Thursday, November 21, 2024
6.5 C
Vancouver

ਅਫਗ਼ਾਨਿਸਤਾਨ ਤੋਂ ਸ਼ਰਨਾਰਥੀ ਪਰਿਵਾਰ ਸੁਰੱਖਿਅਤ ਕੈਨੇਡਾ ਪਹੁੰਚਿਆ

ਕਾਬੁੱਲ : ਅਫ਼ਗ਼ਾਨਿਸਤਾਨ ਤੋਂ ਹਿਜਰਤ ਕਰਕੇ ਪਰਿਵਾਰ ਸਣੇ ਪਾਕਿਸਤਾਨ ਪਹੁੰਚਿਆ ਇੱਕ ਪੱਤਰਕਾਰ ਅਤੇ ਸ਼ਰਨਾਰਥੀ ਆਖ਼ਰਕਾਰ ਕੈਨੇਡਾ ਪਹੁੰਚ ਗਿਆ ਹੈ।

ਮੁਹੰਮਦ ਮੁਕੀਮ ਮਹਿਰਾਨ ਦੇ ਸਿਰ ‘ਤੇ ਪਾਕਿਸਤਾਨ ਵਿਚ ਵਾਪਸ ਅਫ਼ਗਾਨਿਸਤਾਨ ਡਿਪੋਰਟ ਕੀਤੇ ਜਾਣ ਦੀ ਤਲਵਾਰ ਲਟਕ ਰਹੀ ਸੀ, ਪਰ ਕੈਨੇਡਾ ਦੇ ਸਸਕਾਟੂਨ ਪਹੁੰਚ ਕੇ ਉਸ ਦਾ ਕਹਿਣਾ ਹੈ ਕਿ ਇੱਥੇ ਆਉਣਾ ਉਸਦੇ ਪਰਿਵਾਰ ਲਈ ਦੂਸਰਾ ਜਨਮ ਲੈਣ ਵਾਂਗ ਹੈ।

ਤਾਲਿਬਾਨ ਦੇ ਅਫਗ਼ਾਨਿਸਤਾਨ ਦੀ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਮਹਿਰਾਨ ਜੂਨ 2022 ਵਿਚ ਪਾਕਿਸਤਾਨ ਭੱਜ ਗਿਆ ਸੀ ਅਤੇ ਜੂਨ 2023 ਵਿਚ ਉਸਦਾ ਪਰਿਵਾਰ ਪਾਕਿਸਤਾਨ ਪਹੁੰਚ ਗਿਆ ਸੀ। ਉਸਨੇ ਦੱਸਿਆ ਕਿ ਪਾਕਿਸਤਾਨ ਵਿਚ ਲੁਕਦਿਆਂ ਉਸਦੀ ਸਥਿਤੀ ਬਹੁਤ ਬਦਤਰ ਸੀ।

ਸ਼ੁੱਕਰਵਾਰ ਨੂੰ ਮਹਿਰਾਨ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਸਸਕਾਟੂਨ ਪਹੁੰਚਿਆ ਹੈ। ਮਹਿਰਾਨ ਨੇ ਕਿਹਾ, ਮੈਂ ਭੱਜ ਰਿਹਾ ਸੀ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ, ਇੱਕ ਘਰ ਤੋਂ ਦੂਸਰੇ ਘਰ। ਪਰ ਹੁਣ ਮੈਂ ਇੱਥੇ ਹਾਂ, ਸੁਰੱਖਿਅਤ ਮਹਿਸੂਸ ਕਰ ਰਿਹਾਂ ਅਤੇ ਬਦਤਰ ਸਥਿਤੀ ਵਿਚ ਨਹੀਂ ਹਾਂ।

ਉਸਨੇ ਕਿਹਾ, ਜਦੋਂ ਮੈਂ ਪਾਕਿਸਤਾਨ ਵਿੱਚ ਸੀ, ਮੈਂ ਸੱਚਮੁੱਚ ਆਪਣੀ ਜ਼ਿੰਦਗੀ, ਭੋਜਨ ਅਤੇ ਹਰ ਚੀਜ਼ ਬਾਰੇ ਚਿੰਤਤ ਸੀ। ਪਰ ਇਸ ਸਮੇਂ, ਮੈਂ ਸੁਰੱਖਿਅਤ ਅਤੇ ਮਹਿਫ਼ੂਜ਼ ਮਹਿਸੂਸ ਕਰਦਾ ਹਾਂ।

ਪਿਛਲੇ ਸਾਲ ਪਾਕਿਸਤਾਨੀ ਸਰਕਾਰ ਨੇ ਅਚਾਨਕ ਹੀ ਬਿਨਾਂ ਪ੍ਰਮਾਣਿਕ ​​ਦਸਤਾਵੇਜ਼ਾਂ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ 1 ਨਵੰਬਰ, 2023 ਤੱਕ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ, ਅਤੇ ਅਜਿਹਾ ਨਾ ਕਰਨ ਵਾਲਿਆਂ ‘ਤੇ ਡਿਪੋਰਟੇਸ਼ਨ ਦੀ ਤਲਵਾਰ ਵੀ ਲਟਕ ਗਈ ਸੀ। ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ ਦੇ ਅਨੁਸਾਰ, ਇਸ ਸਮੇਂ ਪਾਕਿਸਤਾਨ ਵਿੱਚ 3.1 ਮਿਲੀਅਨ ਤੋਂ ਵੱਧ ਅਫਗਾਨ ਰਹਿ ਰਹੇ ਹਨ।

ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ  ਦਾ ਅਨੁਮਾਨ ਹੈ ਕਿ ਪਿਛਲੇ ਸਾਲ ਮੱਧ ਸਤੰਬਰ ਤੋਂ 669,900 ਅਫ਼ਗ਼ਾਨੀ ਪਾਕਿਸਤਾਨ ਤੋਂ ਵਾਪਸ ਅਫ਼ਗ਼ਾਨਿਸਤਾਨ ਮੁੜ ਚੁੱਕੇ ਹਨ, ਜਿਨ੍ਹਾਂ ਵਿਚ 28,700 ਉਹ ਹਨ ਜਿਹੜੇ ਨਵੰਬਰ ਦੀ ਡੈੱਡਲਾਈਨ ਤੋਂ ਬਾਅਦ ਜਬਰਨ ਡਿਪੋਰਟ ਕੀਤੇ ਗਏ ਹਨ।