Friday, April 4, 2025
4.9 C
Vancouver

ਦਹਿਸ਼ਤ

ਲਿਖਤ : ਰਣਜੀਤ ਆਜ਼ਾਦ ਕਾਂਝਲਾ, ਸੰਪਰਕ: 94646-97781

ਲੋਕ ਸਭਾ ਦੀ ਚੋਣ ਲਈ ਵੋਟਾਂ ਪੈਣ ਵਿੱਚ ਕੁਝ ਦਿਨ ਬਾਕੀ ਸਨ। ਸੰਬੰਧਤ ਉਮੀਦਵਾਰ ਦਾ ਚੋਣ ਪ੍ਰਚਾਰ ਪੂਰੇ ਸਿਖਰ ‘ਤੇ ਪੁੱਜ ਗਿਆ ਸੀ। ਉਂਜ ਹਰ ਵੋਟਰ ਦੇ ਮਨ ਵਿੱਚ ਅਕਹਿ ਤੇ ਅਸਹਿ ਡਰ ਦਾ ਪਰਛਾਵਾਂ ਪਿਆ ਜਾਪਦਾ ਸੀ ਪਰ ਖੁੱਲ੍ਹ ਕੇ ਕੋਈ ਕੁਝ ਨਹੀਂ ਸੀ ਦੱਸ ਰਿਹਾ।

ਹਰੇਕ ਹਲਕੇ ਵਿੱਚ ਖੜ੍ਹੇ ਉਮੀਦਵਾਰ ਨੂੰ ਘੱਟੋ ਘੱਟ ਪੰਜ-ਛੇ ਬਾਡੀਗਾਰਡ ਉਸ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਤਾਇਨਾਤ ਕੀਤੇ ਗਏ ਸਨ ਤੇ ਹੋਰ ਸੁਰੱਖਿਆ ਲਈ ਨਿੱਜੀ ਅਮਲਾ ਉਮੀਦਵਾਰ ਦਾ ਆਪਣਾ ਵੱਖਰਾ ਸੀ। ਕੁੱਲ ਮਿਲਾ ਕੇ ਇਨ੍ਹਾਂ ਬੰਦੂਕਧਾਰੀ ਸੱਜਣਾਂ ਦੀ ਗਿਣਤੀ ਦਸ-ਬਾਰਾਂ ਦੇ ਕਰੀਬ ਪੁੱਜ ਜਾਂਦੀ। ਉਮੀਦਵਾਰ ਜਿੱਧਰ ਵੀ ਜਾਂਦਾ, ਉਹ ਉਸ ਨਾਲ ਪਰਛਾਵੇਂ ਵਾਂਗ ਰਹਿੰਦੇ ਸਨ, ਸਰਕਾਰ ਦੀ ਹਦਾਇਤ ਵੀ ਇਹੋ ਸੀ।

ਇੱਕ ਦਿਨ ਇੱਕ ਆਜ਼ਾਦ ਉਮੀਦਵਾਰ, ਜੋ ਮੈਨੂੰ ਘੱਟ ਜਾਣਦਾ ਸੀ ਪਰ ਉਹ ਅੱਗੋਂ ਮੇਰੇ ਇੱਕ ਰਿਸ਼ਤੇਦਾਰ ਦਾ ਚੰਗਾ ਵਾਕਿਫ਼ ਸੀ। ਮੇਰੇ ਉਸ ਰਿਸ਼ਤੇਦਾਰ ਦੇ ਕਹਿਣ ‘ਤੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ-ਪ੍ਰਚਾਰ ਲਈ ਆਣ ਟਪਕਿਆ। ਜਿਉਂ ਹੀ ਉਹ ਉਮੀਦਵਾਰ ਤੇ ਦਸ-ਬਾਰਾਂ ਬੰਦੂਕਧਾਰੀ ਅੰਗ-ਰੱਖਿਅਕ ਪਿੰਡ ਵਿੱਚ ਦਾਖਲ ਹੋਏ ਤਾਂ ਘਰਾਂ ਵਿੱਚ ਮੌਜੂਦ ਬੁੜੀਆਂ-ਕੁੜੀਆਂ ਨੇ ਕਿਸੇ ਅਣਜਾਣੇ ਜਿਹੇ ਭੈਅ ਨਾਲ ਦੇਖਿਆ ਕਿ ਅੱਜ ਇਹ ਕੀਹਦਾ ‘ਕਲਿਆਣ’ ਕਰਨ ਆਏ ਹਨ…।

ਮੇਰੇ ਘਰ ਦੇ ਦੱਸੇ ਪਤੇ ਅਨੁਸਾਰ ਜਦ ਉਹ ਮੇਰੇ ਘਰ ਤੋਂ ਚਾਰ ਕੁ ਘਰ ਪਿੱਛੇ ਰਹਿ ਗਏ। ਆਪਣੇ ਘਰ ਅੱਗੇ ਖੜ੍ਹੀ ਇੱਕ ਬਿਰਧ ਮਾਈ ਨੂੰ ਪੁੱਛਣ ਲੱਗੇ, ”ਮਾਤਾ ਜੀ, ਮਾਸਟਰ ਉਜਾਗਰ ਸਿੰਘ ਦਾ ਘਰ ਕਿਹੜੈ…?”

”… ਮੈਂ ਤਾਂ ਭਾਈ ਬਾਹਰੋਂ ਆਈ ਹੋਈ ਆਂ ਮੈਨੂੰ ਤਾਂ ਪਤਾ ਨ੍ਹੀਂ।” ਇਨ੍ਹਾਂ ਬੋਲਾਂ ਤੋਂ ਬਾਡੀਗਾਰਡ ਭਾਂਪ ਗਏ ਕਿ ਮਾਈ ਨੇ ਡਰਦਿਆਂ ਘਰ ਨਹੀਂ ਦੱਸਿਆ। ਉਨ੍ਹਾਂ ਵਿੱਚੋਂ ਇੱਕ ਨੇ ਅੱਗੇ ਹੋ ਕੇ ਕਿਹਾ, ”ਮਾਤਾ ਜੀ ਘਬਰਾਉ ਨਾ, ਅਸੀਂ ਤਾਂ ਵੋਟਾਂ ਖਾਤਰ ਆਹ ਸਰਦਾਰ ਜੀ ਨਾਲ ਸੁਰੱਖਿਆ ਲਈ ਹਾਂ।”

”ਅੱਛਾ… ਭਾਈ, ਮੈਂ ਤਾਂ ਸਮਝਿਆ ਕਿਤੇ ਉਹ…।” ਮਾਈ ਹੁਣ ਕੁਝ ਝਿਜਕਦੀ ਹੋਈ ਬੋਲੀ, ”ਅਹੁ ਹਰੇ ਰੰਗ ਦੇ ਦਰਵਾਜ਼ੇ ਵਾਲਾ ਚੌਥਾ ਘਰ ਮਾਸਟਰਾਂ ਦਾ ਈ ਐ।” ਮਾਈ ਨੇ ਹੌਸਲਾ ਜਿਹਾ ਕਰ ਇਸ਼ਾਰੇ ਨਾਲ ਸਮਝਾਉਂਦਿਆਂ ਕਿਹਾ।