Sunday, November 24, 2024
5.9 C
Vancouver

ਗ਼ਜ਼ਲ

ਮੱਲੋ-ਮੱਲੀ ਜੇਬਾਂ ਦੇ ਵਿੱਚ ਪਾ ਕੇ ਨੋਟ,

ਲੀਡਰ ਕਹਿੰਦੇ,”ਸਾਨੂੰ ਸਾਰੇ ਪਾਇਉ ਵੋਟ।”

ਫੇਰ ਉਨ੍ਹਾਂ ਨੇ ਮੁੜ ਆਣਾ ਨ੍ਹੀ ਲੋਕਾਂ ਕੋਲ,

ਹੁਣ ਕੰਮ ਜਿਨ੍ਹਾਂ ਦਾ ਯਾਰੋ ਆ ਜਾਣਾ ਲੋਟ।

ਤਨ ਤੇ ਲੱਗੀ ਚੋਟ ਹੋ ਜਾਵੇ ਛੇਤੀ ਠੀਕ,

ਪਰ ਬਹੁਤ ਖਰਾਬ ਕਰੇ ਦਿਲ ਤੇ ਲੱਗੀ ਚੋਟ।

ਤੁਰਨਾ ਪੈਂਦਾ ਹੈ ਲੋਈ ਦੀ ਬੁੱਕਲ ਮਾਰ,

ਠੰਢ ਕਦੇ ਨਾ ਹੱਟਦੀ ਯਾਰੋ ਪਾ ਕੇ ਕੋਟ।

ਉਸ ਨੂੰ ਮਿਲ ਕੇ ਘਾਟਾ ਹੀ ਪੈਣਾ ਜੀਵਨ ‘ਚ,

ਜਿਸ ਬੰਦੇ ਦੇ ਦਿਲ ਵਿੱਚ ਹੋਵੇ ਯਾਰੋ ਖੋਟ।

ਉਹਨਾਂ ਨੂੰ ਇਨਸਾਨੀਅਤ ਦੇ ਦੁਸ਼ਮਣ ਸਮਝੋ,

ਜੋ ਹਰ ਚੀਜ਼ ਦੇ ਵਿੱਚ ਰਲਾਈ ਜਾਵਣ ਖੋਟ।

ਸ਼ਾਇਰ ਦੇ ਲਿਖਣ ਦਾ ਲੋਕਾਂ ਨੂੰ ਤਾਂ ਹੈ ਲਾਭ,

ਜੇ ਉਦ੍ਹੇ ਸ਼ਿਅਰ ਜੋਕਾਂ ਤੇ ਕਰਨ ਕਰਾਰੀ ਚੋਟ।

ਮੱਲੋ-ਮੱਲੀ ਜੇਬਾਂ ਦੇ ਵਿੱਚ ਪਾ ਕੇ ਨੋਟ,

ਲੀਡਰ ਕਹਿੰਦੇ,”ਸਾਨੂੰ ਸਾਰੇ ਪਾਇਉ ਵੋਟ।”

ਲਿਖਤ : ਮਹਿੰਦਰ ਸਿੰਘ ਮਾਨ

ਸੰਪਰਕ : 9915803554