ਜਸਦੀਪ ਸਿੰਘ ਖਾਲਸਾ
ਪਿਆਰੇ ਬੱਚਿਓ! ਵਿਦਿਆਰਥੀ ਜੀਵਨ ਵਿਚ ਸਾਡੀਆਂ ਸੱਚੀਆਂ ਦੋਸਤ ਸਾਡੀਆਂ ਕਿਤਾਬਾਂ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਜੀਵਨ ਲਈ ਸੇਧ ਲੈਂਦੇ ਹਾਂ | ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਸਫ਼ਲਤਾ ਦੀ ਪੌੜੀ ਭਾਵ ਇਕ ਜਮਾਤ ਤੋਂ ਦੂਸਰੀ ਜਮਾਤ ਵਿਚ ਜਾਂਦੇ ਹਾਂ | ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਦੀ ਬਹੁਤ ਜ਼ਰੂਰਤ ਹੁੰਦੀ ਹੈ, ਕਿਉਂਕਿ ਅਸੀਂ ਸਾਰਾ ਸਾਲ ਇਨ੍ਹਾਂ ਨੂੰ ਪੜ੍ਹਨਾ ਤੇ ਵਿਚਾਰਨਾ ਹੁੰਦਾ ਹੈ |
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵਲੋਂ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀਆਂ ਜਿਲਦਾਂ ਨਹੀਂ ਹੁੰਦੀਆਂ | ਅਧਿਆਪਕ ਬੱਚਿਆਂ ਨੂੰ ਕਿਤਾਬਾਂ ਵੰਡਣ ਸਮੇਂ ਬੱਚਿਆਂ ਨੂੰ ਤਾਕੀਦ ਕਰਦੇ ਹਨ ਕਿ ਬੱਚਿਓ ਆਪਣੀਆਂ ਕਿਤਾਬਾਂ ‘ਤੇ ਜਿਲਦਾਂ ਜ਼ਰੂਰ ਚੜ੍ਹਵਾ ਲਈਆਂ ਜਾਣ | ਕੁਝ ਬੱਚੇ ਤੇ ਉਨਾਂ ਦੇ ਮਾਪੇ ਬੱਚਿਆਂ ਦੀਆਂ ਕਿਤਾਬਾਂ ‘ਤੇ ਜਿਲਦਾਂ ਚੜ੍ਹਵਾ ਦਿੰਦੇ ਹਨ ਤੇ ਕਈ ਇਨ੍ਹਾਂ ਕਿਤਾਬਾਂ ‘ਤੇ ਜਿਲਦਾਂ ਨਹੀਂ ਚੜ੍ਹਾਉਂਦੇ, ਜਿਸ ਕਾਰਨ ਇਹ ਕਿਤਾਬਾਂ ਸਾਲ ਦੇ ਵਿਚਕਾਰ ਹੀ ਫਟ ਜਾਂਦੀਆਂ ਹਨ | ਕਿਤਾਬਾਂ ਫਟਣ ਜਾਂ ਪੜ੍ਹਨ ਸਮੇਂ ਬੱਚਿਆਂ ਕੋਲ ਨਾ ਹੋਣ ਕਾਰਨ ਉਨਾਂ ਨੂੰ ਪੜ੍ਹਨ ਸਮੇਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਪੜ੍ਹਾਉਣ ਸਮੇਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ |
ਇਸ ਤਰ੍ਹਾਂ ਉਹ ਬੱਚੇ ਪੜ੍ਹਾਈ ਵਿਚ ਅੱਗੇ ਲੰਘ ਜਾਂਦੇ ਹਨ, ਜੋ ਕਿਤਾਬਾਂ ਨੂੰ ਪੂਰਨ ਰੂਪ ਵਿਚ ਸਤਿਕਾਰ ਦਿੰਦੇ ਹਨ | ਕਿਤਾਬ ਨੂੰ ਕਦੇ ਵਿਚਕਾਰੋਂ ਮੋੜ ਕੇ ਨਾ ਪੜ੍ਹੋ, ਜਿਸ ਨਾਲ ਕਿਤਾਬ ਦੀ ਜਿਲਦ ਵਿਚਕਾਰਲਾ ਧਾਗਾ ਟੁੱਟ ਜਾਵੇਗਾ | ਕਿਤਾਬ ਪੜ੍ਹਨ ਤੋਂ ਬਾਅਦ ਉਸ ਦੇ ਪੰਨਿਆਂ ਨੂੰ ਵੇਖੋ ਕਿ ਕੋਈ ਪੰਨਾ ਮੁੜ ਤਾਂ ਨਹੀਂ ਗਿਆ | ਕਿਤਾਬ ਬੰਦ ਕਰਨ ਸਮੇਂ ਉਸ ਵਿਚ ਕੋਈ ਮੋਟਾ ਪੈੱਨ ਆਦਿ ਨਾ ਪਾਇਆ ਜਾਵੇ | ਜੇ ਘਰ ਵਿਚ ਕੋਈ ਛੋਟਾ ਬੱਚਾ ਹੈ ਤਾਂ ਉਸ ਦੀ ਪਹੁੰਚ ਤੋਂ ਵੀ ਕਿਤਾਬਾਂ ਨੂੰ ਦੂਰ ਰੱਖੋ | ਅੱਜਕਲ੍ਹ ਕਿਤਾਬਾਂ ਵਾਸਤੇ ਪਲਾਸਟਿਕ ਪੇਪਰ ਦੀਆਂ ਜਿਲਦਾਂ ਵੀ ਬਾਜ਼ਾਰ ਵਿਚ ਉਪਲਬਧ ਹਨ, ਜਿਸ ਨਾਲ ਕਿਤਾਬਾਂ ਸਾਰਾ ਸਾਲ ਵਧੀਆ ਹਾਲਤ ਵਿਚ ਰਹਿੰਦੀਆਂ ਹਨ | ਸੋ ਆਓ, ਕਿਤਾਬਾਂ ਦੀ ਸੰਭਾਲ ਪ੍ਰਤੀ ਅਸੀਂ ਸੰਜੀਦਾ ਹੋਈਏ, ਜਿਨ੍ਹਾਂ ਸਾਨੂੰ ਗਿਆਨ ਦੇਣਾ ਹੈ, ਸਾਡੀ ਜ਼ਿੰਦਗੀ ਨੂੰ ਸੰਵਾਰਨਾ ਹੈ | ਇਸ ਲਈ ਕਿਤਾਬਾਂ ਨੂੰ ਪੜ੍ਹੋ ਤੇ ਸੰਭਾਲ ਕਰਨ ਦੀ ਆਦਤ ਪਾਓ |
-ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ | ਮੋਬਾ: 94630-57786