Sunday, November 24, 2024
5.9 C
Vancouver

ਪੱਥਰ ਦਿਲ

ਲਿਖਤ : ਰਵਿੰਦਰ ਸਿੰਘ ਧਾਲੀਵਾਲ, ਸੰਪਰਕ: 78374-90309

ਬਚਿੰਤ ਕੌਰ ਮਿਲਾਪੜੀ, ਸੁੱਘੜ ਸਿਆਣੀ ਤੇ ਦਿਆਲੂ ਸੁਭਾਅ ਦੀ ਔਰਤ ਸੀ। ਪੇਕੇ ਅਤੇ ਸਹੁਰੇ ਘਰ ਅਤਿ ਦੀ ਗ਼ਰੀਬੀ ਹੰਢਾਈ, ਪਰ ਹਮੇਸ਼ ਚੜ੍ਹਦੀ ਕਲਾ ਵਿੱਚ ਰਹਿ ਕੇ ਅੱਗਾ ਸੰਵਾਰਨ ਲਈ ਤਤਪਰ ਰਹਿੰਦੀ। ਪਤੀ ਸੂਰਤ ਸਿੰਘ ਨਾਲ ਪਾਠੀ ਦੇ ਬੋਲਾਂ ਨਾਲ ਉੱਠਣ ਤੋਂ ਕਦੇ ਨਾਗਾ ਨਾ ਪਾਇਆ। ਗੁਰੂਘਰ ਮੱਥਾ ਟੇਕ ਕੇ ਦਿਨ ਦੀ ਸ਼ੁਰੂਆਤ ਕਰਦੇ। ਮੱਝਾਂ ਨੂੰ ਪੱਠੇ ਪਾ, ਹਾਜਰੀ ਰੋਟੀ ਪਕਾ ਕੇ ਦੋਵੇਂ ਮੁੰਡਿਆਂ ਤੇ ਕੁੜੀ ਨੂੰ ਸਕੂਲ ਜਾਣ ਲਈ ਤਿਆਰ ਕਰ ਦਿੰਦੀ। ਬੱਚਿਆਂ ਨੂੰ ਸਾਰੇ ਕੰਮ ਨਿਮਰਤਾ, ਠਰੰਮੇ ਤੇ ਸਮਝ ਕੇ ਕਰਨ ਲਈ ਆਖਦੀ, ਕਾਹਲੀ ਦੇ ਕੰਮ ਨੂੰ ਸ਼ੈਤਾਨ ਦਾ ਕੰਮ ਆਖ ਭੰਡਦੀ। ਬਾਪੂ ਨੇ ਬਚਿੰਤ ਕੁਰ ਨਾਮ ਦੋ ਭਰਾਵਾਂ ਦੀ ਇਕੱਲੀ ਭੈਣ ਹੋਣ ਕਰਕੇ ਰੱਖਿਆ ਸੀ, ਪਰ ਆਂਢਣਾਂ-ਗੁਆਂਢਣਾਂ ਨੇ ਉਸ ਨੂੰ ਚਿੰਤ ਕੌਰ ਆਖ ਕੇ ਨਾਮ ਹੀ ਪਲਟ ਦਿੱਤਾ। ਮਨੋ-ਮਨ ਸੋਚਦੀ ਕਿ ਸਮੇਂ ਦੀ ਕਰਵਟ ਦਾ ਕੀ ਭਰੋਸਾ ਕਿਤੇ ਇਹ ਚਿੰਤ ਕੁਰ ਨਾਮ ਸਿੱਧ ਹੀ ਨਾ ਹੋ ਜਾਵੇ। ਸੂਰਤ ਸਿੰਘ ਪੂਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਤੇ ਆਪ ਡੰਗਰਾਂ ਦੇ ਕੰਮਕਾਰਾਂ ਵਿੱਚ ਉਲਝੀ ਰਹਿੰਦੀ। ਬੱਚਿਆਂ ਦੀ ਪੜ੍ਹਾਈ ਨੂੰ ਪਹਿਲ ਦਿੰਦਿਆਂ ਉਨ੍ਹਾਂ ਦੀਆਂ ਜ਼ਰੂਰਤਾਂ ਤੇ ਅਧਿਆਪਕ ਮਿਲਣੀ ਨੂੰ ਕਦੇ ਅਣਗੌਲਿਆਂ ਨਾ ਕਰਦੇ।

ਅੱਜ ਮਿਹਨਤ ਰੰਗ ਲਿਆਈ। ਕੁੜੀ ਪਿੰਡ ਵਾਲੇ ਸਕੂਲ ਵਿੱਚ ਬਾਰ੍ਹਵੀਂ ਦੇ ਅਤੇ ਲੜਕੇ ਸ਼ਹਿਰ ਦੇ ਕਾਲਜ ਵਿੱਚ ਪੇਪਰ ਦੇ ਰਹੇ ਸਨ। ਸਮੇਂ ਨਾਲ ਬੱਚਿਆਂ ਦੀ ਪੜ੍ਹਾਈ ਪੂਰੀ ਹੋ ਗਈ। ਬਚਿੰਤ ਕੌਰ ਕੁੜੀ ਦੇ ਹੱਥ ਪੀਲੇ ਕਰਨ ਲਈ ਕਾਹਲੀ ਸੀ ਪਰ ਸੂਰਤ ਸਿੰਘ ਨੇ ਕੁੜੀ ਦੀ ਮਰਜ਼ੀ ਮੁਤਾਬਿਕ ਬੀ.ਐੱਡ ਦਾ ਕੋਰਸ ਕਰਵਾ ਦਿੱਤਾ।

ਪਹਿਲਾਂ ਪ੍ਰਾਈਵੇਟ ਤੇ ਫਿਰ ਜਲਦ ਹੀ ਸਰਕਾਰੀ ਨੌਕਰੀ ਮਿਲ ਗਈ। ਦੋਵੇਂ ਮੁੰਡੇ ਇਨਕਮ ਟੈਕਸ ਇੰਸਪੈਕਟਰ ਦਾ ਟੈਸਟ ਪਾਸ ਕਰ ਸਰਕਾਰੀ ਅਫਸਰ ਬਣ ਗਏ। ਹੁਣ ਬੇਬੇ ਬਾਪੂ ਨੂੰ ਕੰਮ ਕਰਨ ਤੋਂ ਰੋਕਦੇ, ਪਰ ਉਨ੍ਹਾਂ ਰੱਬ ਦੀ ਰਜ਼ਾ ਨੂੰ ਮੰਨਦਿਆਂ ਆਪਣੀ ਰੂਟੀਨ ਨਾ ਛੱਡੀ। ਇਹ ਦੇਖ ਕੇ ਪੂਰਾ ਪਿੰਡ ਸਿਫ਼ਤਾਂ ਕਰਦਾ। ਮੁੰਡਿਆਂ ਨੇ ਮਿਲ ਕੇ ਕੁਝ ਜ਼ਮੀਨ ਹੋਰ ਖਰੀਦੀ। ਹੁਣ ਖੇਤੀ ਤੇ ਮੱਝਾਂ ਲਈ ਕਾਮੇ ਰੱਖ ਲਏ। ਕੁੜੀ ਮਗਰੋਂ ਦੋਵੇਂ ਮੁੰਡੇ ਵਿਆਹ ਲਏ ਤੇ ਨੂੰਹਾਂ ਵੀ ਸਰਕਾਰੀ ਨੌਕਰੀ ਵਾਲੀਆਂ ਮਿਲੀਆਂ। ਘਰ ਵਿੱਚ ਚੰਗੀਆਂ ਰੌਣਕਾਂ ਲੱਗ ਗਈਆਂ ਸਨ। ਸਾਲ ਕੁ ਬੀਤਣ ਮਗਰੋਂ ਦੋਵੇਂ ਲੜਕਿਆਂ ਦੇ ਪਰਿਵਾਰ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ। ਦਾਦਾ-ਦਾਦੀ ਬੱਚਿਆਂ ਵਿੱਚ ਮਸ਼ਰੂਫ ਰਹਿੰਦੇ। ਖੇਤੀਬਾੜੀ ਕਾਮੇ ਦੇਖ ਲੈਂਦੇ ਤੇ ਡੰਗਰਾਂ ਦਾ ਕੰਮ ਲਗਭਗ ਖ਼ਤਮ ਹੋ ਚੁੱਕਾ ਸੀ।

ਬੱਚੇ ਵੱਡੇ ਹੋਣ ਕਰਕੇ ਭਰਾਵਾਂ ਨੂੰ ਚੰਗੇ ਸਕੂਲ ਵਿੱਚ ਦਾਖਲੇ ਦੀ ਚਿੰਤਾ ਸਤਾਉਣ ਲੱਗੀ ਭਾਵੇਂ ਪੈਸੇ ਦੀ ਕਮੀ ਨਹੀਂ ਸੀ। ਉਂਜ ਸਟੇਟਸ ਦੇ ਮੁਤਾਬਿਕ ਸਕੂਲ ਨੇੜੇ ਨਾ ਹੋਣ ਕਰਕੇ ਵੱਡੀ ਮੁਸ਼ਕਿਲ ਸੀ। ਅਖੀਰ ਦੋਵਾਂ ਨੇ ਸ਼ਹਿਰ ਜਾਣ ਦਾ ਫ਼ੈਸਲਾ ਕਰ ਲਿਆ। ਹੁਣ ਪਿੰਡ ਵਾਲੀ ਕੋਠੀ ਕਾਮਿਆਂ ਦੇ ਹਵਾਲੇ ਹੋ ਗਈ। ਢਲਦੀ ਉਮਰੇ ਜੱਦੀ ਘਰ ਛੱਡ ਓਪਰੀ ਜਗ੍ਹਾ ਵਸਣਾ ਸੌਖਾ ਨਹੀਂ ਸੀ, ਪਰ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਮੱਦੇਨਜ਼ਰ ਮੂੰਹ ਨਾ ਮੋੜਿਆ। ਬਚਿੰਤ ਕੌਰ ਦੇ ਦਿਮਾਗ ਵਿੱਚ ਕੱਚੇ ਘਰ ਤੋਂ ਲੈ ਕੇ ਲਹਿਰਾਉਂਦੀਆਂ ਫ਼ਸਲਾਂ ਵਾਲੇ ਖੇਤ ਘੁੰਮਣ ਲੱਗੇ।

ਕੁਝ ਮਹੀਨੇ ਬਾਅਦ ਦੋਵੇਂ ਭਰਾਵਾਂ ਨੇ ਕੋਠੀਆਂ ਖਰੀਦ ਲਈਆਂ। ਸਭ ਰਿਸ਼ਤੇਦਾਰਾਂ ਨੂੰ ਬੁਲਾ ਕੇ ਵੱਡਾ ਸਮਾਗਮ ਕੀਤਾ ਗਿਆ। ਦੁਨੀਆ ਭਰ ਦੇ ਪਕਵਾਨਾਂ ਵਿੱਚ ਅੱਜ ਬਚਿੰਤ ਕੌਰ ਦੀ ਪਿੰਡ ਵਾਲੀ ਮਹਿਕ ਰੁਲਦੀ ਨਜ਼ਰ ਆ ਰਹੀ ਸੀ। ਜਦੋਂ ਸੂਰਤ ਸਿੰਘ ਬਿਮਾਰ ਹੋਇਆ ਤਾਂ ਬਚਿੰਤ ਕੌਰ ਨੂੰ ਆਖਦਾ ਕਿ ਕਾਮੇ ਬੰਦੇ ਲਈ ਵਿਹਲ ਰੋਗ ਤੋਂ ਘੱਟ ਨਹੀਂ। ਬੱਚਿਆਂ ਦੇ ਸਕੂਲ ਜਾਣ ਮਗਰੋਂ ਘਰ ਵਿੱਚ ਨੌਕਰਾਂ ਸਹਾਰੇ ਵੇਲਾ ਲੰਘਾਉਂਦੇ। ਪੁੱਤਰ ਨੂੰਹ ਦਫ਼ਤਰੋਂ ਆ ਕੇ ਆਰਾਮ ਕਰਨ ਲਈ ਕਮਰਿਆਂ ਵਿੱਚ ਚਲੇ ਜਾਂਦੇ। ਆਥਣ ਵੇਲੇ ਬੱਚੇ ਦਾਦਾ-ਦਾਦੀ ਤੇ ਨੌਕਰ ਨਾਲ ਪਾਰਕ ਵਿੱਚ ਖੇਡ ਆਉਂਦੇ। ਉੱਥੇ ਵੀ ਆਪਸ ਵਿੱਚ ਕੋਈ ਬਹੁਤੀ ਗੱਲਬਾਤ ਨਾ ਕਰਦਾ। ਅਣਸਰਦੇ ਨੂੰ ਦੁਆ ਸਲਾਮ ਜ਼ਰੂਰ ਹੋ ਜਾਂਦੀ। ਘਰ ਵਿਦੇਸ਼ੀ ਮਾਰਬਲ ਤੇ ਬਰਾਂਡਿਡ ਟਾਈਲਾਂ ਨਾਲ ਲਿਸ਼ਕਦੇ ਸਨ। ਬਗੀਚੇ ਤੇ ਫੁੱਲ ਵਾਲੀ ਕੱਚੀ ਜਗ੍ਹਾ ਵੀ ਲੈਂਡਸਕੇਪ ਕਰਵਾ ਰੌਸ਼ਨੀ ਵਾਲੇ ਫੁਹਾਰਿਆਂ ਨਾਲ ਵਧੀਆ ਸਜਾਵਟ ਕੀਤੀ ਹੋਈ ਸੀ। ਇਸ ਦੀ ਖ਼ੂਬਸੂਰਤੀ ਖਰਾਬ ਹੋਣ ਦੇ ਡਰੋਂ ਨੌਕਰ ਹੀ ਬੱਚਿਆਂ ਨੂੰ ਖਿਡਾਉਂਦੇ ਸਨ।

ਪਾਰਕ ਵਿੱਚ ਵੀ ਮਿੱਟੀ ਫੁੱਲਾਂ ਵਾਲੀਆਂ ਕਿਆਰੀਆਂ ਵਿੱਚ ਦਿਸਦੀ। ਸਭ ਪਾਸੇ ਇੱਟਾਂ ਦੇ ਬਣੇ ਰਸਤੇ ਹੀ ਸਨ। ਪਿੰਡ ਦੀ ਭਾਈਚਾਰਕ ਸਾਂਝ ਤੇ ਮਿਲਵਰਤਣ ਵਾਲੇ ਮਾਹੌਲ ‘ਚ ਵਿਚਰਨ ਅਤੇ ਖੁੱਲ੍ਹੇ ਖੇਤਾਂ ‘ਚ ਘੁੰਮਣ ਵਾਲੇ ਵਿਅਕਤੀ ਲਈ ਇਹ ਦਿਮਾਗ਼ੀ ਪੀੜਾ ਤੋਂ ਘੱਟ ਨਹੀਂ ਸੀ। ਇੱਥੇ ਮਾਨਸਿਕ ਸੰਤੁਸ਼ਟੀ ਲਈ ਗੱਲ ਕਰਨ ਲਈ ਵੀ ਕੋਈ ਨਾ ਮਿਲਦਾ। ਸੂਰਤ ਸਿੰਘ ਦੂਜੇ ਸਵੇਰੇ ਬਚਿੰਤ ਕੌਰ ਨੂੰ ਦੱਸਦਾ, “ਕੱਲ੍ਹ ਰਾਤ ਉਹ ਬੁੜਬੁੜਾਉਂਦੀ ਹੋਈ ਕਹਿ ਰਹੀ ਸੀ ਕਿ ਮਿੱਟੀ ਦੇ ਬਣੇ ਇਨਸਾਨਾਂ ਨੂੰ ਜੇ ਜਿਉਂਦੇ ਜੀ ਮਿੱਟੀ ਤੋਂ ਇੰਨਾ ਦੂਰ ਕਰ ਦਿੱਤਾ ਤਾਂ ਪੱਥਰ ਦਿਲ ਹੋਣਾ ਕੋਈ ਜੱਗੋ ਤੇਰ੍ਹਵੀਂ ਗੱਲ ਨਹੀਂ। ਮੈਨੂੰ ਤਾਂ ਲੱਗਦਾ ਹੈ ਕਿ ਇੱਥੇ ਮਰਨ ਤੋਂ ਬਾਅਦ ਵੀ ਮਿੱਟੀ ਨਸੀਬ ਨਹੀਂ ਹੋਣੀ। ਇਹ ਤਾਂ ਆਹ ਸ਼ਮਸ਼ਾਨਘਾਟ ਵਿੱਚ ਗੈਸ ਵਾਲੀ ਮਸ਼ੀਨ ਨਾਲ ਹੀ ਆਖ਼ਰੀ ਯਾਤਰਾ ਕਰਵਾ ਦੇਣਗੇ ਜਿੱਥੇ ਹੱਡੀਆਂ ਹੀ ਮਿਲਦੀਆਂ ਹਨ। ਕੀ ਪੈਸੇ ਤੇ ਰੁਤਬੇ ਨੇ ਇਨਸਾਨ ਨੂੰ ਇੰਨਾ ਪੱਥਰ ਦਿਲ ਬਣਾ ਦਿੱਤਾ ਕਿ ਆਖ਼ਰੀ ਸਾਹ ‘ਤੇ ਵੀ ਆਪਣਿਆਂ ਨੂੰ ਆਪਣੀ ਮਿੱਟੀ ਨਸੀਬ ਹੋਣ ਦਾ ਫ਼ਿਕਰ ਨਾ ਹੋਵੇ। ਬਚਿੰਤ ਕੌਰ ਦੀ ਮਾਨਸਿਕ ਸਥਿਤੀ ਨੂੰ ਭਾਂਪਦਿਆਂ ਪਿੰਡ ਜਾਣ ਦਾ ਫ਼ੈਸਲਾ ਕਰ ਲਿਆ ਜਿਸ ਨਾਲ ਬੱਚਿਆਂ ਨੂੰ ਛੱਡ ਕੇ ਨੂੰਹਾਂ ਪੁੱਤਰਾਂ ‘ਤੇ ਕੋਈ ਅਸਰ ਦਿਖਾਈ ਨਾ ਦਿੱਤਾ ਸਗੋਂ ਪੁੱਤਰਾਂ ਨੇ ਨੌਕਰਾਂ ਨੂੰ ਸਾਮਾਨ ਬੰਨ੍ਹਣ ਤੇ ਡਰਾਈਵਰ ਨੂੰ ਪਿੰਡ ਛੱਡ ਆਉਣ ਦਾ ਹੁਕਮ ਦੇ ਦਿੱਤਾ। ਅੱਜ ਬਚਿੰਤ ਕੌਰ ਦੇ ਨਾਲੋ ਨਾਲ ਸੂਰਤ ਸਿੰਘ ਨੇ ਵੀ ਅਜੋਕੀ ਪੀੜ੍ਹੀ ਦੀ ਭਾਵਨਾਤਮਕ ਦਸ਼ਾ ਨੂੰ ਬਾਖ਼ੂਬੀ ਦੇਖ ਲਿਆ। ਦੂਜੇ ਦਿਨ ਸਵੇਰੇ ਚਾਰ ਵਜੇ ਆਪਣਾ ਸਾਮਾਨ ਚੁੱਕ ਕੇ ਬਿਨਾਂ ਕਿਸੇ ਨੂੰ ਦੱਸੇ ਜ਼ਿੰਦਗੀ ਦੇ ਆਖ਼ਰੀ ਬਸੰਤ ਪਿੰਡ ਦੀਆਂ ਰੁਮਕਦੀਆਂ ਪੌਣਾਂ ਤੇ ਮਿੱਟੀ ਦੀ ਖੁਸ਼ਬੂ ਵਿੱਚ ਮਾਣਨ ਲਈ ਚੁੱਪਚਾਪ ਪਿੰਡ ਦੇ ਰਾਹ ਪੈ ਗਏ।