ਪਿਛਲੇ ਸਾਲ ਮੇਰੀ ਬੇਟੀ ਲਵਨੀਸ਼ ਕੈਨੇਡਾ ਪੜ੍ਹਨ ਲਈ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਇੱਕ ਭਿਆਨਕ ਬਿਮਾਰੀ ਨਾਲ ਮੈਂ ਲੜੀ ਤੇ ਉਸ ‘ਤੇ ਜਿੱਤ ਪ੍ਰਾਪਤ ਕੀਤੀ। ਇਸ ਸਾਲ ਮੇਰੀ ਦਿਲੀ ਇੱਛਾ ਸੀ ਕਿ ਮੈਂ ਅਪਣੇ ਪੁੱਤਰ ਨੂੰ ਮਿਲ ਕੇ ਆਵਾਂ ਤੇ ਉਸ ਨਾਲ ਦਿਲ ਦੀਆਂ ਸਾਰੀਆਂ ਸੱਧਰਾਂ ਸਾਂਝੀਆਂ ਕਰਾਂ। ਸਰਕਾਰੀ ਨੌਕਰੀ ਵਿੱਚ ਹੁੰਦਿਆਂ ਮੈਨੂੰ ਆਪਣੇ ਵਿਭਾਗ ਤੋਂ ਛੁੱਟੀ ਲੈਣੀ ਜ਼ਰੂਰੀ ਸੀ। ਚਾਰ ਵਾਰ ਮੈਂ ਛੁੱਟੀ ਅਪਲਾਈ ਕੀਤੀ, ਜਿਹੜੀ ਵਿਭਾਗ ਵੱਲੋਂ ਨਾ ਮਨਜ਼ੂਰ ਕੀਤੀ ਗਈ। ਅਸੀਂ ਕੈਨੇਡਾ ਜਾਣ ਦੀ ਆਸ ਛੱਡ ਦਿੱਤੀ।
ਅਖੀਰ ‘ਤੇ ਮੇਰੀ ਬੇਟੀ ਨੇ ਆਪਣੇ ਪਾਪਾ ਨੂੰ ਫੋਨ ਕੀਤਾ ਤੇ ਅਸੀਂ ਫਿਰ ਪੰਜਵੀਂ ਵਾਰ ਛੁੱਟੀ ਅਪਲਾਈ ਕੀਤੀ, ਜੋ ਮਨਜ਼ੂਰ ਹੋ ਗਈ। ਤੁਰੰਤ ਮੈਂ ਸਿੱਧੀ ਟਿਕਟ ਦਿੱਲੀ ਤੋਂ ਵੈਨਕੂਵਰ ਦੀ ਲਈ ਅਤੇ ਅੱਠ ਜੂਨ ਨੂੰ ਆਪਣੇ ਪੁੱਤਰ ਕੋਲ ਉਡਾਰੀ ਮਾਰ ਗਈ। ਦਿਲ ਦੀਆਂ ਸੱਧਰਾਂ, ਚਾਅ, ਰੀਝਾਂ, ਖੁਸ਼ੀਆਂ ਵਿੱਚ ਪਤਾ ਹੀ ਨਹੀਂ ਲੱਗਾ, ਸਫਰ ਕਦੋਂ ਤੈਅ ਹੋ ਗਿਆ।
ਘਰੋਂ ਮੈਂ ਆਪਣੇ ਬੱਚਿਆਂ ਲਈ ਮੱਠੀਆਂ, ਪਿੰਨੀਆਂ, ਗੁਲਗਲੇ, ਮਾਲ ਪੂਰੇ, ਕਈ ਤਰ੍ਹਾਂ ਦੇ ਅਚਾਰ ਬਰਤਨ ਕੱਪੜੇ ਆਦਿ ਦੋ ਟੈਚੀਆਂ ਅਤੇ ਇੱਕ ਬੈਗ ਭਰ ਕੇ ਨਾਲ ਲੈ ਕੇ ਗਈ। ਮੇਰੀਆਂ ਦੋਨੋਂ ਬੇਟੀਆਂ ਮੈਨੂੰ ਏਅਰਪੋਰਟ ‘ਤੇ ਲੈਣ ਆਈਆਂ ਤੇ ਪਹਿਲਾਂ ਅਸੀਂ ਘਰ ਜਾ ਕੇ ਕੇਕ ਕੱਟਿਆ।
ਵੈਨਕੂਵਰ ਉੱਤਰਨ ਸਾਰ ਵੇਖਿਆ ਨਜ਼ਾਰਾ ਵੱਖਰਾ ਹੀ ਸੀ। ਨਾ ਮਿੱਟੀ ਨਾ ਧੂੜ, ਨਾ ਕੋਈ ਹੁੱਲੜ੍ਹਬਾਜ਼ੀ, ਪੂਰਾ ਇੱਕ ਸਿਸਟਮ ਸੀ ਜਿਸ ਵਿੱਚ ਰਹਿ ਕੇ ਹਰੇਕ ਇਨਸਾਨ ਆਪਣੀ ਜ਼ਿੰਦਗੀ ਜਿਉਂ ਰਿਹਾ ਸੀ। ਪਾਰਕਾਂ, ਹਰਿਆਵਲ, ਇਮਾਰਤਾਂ ਅਤੇ ਠੰਢਾ ਵਾਤਾਵਰਣ ਵੇਖ ਕੇ ਆਨੰਦ ਆ ਗਿਆ। ਉੱਚੀਆਂ-ਉੱਚੀਆਂ ਬਿਲਡਿੰਗਾਂ ਚਕਾਚੌਂਧ ਕਰ ਰਹੀਆਂ ਸਨ। ਇੱਕ ਦਿਨ ਮੈਂ ਘਰ ਆਰਾਮ ਕੀਤਾ ਤੇ ਦੂਸਰੇ ਦਿਨ ਹੀ ਅਸੀਂ ਵੱਖ-ਵੱਖ ਥਾਵਾਂ ‘ਤੇ ਸੈਰ ਕਰਨ ਲਈ ਚਲੇ ਗਏ।
ਬੱਸਾਂ ਅਤੇ ਟਰੇਨਾਂ ਵਿੱਚ ਨਾ ਕੋਈ ਭੀੜ ਭੜੱਕਾ ਸੀ ਤੇ ਨਾ ਹੀ ਕੋਈ ਸ਼ੋਰ ਪ੍ਰਦੂਸ਼ਣ। ਹਰੇਕ ਵਿਅਕਤੀ ਕੋਲ ਆਪਣਾ ਕਾਰਡ ਸੀ, ਉਹ ਆਪਣਾ ਕਾਰਡ ਇੱਕ ਸਕੈਨਰ ਵਿੱਚੀਂ ਲੰਘਾਉਂਦਾ ਤੇ ਆਪਣੀ ਸੀਟ ਉੱਪਰ ਜਾ ਬੈਠਦਾ। ਬੱਸ ਅੱਡਿਆਂ ‘ਤੇ ਮੈਂ ਦੇਖਿਆ, ਜੋ ਵਿਅਕਤੀ ਪਹਿਲਾਂ ਆਉਂਦਾ, ਉਹ ਪਹਿਲਾਂ ਲਾਈਨ ਵਿੱਚ ਲੱਗ ਜਾਂਦਾ ਤੇ ਜਿਹੜਾ ਅਖੀਰ ‘ਤੇ ਆਉਂਦਾ ਉਹ ਅਖੀਰ ਵਿੱਚ ਲਾਇਨ ‘ਤੇ ਲੱਗ ਜਾਂਦਾ। ਗੱਲਬਾਤ ਵੀ ਸਿਰਫ ਹਾਏ ਹੈਲੋ ਤਕ ਹੀ ਖਤਮ ਹੋ ਜਾਂਦੀ। ਨਾ ਇੱਥੇ ਕੋਈ ਵੱਡਾ ਨਾ ਕੋਈ ਛੋਟਾ, ਨਾ ਅਮੀਰ ਨਾ ਗਰੀਬ। ਨਾ ਮੈਂ ਇੱਥੇ ਕਿਸੇ ਕੋਲ ਕੋਈ ਸਕਿਉਰਟੀ ਵੇਖੀ ਤੇ ਨਾ ਹੀ ਕੋਈ ਸੜਕਾਂ ‘ਤੇ ਹੂਟਰ ਵੱਜਦੇ ਸੁਣੇ।
ਹਰੇਕ ਵਿਅਕਤੀ ਆਪਣੇ ਕੰਮ ਵਿੱਚ ਮਸਤ, ਨਾ ਕੋਈ ਮੈਡੀਕਲ ਦੀਆਂ ਦੁਕਾਨਾਂ ‘ਤੇ ਨਾ ਕੋਈ ਡਾਕਟਰਾਂ ਕੋਲ ਭੀੜ। ਭੀੜ ਵੀ ਕਿਵੇਂ ਹੁੰਦੀ, ਜਦੋਂ ਸ਼ੁੱਧ ਵਾਤਾਵਰਣ, ਸ਼ੁੱਧ ਖਾਣਾ, ਚੰਗਾ ਰਹਿਣ ਸਹਿਣ, ਲੰਬੀ ਸੈਰ, ਸਾਈਕਲਿੰਗ ਤੇ ਆਪਣੇ ਕੰਮ ਤਕ ਮਤਲਬ। ਕੰਮ ਤੋਂ ਘਰ ਅਤੇ ਘਰ ਤੋਂ ਕੰਮ, ਹਫਤੇ ਵਿੱਚ ਪੰਜ ਦਿਨ। ਫਿਰ ਜੋ ਕਮਾਇਆ ਉਹ ਖਾਧਾ। ਨਾ ਇੱਥੇ ਬੱਚਿਆਂ ਲਈ ਕੋਈ ਜੋੜਨ ਦਾ ਚਾਅ, ਬੱਚਿਆਂ ਨੂੰ ਆਤਮ ਨਿਰਭਰ ਬਣਾਇਆ ਜਾਂਦਾ ਹੈ ਤਾਂ ਕਿ ਉਹ ਆਪ ਕਮਾਉਣ ਅਤੇ ਆਪ ਹੀ ਖਾਣ।
ਵੱਖ-ਵੱਖ ਦੇਸ਼ਾਂ ਤੋਂ ਇੱਥੇ ਪੜ੍ਹਨ ਆਏ ਬੱਚਿਆਂ ਲਈ ਗੁਰੂ ਘਰਾਂ ਵਿੱਚ ਵਰਤਦਾ ਅਤੁੱਟ ਲੰਗਰ ਮਨ ਨੂੰ ਤਸੱਲੀ ਕਰਵਾ ਦਿੰਦਾ ਕਿ ਇੱਥੇ ਕੋਈ ਵੀ ਵਿਦਿਆਰਥੀ ਭੁੱਖਾ ਨਹੀਂ ਰਹੇਗਾ। ਪੰਜਾਬੀ ਪੰਜਾਬੀਆਂ ਨੂੰ ਮਿਲ ਕੇ ਬਾਗੋਬਾਗ ਹੋ ਜਾਂਦੇ ਪਰ ਬਹੁਤਾ ਲੰਮਾ ਸਮਾਂ ਗੱਲ ਨਹੀਂ ਹੁੰਦੀ। ਪਸ਼ੂ ਪੰਛੀਆਂ, ਜੀਵ ਜੰਤੂਆਂ, ਜਾਨਵਰਾਂ, ਪ੍ਰਕਿਰਤੀ, ਪੇੜ ਪੌਦੇ, ਫੁੱਲਾਂ ਸਬਜ਼ੀਆਂ ਲਈ ਜੋ ਪਿਆਰ ਮੈਂ ਇੱਥੇ ਲੋਕਾਂ ਵਿੱਚ ਦੇਖਿਆ, ਉਹ ਵਰਣਨ ਕਰਨ ਤੋਂ ਬਾਹਰ ਹੈ। ਪਾਣੀ ਦੀ ਸੰਭਾਲ ਲਈ ਵੱਖਰੇ ਨਿਯਮ। ਹਰੇਕ ਵਿਅਕਤੀ ਆਪਣੀ ਸਿਹਤ ਪ੍ਰਤੀ ਸੁਚੇਤਦ।
ਕਦੋਂ ਧੁੱਪ ਚੜ੍ਹ ਜਾਂਦੀ ਤੇ ਕਦੋਂ ਜੋਰਦਾਰ ਮੀਂਹ ਪੈਣ ਲਗਦਾ, ਪਤਾ ਹੀ ਨਾ ਲਗਦਾ। ਕਦੇ ਅਸੀਂ ਕੋਟ ਪਾ ਲੈਂਦੇ ਤੇ ਕਦੇ ਟੀ ਸ਼ਰਟ ਵਿੱਚ ਘੁੰਮਣ ਲੱਗਦੇ। ਹਰ ਸਮੇਂ ਦਾ ਵੱਖਰਾ ਹੀ ਨਜ਼ਾਰਾ ਹੁੰਦਾ। ਅਸੀਂ ਪਾਰਕਾਂ ਵਿੱਚ ਘੁੰਮਦੇ, ਸੜਕਾਂ ‘ਤੇ ਚਲਦੇ ਕਦੋਂ ਪੰਜ-ਪੰਜ ਛੇ-ਛੇ ਕਿਲੋਮੀਟਰ ਸੈਰ ਕਰ ਆਉਂਦੇ ਪਤਾ ਹੀ ਨਾ ਲਗਦਾ। ਖਾਣ ਵਾਲੀ ਹਰੇਕ ਚੀਜ਼ ਵਿੱਚ ਸ਼ੁੱਧਤਾ ਵੇਖ ਕੇ ਮੈਂ ਹੈਰਾਨ ਰਹਿ ਗਈ ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਖਾਣ ਵਾਲੀਆਂ ਵਸਤੂਆਂ ‘ਤੇ ਆਪਣਾ ਕੰਟਰੋਲ ਕੀਤਾ ਹੋਇਆ ਹੈ।
ਇੱਥੇ ਹਰੇਕ ਬੰਦਾ ਸਰਕਾਰ ਨੂੰ ਟੈਕਸ ਦਿੰਦਾ ਹੈ। ਟੈਕਸ ਆਪਣੇ ਆਪ ਹੀ ਤੁਹਾਡੀ ਤਨਖਾਹ ਵਿੱਚੋਂ ਕੱਟ ਲਿਆ ਜਾਂਦਾ ਹੈ। ਕੋਈ ਟੈਕਸ ਚੋਰੀ ਦਾ ਡਰ ਨਹੀਂ। ਬਜ਼ੁਰਗਾਂ ਬੱਚਿਆਂ ਲਈ ਵਿਸ਼ੇਸ਼ ਸਹੂਲਤਾਂ। ਵੱਡੇ-ਵੱਡੇ ਮਹਿਲਾਂ ਵਰਗੇ ਘਰ ਜਿਨ੍ਹਾਂ ਵਿੱਚ ਪਾਰਕਾਂ ਤੇ ਦਰਖਤ, ਫੁੱਲ ਘਰਾਂ ਦੀ ਸ਼ੋਭਾ ਹੋਰ ਵਧਾਉਂਦੇ ਹਨ।
ਇੱਥੇ ਸਭ ਲਈ ਕਾਨੂੰਨ ਬਰਾਬਰ ਹਨ। ਕਿਸੇ ਵਿਅਕਤੀ ਨੂੰ ਆਪਣੇ ਕੰਮ ਕਰਵਾਉਣ ਲਈ ਨਾ ਕੋਈ ਸਿਫਾਰਸ਼ ਕਰਨੀ ਪੈਂਦੀ ਹੈ ਅਤੇ ਨਾ ਹੀ ਕੋਈ ਕਾਨੂੰਨ ਤੋੜਨ ਦੀ ਹਿੰਮਤ ਕਰਦਾ ਹੈ। ਧਰਤੀ ‘ਤੇ ਸਵਰਗ ਵਰਗਾ ਹੈ ਇਹ ਦੇਸ਼, ਜਿਸਦਾ ਨਜ਼ਾਰਾ ਹੀ ਵੱਖਰਾ ਹੈ। ਇੱਥੇ ਪਛਾਣ ਸਿਰਫ ਤੇ ਸਿਰਫ ਕੰਮ ਨਾਲ ਬਣਦੀ ਹੈ। ਇੱਥੇ ਗਰੀਬੀ-ਅਮੀਰੀ, ਜਾਤ-ਪਾਤ ਦਾ ਪਾੜਾ ਬਿਲਕੁਲ ਖਤਮ। ਕੰਮ ਹੀ ਹੈ ਪਹਿਲਾ ਧਰਮ।**
ਲਗਭਗ 23 ਦਿਨ ਮੈਂ ਆਪਣੀ ਬੇਟੀ ਕੋਲ ਵੈਨਕੂਵਰ, ਸਰੀ, ਰਹਿ ਕੇ ਆਈ ਹਾਂ। ਇਹਨਾਂ 23 ਦਿਨਾਂ ਵਿੱਚ ਮੈਂ ਜੋ ਵੇਖਿਆ, ਉਹ ਬਾ-ਕਮਾਲ ਸੀ। ਭਾਵੇਂ ਮੈਂ ਪੂਰਾ ਭਾਰਤ ਨਹੀਂ ਦੇਖ ਸਕੀ, ਮੇਰੇ ਮਨ ਵਿੱਚ ਇਹ ਰੀਝ ਹੀ ਰਹਿੰਦੀ ਕਿ ਮੈਂ ਜੰਮੂ ਕਸ਼ਮੀਰ ਦੀਆਂ ਵਾਦੀਆਂ ਵੇਖਾਂ, ਗੋਆ ਦੀ ਬੀਚਾਂ ਦੇਖਾਂ, ਜੈਪੁਰ ਗੁਲਾਬੀ ਸ਼ਹਿਰ ਵੇਖਾਂ ਜਾਂ ਰਾਜਸਥਾਨ ਦਾ ਉਹ ਇਲਾਕਾ ਵੇਖਾਂ, ਜਿੱਥੇ ਹਿੰਦੀ ਫਿਲਮਾਂ ਬਣਦੀਆਂ ਹਨ। ਹਰੇਕ ਛੁੱਟੀਆਂ ਸਮੇਂ ਮੇਰੇ ਸੁਪਨੇ ਵਿੱਚ ਹੀ ਰਹਿ ਜਾਂਦੇ।
ਇਸ ਸਾਲ ਮੈਂ ਪੱਕਾ ਹੀ ਮਨ ਬਣਾ ਲਿਆ ਸੀ ਕਿ ਮੈਂ ਕਨੇਡਾ ਜ਼ਰੂਰ ਜਾਵਾਂਗੀ ਭਾਵੇਂ ਮਨ ਵਿੱਚ ਇੱਕ ਡਰ ਸੀ ਕਿਉਂਕਿ ਮੈਂ ਪਹਿਲੀ ਵਾਰ ਹਵਾਈ ਜਹਾਜ਼ ‘ਤੇ ਸਫਰ ਕਰ ਰਹੀ ਸਾਂ। ਜਦੋਂ ਮੈਂ ਕੈਨੇਡਾ ਪਹੁੰਚੀ ਤਾਂ ਆਪਣੀਆਂ ਧੀਆਂ ਨੂੰ ਦੇਖ ਕੇ ਮੇਰਾ ਮਨ ਖੁਸ਼ ਹੋ ਗਿਆ। ਅਸੀਂ ਹਰ ਰੋਜ਼ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਵੇਖਣ ਜਾਂਦੇ। ਕਦੇ ਮੇਰੀ ਵੱਡੀ ਬੇਟੀ ਤੇ ਕਦੇ ਛੋਟੀ ਮੈਨੂੰ ਘੁਮਾਉਂਦੀਆਂ ਹੀ ਰਹਿੰਦੀਆਂ।
ਇੱਥੇ ਨਾ ਕਿਸੇ ਨੂੰ ਅਮੀਰ ਹੋਣ ਦਾ ਹੰਕਾਰ ਅਤੇ ਨਾ ਹੀ ਕਿਸੇ ਨੂੰ ਗਰੀਬ ਹੋਣ ਦਾ ਡਰ। ਜਦੋਂ ਲੋੜ ਹੁੰਦੀ ਹੈ, ਕੰਮ ਮਿਲ ਜਾਂਦਾ ਹੈ। ਜਦੋਂ ਪੈਸੇ ਇਕੱਠੇ ਹੋ ਜਾਂਦੇ ਤਾਂ ਦੋਹਫਤੇ ਦੇ ਅੰਤ ‘ਤੇ ਦੋ ਦਿਨ ਉਨ੍ਹਾਂ ਪੈਸਿਆਂ ਨਾਲ ਜ਼ਿੰਦਗੀ ਜਿਊਣ ਦਾ ਇੱਕ ਵੱਖਰਾ ਹੀ ਆਨੰਦ ਮੈਂ ਕਨੇਡਾ ਵਿੱਚ ਵੇਖਿਆ।
ਇੱਥੇ ਨਿਯਮ ਸਭ ਲਈ ਬਰਾਬਰ ਹਨ, ਕਾਨੂੰਨ ਦੀ ਇੱਜ਼ਤ ਹੈ। ਬੱਸਾਂ, ਟਰੇਨਾਂ, ਪੈਟਰੋਲ ਪੰਪਾਂ ਅਤੇ ਵੱਖ-ਵੱਖ ਥਾਵਾਂ ‘ਤੇ ਸਿਰਫ ਕਾਰਡ ਹੀ ਕੰਮ ਕਰਦੇ ਹਨ। ਅਸੀਂ ਵਾਈਟ ਰੌਕ, ਰਿਚਮੰਡ ਨਾਈਟ ਮਾਰਕੀਟ, ਆਲੋਟੇ ਲੇਕ, ਅਕੇਰੀਅਮ ਵੈਨਕੂਵਰ, ਟੋਆਸਿਨ ਮਿਲਜ਼ ਵਿਖੇ ਖੂਬ ਆਨੰਦ ਮਾਣਿਆ। ਸਾਨੂੰ ਜਪਾਨੀ, ਚੀਨੀ ਜਾਂ ਹੋਰ ਦੇਸ਼ਾਂ ਦੇ ਲੋਕਾਂ ਦੀ ਭਾਵੇਂ ਬੋਲੀ ਸਮਝ ਨਾ ਆਉਂਦੀ ਪਰ ਅਸੀਂ ਇਸ਼ਾਰਿਆਂ ਨਾਲ ਇੱਕ ਦੂਜੇ ਨਾਲ ਰਲਮਿਲ ਕੇ ਡਾਂਸ ਕਰਦੇ, ਲੁੱਡੀਆਂ ਪਾਉਂਦੇ, ਭੰਗੜਾ ਪਾਉਂਦੇ, ਹੱਸਦੇ ਖੇਡਦੇ ਖੁਸ਼ ਹੋ ਜਾਂਦੇ। ਉਸ ਸਮੇਂ ਖੁਸ਼ੀ ਦੀ ਕੋਈ ਹੱਦ ਨਾ ਰਹਿੰਦੀ, ਜਦੋਂ ਸਾਨੂੰ ਉਹ ਪੰਜਾਬੀ ਕਹਿ ਕੇ ਬੁਲਾਉਂਦੇ।
ਦਰਖਤਾਂ ਨਾਲ ਹਰਿਆ ਭਰਿਆ ਦੇਸ਼, ਬਰਫਾਂ ਨਾਲ ਢਕੀਆਂ ਪਹਾੜੀਆਂ, ਕੰਮ ਕਰਦੀ ਜਵਾਨੀ ਨੂੰ ਵੇਖ ਮਨ ਖੁਸ਼ ਹੋ ਜਾਂਦਾ ਹੈ। ਬੱਚਿਆਂ ਨੇ ਸਵੇਰੇ ਕਾਲਜ ਪੜ੍ਹਨ ਜਾਣਾ ਤੇ ਪੜ੍ਹਨ ਤੋਂ ਬਾਅਦ ਫਿਰ ਆਪਣੇ ਕੰਮ ‘ਤੇ ਚਲੇ ਜਾਣਾ। ਨਾ ਕਿਸੇ ਨਾਲ ਕੋਈ ਲੜਾਈ ਝਗੜਾ, ਨਾ ਹੀ ਕਿਸੇ ਨਾਲ ਕੋਈ ਮੁਕਾਬਲਾ। ਹਰੇਕ ਬੱਚੇ ਨੇ ਆਪਣੇ ਪੈਸੇ ਆਪ ਕਮਾਉਣੇ ਅਤੇ ਆਪ ਹੀ ਖਰਚ ਕਰਨੇ ਹੁੰਦੇ ਹਨ। ਇੱਥੇ ਆ ਕੇ ਵਿਦਿਆਰਥੀਆਂ ਨੂੰ ਪੈਸੇ ਦੀ ਅਸਲ ਕਦਰ ਦਾ ਵੀ ਪਤਾ ਲਗਦਾ ਹੈ।
ਬਿਲਕੁਲ ਸਾਫ ਸੜਕਾਂ, ਡਰਾਈਵਿੰਗ ਕਰਨ ਦਾ ਪਤਾ ਵੀ ਨਹੀਂ ਲਗਦਾ। ਤੁਰਨ ਲਈ ਵੱਖਰੇ ਰਸਤੇ ਸੜਕਾਂ ਦੇ ਨਾਲ ਨਾਲ ਬਣੇ ਹੋਏ ਹਨ। ਨਾ ਕੋਈ ਅਵਾਰਾ ਪਸ਼ੂ, ਨਾ ਹੀ ਕੋਈ ਅਵਾਰਾ ਜਾਨਵਰ। ਜਿਨ੍ਹਾਂ ਨੇ ਕੋਈ ਕੁੱਤਾ, ਬਿੱਲੀ ਜਾਂ ਪੰਛੀ ਰੱਖ ਹੋਏ ਹਨ, ਉਹ ਉਨ੍ਹਾਂ ਦਾਂ ਪੂਰਾ ਧਿਆਨ ਰੱਖਦੇ ਹਨ।
ਨਾ ਇੱਥੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਕੁਰਭਲ ਕੁਰਭਲ ਕਰਦੀ ਭੀੜ ਵੇਖਣ ਨੂੰ ਮਿਲੀ। ਲੰਬੀ ਸੈਰ ਹਰੇਕ ਇਨਸਾਨ ਦਾ ਸ਼ੌਕ, ਆਪੋ ਆਪਣੇ ਜੀਵਨ ਦਾ ਹਰੇਕ ਵਿਅਕਤੀ ਦਾ ਵੱਖਰਾ ਹੀ ਆਨੰਦ। 23 ਦਿਨਾਂ ਦਾ ਟੂਰ ਪਤਾ ਹੀ ਨਹੀਂ ਇਸ ਦੇਸ਼ ਵਿੱਚ ਕਿਸ ਤਰ੍ਹਾਂ ਲੰਘ ਗਿਆ। ਸੱਚਮੁੱਚ ਦੁਨੀਆ ‘ਤੇ ਸਵਰਗ ਹੈ ਕੈਨੇਡਾ।