Sunday, November 24, 2024
5.9 C
Vancouver

ਅਣਮਨੁੱਖੀ ਤਾਂਡਵ

ਸਮਾਂ ਬੀਤਿਆ, ਯੁੱਗ ਬੀਤਿਆ

ਅਜੇ ਵੀ ‘ਦਰੋਪਤੀ’ ਨੂੰ

ਨਿਰਵਸਤਰ ਕਰਨ ਦੀ ਸਾਜ਼ਿਸ਼

ਭਰੀ ਸਭਾ ਵਿੱਚ

ਮਨੁੱਖੀ ਨੈਣਾਂ ਨੂੰ ਸ਼ਰਮਸਾਰ ਕਰਦੀ

ਹਉਕੇ ਭਰਦੀ

ਸਵੈ-ਮਾਣ ਮਧੋਲਿਆ ਜਾਂਦਾ

ਦਰਿੰਦਗੀ ਜ਼ੁਲਮ ਕਰਦੀ।

ਕਿਸੇ ਵੀ ਯੁੱਗ ਵਿੱਚ

ਜਦੋਂ ਮਾਨਵ ਨੂੰ

ਜਨਮ ਦੇਣ ਵਾਲੀ ਕੁੱਖ

ਕੋਹੀ ਹੈ ਜਾਂਦੀ

ਪ੍ਰਿਥਵੀ ਡੋਲਦੀ ਲੱਗਦੀ

ਰਾਤੜੀ ਰੁੰਨੜੀ ਲੱਗਦੀ

ਸੱਤਾ ਦੀ ਹੰਕਾਰੀ ਕਰਤੂਤ

ਬੰਦਾ ਹੋਣ ਨੂੰ ਕਲੰਕਿਤ ਕਰਦੀ

ਉਦੋਂ ਹਿਰਦੇ ਵਲੂੰਦਰਨ ਦੀ ਘਟਨਾ

ਇਨਸਾਨੀਅਤ ਨੂੰ ਪ੍ਰਸ਼ਨ ਕਰਦੀ।

ਜਦੋਂ ਮਨੀਪੁਰ-

ਨਗਨ ਕੀਤੀਆਂ ਜਾਣ ਅਬਲਾਵਾਂ

ਲੋਕ-ਤੰਤਰੀ ਹਕੂਮਤ ਨੂੰ

ਡੁੱਬ ਜਾਣ ਦੀ ਤੁਹਮਤ ਲੱਗਦੀ।

ਅਣਮਨੁੱਖੀ ਤਾਂਡਵ ਨੇ

ਮਨਾਂ ‘ਚ ਜੋ ਚੀਰ ਪਾਇਆ

ਕਦੋਂ ਭਰ ਸਕੇਗਾ ਖ਼ੁਦਾ ਜਾਣੇ!

ਕਦੇ ਦਿੱਲੀ ਦੀ ਸੜਕ ‘ਤੇ

ਕੰਜਕ ਨੂੰ ਬੇਪਰਦ ਕਰ ਕੇ ਕਤਲ ਹੁੰਦਾ

ਤਾਂ ਸੰਸਦ ਲਹੂ ਦੇ ਧੱਬਿਆਂ

ਨਾਲ ਮਲੀਨ ਹੁੰਦੀ।

ਜਦੋਂ ਕੋਈ ਬਾਲੜੀ

ਵਿੱਦਿਆ-ਮੰਦਰ ‘ਚ ਸੁਰੱਖਿਅਤ ਨਾ ਹੋਵੇ

ਤਾਂ ਗੁਰੂ-ਸ਼ਿਸ਼ ਦੀ ਪਰੰਪਰਾ ਪ੍ਰਸ਼ਨ ਕਰਦੀ

ਕਿੱਥੇ ਹੈ ਧਰਮ ਤੇ ਨਿਆਂ ਦੀ ਕਚਹਿਰੀ?

ਐ, ਵਤਨ ਦੇ ਮਾਲਕੋ, ਸ਼ਾਸਕੋ, ਨੀਤੀਵਾਨੋਂ

ਕੁਰਸੀਆਂ ਦੇ ਲੋਭ ਖ਼ਾਤਰ

ਜ਼ਮੀਰਾਂ ਵੇਚਣ ਵਾਲਿਓ

ਧੀਆਂ ਦੀ ਅਸਮਤ ਦੇ ਲੁਟੇਰਿਆਂ ਨੂੰ

ਕਿਉਂ ਨਹੀਂ ਨੱਥ ਪਾਉਂਦੇ?

ਦੇਸ਼ ਦਾ ਗੌਰਵ ਬਚਾਉਣਾ ਪ੍ਰਥਮ ਹੈ ਜ਼ਰੂਰੀ!!

ਲਿਖਤ : ਮਨਮੋਹਨ ਸਿੰਘ ਦਾਊਂ

ਸੰਪਰਕ: 98151-23900