Thursday, November 21, 2024
6.6 C
Vancouver

ਬੜੇ ਕੀਮਤੀ ਹੁੰਦੇ ਹਨ ਫੁਰਸਤ ਦੇ ਪਲ

ਮੋਹਿੰਦਰ ਸਿੰਘ ਬਾਜਵਾ

ਦੇਖਿਆ ਜਾਵੇ ਤਾਂ ਘਰੇਲੂ ਔਰਤਾਂ ਨੂੰ ਤਾਂ ਸਵੇਰ ਤੋਂ ਸ਼ਾਮ ਤੱਕ ਰਸੋਈ ਦੇ ਕੰਮ ਤੋਂ ਹੀ ਵਿਹਲ ਨਹੀਂ ਮਿਲਦਾ। ਪਹਿਲਾਂ ਉਠਦੇ ਹੀ ਬੈੱਡ-ਟੀ, ਫਿਰ ਬੱਚਿਆਂ ਦੀ ਸਕੂਲ ਦੀ ਤਿਆਰੀ, ਉਨ੍ਹਾਂ ਦੇ ਟਿਫ਼ਨਾਂ ਦੀ ਤਿਆਰੀ ਅਤੇ ਪਤੀ ਦੇਵ ਨੂੰ ਦਫ਼ਤਰ ਭੇਜਣਾ। ਉਸ ਤੋਂ ਪਿੱਛੋਂ ਘਰ ਦੇ ਕੰਮ, ਫਿਰ ਆਪ ਵੀ ਨਹਾਉਣਾ-ਧੋਣਾ। ਇਸ ਸਭ ਕੁਝ ਤੋਂ ਪਿੱਛੋਂ ਦੁਪਹਿਰ ਦੇ ਭੋਜਨ ਦੀ ਤਿਆਰੀ ਅਤੇ ਉਪਰੰਤ ਰਾਤ ਦਾ ਖਾਣ-ਪੀਣ ਦਾ ਪ੍ਰਬੰਧ, ਭਾਵ ਵਿਹਲ ਮਿਲਣਾ ਬਹੁਤ ਮੁਸ਼ਕਿਲ। ਹਾਂ, ਜੇ ਘਰ ‘ਚ ਕੰਮ ਵਾਲੀ ਆਉਂਦੀ ਹੈ ਤਾਂ ਕੁਝ ਸਮਾਂ ਮਿਲ ਸਕਦਾ ਹੈ।
ਚਲੋ ਕਿਸੇ ਤਰ੍ਹਾਂ ਵੀ ਹੋਵੇ, ਫੁਰਸਤ ‘ਚ ਮਿਲੇ ਸਮੇਂ ਦਾ ਬਹੁਤ ਸੁਚੱਜੇ ਢੰਗ ਨਾਲ ਉਪਯੋਗ ਕਰਨਾ ਚਾਹੀਦਾ ਹੈ। ਕੁਝ ਅਰਾਮ ਕਰਨਾ ਵੀ ਜ਼ਰੂਰੀ ਹੈ। ਅਖ਼ਬਾਰ ਜਾਂ ਟੀ. ਵੀ. ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਘਰ ਦੀ ਚਾਰਦੀਵਾਰੀ ਤੋਂ ਬਾਹਰ ਵੀ ਲੋਕਾਂ ਨਾਲ ਮੇਲ-ਜੋਲ ਰੱਖਣਾ, ਰਿਸ਼ਤੇਦਾਰਾਂ ਦੇ ਦੁੱਖ-ਸੁਖ ਵਿਚ ਸ਼ਾਮਿਲ ਹੋਣ ਤੋਂ ਇਲਾਵਾ ਸਮਾਜ ਸੁਧਾਰ ਅਤੇ ਪਰਉਪਕਾਰ ਦੇ ਕੰਮਾਂ ਵਿਚ ਵੀ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਆਪਣੇ ਗੁਆਂਢੀਆਂ ਨਾਲ ਮੇਲ-ਮਿਲਾਪ ਰੱਖਣਾ ਬਹੁਤ ਹੀ ਜ਼ਰੂਰੀ ਹੈ। ਔਖੇ-ਸੌਖੇ ਵੇਲੇ ਗੁਆਂਢੀ ਹੀ ਕੰਮ ਆਉਂਦੇ ਹਨ, ਰਿਸ਼ਤੇਦਾਰ ਤਾਂ ਬਾਅਦ ਵਿਚ ਹੀ ਪਹੁੰਚਣਗੇ। ਹਜ਼ਰਤ ਮੁਹੰਮਦ ਸਾਹਿਬ ਦਾ ਫ਼ਰਮਾਨ ਸੀ ਕਿ ਖਾਣਾ ਖਾਣ ਤੋਂ ਪਹਿਲਾਂ ਇਹ ਦੇਖ ਲਵੋ ਕਿ ਤੁਹਾਡੇ ਆਸ-ਪਾਸ ਕੋਈ ਸ਼ਖ਼ਸ ਭੁੱਖਾ ਤਾਂ ਨਹੀਂ। ਕਿੰਨੀ ਵਧੀਆ ਗੱਲ ਹੈ।
ਹੋ ਸਕੇ ਤਾਂ ਮੁਹੱਲੇ ਦੀ ਇਸਤਰੀ ਸਭਾ ਜਾਂ ਸਮਾਜ ਸੁਧਾਰ ਸਭਾ ਬਣਾ ਲੈਣੀ ਚਾਹੀਦੀ ਹੈ। ਬਹੁਤ ਸਾਰੀਆਂ ਥਾਵਾਂ ‘ਤੇ ਇਸਤਰੀ ਸਭਾਵਾਂ ਬਣੀਆਂ ਹੋਈਆਂ ਵੀ ਹਨ। ਤੁਸੀਂ ਆਪਣੀ ਪ੍ਰੇਰਨਾ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕ ਸਕਦੇ ਹੋ। ਕਈ ਵਾਰੀ ਛੋਟੀ-ਛੋਟੀ ਗੱਲ ਤੋਂ ਜਿਵੇਂ ਬੱਚਿਆਂ ਦੀ ਲੜਾਈ ਤੋਂ ਝਗੜਾ ਵਧ ਜਾਂਦਾ ਹੈ, ਪਤੀ-ਪਤਨੀ ਦੀ ਤੂੰ-ਤੂੰ, ਮੈਂ-ਮੈਂ ਤੋਂ ਝਗੜਾ ਵਧ ਜਾਂਦਾ ਹੈ ਆਦਿ। ਉਸ ਵਿਚ ਤੁਹਾਡੀ ਸਭਾ ਹਾਲਾਤ ਠੀਕ ਕਰਨ ਵਿਚ ਕਾਫੀ ਉਸਾਰੂ ਰੋਲ ਅਦਾ ਕਰ ਸਕਦੀ ਹੈ। ਆਂਢ-ਗੁਆਂਢ ਵਿਚ ਕੋਈ ਬਿਮਾਰ ਪੈ ਸਕਦਾ ਹੈ, ਜੇ ਉਹ ਹਸਪਤਾਲ ਦਾਖਲ ਹੈ ਤਾਂ ਉਸ ਦੀ ਖ਼ਬਰ-ਸੁਰਤ ਲਈ ਤੁਸੀਂ ਜਾ ਸਕਦੇ ਹੋ। ਜੇ ਚਾਹੋ ਤਾਂ ਉਸ ਦੀ ਪੈਸੇ-ਧੇਲੇ ਨਾਲ ਮਦਦ ਵੀ ਕੀਤੀ ਜਾ ਸਕਦੀ ਹੈ, ਕਿਸੇ ਦੇ ਘਰ ਮਹਿਮਾਨ ਆ ਜਾਣ ਤਾਂ ਕੰਮ-ਕਾਰ ਵਿਚ ਉਸ ਘਰ ਦੀ ਸਹਾਇਤਾ ਵੀ ਕੀਤੀ ਜਾ ਸਕਦੀ ਹੈ। ਕਹਿਣ ਤੋਂ ਭਾਵ ਪਰਉਪਕਾਰ ਦੇ ਕੰਮਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ। ਆਪਣੇ ਲਈ ਤਾਂ ਸਾਰੇ ਹੀ ਜਿਉਂਦੇ ਹਨ ਪਰ ਕਿਸੇ ਦੇ ਕੰਮ ਆਉਣਾ ਹੀ ਅਸਲ ਜੀਵਨ ਹੈ। ਫੁਰਸਤ ਦੇ ਸਮੇਂ ਜਾਂ ਆਪਣੇ ਕੰਮਾਂ ‘ਚੋਂ ਸਮਾਂ ਬਚਾ ਕੇ ਅਸੀਂ ਲੋਕ ਭਲਾਈ ਦੇ ਕੰਮਾਂ ਦਾ ਅਨੰਦ ਮਾਣ ਸਕਦੇ ਹਾਂ।


ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ। ਮੋਬਾ: 99157-31345