ਅੱਜਕੱਲ੍ਹ ਵਿਕਾਸ ਮਾਡਲ ਪੰਜਾਬ ਦਾ
ਹੜ੍ਹ ਹੋ ਕੇ ਵਹਿ ਰਿਹਾ
ਬੰਦਾ ਕੁਦਰਤ ਦੇ ਉਜਾੜੇ ਦਾ
ਸੇਕ ਸਹਿ ਰਿਹਾ
ਵਰ੍ਹਦੇ ਰਹਿਣਗੇ ਬੱਦਲ
ਚੜ੍ਹਦੇ ਰਹਿਣਗੇ ਦਰਿਆ
ਇਹ ਤਾਂ ਯੁੱਗਾਂ ਦਾ
ਦਸਤੂਰ ਤੁਰਿਆ ਆ ਰਿਹਾ
ਪਰ ਕਦੇ ਬੇਰੋਕ ਵਹਿੰਦੇ ਸੀ
ਤਾਂ ਕੁਝ ਕੁ ਸ਼ਾਂਤ ਰਹਿੰਦੇ ਸੀ
ਹੁਣ ਲਾਲਸਾਵਾਂ ਦਾ ਅੰਬਾਰ ਕੋਈ
ਰਾਹਾਂ ‘ਚ ਅੜਿੱਕਾ ਪਾ ਰਿਹਾ
ਸ਼ੂਕਦੇ ਦਰਿਆਵਾਂ ਦੀ ਫ਼ਿਤਰਤ ਨਾਲ
ਭਿੜ ਗਈ ਮੁਨਾਫ਼ਿਆਂ ਦੀ ਰਫ਼ਤਾਰ ਦਾ
ਜ਼ਮਾਨਾ ਸੰਤਾਪ ਹੰਢਾ ਰਿਹਾ
ਮੁਨਾਫ਼ਿਆਂ ਦੇ ਉੱਲੂ ਜੇ ਰਹਿਣਗੇ ਸਿੱਧੇ
ਤਾਂ ਰੰਗ ਕੁਦਰਤ ਦੇ ਸਦਾ ਰਹਿਣਗੇ ਮਿੱਧੇ
ਮੌਸਮਾਂ ਦਾ ਰੋਸਾ ਤਾਂ
ਕਦੋਂ ਦਾ ਅਲਾਰਮ ਵਜਾ ਰਿਹਾ।
ਲਿਖਤ : ਪਾਵੇਲ ਕੁੱਸਾ