ਮਧੂ ਸਿੰਘ
ਘਰ ਦੀਆਂ ਸਿੱਲ੍ਹ ਨਾਲ ਭਰੀਆਂ ਹਨੇਰੀਆਂ ਥਾਵਾਂ, ਦੀਵਾਰਾਂ ਦੀਆਂ ਦਰਾੜਾਂ ਵਿਚ ਆਪਣਾ ਅੱਡਾ ਬਣਾ ਕੇ ਰਹਿਣ ਵਾਲੇ ਕੀੜੇ-ਮਕੌੜੇ ਜਿਵੇਂ ਕਾਕਰੋਚ, ਮੱਖੀ, ਮੱਛਰ, ਸਿਉਂਕ, ਕਿਰਲੀ, ਇਹ ਸਭ ਬਰਸਾਤ ਦਾ ਮੌਸਮ ਆਉਂਦੇ ਹੀ ਘਰ ਵਿਚ ਇਧਰ-ਉਧਰ ਦਿਖਾਈ ਦੇਣ ਲਗਦੇ ਹਨ। ਇਨ੍ਹਾਂ ਨੂੰ ਰੋਕਣ ਲਈ ਕੀ ਕਰੀਏ-
ਕੀੜੀਆਂ
ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਕਾਲੀਆਂ ਅਤੇ ਲਾਲ ਕੀੜੀਆਂ ਇਧਰ-ਉਧਰ ਦਿਸਣ ਲਗਦੀਆਂ ਹਨ। ਰਸੋਈ ਵਿਚ ਖਾਣ-ਪੀਣ ਵਾਲੀ ਕੋਈ ਚੀਜ਼ ਥੋੜ੍ਹੀ ਦੇਰ ਲਈ ਖੁੱਲ੍ਹੀ ਰੱਖੀ ਨਹੀਂ ਕਿ ਉਸ ਦੇ ਆਸ-ਪਾਸ ਇਨ੍ਹਾਂ ਦਾ ਜਮਾਵੜਾ ਹੋ ਜਾਂਦਾ ਹੈ। ਮਿੱਠੀਆਂ ਚੀਜ਼ਾਂ ਵਿਚ ਜੇ ਇਹ ਪੈ ਜਾਣ ਤਾਂ ਇਨ੍ਹਾਂ ਨੂੰ ਕੱਢਣਾ ਮੁਸ਼ਕਿਲ ਹੁੰਦਾ ਹੈ। ਇਹ ਖਾਧ ਪਦਾਰਥਾਂ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਲਾਲ ਕੀੜੀਆਂ ਜੇ ਸਰੀਰ ‘ਤੇ ਲੜ ਜਾਣ ਤਾਂ ਚਮੜੀ ਲਾਲ ਹੋ ਜਾਂਦੀ ਹੈ ਅਤੇ ਬਹੁਤ ਬੇਚੈਨੀ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਇਨ੍ਹਾਂ ਤੋਂ ਸੁਰੱਖਿਆ ਲਈ ਸਭ ਤੋਂ ਪਹਿਲਾਂ ਰਸੋਈ ਦੀ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖੋ। ਜਿਥੇ ਕੀੜੀਆਂ ਹੋਣ, ਉਥੇ ਲਛਮਣ ਰੇਖਾ ਪਾਓ। ਇਨ੍ਹਾਂ ਦੇ ਟਿਕਾਣਿਆਂ ‘ਤੇ ਨਜ਼ਰ ਰੱਖੋ, ਉਨ੍ਹਾਂ ‘ਤੇ ਹਲਦੀ ਪਾਓ ਜਾਂ ਸੀਮੈਂਟ ਨਾਲ ਬੰਦ ਕਰਵਾਓ।
ਕਾਕਰੋਚ
ਰਸੋਈ ਦੀਆਂ ਨਾਲੀਆਂ ਦੇ ਆਸ-ਪਾਸ ਹਨੇਰੀਆਂ ਥਾਵਾਂ ‘ਤੇ ਰਹਿਣ ਵਾਲੇ ਕਾਕਰੋਚ ਵੈਸੇ ਤਾਂ ਪੂਰਾ ਸਾਲ ਹੀ ਘਰ ਵਿਚ ਇਧਰ-ਉਧਰ ਘੁੰਮਦੇ ਰਹਿੰਦੇ ਹਨ ਪਰ ਬਰਸਾਤ ਦੇ ਮੌਸਮ ਵਿਚ ਇਨ੍ਹਾਂ ਦਾ ਪ੍ਰਕੋਪ ਕਈ ਗੁਣਾ ਵਧ ਜਾਂਦਾ ਹੈ। ਇਨ੍ਹਾਂ ਨੂੰ ਖ਼ਤਮ ਕਰਨ ਲਈ ਰਸੋਈ ਦੀ ਸਾਫ਼-ਸਫ਼ਾਈ ਰੱਖਣੀ ਜ਼ਰੂਰੀ ਹੈ। ਰਾਤ ਦੇ ਸਮੇਂ ਜੂਠੇ ਭਾਂਡੇ ਛੱਡਣ ਨਾਲ ਵੀ ਕਾਕਰੋਚ ਜ਼ਿਆਦਾ ਹੁੰਦੇ ਹਨ। ਰਸੋਈ ਦੀ ਸਿੰਕ ਜਾਂ ਵਾਸ਼ਬੇਸਿਨ ਦੀਆਂ ਨਾਲੀਆਂ ਵਿਚ ਫਿਨਾਈਲ ਦੀਆਂ ਗੋਲੀਆਂ ਪਾਉਣ ਨਾਲ ਕਾਕਰੋਚ ਉਸ ਰਸਤੇ ਰਾਹੀਂ ਘਰ ਵਿਚ ਨਹੀਂ ਆਉਣਗੇ। ਇਸ ਤੋਂ ਇਲਾਵਾ ਬੋਰਿਕ ਐਸਿਡ ਵਿਚ ਕੱਪੜੇ ਧੋਣ ਵਾਲਾ ਸਾਬਣ ਮਿਲਾ ਕੇ ਉਸ ਦੀਆਂ ਗੋਲੀਆਂ ਬਣਾ ਕੇ ਰਸੋਈ ਦੇ ਉਨ੍ਹਾਂ ਹਿੱਸਿਆਂ ਵਿਚ ਰੱਖੋ, ਜਿਥੇ ਇਨ੍ਹਾਂ ਦਾ ਪ੍ਰਕੋਪ ਜ਼ਿਆਦਾ ਰਹਿੰਦਾ ਹੈ।
ਕਿਰਲੀਆਂ
ਘਰ ਦੀਆਂ ਕੰਧਾਂ, ਕਮਰੇ ਦੀਆਂ ਛੱਤਾਂ ਅਤੇ ਰਸੋਈ ਵਿਚ ਵੱਡੀਆਂ ਹੀ ਨਹੀਂ, ਛੋਟੀਆਂ ਕਿਰਲੀਆਂ ਦੇ ਬੱਚੇ ਵੀ ਇਧਰ-ਉਧਰ ਘੁੰਮਦੇ ਰਹਿੰਦੇ ਹਨ। ਕਈ ਵਾਰ ਤਾਂ ਇਹ ਖਾਧ ਪਦਾਰਥਾਂ ਵਿਚ ਡਿਗ ਕੇ ਭੋਜਨ ਨੂੰ ਜ਼ਹਿਰੀਲਾ ਬਣਾ ਦਿੰਦੇ ਹਨ। ਇਨ੍ਹਾਂ ਨੂੰ ਘਰ ਵਿਚੋਂ ਭਜਾਉਣ ਲਈ ਸਭ ਤੋਂ ਪਹਿਲਾਂ ਘਰ ਦੀਆਂ ਦੀਵਾਰਾਂ ਨੂੰ ਸਾਫ਼-ਸੁਥਰਾ ਰੱਖੋ। ਦੀਵਾਰਾਂ ਦੀ ਸਫ਼ਾਈ ਫੋਟੋ ਫਰੇਮਾਂ ਅਤੇ ਦੂਜੀਆਂ ਤਸਵੀਰਾਂ ਨੂੰ ਹਟਾ ਕੇ ਚੰਗੀ ਤਰ੍ਹਾਂ ਕਰੋ। ਇਨ੍ਹਾਂ ਨੂੰ ਝਾੜੂ ਨਾਲ ਹੇਠਾਂ ਸੁੱਟ ਕੇ ਘਰੋਂ ਬਾਹਰ ਸੁੱਟੋ। ਘਰ ਵਿਚ ਮੋਰਪੰਖ ਰੱਖਣ ਨਾਲ ਵੀ ਕਿਰਲੀ ਨਹੀਂ ਆਉਂਦੀ।
ਚੂਹੇ
ਚੂਹੇ ਤਾਂ ਹਰ ਮੌਸਮ ਵਿਚ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ। ਇਹ ਖਾਧ ਪਦਾਰਥਾਂ ਨੂੰ ਜ਼ਹਿਰੀਲਾ ਕਰਨ ਦੇ ਨਾਲ-ਨਾਲ ਦੂਜੀਆਂ ਚੀਜ਼ਾਂ ਨੂੰ ਵੀ ਕੁਤਰ ਕੇ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਨੂੰ ਦੂਰ ਭਜਾਉਣ ਲਈ ਕਿਤਾਬਾਂ ਦੇ ਰੈਕ, ਕੱਪੜਿਆਂ ਵਾਲੀਆਂ ਅਲਮਾਰੀਆਂ ਵਿਚ ਫਿਨਾਈਲ ਦੀਆਂ ਗੋਲੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਨੂੰ ਮਾਰਨ ਲਈ ਚੂਹੇ ਮਾਰਨ ਵਾਲੀ ਦਵਾਈ ਪਾਈ ਜਾ ਸਕਦੀ ਹੈ। ਫੜਨ ਲਈ ਪਿੰਜਰੇ ਦੀ ਵਰਤੋਂ ਕਰੋ। ਪਿੰਜਰੇ ਵਿਚ ਫੜਨ ਤੋਂ ਬਾਅਦ ਇਨ੍ਹਾਂ ਨੂੰ ਘਰ ਤੋਂ ਬਹੁਤ ਦੂਰ ਛੱਡੋ ਤਾਂ ਕਿ ਇਹ ਦੁਬਾਰਾ ਵਾਪਸ ਨਾ ਆ ਸਕਣ।
ਸਿਉਂਕ
ਬਰਸਾਤ ਦੇ ਮੌਸਮ ਵਿਚ ਹਵਾ ਵਿਚ ਨਮੀ ਵਧਣ ਨਾਲ ਸਿਉਂਕ ਲੱਕੜੀ ਦੀਆਂ ਚੀਜ਼ਾਂ, ਅਲਮਾਰੀਆਂ, ਕੱਪੜੇ ਆਦਿ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸਿਉਂਕ ਸਿੱਲ੍ਹ ਵਾਲੀ ਜਗ੍ਹਾ ‘ਤੇ ਜਨਮ ਲੈਂਦੀ ਹੈ, ਇਸ ਲਈ ਲੱਕੜੀ ਦੀ ਅਲਮਾਰੀ ਜਾਂ ਜਿਨ੍ਹਾਂ ਥਾਵਾਂ ‘ਤੇ ਸਾਮਾਨ ਸਟੋਰ ਹੋਵੇ, ਉਨ੍ਹਾਂ ਦੀ ਨਿਯਮਤ ਸਫ਼ਾਈ ਕਰਨੀ ਚਾਹੀਦੀ ਹੈ। ਸਮੇਂ-ਸਮੇਂ ‘ਤੇ ਕੱਪੜਿਆਂ ਅਤੇ ਕਾਗਜ਼ਾਂ ਨੂੰ ਧੁੱਪ ਲਗਵਾਉਂਦੇ ਰਹੋ, ਕਿਉਂਕਿ ਕਈ ਵਾਰ ਜਦੋਂ ਕੋਈ ਚੀਜ਼ ਇਕ ਹੀ ਜਗ੍ਹਾ ‘ਤੇ ਲੰਬੇ ਸਮੇਂ ਤੱਕ ਰਹਿੰਦੀ ਹੈ ਤਾਂ ਉਸ ਵਿਚ ਵੀ ਸਿਉਂਕ ਪੈਦਾ ਹੋ ਜਾਂਦੀ ਹੈ। ਸਿਉਂਕ ਨੂੰ ਖ਼ਤਮ ਕਰਨ ਲਈ ਬਾਜ਼ਾਰ ਵਿਚੋਂ ਜੋ ਦਵਾਈ ਮਿਲਦੀ ਹੈ, ਉਸ ਨੂੰ ਸਰਿੰਜ ਵਿਚ ਭਰ ਕੇ ਲਗਾਇਆ ਜਾਂਦਾ ਹੈ। ਲੱਕੜੀ ਦੀ ਅਲਮਾਰੀ ਵਿਚ ਸਿਉਂਕ ਲੱਗਣ ‘ਤੇ ਉਸ ਵਿਚ ਚੂਨਾ ਛਿੜਕ ਦਿਓ।
ਮੱਖੀਆਂ
ਮੱਖੀਆਂ ਨਾਲ ਹੈਜਾ, ਬੁਖਾਰ, ਟਾਇਫਾਈਡ ਆਦਿ ਰੋਗ ਫੈਲਦੇ ਹਨ। ਇਨ੍ਹਾਂ ਤੋਂ ਬਚਾਅ ਲਈ ਘਰ ਅਤੇ ਬਾਹਰ ਦੀ ਸਾਫ਼-ਸਫ਼ਾਈ ‘ਤੇ ਖਾਸ ਧਿਆਨ ਦਿਓ। ਕੂੜੇ-ਕਚਰੇ ਦੇ ਡੱਬਿਆਂ ਨੂੰ ਢਕ ਕੇ ਰੱਖੋ ਅਤੇ ਘਰ ਵਿਚ ਫਿਨਾਈਲ, ਫਟਕੜੀ ਦਾ ਪੋਚਾ ਨਿਯਮਤ ਲਗਾਓ। ਇਸ ਨਾਲ ਮੱਖੀਆਂ ਫਰਸ਼ ‘ਤੇ ਨਹੀਂ ਲਗਦੀਆਂ। ਘਰ ਦੇ ਦਰਵਾਜ਼ੇ-ਖਿੜਕੀਆਂ ਹਰ ਸਮੇਂ ਖੁੱਲ੍ਹੇ ਰੱਖਣ ਨਾਲ ਵੀ ਘਰ ਦੇ ਅੰਦਰ ਮੱਖੀਆਂ ਆਉਂਦੀਆਂ ਹਨ। ਇਸ ਲਈ ਦਿਨ ਦੇ ਸਮੇਂ ਇਨ੍ਹਾਂ ਨੂੰ ਬੰਦ ਰੱਖੋ।
ਮੱਛਰ
ਮਲੇਰੀਆ, ਚਿਕਨਗੁਨੀਆ, ਡੇਂਗੂ ਵਰਗੀਆਂ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ ਦਾ ਪ੍ਰਕੋਪ ਤਾਂ ਬਰਸਾਤ ਦੇ ਮੌਸਮ ਵਿਚ ਜ਼ਿਆਦਾ ਵਧ ਜਾਂਦਾ ਹੈ। ਮੱਛਰਾਂ ਤੋਂ ਬਚਾਅ ਲਈ ਘਰ ਅਤੇ ਬਾਹਰ ਦੀ ਸਾਫ਼-ਸਫ਼ਾਈ ‘ਤੇ ਖਾਸ ਧਿਆਨ ਦਿਓ। ਮੱਛਰ ਭਜਾਉਣ ਵਾਲੀ ਮਸ਼ੀਨ ਕਾਇਲ ਦੀ ਰਾਤ ਸਮੇਂ ਵਰਤੋਂ ਕਰੋ। ਰਾਤ ਸਮੇਂ ਜਾਲੀ ਵਾਲੇ ਦਰਵਾਜ਼ੇ ਬੰਦ ਰੱਖੋ। ਨਿੰਮ ਦੇ ਪੱਤੇ ਅਤੇ ਕਪੂਰ ਆਦਿ ਦੇ ਧੂੰਏਂ ਨਾਲ ਇਨ੍ਹਾਂ ਨੂੰ ਭਜਾਇਆ ਜਾ ਸਕਦਾ ਹੈ। ਘਰ ਵਿਚ ਕੂਲਰ ਦੇ ਪਾਣੀ ਨੂੰ ਰੋਜ਼ ਸਾਫ਼ ਕਰੋ ਅਤੇ ਉਸ ਵਿਚ ਮਿੱਟੀ ਦਾ ਤੇਲ ਪਾਓ ਤਾਂ ਕਿ ਉਸ ਵਿਚ ਮੱਛਰ ਨਾ ਪੈਦਾ ਹੋਵੇ।