Thursday, November 21, 2024
6.8 C
Vancouver

ਮੁਸਕਰਾਉਣਾ ਵੀ ਇਕ ਕਲਾ ਹੈ

ਮੁਸਕਰਾਉਣਾ ਸਿਹਤਮੰਦ ਮਨ ਦੀ ਨਿਸ਼ਾਨੀ ਹੈ। ਮੁਸਕਰਾਉਂਦੇ ਚਿਹਰੇ ਆਪਣੇ ਜੀਵਨ ਨੂੰ ਤਾਂ ਖੁਸ਼ਗਵਾਰ ਬਣਾਉਂਦੇ ਹੀ ਹਨ, ਨਾਲ ਹੀ ਆਪਣੇ ਘਰ-ਪਰਿਵਾਰ, ਦੋਸਤ-ਮਿੱਤਰ, ਸਾਥੀ ਕਰਮਚਾਰੀ, ਗੱਲ ਕੀ ਸਾਰੇ ਸਮਾਜ ਨੂੰ ਖੁਸ਼ੀਆਂ-ਖੇੜਿਆਂ ਨਾਲ ਭਰ ਦਿੰਦੇ ਹਨ। ਉਹ ਜਿਨ੍ਹਾਂ ਨੂੰ ਮਿਲਦੇ ਹਨ ਜਾਂ ਜਿਥੋਂ ਦੀ ਲੰਘ ਜਾਂਦੇ ਹਨ, ਕੁਝ ਕਹਿ ਜਾਂਦੇ ਹਨ। ਬੁੱਲ੍ਹਾਂ ‘ਤੇ ਆਈ ਮੁਸਕਰਾਹਟ ਸਾਡੀ ਅੰਦਰਲੀ ਖੁਸ਼ੀ ਦਾ ਪ੍ਰਤੀਕ ਹੁੰਦੀ ਹੈ। ਕਈ ਵਾਰ ਅਸੀਂ ਮਨੋ-ਮਨ ਬਹੁਤ ਪ੍ਰੇਸ਼ਾਨ ਹੁੰਦੇ ਹਾਂ ਪਰ ਆਪਣੀ ਪ੍ਰੇਸ਼ਾਨੀ ਦਾ ਬੋਝ ਦੂਜਿਆਂ ‘ਤੇ ਨਹੀਂ ਪਾਉਂਦੇ। ਦਿਲ ਦੇ ਦਰਦ ਨੂੰ ਅੰਦਰ ਦਬਾ ਕੇ ਜਿਸ ਨੂੰ ਵੀ ਮਿਲਦੇ ਹਾਂ, ਮੁਸਕਰਾ ਕੇ ਮਿਲਦੇ ਹਾਂ। ਬਸ ਇਹੀ ਕਲਾ ਹੈ। ਇਹ ਵਰਤਾਰਾ ਸਾਨੂੰ ਹੌਲੀ-ਹੌਲੀ ਪ੍ਰੇਸ਼ਾਨੀ ਤੋਂ ਮੁਕਤ ਕਰਦਾ ਹੈ। ਸਵਸਥ ਤੇ ਨਿਰੋਗ ਜੀਵਨ ਬਖਸ਼ਦਾ ਹੈ।
ਕੁਝ ਲੋਕ ਬਹੁਤ ਸੜੀਅਲ, ਗੁਸੈਲੇ ਤੇ ਖਿਝੂ ਹੁੰਦੇ ਹਨ, ਜਿਸ ਨੂੰ ਮਿਲਦੇ ਹਨ, ਸੜੇ ਮੱਥੇ ਮਿਲਦੇ ਹਨ। ਇਹ ਆਦਤ ਉਨ੍ਹਾਂ ਨੂੰ ਮਨੋਰੋਗੀ ਬਣਾ ਦਿੰਦੀ ਹੈ। ਅਜਿਹੇ ਲੋਕ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਨਾ ਖਾਣਾ ਹਜ਼ਮ ਹੁੰਦਾ ਹੈ, ਨਾ ਚਿਹਰੇ ‘ਤੇ ਰੌਣਕ ਆਉਂਦੀ ਹੈ। ਸ਼ੂਗਰ, ਬੀ. ਪੀ., ਵੱਧ ਕੋਲੈਸਟ੍ਰੋਲ ਤੇ ਹੋਰ ਕਈ ਤਕਲੀਫਾਂ ਲਈ ਦਵਾਈਆਂ ਖਾਣ ਦੇ ਆਦੀ ਬਣ ਜਾਂਦੇ ਹਨ। ਬਸ ਉਦਾਸ ਤੇ ਨਿਰਾਸ਼ ਨਜ਼ਰ ਆਉਂਦੇ ਹਨ। ਮੁਸਕਰਾਹਟ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ। ਸੁੰਦਰਤਾ ਦੀ ਪ੍ਰਤੀਕ ਹੈ। ਮਨੁੱਖੀ ਜ਼ਿੰਦਗੀ ਦਾ ਆਧਾਰ ਹੈ। ਸਰੀਰਕ ਅਰੋਗਤਾ ਲਈ ਰੱਖਿਆ ਗਿਆ ਇਕ ਚੰਗਾ ਕਦਮ ਹੈ। ਸਵੇਰ ਸਾਰ ਉੱਠਦੇ ਸਮੇਂ ਇਕ-ਦੂਜੇ ਨੂੰ ਮੁਸਕਰਾ ਕੇ ਮਿਲਣਾ, ਸੈਰ ਕਰਦੇ ਸਮੇਂ ਕਿਸੇ ਨੂੰ ਖੁਸ਼ ਹੋ ਕੇ ਬੁਲਾ ਲੈਣਾ, ਵੱਡਿਆਂ ਦਾ ਸਤਿਕਾਰ ਤੇ ਬੱਚਿਆਂ ਨੂੰ ਮੁਸਕਰਾਹਟ ਭਰਿਆ ਪਿਆਰ, ਪਰਮਾਤਮਾ ਦੀ ਭਗਤੀ ਤੇ ਕੁਦਰਤ ਦੀ ਰਾਖੀ ਕੁਝ ਅਜਿਹੇ ਗੁਣ ਹਨ, ਜੋ ਹਮੇਸ਼ਾ ਇਨਸਾਨ ਨੂੰ ਖਿੜਿਆ-ਖਿੜਿਆ ਰੱਖਦੇ ਹਨ। ਬਸ ਸਾਡੀ ਸੋਚ ਸੁਚਾਰੂ ਹੋਣੀ ਚਾਹੀਦੀ ਹੈ।
ਅੱਜ ਪੈਸੇ ਦੀ ਅੰਨ੍ਹੀ ਦੌੜ ਨੇ ਸਾਨੂੰ ਹੱਸਣਾ, ਮੁਸਕਰਾਉਣਾ ਭੁਲਾ ਦਿੱਤਾ ਹੈ। ਮੁਕਾਬਲੇ ਦਾ ਯੁੱਗ ਹੈ, ਰਿਸ਼ਤਿਆਂ ਦਾ ਲਹੂ ਸਫੈਦ ਹੋਈ ਜਾ ਰਿਹੈ। ਬਿਨਾਂ ਸ਼ੱਕ ਪੈਸਾ ਜ਼ਿੰਦਗੀ ਜਿਊਣ ਲਈ ਜ਼ਰੂਰੀ ਹੈ, ਕਮਾਉਣਾ ਚਾਹੀਦਾ ਹੈ ਪਰ ਖੁਸ਼ਕ ਜੀਵਨ ਤੋਂ ਦੂਰ ਰਹਿ ਕੇ ਖੁਸ਼ੀਆਂ-ਖੇੜੇ ਵੰਡਦਿਆਂ, ਹੱਸਦਿਆਂ-ਮੁਸਕੁਰਾਉਂਦਿਆਂ, ਦਾਤਾਂ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਕਰਦਿਆਂ, ਸਬਰ-ਸੰਤੋਖ, ਪਿਆਰ-ਮੁਹੱਬਤ, ਨਿਮਰਤਾ ਦਾ ਪੱਲਾ ਫੜਦਿਆਂ ਜੇ ਜਿਊਣ ਦੀ ਜਾਚ ਸਿੱਖ ਲਈਏ ਤੇ ਮੁਸਕਰਾਹਟ ਹਿਰਦੇ ਅੰਦਰੋਂ ਨਿਕਲ ਕੇ ਆਪਮੁਹਾਰੇ ਬੁੱਲ੍ਹਾਂ ‘ਤੇ ਆ ਜਾਵੇਗੀ। ਅੱਜ ਦਾ ਯੁੱਗ ਯੋਗ ਦਾ ਯੁੱਗ ਹੈ। ਹਰ ਇਨਸਾਨ ਸਿਹਤ ਲਈ ਫਿਕਰਮੰਦ ਹੈ। ਯੋਗ ਤੰਦਰੁਸਤੀ ਦਾ ਰਾਜ਼ ਹੈ। ਉੱਚੀ-ਉੱਚੀ ਹੱਸਣਾ ਤੇ ਮੁਸਕਰਾਉਣਾ ਯੋਗ ਦੀਆਂ ਉੱਤਮ ਕਿਰਿਆਵਾਂ ਹਨ। ਆਓ ਹੱਸੀਏ ਵੀ, ਮੁਸਕਰਾਈਏ ਵੀ। ਕੋਈ ਮੁੱਲ ਨਹੀਂ ਲੱਗਣਾ, ਪਵਿੱਤਰਤਾ ਭਰੀ ਮੁਸਕਰਾਹਟ ਸਰੀਰਕ ਪਵਿੱਤਰਤਾ ਲਈ ਸਹਾਈ ਹੋਵੇਗੀ।