ਮਿਸੀਸਾਗਾ : ਉਨਟਾਰੀਓ ਵਿਚ ਖੰਘ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਦਾ ਸਹਿਮ ਦਾ ਮਾਹੌਲ ਬਣ ਰਿਹਾ ਹੈ। ਸਥਾਨਕ ਸਿਹਤ ਵਿਭਾਗ ਵੱਲੋਂ ਅੱਠ ਇਲਾਕਿਆਂ ਵਿਚ ਲੋਕਾਂ ਨੂੰ ਇਸ ਬਾਰੇ ਸੁਚੇਤ ਕਰਦੇ ਹੋਏ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਇਥੇ ਵੂਪਿੰਗ ਕਫ਼ ਦੇ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਵੇਖਣ ਨੂੰ ਮਿਲਿਆ ਹੈ। ਇਸ ਦੇ ਮੁਢਲੇ ਲੱਛਣ ਸਾਧਾਰਣ ਕਿਸਮ ਦੇ ਹੁੰਦੇ ਹਨ ਪਰ ਫੇਫੜਿਆਂ ਵਿਚ ਇਨਫੈਕਸ਼ਨ ਤੇਜ਼ੀ ਫੈਲਣ ਕਾਰਨ ਮਰੀਜ਼ ਗੰਭੀਰ ਬਿਮਾਰ ਹੋ ਸਕਦਾ ਹੈ।
ਟੋਰਾਂਟੋ ਪਬਲਿਕ ਹੈਲਥ ਦੇ ਐਸੋਸੀਏਟ ਮੈਡੀਕਲ ਅਫਸਰਾਂ ਦਾ ਕਹਿਣਾ ਹੈ ਕਿ ਇਸ ਸਾਲ ਜਨਵਰੀ ਤੋਂ ਮਈ ਦਰਮਿਆਨ 206 ਮਰੀਜ਼ ਸਾਹਮਣੇ ਆਏ ਜਦਕਿ ਮਹਾਂਮਾਰੀ ਤੋਂ ਪਹਿਲਾਂ ਕਦੇ ਵੀ ਪੂਰੇ ਵਰ੍ਹੇ ਦੌਰਾਨ ਅੰਕੜਾ 151 ਤੋਂ ਵੱਧ ਨਹੀਂ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਲੋਕ ਇਸ ਬਿਮਾਰੀ ਨੂੰ ਸਾਧਾਰਨ ਖੰਘ ਸਮਝ ਲੈਂਦੇ ਹਨ ਜਿਸ ਕਰਕੇ ਇਹ ਕਈ ਲੋਕਾਂ ਦੀ ਵੱਡੀ ਸਮੱਸਿਆ ਬਣ ਕੇ ਉਭਰ ਰਹੀ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਵੈਕਸੀਨੇਸ਼ਨ ਕਰਵਾ ਕੇ ਹੀ ਇਸ ਖਤਰਨਾਕ ਕਿਸਮ ਦੀ ਖੰਘ ਤੋਂ ਬਚਿਆ ਜਾ ਸਕਦਾ ਹੈ।