ਸਰੀ : ਕੈਨੇਡਾ ਦੇ ਬ੍ਰਿਟਿਸ ਕੋਲੰਬੀਆ ਸੂਬੇ ਦੇ ਸੁੰਦਰ ਸ਼ਹਿਰ ਸਰੀ ਦੇ ਸੀਨੀਅਰ ਸੈਂਟਰ ਵਿਚ ਮਹੀਨਾਵਾਰ ਕਵੀ ਦਰਬਾਰ 28 ਜੁਲਾਈ ਦਿਨ ਅੇਤਵਾਰ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਹੋਇਆ, ਜਿੱਥੇ ਉਮਰ ਦੇ 6 ਦਹਾਕੇ ਪਾਰ ਕਰ ਚੁੱਕੇ ਤਜਰਬੇਕਾਰ 200 ਤੋਂ ਜਿਆਦਾ ਸੀਨੀਅਰਜ ਨੇ ਕਵੀ ਦਰਬਾਰ ਵਿਚ ਆਨੰਦ ਮਾਣਿਆ। ਉੱਘੇ ਲੇਖਕ ਲੇਖਕ ਡਾਕਟਰ ਗੁਰਦੇਵ ਸਿੰਘ ਸਿੱਧੂ ਜੀ ਜੋ ਕਨੇਡਾ ਆਏ ਹੋਏ ਹਨ, ਉਹਨਾਂ ਨੇ ਵੀ ਇਸ ਮਹਿਫਲ ਵਿਚ ਹਾਜ਼ਰੀ ਭਰ ਕੇ ਗੁਰੂ ਨਾਨਕ ਜਹਾਜ ਬਾਰੇ ਤਫਸੀਲ ਨਾਲ ਜਾਣਕਾਰੀ ਦਿੱਤੀ। ਡਾ. ਗੁਰਦੇਵ ਸਿੰਘ ਜੀ ਦੀ ਜਾਣ ਪਹਿਚਾਣ ਸ. ਜਗਰੂਪ ਸਿੰਘ ਉੱਘੇ ਰਿਐਲਟਰ ਨੇ ਕਰਵਾਉਂਦੇ ਹੋਏ ਦੱਸਿਆ ਕਿ ਅਨੇਕਾਂ ਖੋਜਾਂ ਕਰਨ ਉਪਰੰਤ ਪੰਜ ਦਰਜਨ ਤੋਂ ਜ਼ਿਆਦਾ ਕਿਤਾਬਾਂ ਦੇ ਲੇਖਕ ਡਾਃ ਗੁਰਦੇਵ ਸਿੰਘ ਸਿੱਧੂ ਜੀ ਅੱਜ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਹਾਜ਼ਰ ਹਨ। ਡਾਃ ਸਿੱਧੂ ਜੀ ਦੀਆਂ ਕਿਤਾਬਾ ਦਾ ਮੁੱਖ ਪ੍ਰਕਾਸ਼ਨ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਸਰੋਮਣੀ ਗੁਰਦਵਾਰਾ ਕਮੇਟੀ, ਨੈਸਨਲ ਬੁਕ ਟਰੱਸਟ ਆਦਿ ਅਦਾਰਿਆਂ ਵੱਲੋਂ ਕੀਤਾ ਗਿਆ ਹੈ। ਇਹਨਾਂ ਦੀਆਂ ਕੁਝ ਕਿਤਾਬਾਂ ਜਿਵੇਂ “ਜੈਤੋ ਦਾ ਮੋਰਚਾ”, “ਕ੍ਰਿਪਾਨ ਬਨਾਮ ਰਾਜ”, “ਜਾਗਰਤ ਖ਼ਾਲਸਾ” “ਰੋਜ਼ਨਾਮਚਾ ਗੁਰੂ ਕੇ ਬਾਗ ਦਾ ਮੋਰਚਾ” ਅਤੇ 2014 ਵਿੱਚ ਬਾਬਾ ਗੁਰਦਿੱਤ ਸਿੰਘ ਜੀ ਦੁਆਰਾ ਲਿਖਤ ਕਿਤਾਬ ਜੋ ਕਿ ਕਾਮਾਗਾਟਾ ਮਾਰੂ ਜਹਾਜ ਦੇ ਨਾਂ ਦਾ ਭੁਲੇਖਾ ਦੂਰ ਕਰਦੀ ਹੈ “ਗੁਰੂ ਨਾਨਕ ਜਹਾਜ” ਵੀ ਸੰਪਾਦਕ ਕਰਕੇ ਸਾਰੀਆਂ ਗਲਤ ਫਹਿਮੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ! ਸਰਦਾਰ ਜਗਰੂਪ ਸਿੰਘ ਨੇ ਅੱਗੇ ਦੱਸਿਆ ਕਿ ਆਪਾਂ ਕਰਮਯੋਗੀ ਅਤੇ ਧਰਮਯੋਗੀ ਬਹੁਤ ਦੇਖੇ ਹਨ, ਤਾਂ ਓਹਨਾਂ ਡਾਕਟਰ ਸਿਧੂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ, ਡਾ. ਗੁਰਭਜਨ ਗਿੱਲ ਦੇ ਕਹੇ ਲਫਜ਼, ਜੋ ਡਾਕਟਰ ਗੁਰਦੇਵ ਸਿੰਘ ਸਿੱਧੂ ਜੀ ਤੇ ਪੂਰੇ ਢੁੱਕਦੇ ਹਨ ਕਿ, ਕੀ ਤੁਸੀਂ ਕਦੇ ਸ਼ਬਦਯੋਗੀ ਦੇਖਿਆ ਹੈ ? ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ ।
ਡਾ. ਸਿੱਧੂ ਜੀ ਨੇ ਪੰਜਾਬ ਦੇ ਵੱਖੋ ਵੱਖਰੇ ਸਰਕਾਰੀ ਕਾਲਜਾਂ ਵਿਚ ਪੰਜਾਬੀ ਦੇ ਪ੍ਰੋਫੈਸਰ ਤੋਂ ਇਲਾਵਾ, ਭਾਰਤ ਸਰਕਾਰ ਵਿਚ ਐਨ. ਐੇਸ ਐਸ. ਦੇ 7 ਸਾਲ ਤੱਕ ਡਾਇਰੈਕਟਰ ਵੀ ਰਹੇ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੀਤ ਚੇਅਰਮੈਨ ਤੋਂ ਇਲਾਵਾ ਡਿਪਟੀ ਡੀ ਪੀ ਆਈ (ਕਾਲਜ) ਦੇ ਅਹੁਦੇ ਤੋਂ ਰਿਟਾਇਰ ਹੋਏ। ਡਾਕਟਰ ਗੁਰਦੇਵ ਸਿੰਘ ਸਿੱਧੂ ਬਾਰੇ ਸ. ਖੇੜਾ ਨੇ ਅੱਗੇ ਦੱਸਿਆ ਕਿ ਨਿੱਤ ਨਵੇਂ ਸੂਰਜ, ਨਵੇਂ ਸੁਪਨੇ ਬੀਜਦਾ, ਪਾਲਦਾ ਅਤੇ ਪਾਠਕਾਂ ਹਵਾਲੇ ਕਰਦੇ ਹਨ ਡਾ. ਸਿੱਧੂ ਵਾਕਿਆ ਹੀ ਦਮਦਮ ਸ਼ਬਦਾਂ ਅਤੇ ਇਤਿਹਾਸ ਲਈ ਖਰਚਦਾ ਹੈ।
ਡਾ. ਗੁਰਦੇਵ ਸਿੰਘ ਸਿੱਧੂ ਜੀ ਨੇ ਬੜੇ ਠਰੰਮ੍ਹੇ ਨਾਲ ਸ਼ਾਂਤ ਬੈਠੇ ਸੀਨੀਆਰ ਸਿਟੀਜਨ ਨੂੰ ਦੱਸਿਆ ਕਿ ਬਾਬਾ ਗੁਰਦਿੱਤ ਸਿੰਘ ਜੀ ਨੇ ਜਨਵਰੀ 1914 ਵਿਚ ਕਾਮਾਗਾਟਾ ਮਾਰੂ (ਜਪਾਨੀ ਨਾਂ ਅਤੇ ਕੰਪਨੀ) ਸਟੀਮਰ 6 ਮਹੀਨੇ ਲਈ 66,000 ਡਾਲਰ ਦੇ ਕੇ ਲੀਜ ਤੇ ਲਿਆ ਅਤੇ ਇਸ ਸਟੀਮਰ ਦਾ ਨਾਂ “ਗੁਰੂ ਨਾਨਕ ਜਹਾਜ” ਰੱਖਿਆ।ਇਸ ਵਿਚ 376 ਮੁਸਾਫਰ ਹਾਂਗਕਾਂਗ ਤੋਂ 4 ਅਪ੍ਰੈਲ, 1914 ਵਿਚ ਸਵਾਰ ਹੋਏ ਜਿਹਨਾਂ ਵਿਚ 340 ਸਿੱਖ, 24 ਮੁਸਲਿਮ, 12 ਹਿੰਦੂ ਸਨ। ਇਹ ਗੁਰੂ ਨਾਨਕ ਜਹਾਜ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੇ ਨਾਲ ਨਾਲ ਉਸ ਸਮੇਂ ਪ੍ਰਚਲਿਤ ਸਿੱਖ ਝੰਡਾ ਵੀ ਜਹਾਜ ਤੇ ਲਾਇਆ। 23 ਮਈ 1914 ਨੂੰ ਇਹ ਜਹਾਜ ਵੈਨਕੂਵਰ ਦੀ ਬੰਦਰਗਾਹ ਤੇ ਪੁੱਜਾ, ਪਰ ਉਸ ਸਮੇਂ ਦੀ ਕਨੇਡਾ ਸਰਕਾਰ ਨੇ ਮੁਸਾਫਰਾਂ ਨੂੰ ਨਾਂ ਹੀ ਬੰਦਰਗਾਹ ਤੇ ਉਤਰਨ ਦਿੱਤਾ, ਬਲਕਿ ਰਾਸ਼ਣ ਪਾਣੀ ਅਤੇ ਬਾਹਰਲਾ ਰਾਸ਼ਨ ਵੀ ਬੰਦ ਕਰ ਦਿੱਤਾ। ਪਰ ਪਹਿਲਾਂ ਰਹਿ ਰਹੇ ਵੈਨਕੂਵਰ ਦੇ ਸਿੱਖਾਂ ਦੇ ਦਬਾਅ ਵਧਣ ਕਾਰਨ ਪਾਣੀ ਅਤੇ ਰਾਸ਼ਨ ਸਿੱਖਾਂ ਨੂੰ ਪਹੁਚਾਂ ਦਿੱਤਾ। ਅਖੀਰ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ ਵੈਨਕੂਵਰ ਤੋਂ ਵਾਪਸ ਕਰ ਦਿੱਤਾ ਗਿਆ ਅਤੇ 26 ਸਤੰਬਰ 1914 ਨੂੰ ਕਲਕੱਤੇ (ਭਾਰਤ) ਪੁੱਜਾ। ਜਿੱਥੇ ਉਸ ਸਮੇਂ ਦੀ ਬਰਤਾਨਵੀ ਸਰਕਾਰ ਨੇ ਗੋਲੀਆਂ ਚਲਾ ਦਿੱਤੀਆਂ ਜਦੋਂ ਸਾਤਮਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਕਲਕੱਤਾ ਗੁਰਦੁਆਰਾ ਸਾਹਿਬ ਲੈ ਜਾਣ ਲੱਗੇ, ਇਸ ਤਰਾਂ ਬ੍ਰਿਟਿਸ਼ ਸਿਪਾਹੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ 20 ਸਿੱਖ ਸ਼ਹੀਦ ਹੋ ਗਏ ਅਤੇ ਅਨੇਕਾਂ ਨੂੰ ਜੇਲ੍ਹਾਂ ਵਿਚ ਛੱਡ ਦਿੱਤਾ। ਬਾਬਾ ਗੁਰਦਿੱਤ ਸਿੰਘ ਜੀ ਅਤੇ ਹੋਰ ਸਾਥੀ ਪੁਲਿਸ ਦੇ ਹੱਥ ਨਾ ਲੱਗੇ। ਅਖੀਰ ਵਿਚ 1920 ਵਿਚ ਮਹਾਤਮਾ ਗਾਂਧੀ ਅਤੇ ਹੋਰ ਉੱਚ ਕੋਟੀ ਦੇ ਲੀਡਰਾਂ ਦੀ ਸਲਾਹ ਨਾਲ ਬਾਬਾ ਗੁਰਦਿੱਤ ਸਿੰਘ ਜੀ ਨੇ ਆਤਮ ਸਮਰਪਣ ਕਰ ਦਿੱਤਾ ਅਤੇ 5 ਸਾਲ ਜੇਲ੍ਹ ਵਿੱਚ ਰਹੇ, ਪਰ ਬਾਬਾ ਗੁਰਦਿੱਤ ਸਿੰਘ ਜੀ ਖਿਲਾਫ ਭਾਰਤ ਵਿਚ ਕੋਈ ਸਬੂਤ ਨਾ ਮਿਲਣ ਕਰ ਕੇ ਅੰਗਰੇਜ਼ ਸਰਕਾਰ ਨੂੰ ਛੱਡਣਾ ਪਿਆ।ਇਹਨਾਂ 5 ਸਾਲਾਂ ਦੇ ਅਰਸੇ ਦੌਰਾਨ ਬਾਬਾ ਗੁਰਦਿੱਤ ਸਿੰਘ ਜੀ ਨੇ ਗੁਰੂ ਨਾਨਕ ਜਹਾਜ ਅਤੇ ਇਸਦੇ ਮੁਸਾਫਰਾਂ ਨਾਲ ਹੋਏ ਅੱਤਿਆਚਾਰ ਬਾਰੇ 2 ਕਿਤਾਬਾਂ ਲਿਖੀਆਂ ਅਤੇ ਤੀਜੀ ਕਿਤਾਬ ਉਰਦੂ ਵਿਚ ਲਿਖੀ ਜੋ ਸਾਰੀਆਂ ਹੀ ਬਰਤਾਨਵੀ ਸਰਕਾਰ ਨੇ ਜ਼ਬਤ ਕਰ ਲਈਆਂ ।
ਡਾ. ਗੁਰਦੇਵ ਸਿੰਘ ਸਿੱਧੂ ਜੀ ਨੇ ਉਪਰਾਲਾ ਕੀਤਾ ਅਤੇ ਕਿਤਾਬ ਦੀ ਖੋਜ ਕੀਤੀ ਜੋ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿਖੇ ਉਪਲਬਧ ਹੈ ਤੇ ਕਿਤਾਬ ਨੂੰ ਮੂਲ ਵਿਚ ਸੰਪਾਦਕ ਕੀਤਾ ਅਤੇ 21 ਜੁਲਾਈ 2024 ਨੂੰ ਵੈਨਕੂਵਰ ਦੇ ਸਮੁੰਦਰੀ ਤੱਟ ਤੇ ਸੈਂਕੜੇ ਲੋਕਾਂ ਦੀ ਹਾਜਰੀ ਵਿਚ ਰਿਲੀਜ ਕੀਤਾ ਤਾਂ ਕਿ ਆਮ ਲੋਕਾਂ ਵਿਚ ਪਏ ਭੁਲੇਖੇ ਨੂੰ ਦੂਰ ਕੀਤਾ ਜਾ ਸਕੇ।
ਸਮਾਗਮ ਦੇ ਅਖੀਰ ਵਿਚ ਸ. ਹਰਪਾਲ ਸਿੰਘ ਬਰਾੜ ਪ੍ਰਧਾਨ ਸੀਨੀਅਰ ਸੈਂਟਰ ਸਰੀ ਨੇ ਵੀ ਡਾ. ਗੁਰਦੇਵ ਸਿੰਘ ਸਿੱਧੂ ਦੇ ਉਪਰਾਲੇ ਦੀ ਸ਼ਲਾਘਾ ਦੇ ਨਾਲ ੨ ਪ੍ਰੋੜਤਾ ਵੀ ਕੀਤੀ। ਕਿ ਹੁਣ ਸਾਨੂੰ ਕਾਮਾਗਾਟਾ ਮਾਰੂ ਨਹੀਂ ਸਿਰਫ “ਗੁਰੂ ਨਾਨਕ ਜਹਾਜ” ਹੀ ਕਹਿਣਾਂ ਚਾਹੀਦਾ ਹੈ। ਸਾਰੇ ਮੈਂਬਰਾਂ ਨੇ ਸਹਿਮਤੀ ਜਿਤਾਈ।ਅਖੀਰ ਵਿਚ ਚਾਹ ਪਾਣੀ ਪੀਣ ਉਪਰੰਤ ਸਭਾਦੀਸਮਾਪਤੀਹੋਈ।