Saturday, November 23, 2024
8.7 C
Vancouver

ਦਲਬਦਲੂ

ਲਿਖਤ : ਇੰਦਰ ਸਿੰਘ ਮਾਨ, ਸੰਪਰਕ: 94172-79351

‘‘ਆ ਗਈਆਂ ਚੋਣਾਂ, ਖੇਡਣ ਲਈ ਖਿਡੌਣਾ। ਤੇਰਾ ਸ਼ੁਕਰ ਐ ਰੱਬਾ।’’ ਦਲਬਦਲੂ ਜ਼ੋਰ ਦੀ ਠਹਾਕਾ ਲਾ ਕੇ ਹੱਸਿਆ।

‘‘ਕੀ ਟਪੂੰ-ਟਪੂੰ ਕਰਨ ਲੱਗ ਪਿਐਂ, ਅਜੇ ਕੱਲ੍ਹ ਤਾਂ ਦਲ ਬਦਲਿਆ ਸੀ।’’ ਦਲਬਦਲੂ ਦਾ ਅੰਦਰਲਾ ਜ਼ੋਰ ਨਾਲ ਬੋਲਿਆ।

‘‘ਓ ਤੂੰ ਬਹਿ ਜਾ ਚੁੱਪ ਕਰਕੇ, ਜਦੋਂ ਕੁਝ ਫ਼ਾਇਦਾ ਹੀ ਨਹੀਂ ਹੋਇਆ ਤਾਂ ਟਪੂੰ-ਟਪੂੰ ਕਰਨ ਵਿੱਚ ਹਰਜ਼ ਹੀ ਕੀ ਐ? ਦੁਨੀਆ ਚੰਦ ਤੀਕ ਨੋਟ ’ਕੱਠੇ ਕਰਕੇ ਬਹਿ ਗਈ। ਸਾਡੀ ਜੇਬ ਖਾਲੀ ਦੀ ਖਾਲੀ।’’ ਦਲਬਦਲੂ ਆਪਣੇ ਅੰਦਰਲੇ ਨੂੰ ਝਿੜਕਦਾ ਹੋਇਆ ਬੋਲਿਆ।

‘‘ਪਰ ਕੁਝ ਤਾਂ ਸੋਚ, ਤੈਨੂੰ ਅਗਲਿਆਂ ਨੇ ਸਿਹਰਿਆਂ ਨਾਲ ਲਿਆਂਦਾ ਸੀ। ਸਟੇਜ ਸਜਾਈ ਸੀ। ਸਪੀਕਰ ਵਜਾਇਆ ਸੀ। ਚਾਰ ਜੀਅ ਤੇਰੇ ਨਾਲ ਆਏ ਸੀ। ਚਾਰ ਉਨ੍ਹਾਂ ਦੇ ਖੜ੍ਹੇ ਸੀ। ਪੂਰੇ ਜਾਹੋ-ਜਲਾਲ ਨਾਲ ਚਾਰ ਘੰਟੇ ਪ੍ਰੋਗਰਾਮ ਚੱਲਿਆ ਸੀ। ਤੈਨੂੰ ਭੋਰਾ ਵੀ ਸ਼ਰਮ ਨਹੀਂ ਆਉਂਦੀ। ਦੋਵਾਂ ਧਿਰਾਂ ਨੇ ਰਲ ਕੇ ਦਾਰੂ ਪੀਤੀ ਸੀ। ਕੁੱਕੜ ਉਡਾਏ ਸੀ। ਭੰਗੜੇ ਪਾਏ ਸੀ। ਇੱਕਠਿਆਂ ਜਿਊਣ ਮਰਨ ਦੀ ਸਹੁੰ ਵੀ ਚੁੱਕੀ ਸੀ। ਚੱਲ ਬੰਦਿਆਂ ਵਾਲਾ ਨਹੀਂ, ਜਨਾਨੀਆਂ ਵਾਲਾ ਹੀ ਤੱਤ ਵਿਖਾ, ਘਰ ਦੇ ਮੋਹ ਵਾਲਾ। ਚੋਣਾਂ ਆ ਗਈਆਂ ਨੇ, ਕੁਝ ਤਾਂ ਵਫਾਦਾਰੀ ਵਿਖਾ।’’ ਉਸ ਦਾ ਅੰਦਰਲਾ ਰੋਸ ਭਰੇ ਲਹਿਜੇ ਵਿੱਚ ਹੋਰ ਉੱਚੀ ਆਵਾਜ਼ ਵਿੱਚ ਬੋਲਿਆ।

‘‘ਕਿਹੜੇ ਸਿਹਰਿਆਂ ਦੀ ਗੱਲ ਕਰਦੈਂ, ਜਿਹੜੇ ਬਾਜ਼ਾਰ ਵਿੱਚ ਵਿਕਦੇ ਨੇ, ਸੌ ਦੇ ਦਸ? ਸਿਹਰੇ ਹੁੰਦੇ ਨੇ ਨੋਟਾਂ ਵਾਲੇ। ਉਹ ਤਾਂ ਇੱਕ ਵੀ ਨਾ ਸਰਿਆ।’’

ਨਾ ਹੀ ਕਿਸੇ ਲਿੱਬੜੀ-ਤਿੱਬੜੀ ਸੜੀ ਚੇਅਰ ’ਤੇ ਹੀ ਬਿਠਾਇਆ, ਨਹੀਂ ਹੁਣ ਨੂੰ ਸਾਬਕਾ ਚੇਅਰਮੈਨ ਹੋਣਾ ਸੀ। ਜੇ ਇਨ੍ਹਾਂ ਵਿੱਚ ਬੰਦਿਆਂ ਵਾਲੇ ਤੱਤ ਨਹੀਂ ਤਾਂ ਮੈਨੂੰ ਵੀ ਕੀ ਵਖਤ ਪਿਐ? ਮੈਂ ਵੀ ਦਾਅ ਹੀ ਮਾਰੂੰ। ਜਦ ਇਨ੍ਹਾਂ ਨੇ ਠਿੱਬੀ ਮਾਰੀ ਹੈ ਤਾਂ ਮੈਨੂੰ ਕਾਹਦੀ ਸ਼ਰਮ! ਹੁਣ ਜਿਨ੍ਹਾਂ ਵੱਲ ਜਾਣੈ, ਉਨ੍ਹਾਂ ਨਾਲ ਪਹਿਲਾਂ ਹੀ ਮੁਕ-ਮੁਕਾ ਕਰ ਲਿਐ। ਟਿਕਟ ਵੀ ਪੱਕੀ ਹੋ ਗਈ। ਨੋਟਾਂ ਦੇ ਸਿਹਰੇ ਵੀ ਪਾਉਣ ਨੂੰ ਤਿਆਰ ਨੇ ਤੇ ਜਿੱਤਣ ਤੋਂ ਬਾਅਦ ਕੋਈ ਵਿੰਗੀ ਟੇਢੀ ਚੇਅਰ ਵੀ ਦੇਣੀ ਮੰਨ ਗਏ ਨੇ।’’ ਦਲਬਦਲੂ ਮੁੱਛ ਨੂੰ ਮਰੋੜੀ ਦਿੰਦਿਆਂ ਬੋਲਿਆ।

‘‘ਓ ਦਲਬਦਲੂਆ ਉਹ ਸਿਰਫ਼ ਮੰਨੇ ਹੀ ਨੇ। ਮੰਨੇ ਤਾਂ ਇਹ ਵੀ ਸੀ। ਜੇ ਉਹ ਵੀ ਮੁੱਕਰ ਗਏ, ਫਿਰ ਕਿਧਰ ਭੱਜੇਂਗਾ। ਖਲੋ ਜਾ ਜਿੱਥੇ ਖਲੋਤਾ ਏਂ। ਸਿਦਕ ਸਬੂਰੀ ਦਾ ਕਿਤੇ ਮੁੱਲ ਪੈ ਹੀ ਜਾਂਦਾ ਏ। ਬਹੁਤਾ ਤੱਤਾ ਮੂੰਹ ਹੀ ਸਾੜਦਾ ਏ। ਥੂ-ਥੂ ਵੱਖਰੀ ਹੁੰਦੀ ਹੈ।’’ ਦਲਬਦਲੂ ਨੂੰ ਅੰਦਰਲੇ ਨੇ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ।

‘‘ਓਹ ਯਾਰ, ਥੂ-ਥੂ ਨੂੰ ਛੱਡ। ਉਹ ਤਾਂ ਹੁੰਦੀ ਹੀ ਰਹਿੰਦੀ ਹੈ। ਥੂ-ਥੂ ਵੇਖੀਏ ਤਾਂ ਕਦਮ ਨਹੀਂ ਪੁੱਟਿਆ ਜਾ ਸਕਦਾ। ਸਭ ਕਾਸੇ ਤੋਂ ਕੰਨ ਵਲ੍ਹੇਟ ਕੇ ਹੀ ਸਫ਼ਰ ਪੂਰਾ ਹੁੰਦੈ। ਆਮ ਆਦਮੀ ਕੋਲੋਂ ਤਾਕਤ ਲੈ ਕੇ ਉਸ ਨੂੰ ਲਾਗੇ ਨਹੀਂ ਲੱਗਣ ਦੇਣਾ। ਉਸੇ ਨੂੰ ਹੀ ਕੁੱਟਣਾ ਤੇ ਲੁੱਟਣਾ ਹੈ, ਕਿਹੜੇ ਤੱਤ ਦੀ ਗੱਲ ਕਰਦੈਂ? ਤੱਤਾਂ ਦੀ ਗੱਲ ਛੱਡ! ਇੱਥੇ ਤਾਂ ਗੈਂਡੇ ਦੀ ਖੱਲ ਦੀ ਬੁੱਕਲ ਤੇ ਲੂੰਬੜਚਾਲਾਂ ਹੀ ਕੰਮ ਆਉਂਦੀਆਂ ਨੇ।’’ ਦਲਬਦਲੂ ਬੇਪਰਵਾਹੀ ਵਿੱਚ ਜ਼ੋਰ ਦੀ ਹੱਸਿਆ।

‘‘ਬੱਲੇ ਓ ਤੇਰੇ, ਨੋਟ ’ਕੱਠੇ ਕਰਨ ਤੋਂ ਬਿਨਾਂ ਹੋਰ ਕੀ ਕਰ ਲਵੇਂਗਾ। ਜ਼ਰਾ ਸੋਚ ਸ਼ੁੂਗਰ ਤੇਰੀ ਵਧੀ ਜਾਂਦੀ ਹੈ। ਬਲੱਡ ਪ੍ਰੈਸ਼ਰ ਤੇਰਾ ਨੱਚਦਾ ਰਹਿੰਦੈ। ਗੋਗੜ ਪਰ੍ਹਾਂ ਹੋ ਜਾ-ਪਰ੍ਹਾਂ ਹੋ ਜਾ ਕਰਦੀ ਤੈਨੂੰ ਸਿੱਧਾ ਤੁਰਨ ਵੀ ਨਹੀਂ ਦਿੰਦੀ। ਦਵਾਈਆਂ ਦਾ ਥੱਬਾ ਜੇਬ੍ਹ ਵਿੱਚ ਪਾਈ ਫਿਰਦੈਂ। ਰੋਟੀ ਪੂਰੀ ਖਾਧੀ ਨਹੀਂ ਜਾਂਦੀ। ਟਿਕ ਜਾ ਕਿਸੇ ਇੱਕ ਥਾਂ।’’ ਉਸ ਦਾ ਅੰਦਰਲਾ ਫਿਟਕਾਰ ਪਾਉਂਦਿਆਂ ਬੋਲਿਆ।

‘‘ਓ ਤੂੰ ਜਾਹਲ ਹੀ ਰਿਹਾ। ਤੇਰਾ ਸਾਰਾ ਕੁਝ ਹੀ ਸੱਚ ਐ, ਪਰ ਵਿਦੇਸ਼ਾਂ ਵਿੱਚ ਇਲਾਜ ਕਰਵਾਉਣ ਲਈ ਕੁਰਸੀ ਦੀ ਲੋੜ ਐ। ਥੋੜ੍ਹੀ ਬਹੁਤੀ ਸ਼ਰਮਿੰਦਗੀ ਸਹਿਣੀ ਵੀ ਪਵੇ, ਕੋਈ ਗੱਲ ਨਹੀਂ। ਮੈਨੂੰ ਕਰ ਲੈਣ ਦੇ ਆਪਣੀ ਮਰਜ਼ੀ, ਐਵੇਂ ਟੋਕ ਟਕਾਈ ਨਾ ਕਰ। ਮਾਰ ਲੈਣ ਦੇ ਛਾਲ। ਰੰਗ ਲੈਣ ਦੇ ਹੱਥ, ਕਰ ਲੈਣ ਦੇ ਨਾਜਾਇਜ਼ ਕਬਜ਼ੇ। ਮੁੰਡਿਆਂ ਨੂੰ ਵੀ ਤਾਂ ਸੈੱਟ ਕਰਨਾ ਹੈ। ਜਵਾਈਆਂ-ਭਾਈਆਂ ਨੂੰ ਵੀ ਮਾਣ-ਤਾਣ ਦਿਵਾਉਣਾ ਹੈ। ਨਾਲੇ ਮੈਂ ਤਾਂ ਸੇਵਾ ਹੀ ਕਰਨੀ ਹੈ ਲੋਕਾਂ ਦੀ ਐਵੇਂ ਭਕਾਈ ਨਾ ਮਾਰ।’’ ਦਲਬਦਲੂ ਸ਼ਰਮਿੰਦਗੀ ਨੂੰ ਲੁਕਾਉਂਦਾ ਹੋਇਆ ਗੜਕਵੀਂ ਆਵਾਜ਼ ਵਿਚ ਬੋਲਿਆ।

‘‘ਠੀਕ ਐ ਭਾਈ, ਮਾਂ ਪਿਓ ਵੀ ਲੈ ਆ ਕਬਰਾਂ ਵਿੱਚੋਂ। ਕਰ ਲੈ ਸੇਵਾ। ਅਜੇ ਤੱਕ ਤਾਂ ਗਰੀਬ ਗੁਰਬੇ ਦਾ ਕੁਝ ਨਹੀਂ ਸੰਵਾਰਿਆ। ਘਰ ਦੇ ਬਾਹਰ ਤੈਥੋਂ ਛਬੀਲ ਤੱਕ ਤਾਂ ਲੱਗੀ ਨਹੀਂ। ਘਰੇ ਕੰਮ ਕਰਦੀ ਵਿਧਵਾ ਦੀ ਕੁੜੀ ਦੇ ਵਿਆਹ ਵਿੱਚ ਸ਼ਗਨ ਤੈਥੋਂ ਸਰਿਆ ਨਹੀਂ। ਤੂੰ ਕੀ ਸੇਵਾ ਕਰਨੀ ਹੈ ਲੋਕਾਂ ਦੀ। ਆਪਣੀ ਹੀ ਸੇਵਾ ਕਰੇਂਗਾ। ਤੂੰ ਆਪਣੇ ਅੰਦਰਲੇ ਦੀ ਨਹੀਂ ਸੁਣਦਾ, ਬਾਹਰਲੇ ਦੀ ਕੀ ਸੁਣੇਂਗਾ! ਲਾਹ ਲੈ ਦਿਲ ਦੀਆਂ ਰੀਝਾਂ। ਮਾਰ ਪੁੱਠੇ ਪੈਰਾਂ ਦੀਆਂ ਛਾਲਾਂ, ਪਰ ਇੱਦਾਂ ਸਫ਼ਰ ਕਦੇ ਵੀ ਸਿਰੇ ਨਹੀਂ ਚੜ੍ਹਦੇ। ਮਾਰ ਲੈ ਛਾਲਾਂ ਜਿੰਨੀਆਂ ਵੱਜਦੀਆਂ ਈ। ਮਰਵਾ ਲੈ ਤਾੜੀਆਂ। ਪੁਆ ਲੈ ਨੋਟਾਂ ਦੇ ਸਿਹਰੇ। ਅਖ਼ੀਰ ਤੁਰਿਆ ਵੀ ਨਹੀਂ ਜਾਣਾ। ਫਿਰ ਦੇਈਂ ਮੈਨੂੰ ਆਵਾਜ਼ਾਂ। ਮੈਂ ਵੀ ਨਹੀਂ ਬੋਲਣਾ।’’ ਦਲਬਦਲੂ ਦਾ ਅੰਦਰਲਾ ਗੰਢ ਜਿਹੀ ਬਣ ਕੇ ਚੁੱਪ ਹੋ ਗਿਆ।