ਤੁਰ ਗਿਆਂ ਦੇ ਬਾਦ ਜੇ ਆਏ ਤਾਂ ਕੀਹ ਆਏ,
ਗ਼ਮ ਦੇ ਬੱਦਲ ਫਿਰ ਬੜੇ ਛਾਏ ਤਾਂ ਕੀਹ ਛਾਏ।
ਜੀਂਦਿਆਂ ਬਿਲਕੁਲ ਕਦਰ ਕੀਤੀ ਨਹੀਂ,
ਤੁਰ ਗਿਆਂ ਸੁਮਕੇ ਬੜੇ ਲਾਏ ਤਾਂ ਕੀਹ ਲਾਏ।
ਅੱਜ ਤ ਕ ਰੁੱਸੇ ਰਹੇ ਹੱਸ ਕੇ ਕਦੇ ਬੋਲੇ ਨਹੀਂ,
ਗੀਤ ਬਿਰਹਾ ਦੇ ਜੇ ਫਿਰ ਗਾਏ ਤਾਂ ਕੀਹ ਗਾਏ।
ਕੋਲ ਹੁੰਦਿਆ ਠੰਢ ਪੁਚਾਈ ਨਾ ਕਦੇ,
ਤੁਰ ਗਿਆਂ ਦੇ ਬਾਦ ਰੱਜ ਨ੍ਹਾਏ ਤਾਂ ਕੀ ਨ੍ਹਾਏ।
ਬੇ-ਰੁੱਖੀ ਦੀ ਧੁੱਪ ਰਹੀ ਜਦ ਸਾੜਦੀ ਹਰਦਮ,
ਲਾਸ਼ ਨੂੰ ਕੀਤੇ ਜੇ ਅਜ ਲਾਏ ਤਾਂ ਕੀਹ ਸਾਏ।
ਨਫ਼ਰਤਾਂ ਦੇ ਤੀਰ ਜ਼ਹਿਰੀਲੇ ਹੀ ਮਾਰੇ ਜੀਂਦਿਆਂ,
ਜ਼ਖ਼ਮਾਂ ਤੇ ਫਾਹੇ ਜੇ ਅਜ ਲਾਏ ਤਾਂ ਕੀਹ ਲਾਏ।
ਹੰਗਤਾਂ ਦੇ ਪਰਬਤਾਂ ਤੇ ਸਨ ਸਦਾ ਬੈਠੇ ਰਹੇ,
ਅਜ ਉਹ ਪਰਬਤ ਨੇ ਜੇ ਢਾਏ ਤਾਂ ਕੀ ਢਾਏ।
ਦੂਰ ਨ ਹੋਈਆਂ ਮਨਾਂ ਤੋਂ ਸਨ ਕਦੇ ਵੀ ਦੂਰੀਆਂ,
ਜਾਂਦਿਆਂ ‘ਅਮਰੀਕ’ ਨੂੰ ਭਾਏ ਤਾਂ ਕੀ ਭਾਏ।
ਲਿਖਤ : ਮਾ: ਅਮਰੀਕ ਸਿੰਘ