Friday, April 4, 2025
7 C
Vancouver

ਮਾਏ ਨੀਂ

ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ

ਪਲਕਾਂ ਹੇਠ ਅੰਗਾਰੇ ਮਘਦੇ

ਸਾਹਾਂ ਦੇ ਵਿੱਚ ਵੈਣ

ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ…

ਤੋਰਾਂ ਸਾਡੀਆਂ ਰਾਹ ਲੁੱਟ ਲੈਂਦੇ

ਮਾਲੀ ਖ਼ੁਦ ਕਲਮਾਂ ਪੁੱਟ ਲੈਂਦੇ

ਚਾਨਣ ਸਾਡਾ ਸਾਹ ਘੁੱਟ ਲੈਂਦਾ

ਨੇਰ੍ਹਾ ਲੁੱਟਦਾ ਚੈਨ

ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ….

ਰਾਵਣ ਭੈੜਾ ਕਪਟ ਕਮਾਵੇ

ਰਾਮ ਪ੍ਰੀਖਿਆ ਦੇ ਵਿੱਚ ਪਾਵੇ

ਪਾਂਡਵ ਜੂਏ ਦੇ ਵਿੱਚ ਹਾਰਨ

ਕੌਰਵ ਪੱਤ ਨੂੰ ਪੈਣ

ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ…

ਜਿਹੜੇ ਪਾਸੇ ਰੂਹ ਪਈ ਤਾਂਘੇ

ਉਸ ਪਾਸੇ ਨਹੀਂ ਮਿਲਦੇ ਲਾਂਘੇ

ਨੀਂਦਾਂ ਸਾਡੀਆਂ ਸੁਪਨਿਆਂ ਹੱਥੋਂ

ਜ਼ਖ਼ਮੀ ਹੁੰਦੀਆਂ ਰਹਿਣ

ਮਾਏ ਨੀ ਸਾਡੇ ਧੁਖਦੇ ਰਹਿੰਦੇ ਨੈਣ….

ਕੂੜ ਕਚਹਿਰੀ ਸੱਚ ਨਾ ਜਾਣੇ

ਕੋਈ ਨਾ ਅਸਲੀ ਦਰਦ ਪਛਾਣੇ

ਦਿਲ ਸਾਡੇ ‘ਚੋਂ ਹਰਦਮ ‘ਸੈਫ਼ੀ’

ਅੱਗ ਦੇ ਅੱਥਰੂ ਵਹਿਣ

ਮਾਏ ਨੀਂ ਸਾਡੇ ਧੁਖਦੇ ਰਹਿੰਦੇ ਨੈਣ…

ਲਿਖਤ : ਡਾ. ਦੇਵਿੰਦਰ ਸੈਫ਼ੀ

ਸੰਪਰਕ: 94178-26954

Previous article
Next article