੇਰੀ ਇਸ ਲਿਖਤ ਦਾ ਕੋਈ ਬੁਰਾ ਨਾ ਮਨਾ ਲਵੇ। ਮੇਰਾ ਇਹ ਮਤਲਬ ਬਿਲਕੁਲ  ਨਹੀਂ ਹੈ ਕਿ ਮੈਨੂੰ ਕੋਈ ਮਿਲਣ ਨਾ ਆਵੇ। ਮੇਰਾ ਮਤਲਬ ਕੋਈ ਹੋਰ ਹੈ।

ਕਰਮ ਸਿੰਘ ਹਿਸਟੋਰੀਅਨ ਨੇ ਲਿਖਿਆ ਹੈ ਕਿ ਰਣਜੀਤ ਸਿੰਘ ਅੰਮ੍ਰਿਤਸਰ ਦੇ ਇੱਕ ਗ੍ਰੰਥੀ ਨੂੰ ਮਿਲਣ ਆਇਆ ਸੀ। ਪਰ ਉਸਨੇ ਰਾਜੇ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ। ਰਾਜੇ ਨੇ ਬਥੇਰੇ ਹਾੜ੍ਹੇ ਕੱਢੇ, ਪਰ ਉਹ ਮਿਲਿਆ ਹੀ ਨਾ। ਰਾਜਾ ਨਿਰਾਸ਼ ਹੋ ਕੇ ਪਰਤ ਗਿਆ ਤੇ ਕਹਿਣ ਲੱਗਾ “ਜਿਹੜੇ ਮੈਨੂੰ ਮਿਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੈਂ ਨਹੀਂ ਮਿਲਣਾ ਚਾਹੁੰਦਾ ਤੇ ਜਿਨ੍ਹਾਂ ਨੂੰ ਮੈਂ ਮਿਲਣਾ ਚਾਹੁੰਦਾ ਹਾਂ, ਉਹ ਮੈਨੂੰ ਨਹੀਂ ਮਿਲਣਾ ਚਾਹੁੰਦੇ”। ਮੇਰਾ ਖਿਆਲ ਹੈ ਕਿ ਰਣਜੀਤ ਸਿੰਘ ਸਭ ਤੋਂ ਵੱਧ ਇਸ ਗੱਲੋਂ ਪਰੇਸ਼ਾਨ ਹੋਇਆ ਹੋਵੇਗਾ ਕਿ ਜਿਹਨੂੰ ਉਹ ਮਿਲਣਾ ਚਾਹੁੰਦਾ ਸੀ, ਉਹ ਉਸਨੂੰ ਨਹੀਂ ਸੀ ਮਿਲਣਾ ਚਾਹੁੰਦਾ। ਮੈਂ ਆਪਣੇ ਗੱਲਬਾਤ ਕਰਨ ਵਾਲੇ ਤੇ ਮਿਲਣ-ਗਿਲਣ ਵਾਲੇ ਸਾਕ-ਸੰਬੰਧੀਆਂ ਤੇ ਦੋਸਤਾਂ ਵਿਚੋਂ ਦੇਖਾਂ ਕਿ ਉਹ ਕੌਣ ਹਨ, ਜਿਹੜੇ ਮੈਨੂੰ ਮਿਲਣਾ ਚਾਹੁੰਦੇ ਹਨ ਤੇ ਉਹ ਕਿਹੜੇ ਹਨ, ਜਿਨ੍ਹਾਂ ਨੂੰ ਮੈਂ ਮਿਲਣਾ ਚਾਹੁੰਦਾ ਹਾਂ। ਇਸੇ ਤਰ੍ਹਾਂ ਉਹ ਕਿਹੜੇ ਹਨ, ਜਿਹੜੇ ਮੈਨੂੰ ਨਹੀਂ ਮਿਲਣਾ ਚਾਹੁੰਦੇ ਤੇ ਉਹ ਕਿਹੜੇ ਹਨ, ਜਿਨ੍ਹਾਂ ਨੂੰ ਮੈਂ ਨਹੀਂ ਮਿਲਣਾ ਚਾਹੁੰਦਾ। ਸਭ ਤੋਂ ਜ਼ਰੂਰੀ ਨੁਕਤਾ ਇਹ ਹੈ ਕਿ ਉਹ ਕੌਣ ਹਨ, ਜਿਨ੍ਹਾਂ ਨੂੰ ਮੈਂ ਵੀ ਮਿਲਣਾ ਚਾਹੁੰਦਾ ਹਾਂ ਤੇ ਉਹ ਵੀ ਮੈਨੂੰ ਮਿਲਣਾ ਚਾਹੁੰਦੇ ਹਨ। ਇਸੇ ਤਰ੍ਹਾਂ ਉਹ ਕੌਣ ਹਨ, ਜਿਨ੍ਹਾਂ ਨੂੰ ਮੈਂ ਵੀ ਨਹੀਂ ਮਿਲਣਾ ਚਾਹੁੰਦਾ ਤੇ ਜਿਹੜੇ ਮੈਨੂੰ ਵੀ ਨਹੀਂ ਮਿਲਣਾ ਚਾਹੁੰਦੇ। ਮੈਂ ਦੇਖਿਆ ਕਿ ਉਨ੍ਹਾਂ ਦੀ ਵੀ ਲੰਬੀ ਲਿਸਟ ਹੈ, ਜਿਨ੍ਹਾਂ ਨੂੰ ਮੈਂ ਮਿਲਣਾ ਚਾਹੁੰਦਾ ਹਾਂ ਤੇ ਉਨ੍ਹਾਂ ਦੀ ਵੀ ਲੰਬੀ ਲਿਸਟ ਹੈ, ਜਿਹੜੇ ਮੈਨੂੰ ਮਿਲਣਾ ਚਾਹੁੰਦੇ ਹਨ। ਪਰ ਉਹ ਸਿਰਫ ਉਂਗਲਾਂ ‘ਤੇ ਗਿਣਨ ਜੋਗੇ ਹੀ ਹਨ, ਜਿਨ੍ਹਾਂ ਨੂੰ ਮੈਂ ਵੀ ਮਿਲਣਾ ਚਾਹੁੰਦਾ ਹਾਂ ਤੇ ਉਹ ਵੀ ਮੈਨੂੰ ਮਿਲਣਾ ਚਾਹੁੰਦੇ ਹਨ। ਅਜਕਲ ਮੇਲਾ-ਗੇਲਾ ਘਟ ਗਿਆ ਹੈ ਤੇ ਇਸਦੀ ਥਾਂ ਫੋਨ ਨੇ ਲੈ ਲਈ ਹੈ। ਮੇਲ-ਮਿਲਾਪ ਦਾ ਨੁਕਤਾ ਫੋਨ ‘ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦਾ ਹੈ। ਕਈ ਫੋਨ ਮੈਂ ਉਡੀਕਦਾ ਰਹਿੰਦਾ ਹਾਂ ਤੇ ਕਈ ਮੇਰਾ ਫੋਨ ਉਡੀਕਦੇ ਰਹਿੰਦੇ ਹਨ। ਜਿਹੜੇ ਮੇਰਾ ਫੋਨ ਉਡੀਕਦੇ ਹਨ, ਉਨ੍ਹਾਂ ਦੇ ਫੋਨ ਮੈਂ ਨਹੀਂ ਉਡੀਕਦਾ ਤੇ ਜਿਨ੍ਹਾਂ ਦੇ ਫੋਨ ਮੈਂ ਉਡੀਕਦਾ ਹਾਂ, ਉਹ ਮੇਰਾ ਨਹੀਂ ਉਡੀਕਦੇ। ਉਹ ਸੂਚੀ ਬੜੀ ਲੰਮੀ ਹੈ, ਜਿਨ੍ਹਾਂ ਦੇ ਫੋਨ ਮੈਂ ਉਡੀਕਦਾ ਹਾਂ। ਉਹ ਵੀ ਸੂਚੀ ਲੰਮੀ ਹੈ, ਜਿਹੜੇ ਮੇਰਾ ਫੋਨ ਉਡੀਕਦੇ ਹਨ। ਪਰ ਉਹ ਸੂਚੀ ਛੋਟੀ ਜਿਹੀ ਹੈ, ਜਿਹੜੇ ਮੇਰਾ ਫੋਨ ਉਡੀਕਦੇ ਹਨ ਤੇ ਜਿਨ੍ਹਾਂ ਦਾ ਫੋਨ ਮੈਂ ਉਡੀਕਦਾ ਹਾਂ। ਇਹ ਗੱਲ ਲਿਖਣ ਦਾ ਮਕਸਦ ਸਿਰਫ ਏਨਾ ਹੀ ਹੈ ਕਿ ਬਹੁਤ ਹੀ ਥੋੜ੍ਹੇ ਰਿਸ਼ਤੇ ਜਾਂ ਸੱਜਣ ਮਿੱਤਰ ਹਨ, ਜਿਨ੍ਹਾਂ ਨਾਲ ਮੇਲ ਮਿਲਾਪ ਜਾਂ ਫੋਨ ਕਰਨ ਸੁਣਨ ਦੀ ਖੁ ੱਲ੍ਹ ਲੈਣੀ ਅਤੇ ਦੇਣੀ ਚਾਹੀਦੀ ਹੈ। ਨਹੀਂ ਤਾਂ ਆਪਣੀ ਵੀ ਖੁਸ਼ੀ ਖਰਾਬ ਨਹੀਂ ਕਰਨੀ ਚਾਹੀਦੀ ਤੇ ਦੂਸਰਿਆਂ ਦੀ ਖੁਸ਼ੀ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਭਗਤ ਰਵਿਦਾਸ ਜੀ ਨੇ ਕਿਹਾ ਹੈ “ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ”। ਭਗਤ ਜੀ ਰੱਬ ਨੂੰ ਕਹਿ ਰਹੇ ਹਨ ਕਿ ਹੇ ਪ੍ਰਭੂ, ਤੇਰੀਆਂ ਗੱਲਾਂ ਸੁਣਨੀਆਂ ਮਨ ਨੂੰ ਚੰਗੀਆਂ ਲਗਦੀਆਂ ਹਨ, ਇਸ ਲਈ ਮੇਰੇ ਵੱਲ ਪੂਰਨ ਤਵੱਜੋ ਦਿਤੀ ਜਾਵੇ। ਅੱਜ-ਕੱਲ੍ਹ ਤਵੱਜੋ ਦਾ ਜ਼ਮਾਨਾ ਹੈ ਤੇ ਇਹੀ ਅਜੋਕੇ ਯੁੱਗ ਵਿਚ ਸਭ ਤੋਂ ਮਹਿੰਗੀ ਵਿਕਦੀ ਹੈ। ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਸਾਡੀ ਤਵੱਜੋ ਦਾ ਮੁੱਲ ਕੋਈ ਹੋਰ ਵੱਟ ਰਿਹਾ ਹੈ। ਅਸੀਂ ਆਪਣੇ ਮਨੋਰੰਜਨ ਲਈ ਟੀਵੀ ਖ਼ਰੀਦਦੇ ਹਾਂ। ਸਾਨੂੰ ਇਹ ਨਹੀਂ ਪਤਾ ਕਿ ਟੀਵੀ ਦੇ ਬਹਾਨੇ ਅਗਲਿਆਂ ਨੇ ਸਾਡੀ ਤਵੱਜੋ ਲੁੱਟ ਲਈ ਹੈ, ਜਿਸਨੂੰ ਅਗਲਿਆਂ ਨੇ ਬੜੇ ਮਹਿੰਗੇ ਭਾਅ ਵੇਚਣਾ ਹੈ। ਅਸੀਂ ਸਮਝਦੇ ਹਾਂ ਟੀਵੀ ਸਾਡਾ ਮਨੋਰੰਜਨ ਕਰ ਰਿਹਾ ਹੈ। ਪਰ ਉਹ ਮਨੋਰੰਜਨ ਦੇ ਬਹਾਨੇ ਸਾਨੂੰ ਮਸ਼ਹੂਰੀਆਂ ਦਿਖਾ ਰਿਹਾ ਹੈ, ਜਿਨ੍ਹਾਂ ਦਾ ਅਣਜਾਣੇ ਹੀ ਸਾਡੇ ‘ਤੇ ਏਨਾ ਅਸਰ ਹੁੰਦਾ ਹੈ ਕਿ ਅਸੀਂ ਉਹੀ ਖ਼ਰੀਦਦੇ ਹਾਂ ਜੋ ਸਾਨੂੰ ਟੀ ਵੀ ‘ਤੇ ਮਸ਼ਹੂਰੀਆਂ ਵਿਚ ਦਿਖਾਇਆ ਜਾ ਰਿਹਾ ਹੈ। ਫੋਨ ‘ਤੇ ਵੀ ਸਾਕ ਸਬੰਧੀ ਤੇ ਮਿਤਰ ਦੋਸਤ ਸਾਡੀ ਤਵੱਜੋ ਲੁੱਟਦੇ ਹਨ ਤੇ ਆਪਣੀ ਤਵੱਜੋ ਲੁੱਟਣ ਤੋਂ ਬਚਾ ਲੈਂਦੇ ਹਨ। ਮੈਂ ਅਕਸਰ ਦੇਖਿਆ ਹੈ ਕਿ ਜਿਹੜੀ ਗੱਲ ਮਿੱਤਰ ਦੋਸਤ ਨੂੰ ਆਪ ਦੱਸੀ ਹੁੰਦੀ ਹੈ, ਅਗਲੇ ਦਿਨ ਉਸਨੂੰ ਚੇਤਾ ਵੀ ਨਹੀਂ ਹੁੰਦਾ ਕਿ ਉਸਨੂੰ ਕੀ ਦੱਸਿਆ ਸੀ। ਇਸੇ ਤਰ੍ਹਾਂ ਅਸੀਂ ਵੀ ਹਾਂਜੀ ਹਾਂਜੀ ਕਰਦੇ ਰਹਿੰਦੇ ਹਾਂ ਤੇ ਗੱਲ ਕੋਈ ਸੁਣ ਨਹੀਂ ਰਹੇ ਹੁੰਦੇ। ਬਲਕਿ ਸਾਡਾ ਧਿਆਨ ਆਪਣੀ ਗੱਲ ਵਿਚ ਹੀ ਰਹਿੰਦਾ ਹੈ ਕਿ ਅਸੀਂ ਕਿਹੜੀ ਗੱਲ ਕਰਨੀ ਹੈ ਤੇ ਕਿਹੜੀ ਨਹੀਂ ਕਰਨੀ। ਮੇਰਾ ਇਕ ਬੜਾ ਹੀ ਪਿਆਰਾ ਮਿੱਤਰ ਸੀ। ਅਸੀਂ ਰੋਜ਼ ਇਕ ਦੂਜੇ ਨੂੰ ਤਿੰਨ-ਤਿੰਨ ਚਾਰਚਾਰ ਵਾਰੀ ਫੋਨ ਕਰਦੇ ਸਾਂ। ਫਿਰ ਅਚਾਨਕ ਮੈਂ ਨੋਟ ਕੀਤਾ ਕਿ ਜਦ ਮੈਂ ਉਸਨੂੰ ਫੋਨ ਕਰਦਾ ਹਾਂ ਤਾਂ ਉਹ ਅੱਗਿਓਂ ਹਰ ਵਾਰੀ ਏਨੀ ਕਾਣਤ ਨਾਲ ‘ਹੈਲੋ’ ਕਹਿੰਦਾ ਸੀ ਕਿ ਉਸਦੀ ਕਾਣਤ ਮੈਨੂੰ ਸੁਣ ਜਾਂਦੀ ਸੀ। ਫਿਰ ਮੈਂ ਉਸਨੂੰ ਫੋਨ ਕਰਨਾ ਬੰਦ ਕਰ ਦਿਤਾ ਤੇ ਉਸਦਾ ਫੋਨ ਵੀ ਬੰਦ ਹੋ ਗਿਆ। ਹੁਣ ਅੱਠ ਦਸ ਸਾਲ ਹੋ ਗਏ ਹਨ ਉਸਦਾ ਫੋਨ ਆਏ ਨੂੰ ਤੇ ਮੈਨੂੰ ਫੋਨ ਕੀਤੇ ਨੂੰ। ਉਸਦੀ ਕਾਣਤ ਕਾਰਨ ਰਿਸ਼ਤਾ ਖਤਮ ਹੋ ਗਿਆ। ਮੇਰੇ ਵੀ ਕਈ ਰਿਸ਼ਤੇਦਾਰ ਹਨ ਜੋ ਮੇਰੇ ਕੰਨਾਂ ਵਿਚ ਇਸ ਤਰ੍ਹਾਂ ਨਸੀਹਤਾਂ ਤੁੰਨ੍ਹਣ ਲੱਗ ਪੈਂਦੇ ਹਨ, ਜਿਵੇਂ ਵੇਲਣੇ ਵਿਚ ਗੰਨੇ ਤੁੰਨ੍ਹੀਦੇ ਹਨ। ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਹਰ ਕਿਸੇ ਦੀ ਮੱਤ ਦਾ ਵੇਲਣਾ ਹਮੇਸ਼ਾ ਪੁੱਠਾ ਚਲਦਾ ਹੈ ਤੇ ਉਹ ਨਸੀਹਤਾਂ ਦੇ ਗੰਨੇ ਖਿੱਚਦਾ ਹੀ ਨਹੀਂ। ਇਸ ਲਈ ਹੀ ਅਜਿਹੇ ਫੋਨਾਂ ਤੋਂ ਹਰ ਕਿਸੇ ਦਾ ਜੀਅ ਕਾਣਤ ਮੰਨਣ ਲੱਗ ਪੈਂਦਾ ਹੈ ਤੇ ਫਿਰ ਉਸੇ ਤਰ੍ਹਾਂ ਦੀ ਹੈਲੋ ਨਿਕਲਦੀ ਹੈ, ਜਿੱਦਾਂ ਦੀ ਮੇਰੇ ਦੋਸਤ ਦੇ ਮੂੰਹੋਂ ਨਿਕਲਣ ਲੱਗ ਪਈ ਸੀ। ਪਿੱਛੇ ਜਿਹੇ ਕਿਸੇ ਨੇ ਮੈਨੂੰ ਕਿਸੇ ਦੀ ਬੜੀ ਹੀ ਘਟੀਆ ਲਿਖਤ ਪੜ੍ਹਨ ਨੂੰ ਕਿਹਾ। ਮੈਂ ਪੜ੍ਹ ਤਾਂ ਲਈ ਪਰ ਪੜ੍ਹ ਕੇ ਲੱਗਿਆ ਕਿ ਇਸ ਘਟੀਆ ਲਿਖਤ ਨੇ ਖਾਹ-ਮਖਾਹ ਮੇਰੀ ਤਵੱਜੋ ਲੁੱਟ ਲਈ ਹੈ। ਇਹਦੇ ਨਾਲੋਂ ਤਾਂ ਮੈਂ ਕਿਸੇ ਕੰਧ ਵੱਲ ਦੇਖਦਾ ਰਹਿੰਦਾ ਤਾਂ ਚੰਗਾ ਸੀ। ਮਾੜੀ ਗੱਲ-ਬਾਤ ਨਾਲੋਂ ਤਾਂ ਖ਼ਾਲੀ ਅਸਮਾਨ ਵੱਲ ਦੇਖਣਾ ਜਾਂ ਖੁੱਲ੍ਹੀ ਖਿੜਕੀ ਥਾਣੀ ਬਾਹਰ ਵੱਲ ਦੇਖਣਾ ਕਿਤੇ ਚੰਗਾ ਹੁੰਦਾ ਹੈ। ਹੋਸਟਲ ਦੇ ਦਿਨਾਂ ਵਿਚ ਮੈਂ ਕਮਰੇ ਵਿਚ ਬੈਠਾ ਪੜ੍ਹ ਰਿਹਾ ਸੀ। ਮੇਰਾ ਇੱਕ ਡੇ ਸਕੌਲਰ ਦੋਸਤ ਮੈਨੂ ੰ ਮਿਲਣ ਆਇਆ ਹੋਵੇਗਾ ਤੇ ਹੋਸਟਲ ਦੇ ਬਾਹਰ ਹੀ ਉਹਨੂੰ ਮੇਰੇ ਉਸਤਾਦ ਦੋਸਤ ਪ੍ਰੋ. ਹਰਪਾਲ ਸਿੰਘ ਮਿਲ ਪਏ। ਉਹਨੇ ਪ੍ਰੋ. ਸਾਹਿਬ ਨੂੰ ਮੇਰੇ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਉਸਨੂੰ ਮੇਰੇ ਨਾਲ ਕੋਈ ਕੰਮ ਹੈ ਜਾਂ ਸਿਰਫ ਮਿਲਣ ਦੀ ਲਲ਼ਕ ਹੀ ਹੈ। ਉਹ ਦੋਸਤ ਕਹਿਣ ਲੱਗਾ ਜੀ ਬਸ ਲਲ਼ਕ ਹੀ ਸੀ। ਇਹ ਕਹਿ ਕੇ ਉਹ ਮੈਨੂੰ ਬਿਨਾ ਮਿਲੇ ਹੀ ਤੁਰ ਗਿਆ। ਮੈਂ ਸਮਝਦਾ ਹਾਂ ਕਿ ਬੇਸ਼ਕ ਲਲ਼ਕ ਕੰਮ ਤੋਂ ਵੀ ਜ਼ਰੂਰੀ ਹੋ ਸਕਦੀ ਹੈ, ਪਰ ਫਿਰ ਵੀ ਆਪਣੀ ਲਲ਼ਕ ਲਈ ਅਗਲੇ ਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ ਕਿ ਅਗੇ ਵੀ ਲਲ਼ਕ ਹੈ ਕਿ ਨਹੀਂ। ਆਓ ਸੂਝ-ਬੂਝ ਤੋਂ ਕੰਮ ਲਈਏ। ਉਸੇ ਨੂੰ ਮਿਲੀਏ-ਗਿਲੀਏ ਜਿਹੜਾ ਮਿਲਣਾ ਚਾਹੁੰਦਾ ਹੈ ਤੇ ਜਿਹਨੂੰ ਮਿਲਣ ਨੂੰ ਜੀਅ ਕਰਦਾ ਹੈ। ਉਸੇ ਨੂੰ ਫੋਨ ਕਰੀਏ ਜਿਹੜਾ ਸੁਣਨਾ ਚਾਹੁੰਦਾ ਹੈ ਤੇ ਜਿਹਨੂੰ ਫੋਨ ਕਰਨ ਨੂੰ ਜੀਅ ਵੀ ਕਰਦਾ ਹੋਵੇ। ਇਸਦੇ ਉਲਟ ਵਾਲਾ ਮੇਲਾ-ਗੇਲਾ ਤੇ ਫੋਨ-ਸ਼ੋਨ ਘਟਾਉਣ ਦੀ ਕੋਸ਼ਿਸ਼ ਕਰੀਏ। ਆਪ ਵੀ ਖੁਸ਼ ਰਹੀਏ ਤੇ ਅਗਲੇ ਨੂੰ ਵੀ ਖੁਸ਼ ਰਹਿਣ ਦੇਈਦੇ। ਆਪਣੀ ਤਵੱਜੋ ਆਪਣੇ ਹਿਸਾਬ ਨਾਲ ਖਰਚ ਕਰੀਏ।

Previous article
Next article