Friday, November 22, 2024
6.8 C
Vancouver

ਸਿੱਖਾਂ ਨੂੰ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੇ ਅਧਿਕਾਰ ਦੀ 25ਵੀਂ ਵਰੇਗੰਢ ‘ਤੇ ਸਰੀ ਵਿਚ ਵਿਸ਼ੇਸ਼ ਸਮਾਗਮ

ਸਿੱਖ ਮੋਟਰਸਾਈਕਲ ਕਲੱਬ ਵੱਲੋਂ ਦਸਤਾਰ ਨੂੰ ਮਾਨਤਾ ਦਿਵਾਉਣ ਵਾਲੇ ਮੋਢੀ ਅਵਤਾਰ ਸਿੰਘ ਢਿੱਲੋਂ ਦਾ ਸਨਮਾਨ

ਸਰੀ, (ਹਰਦਮ ਮਾਨ): ਸਿੱਖ ਮੋਟਰਸਾਈਕਲ ਕਲੱਬ ਵੱਲੋਂ ਬੀਸੀ ਵਿੱਚ ਸਿੱਖਾਂ ਨੂੰ ਹੈਲਮਟ ਤੋਂ ਛੋਟ ਮਿਲਣ ਅਤੇ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੇ ਮਿਲੇ ਅਧਿਕਾਰ ਦੀ 25ਵੀਂ ਵਰੇਗੰਢ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਵਿੱਚ ਮਨਾਈ ਗਈ। ਇਸ ਸਿਲਵਰ ਜੁਬਲੀ ਸਮਾਗਮ ਵਿੱਚ ਸਿੱਖ ਮੋਟਰਸਾਈਕਲ ਕਲੱਬ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਰੀ, ਵੈਨਕੂਵਰ ਅਤੇ ਐਬਸਫੋਰਡ ਦੇ ਬਹੁਤ ਸਾਰੇ ਕਲੱਬਾਂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ, ਸਮਾਜਿਕ ਸ਼ਖ਼ਸੀਅਤਾਂ ਅਤੇ ਰਾਜਨੀਤਿਕ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦਸਤਾਰ ਦਾ ਕੇਸ ਲੜਨ ਵਾਲੇ ਮੋਢੀ ਅਵਤਾਰ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨਾਂ ਦਾ ਸਾਥ ਦੇਣ ਵਾਲੇ ਮਰਹੂਮ ਰਘਬੀਰ ਸਿੰਘ ਬੈਂਸ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਇਸ ਮੌਕੇ ਬੋਲਦਿਆਂ ਅਵਤਾਰ ਸਿੰਘ ਢਿੱਲੋਂ ਨੇ ਮੋਟਰਸਾਈਕਲ ਤੇ ਦਸਤਾਰ ਬੰਨ੍ਹ ਕੇ ਚਲਾਉਣ ਦੀ ਸਾਰੀ ਇਤਿਹਾਸਿਕ ਗਾਥਾ ਸਾਂਝੀ ਕੀਤੀ। ਉਹਨਾਂ ਦੱਸਿਆ ਕਿ 14 ਸਾਲਾਂ ਦੇ ਸੰਘਰਸ਼ ਤੋਂ ਬਾਅਦ 7 ਜੁਲਾਈ 1999 ਨੂੰ ਬੀਸੀ ਸਰਕਾਰ ਵੱਲੋਂ ਸਿੱਖਾਂ ਨੂੰ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਸਮਾਗਮ ਦੌਰਾਨ ਕਲੱਬ ਦੀ ਨਵੀਂ ਵੈਸਟ ਅਤੇ ਨਵਾਂ ਚਿੰਨ੍ਹ ਰਿਲੀਜ਼ ਕਰਨ ਦੀ ਰਸਮ ਅਵਤਾਰ ਸਿੰਘ ਢਿੱਲੋਂ ਨੇ ਅਦਾ ਕੀਤੀ।

ਸਮਾਗਮ ਵਿਚ ਸ਼ਾਮਲ ਸਰੀ ਸਿਟੀ ਦੀ ਮੇਅਰ ਬਰੈਂਡਾ ਲੌਕ, ਪਹਿਲੇ ਦਸਤਾਰਧਾਰੀ ਆਰਸੀਐਮਪੀ ਅਫਸਰ (ਰਿਟਾਇਰਡ) ਬਲਤੇਜ ਸਿੰਘ ਢਿੱਲੋਂ, ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਤੇ ਰਣਦੀਪ ਸਿੰਘ ਸਰਾਏ, ਬੀਸੀ ਦੇ ਕਿਰਤ ਮੰਤਰੀ ਹੈਰੀ ਬੈਂਸ, ਬੀਸੀ ਦੇ ਸਾਬਕਾ ਟਰਾਂਸਪੋਰਟ ਮੰਤਰੀ ਹੈਰੀ ਲਾਲੀ, ਅਮਰਜੀਤ ਸਿੰਘ ਔਜਲਾ, ਮੋਤਾ ਸਿੰਘ ਝੀਤਾ, ਜਤਿੰਦਰ ਸਿੰਘ ਚੌਹਾਨ, ਚਰਨਜੀਤ ਸਿੰਘ ਢੱਡਾ, ਅਮਨਦੀਪ ਸਿੰਘ ਗਰਚਾ ਅਤੇ ਆਜ਼ਾਦ ਸਿੰਘ ਸਿੱਧੂ ਨੇ ਇਸ ਇਤਿਹਾਸਕ ਪ੍ਰਾਪਤੀ ਲਈ ਸਿੱਖ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਦੋਂ 25 ਸਾਲ ਪਹਿਲਾਂ ਹੈਲਮੇਟ ਦੀ ਬਜਾਏ ਦਸਤਾਰ ਪਹਿਨਣ ਦੀ ਛੋਟ ਦਿੱਤੀ ਗਈ ਸੀ, ਤਾਂ ਇਸ ਨੂੰ ਨਫ਼ਰਤ, ਨਸਲਵਾਦ ਅਤੇ ਬੇਬੁਨਿਆਦ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਹ ਮਾਣ ਸਨਮਾਨ ਅਵਤਾਰ ਸਿੰਘ ਢਿੱਲੋਂ ਵਰਗੇ ਪਾਇਨੀਅਰਾਂ ਕਰਕੇ ਮਿਲਿਆ ਹੈ, ਜਿਨ੍ਹਾਂ ਨੇ ਧਾਰਮਿਕ ਛੋਟ ਲਈ ਹੈਲਮੇਟ ਦੀ ਲੋੜ ਨੂੰ ਚੁਣੌਤੀ ਦਿੱਤੀ ਸੀ। ਅਵਤਾਰ ਸਿੰਘ ਢਿੱਲੋਂ, ਰਘਬੀਰ ਸਿੰਘ ਬੈਂਸ ਅਤੇ  ਮੋਤਾ ਸਿੰਘ ਝੀਤਾ ਦੇ ਯਤਨਾਂ ਨੂੰ ਉਸ ਸਮੇਂ ਦੇ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਹੈਰੀ ਲਾਲੀ ਅਤੇ ਸਾਬਕਾ ਵਿਧਾਇਕ ਮੋਅ ਸਿਹੋਤਾ ਦੁਆਰਾ ਸਮਰਥਨ ਦਿੱਤਾ ਗਿਆ, ਜਿਸ ਨਾਲ ਮੋਟਰ ਵਹੀਕਲ ਐਕਟ ਵਿੱਚ ਤਬਦੀਲੀਆਂ ਕੀਤੀਆਂ ਗਈਆਂ, ਜਿਸ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਬੀਸੀ ਵਿੱਚ ਪੱਗ ਬੰਨ੍ਹ ਕੇ ਮੋਟਰਸਾਈਕਲਾਂ ਦੀ ਸਵਾਰੀ ਕਰਨ ਦੇ ਅਧਿਕਾਰ ਨੂੰ ਮਾਨਤਾ ਦਿੱਤੀ ਗਈ।

ਸਮਾਗਮ ਦੌਰਾਨ ਉੱਘੇ ਸਿੱਖ ਚਿੰਤਕ ਡਾ. ਕਾਲਾ ਸਿੰਘ ਨੇ ਪੱਗ ਬਾਰੇ ਖੋਜ ਭਰਪੂਰ ਦਸਤਾਵੇਜ਼ ਸਲਾਈਡਾਂ ਰਾਹੀਂ ਸਕਰੀਨ ਤੇ ਪ੍ਰਦਰਸ਼ਿਤ ਕੀਤਾ। ਡਾ. ਕਾਲਾ ਸਿੰਘ ਨੇ ਪੱਗ ਦੀ ਮਹੱਤਤਾ ਬਾਰੇ ਇਸ ਪ੍ਰਦਰਸ਼ਨੀ ਵਿਚ ਕਿਹਾ ਕਿ ‘ਦਸਤਾਰ ਸਨਮਾਨ, ਸਵੈ-ਮਾਣ, ਅਧਿਆਤਮਿਕਤਾ, ਪਵਿੱਤਰਤਾ, ਉੱਚ ਨੈਤਿਕ ਕਦਰਾਂ ਕੀਮਤਾਂ, ਮਿਸ਼ਨਰੀ ਜੋਸ਼ ਅਤੇ ਹਿੰਮਤ ਦਾ ਪ੍ਰਤੀਕ ਹੈ’।

ਅੰਤ ਵਿਚ ਸਿੱਖ ਮੋਟਰ ਸਾਈਕਲ ਕਲੱਬ ਦੇ ਬਾਨੀ ਪ੍ਰਧਾਨ ਹਰਜਿੰਦਰ ਸਿੰਘ ਥਿੰਦ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਿੱਖ ਮੋਟਰਸਾਈਕਲ ਕਲੱਬ ਇਕ ਕਲੱਬ ਹੀ ਨਹੀਂ ਸਗੋਂ ਵੱਖ-ਵੱਖ ਪਹਿਲਕਦਮੀਆਂ ਲਈ ਸਹਾਇਤਾ ਦਾ ਇੱਕ ਥੰਮ੍ਹ ਵੀ ਹੈ। ਇਸ ਕਲੱਬ ਵੱਲੋਂ ਕੈਂਸਰ ਸੋਸਾਇਟੀ ਨੂੰ ਇਕ ਲੱਖ ਡਾਲਰ ਦਾਨ ਕਰਨਾ ਅਤੇ ਇੱਕ ਰਿਹਾਇਸ਼ੀ ਸਕੂਲ ਦੇ ਬੱਚਿਆਂ ਦੀਆਂ ਅਣਪਛਾਤੀਆਂ ਕਬਰਾਂ ਉੱਤੇ ਦੁਖੀ ਸਮੇਂ ਕਾਮਲੂਪਸ ਵਿੱਚ ਆਦਿਵਾਸੀ ਭਾਈਚਾਰੇ ਦੇ ਨਾਲ ਖੜ੍ਹਨਾ, ਇਸ ਦੀਆਂ ਪ੍ਰਮੁੱਖ ਉਦਾਹਰਣਾਂ ਹਨ। ਆਜ਼ਾਦ ਸਿੰਘ ਸਿੱਧੂ ਨੇ ਬਹੁਤ ਹੀ ਵਧੀਆ ਢੰਗ ਨਾਲ ਸਾਰੇ ਸਮਾਗਮ ਦਾ ਸੰਚਾਲਨ ਕੀਤਾ।

ਸਮਾਗਮ ਉਪਰੰਤ ਸਿੱਖ ਮੋਟਰ ਸਾਈਕਲ ਕਲੱਬ ਵੱਲੋਂ ਮੋਟਰ ਸਾਈਕਲ ਰੈਲੀ ਕੱਢੀ ਗਈ ਜਿਸ ਵਿਚ ਸੈਂਕੜੇ ਮੋਟਰ ਸਾਈਕਲ ਚਾਲਕਾਂ ਨੇ ਸ਼ਮੂਲੀਅਤ ਕੀਤੀ। ਇਹ ਰੈਲੀ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸੁਖਸਾਗਰ ਨਿਊ ਵੈਸਟਮਿਨਸਟਰ ਵਿਖੇ ਸਮਾਪਤ ਹੋਈ।