Tuesday, December 3, 2024
1.5 C
Vancouver

ਸੱਪਾਂ ਦੀ ਦੁਨੀਆ

ਸਾਡੇ ਦੇਸ਼ ਵਿਚ ਸੱਪਾਂ ਦੀਆਂ ਜਿੰਨੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ, ਉਨ੍ਹਾਂ ਵਿਚੋਂ ਸਿਰਫ 12 ਫੀਸਦੀ ਹੀ ਜ਼ਹਿਰੀਲੀਆਂ ਹਨ | ਸਾਡੇ ਆਲੇ-ਦੁਆਲੇ ਦਿਖਾਈ ਦੇਣ ਵਾਲੇ ਸੱਪਾਂ ਵਿਚ ਜ਼ਿਆਦਾਤਰ ਜ਼ਹਿਰ ਤੋਂ ਰਹਿਤ ਹੁੰਦੇ ਹਨ | ਸੱਪਾਂ ਪ੍ਰਤੀ ਮਨੱੁਖ ਦੇ ਡਰ ਦਾ ਮੂਲ ਕਾਰਨ ਉਸ ਦਾ ਜ਼ਹਿਰੀਲਾ ਹੋਣਾ ਹੀ ਹੈ ਪਰ ਕੁਝ ਮਨੋਵਿਗਿਆਨੀਆਂ ਅਨੁਸਾਰ ਸੱਪ ਦੇ ਡੰਗਣ ਨਾਲ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਦਾ ਅਸਲ ਕਾਰਨ ਸੱਪ ਦਾ ਜ਼ਹਿਰ ਨਾ ਹੋ ਕੇ ਸਦਮਾ ਹੁੰਦਾ ਹੈ | ਦੂਜਾ ਪਹਿਲੂ ਇਹ ਹੈ ਕਿ ਸੱਪ ਚੂਹਿਆਂ ਨੂੰ ਖਾ ਕੇ ਭਾਰਤ ਵਿਚ ਤਕਰੀਬਨ 18 ਕਰੋੜ ਲੋਕਾਂ ਦਾ ਭੋਜਨ ਹਰ ਸਾਲ ਬਚਾਉਂਦੇ ਹਨ | ਭਾਰਤ ਹੀ ਨਹੀਂ, ਕਈ ਹੋਰ ਦੇਸ਼ਾਂ ਵਿਚ ਨਾਗ ਪੂਜਾ ਦੀ ਪਰੰਪਰਾ ਦਾ ਜ਼ਿਕਰ ਮਿਲਦਾ ਹੈ | ਮਿਸਰ ਵਿਚ ਨੀਲ ਨਦੀ ਦੇ ਕਿਨਾਰੇ ਹਜ਼ਾਰਾਂ ਸੱਪਾਂ ਦੇ ਵਿਸ਼ੇਸ਼ ਪੂਜਾ ਸਥਾਨ ਬਣੇ ਸਨ | ਇਸ਼ਨਾਨ ਉਪਰੰਤ ਕੁਆਰੀਆਂ ਕੁੜੀਆਂ ਪਾਣੀ ਅਤੇ ਫੱੁਲਾਂ ਨਾਲ ਸੱਪਾਂ ਦੇ ਸਥਾਨਾਂ ਦੀ ਪੂਜਾ ਕਰਦੀਆਂ ਸਨ, ਤਾਂ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਹੋਣ | ਮਿਸਰ ਦੇ ਕਈ ਪ੍ਰਾਚੀਨ ਸਮਰਾਟਾਂ ਦੇ ਮੁਕਟ ਵਿਚ ਵੀ ‘ਨਾਗ ਦੀ ਮੂਰਤੀ’ ਬਣੀ ਹੁੰਦੀ ਸੀ | ਉਥੋਂ ਦੀ ਸੰਸਕ੍ਰਿਤੀ ਵਿਚ ਨਾਗ ਪੂਜਾ ਦੀ ਪਰੰਪਰਾ ਚਾਲੀ ਹਜ਼ਾਰ ਸਾਲ ਪੁਰਾਣੀ ਹੈ | ਇਥੋਂ ਦੇ ਕਈ ਬੱੁਧ ਮੱਠਾਂ ਵਿਚ ਵੀ ਭਗਵਾਨ ਬੱੁਧ ਦੀਆਂ ਮੂਰਤੀਆਂ ਦੇ ਇਰਦ-ਗਿਰਦ ਕਈ ਸੋਨੇ, ਚਾਂਦੀ ਅਤੇ ਲਾਲ ਪੱਥਰਾਂ ਨਾਲ ਤਰਾਸ਼ੇ ਅਨੋਖੇ ਸੱਪਾਂ ਦੇ ਸਥਾਨ ਬਣੇ ਹਨ, ਜਿਨ੍ਹਾਂ ਦੀ ਹਰ ਪੂਰਨਮਾਸ਼ੀ ਨੂੰ ਪੂਜਾ ਹੁੰਦੀ ਹੈ | ਇਥੇ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਬੱੁਧ ਨੂੰ ਸੱਪਾਂ ਨਾਲ ਅਥਾਹ ਪ੍ਰੇਮ ਸੀ | ਮਲੇਸ਼ੀਆ ਵਿਚ ਸੱਪਾਂ ਦਾ ਇਕ ਅਨੋਖਾ ਮੰਦਰ ਹੈ, ਜਿਸ ਨੂੰ ‘ਕੋਰ-ਸੁਰਕਾਂਗ’ ਨਾਂਅ ਨਾਲ ਜਾਣਿਆ ਜਾਂਦਾ ਹੈ |
ਨਾਰਵੇ ਦੇ ਇਤਿਹਾਸ ਵਿਚ ਨਾਗ ਨੂੰ ਧਰਤੀ ਦਾ ਸਵਾਮੀ ਕਿਹਾ ਜਾਂਦਾ ਹੈ | ਭਾਰਤ ਵਾਂਗ ਉਥੇ ਵੀ ਵਰਖਾ ਦੇ ਮੌਸਮ ਵਿਚ ਨਾਗ ਪੂਜਾ ਦੀ ਪਰੰਪਰਾ ਹੈ | ਬੇਬੀਲੋਨੀਆਂ ਵਿਚ ਤਾਂ ਸੱਪ ਨੂੰ ਧਰਤੀ ਦਾ ਵੀਰ ਪੱੁਤਰ ਕਿਹਾ ਜਾਂਦਾ ਹੈ | ਇਸ ਦੀ ਵਿਸ਼ੇਸ਼ ਪੂਜਾ ਉਸ ਸਮੇਂ ਕੀਤੀ ਜਾਂਦੀ ਸੀ, ਜਦ ਅਸਮਾਨ ਵਿਚ ਇੰਦਰ ਧਨੁਸ਼ ਨਿਕਲਿਆ ਹੋਵੇ | ਦੱਖਣੀ ਅਫਰੀਕਾ ਦੇ ਕੁਝ ਜੀਵ ਵਿਗਿਆਨੀਆਂ ਨੇ ਸੱਪਾਂ ਦੀਆਂ ਵੱਖ-ਵੱਖ ਨਸਲਾਂ ‘ਤੇ ਖੋਜ ਕਰਕੇ ਇਹ ਸਾਬਤ ਕੀਤਾ ਹੈ ਕਿ ਸੱਪ ਬਹੁਤ ਘੱਟ ਵਿਕਸਿਤ ਬੱੁਧੀ ਵਾਲਾ ਜੀਵ ਹੈ ਅਤੇ ਇਸ ਦੀ ਯਾਦ ਸ਼ਕਤੀ ਏਨੀ ਨਹੀਂ ਹੈ ਕਿ ਇਹ ਕਿਸੇ ਘਟਨਾਕ੍ਰਮ ਨੂੰ ਯਾਦ ਰੱਖ ਸਕੇ | ਇਹ ਤੱਥ ਸਰਾਸਰ ਬੇਬੁਨਿਆਦ ਹੈ ਕਿ ਸੱਪ ਆਪਣੇ ਦੁਸ਼ਮਣ ਤੋਂ ਬਦਲਾ ਲੈਂਦਾ ਹੈ | ਸੋ, ਫ਼ਿਲਮੀ ਕਹਾਣੀਆਂ ਤੋਂ ਸੁਚੇਤ ਰਹੋ, ਉਹ ਸਿਰਫ ਵਹਿਮ ਹੈ |

-ਧਰਵਿੰਦਰ ਸਿੰਘ ਔਲਖ,
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮਿ੍ਤਸਰ-143109. ਮੋਬਾ: 97813-76990