ਪਰਿਵਾਰ ਵਿਚ ਬੱਚਿਆਂ ਦੇ ਜਨਮ ਤੋਂ ਬਾਅਦ ਮਾਤਾ-ਪਿਤਾ ਦੀ ਨਜ਼ਰ ਉਸ ਦੇ ਵਿਕਾਸ ‘ਤੇ ਟਿਕੀ ਰਹਿੰਦੀ ਹੈ ਕਿ ਕਦੋਂ ਬੱਚੇ ਨੇ ਪਹਿਲੀ ਮੁਸਕਾਨ ਦਿੱਤੀ, ਕਦੋਂ ਹੱਥ-ਪੈਰ ਹਿਲਾਏ, ਪਲਟੀ ਮਾਰੀ, ਬੈਠਣਾ, ਖਿਸਕਣਾ, ਖੜ੍ਹਾ ਹੋਣਾ, ਚੱਲਣਾ ਆਦਿ। ਇਹ ਕਿਰਿਆਵਾਂ ਮਾਤਾ-ਪਿਤਾ ਦੇ ਅਨੰਦ ਨੂੰ ਹੋਰ ਵਧਾ ਦਿੰਦੀਆਂ ਹਨ।
ਆਓ ਜਾਣੀਏ ਬੱਚਿਆਂ ਦੇ ਦੰਦ ਨਿਕਲਦੇ ਸਮੇਂ ਕੀ ਤਬਦੀਲੀਆਂ ਅਤੇ ਪ੍ਰੇਸ਼ਾਨੀਆਂ ਆਉਂਦੀਆਂ ਹਨ-
* ਬੱਚਾ ਜਦੋਂ ਗਰਭ ਵਿਚ ਹੁੰਦਾ ਹੈ ਤਾਂ ਉਸ ਦੇ ਦੰਦ ਦੇ ਬਣਨ ਦੀ ਸ਼ੁਰੂਆਤ ਹੋ ਜਾਂਦੀ ਹੈ। ਬਾਅਦ ਵਿਚ ਕੈਲਸ਼ਿਫਿਕੇਸ਼ਨ ਹੁੰਦਾ ਅਤੇ ਮਿਨਰਲਜ਼ ਜੰਮਣ ਲਗਦੇ ਹਨ।
* ਦੰਦ ਨਿਕਲਦਾ ਕੁਦਰਤੀ ਪ੍ਰਕਿਰਿਆ ਹੈ। ਬਹੁਤੇ ਬੱਚਿਆਂ ਦੇ ਦੰਦ ਨਿਕਲਣ ਦੀ ਸ਼ੁਰੂਆਤ 7 ਮਹੀਨੇ ਦੇ ਹੋਣ ‘ਤੇ ਹੋ ਜਾਂਦੀ ਹੈ। ਹਰ ਬੱਚੇ ਦੇ ਦੰਦ ਨਿਕਲਣ ਦਾ ਸਮਾਂ ਵੱਖ-ਵੱਖ ਹੋ ਸਕਦਾ ਹੈ।
* ਬੱਚੇ ਦੇ ਦੁੱਧ ਵਾਲੇ 20 ਦੰਦ ਹੁੰਦੇ ਹਨ। ਇਹ ਇਕੱਠੇ ਨਹੀਂ, ਸਗੋਂ ਇਕ-ਇਕ ਕਰਕੇ ਨਿਕਲਦੇ ਹਨ। ਪਹਿਲਾ ਦੰਦ ਨਿਕਲਣ ਤੋਂ ਬਾਅਦ ਲਗਪਗ ਹਰ ਮਹੀਨੇ ਇਕ ਦੰਦ ਹੋਰ ਆ ਜਾਂਦਾ ਹੈ।
* 23 ਤੋਂ 30 ਮਹੀਨੇ ਦੀ ਉਮਰ ਤੱਕ ਬੱਚੇ ਦੇ 20 ਦੰਦ ਨਿਕਲ ਆਉਂਦੇ ਹਨ।
* ਦੰਦ ਨਿਕਲਣ ਤੋਂ ਕੁਝ ਸਮਾਂ ਪਹਿਲਾਂ ਤੋਂ ਹੀ ਬੱਚਾ ਮੂੰਹ ਵਿਚ ਉਂਗਲੀ, ਹੱਥ, ਹਰ ਚੀਜ਼ ਮੂੰਹ ਵਿਚ ਪਾਉਣ ਲਗਦਾ ਹੈ। ਸਭ ਤੋਂ ਪਹਿਲਾਂ ਬੱਚੇ ਦੇ ਸਾਹਮਣੇ ਵਾਲੇ ਦੰਦ ਆਉਂਦੇ ਹਨ, ਫਿਰ ਕੇਰਾਈਨ ਭਾਵ ਨੁਕੀਲੇ ਦੰਦ, ਬਾਅਦ ਵਿਚ ਦਾੜ੍ਹਾਂ ਨਿਕਲਦੀਆਂ ਹਨ।
* ਕਦੇ-ਕਦੇ ਕਿਸੇ ਨਵਜਨਮੇ ਬੱਚੇ ਦੇ ਜਨਮ ਤੋਂ ਹੀ ਦੰਦ ਹੁੰਦੇ ਹਨ ਪਰ ਅਜਿਹਾ ਬਹੁਤ ਘੱਟ ਬੱਚਿਆਂ ਨਾਲ ਹੁੰਦਾ ਹੈ।
* ਬਹੁਤ ਸਾਰੇ ਬੱਚਿਆਂ ਨੂੰ ਦੰਦ ਨਿਕਲਣ ਦੌਰਾਨ ਬੁਖਾਰ ਹੋ ਜਾਂਦਾ ਹੈ। ਬੱਚਾ ਦੁੱਧ ਪੀਣਾ, ਖਾਣਾ ਬੰਦ ਕਰ ਦਿੰਦਾ ਹੈ ਅਤੇ ਭੁੱਖੇ ਰਹਿਣ ਕਾਰਨ ਸੁਭਾਅ ਚਿੜਚਿੜਾ ਹੋ ਜਾਂਦਾ ਹੈ। ਇਹ ਸਭ ਆਮ ਪ੍ਰਕਿਰਿਆ ਹੈ।
* ਤੇਜ਼ ਬੁਖਾਰ, ਜ਼ਿਆਦਾ ਟੱਟੀਆਂ ਲੱਗਣ ‘ਤੇ ਬੱਚਿਆਂ ਦੇ ਮਾਹਿਰ ਡਾਕਟਰ ਨੂੰ ਦਿਖਾਓ ਤਾਂ ਕਿ ਬੱਚੇ ਦੇ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਵੇ।
* ਬੱਚਿਆਂ ਦੇ ਆਸ-ਪਾਸ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ, ਉਨ੍ਹਾਂ ਦੇ ਖਿਡੌਣੇ ਗਰਮ ਪਾਣੀ ਨਾਲ ਧੋਂਦੇ ਰਹੋ ਅਤੇ ਬੱਚਿਆਂ ਦੇ ਹੱਥ ਵਾਰ-ਵਾਰ ਧੋਂਦੇ ਰਹੋ।