Wednesday, May 15, 2024
10.8 C
Vancouver

”ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ” ਦਾ ਲਿਖਾਰੀ ਲੋਕ ਕਵੀ ਸੰਤ ਰਾਮ ਉਦਾਸੀ

ਲਿਖਤ : ਡਾ ਗੁਰਵਿੰਦਰ ਸਿੰਘ
ਸੰਤ ਰਾਮ ਉਦਾਸੀ ਸਹੀ ਅਰਥਾਂ ਵਿੱਚ ਪੰਜਾਬ ਦੇ ਲੋਕ ਕਵੀ ਅਤੇ ਕਲਾਕਾਰ ਸਨ। ਉਹਨਾਂ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਅਤੇ ਸਾਂਝਾ ਨੂੰ ਜੋੜਿਆ, ਨਾ ਕਿ ਵੰਡੀਆਂ ਪਾਈਆਂ। ਪੰਜਾਬ ਵਿੱਚ ਬਰਨਾਲਾ ਦੇ ਪਿੰਡ ਰਾਏਸਰ ‘ਚ 20 ਅਪ੍ਰੈਲ 1939 ਨੂੰ ਗਰੀਬ ਦਲਿਤ ਪਰਿਵਾਰ ਵਿੱਚ ਜਨਮੇ ਜੁਝਾਰੂ ਅਤੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਵੱਲੋਂ ਹੇਕ ਲਾ ਕੇ ਗਾਏ ਇਨਕਲਾਬੀ ਗੀਤ, ਅੱਜ ਵੀ ਲੋਕ ਮਨਾਂ ਦੀ ਤਰਜਮਾਨੀ ਕਰਦੇ ਹਨ। 6 ਨਵੰਬਰ 1986 ਨੂੰ ਪੰਜਾਬੀ ਦਾ ਇਹ ਮਹਾਨ ਸ਼ਾਇਰ ਸੰਸਾਰ ਤੋਂ ਕੂਚ ਕਰ ਗਿਆ ਸੀ।ਉਦਾਸੀ ਦੀਆਂ ਰਚਨਾਵਾਂ ‘ਕੰਮੀਆਂ ਦਾ ਵਿਹੜਾ’, ‘ਲਹੂ ਭਿੱਜੇ ਬੋਲ’, ‘ਸੈਨਤਾਂ’, ‘ਚੋੌ-ਨੁਕਰੀਆਂ ਸੀਖਾਂ’ ਅਤੇ ਬਹੁਤ ਸਾਰੀਆਂ ਅਣਛਪੀਆਂ ਰਚਨਾਵਾਂ ਨੂੰ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਸੰਪਾਦਿਤ ਕਰਕੇ, ਸਿਮਰਤੀ ਗ੍ਰੰਥ ‘ਸੰਤ ਰਾਮ ਉਦਾਸੀ ਜੀਵਨ ਅਤੇ ਸਮੁੱਚੀ ਰਚਨਾ’ ਤੋਂ ਇਲਾਵਾ ‘ਕੰਮੀਆਂ ਦੇ ਵਿਹੜੇ ਦਾ ਸੂਰਜ ਲੋਕ ਕਵੀ ਸੰਤ ਰਾਮ ਉਦਾਸੀ’ ਪੁਸਤਕਾਂ ਵਿੱਚ ਪ੍ਰਕਾਸ਼ਤ ਕੀਤਾ ਹੈ।
ਅੱਜ ਮਹਾਨ ਸ਼ਾਇਰ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ, ਇਤਿਹਾਸ ਨੂੰ ਤੋੜਨ-ਮਰੋੜਨ ਅਤੇ ਸਥਾਪਤੀ ਖ਼ਿਲਾਫ਼ ਮੂੰਹ ਨਾ ਖੁੱਲ੍ਹਣ ਵਾਲੀ ਸਰਕਾਰ-ਪੱਖੀ ਲਿਖਾਰੀ ਜਮਾਤ ਨੂੰ, ਸਾਹਿਤਕ ਫ਼ਰਜ਼ਾਂ ਦੀ ਕੋਤਾਹੀ ਦਾ ਅਹਿਸਾਸ ਕਰਵਾਉਣਾ ਜ਼ਰੂਰੀ ਹੈ। ਆਪਣੇ ਪਿੰਡੇ ‘ਤੇ ਸਰਕਾਰੀ ਜਬਰ ਹੰਢਾਉਣ ਵਾਲੇ ਲੋਕ ਕਵੀ ਸੰਤ ਰਾਮ ਉਦਾਸੀ ਬਾਰੇ, ਹਲਕੇ ਪੱਧਰ ਦੇ ਆਲੋਚਕ, ਅਖੌਤੀ ਵਿਦਵਾਨ ਜਾਂ ਰਾਜਸੀ ਪਾਰਟੀਆਂ ਦੇ ਕਰਿੰਦੇ ਇਹ ਦੋਸ਼ ਲਾਉਂਦੇ ਰਹੇ ਕਿ ਉਹ ਲਾਲ ਕਿਲੇ ਤੇ ਸਰਕਾਰੀ ਕਵੀ ਦਰਬਾਰ ਦਾ ਹਿੱਸਾ ਬਣੇ। ਸਵਾਲ ਇਹ ਨਹੀਂ ਕਿ ਸੰਤ ਰਾਮ ਉਦਾਸੀ ਲਾਲ ਕਿਲੇ ਤੇ ਕਿਉਂ ਗਏ, ਸਵਾਲ ਇਹ ਹੈ ਕਿ ਉੱਥੇ ਜਾ ਕੇ ਕੀ ਉਦਾਸੀ ਅਖੌਤੀ ਲੇਖਕਾਂ ਵਾਂਗ ਸਰਕਾਰੀ ਪ੍ਰਸ਼ੰਸਾ ਕਰਨ ਲੱਗੇ ਜਾਂ ਸਰਕਾਰੀ ਜਬਰ ਖ਼ਿਲਾਫ਼ ਬੋਲੇ? ਨਿਸ਼ਚਿਤ ਰੂਪ ਵਿੱਚ ਸੰਤ ਰਾਮ ਉਦਾਸੀ ਨੇ ਇੰਡੀਅਨ ਸਟੇਟ ਦੇ ਜਬਰ ਖਿਲਾਫ ਲਾਲ ਕਿਲੇ ਤੋਂ ਜੋ ਆਵਾਜ਼ ਦਿੱਤੀ, ਉਹ ਸਦਾ ਹੀ ਯਾਦ ਰਹੇਗੀ।
1 ) ਵਸੀਅਤ
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।
ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ ।
ਮੇਰੀ ਵੀ ਜਿੰਦਗੀ ਕੀ ? ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ੱਕ ਨਾ ਲਾਇਓ ।

2) ਸੂਰਜ ਕਦੇ ਮਰਿਆ ਨਹੀਂ
ਰਾਤ ਨੇ ਭਾਵੇਂ ਕਸਾਈਆਂ ਦੀ ਕਰੀ ਹੈ ਰੀਸ ਹੋ,
ਉਹ ਕੀ ਜਾਣੇ ਤਲੀਆਂ ‘ਤੇ ਵੀ ਉੱਗ ਖਲੋਂਦੇ ਸੀਸ ਹੋ,
ਵਰਮੀਆਂ ‘ਤੇ ਵਾਸ ਜਿਸ ਦਾ ਨਾਗ ਤੋਂ ਡਰਿਆ ਨਹੀਂ,
ਕਾਲਖ਼ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀਂ ।
ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ ।….

3)ਵਾਰਸਾਂ ਦੇ ਨਾਂ
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ,
ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ ।
ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ,
ਏਡੀ ਲੰਮੀ ਹੈ ਸਾਡੀ ਕਤਾਰ ਬਾਪੂ ।

ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ,
ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ ।
ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ,
ਅਸੀਂ ਲੁੱਟ ਦਾ ਤਾਪ ਨੀ ਚੜ੍ਹਨ ਦੇਣਾ ।

4) ਆਜ਼ਾਦੀ ਦੇ ਨਾਂ
ਹਾਏ ਨੀ ! ਹੀਰ ਅਜ਼ਾਦੀਏ ਬਹਿਲ, ਰੰਨੇ,
ਸਾਨੂੰ ਖੰਧੇ ਚਰਾਇਆਂ ਦਾ ਕੀ ਫਾਇਦਾ ।
ਜੇ ਤੂੰ ਖੇੜੇ ਸਰਦਾਰ ਦੀ ਸੇਜ ਸੌਣਾ
ਸਾਨੂੰ ਕੰਨ ਪੜਵਾਇਆਂ ਦਾ ਕੀ ਫਾਇਦਾ ।

5)ਕਿਸ ਨੂੰ ਵਤਨ ਕਹਾਂ
ਹਰ ਥਾਂ ਖ਼ੂਨੋ ਖ਼ੂਨ ਹੈ ਧਰਤੀ
ਹਰ ਥਾਂ ਕਬਰਾਂ ਦੀ ਚੁੱਪ ਵਰਤੀ
ਅਮਨ ਕਿੱਥੇ ਮੈਂ ਦਫ਼ਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ
ਕਿਸ ਨੂੰ ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਇਨੀ ਦਿਨੀ ਮਨੂਵਾਦੀ ਇੰਡੀਅਨ ਸਟੇਟ ਅਤੇ ਉਸ ਦੇ ਹੱਥਠੋਕਿਆਂ ਵੱਲੋਂ ਸਮਾਜਿਕ ਬਣਤਰਾਂ ਵਿੱਚ ਤੇੜ ਪਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਹ ਸੱਚ ਹੈ ਕਿ ਸਮਾਜ ਨੂੰ ਵਰਗਾਂ ਚ ਵੰਡਣ ਲਈ ਮਨੂਵਾਦੀ ਸਮਰਿਤੀ ਜਿੰਮੇਵਾਰ ਹੈ ਅਤੇ ਅੱਜ ਦੀ ਸਟੇਟ ਉਸਦੇ ਨਕਸ਼ੇ ਕਦਮਾਂ ‘ਤੇ ਚੱਲ ਰਹੀ ਹੈ, ਪਰ ਇਸ ਦੇ ਉਲਟ ਉਹ ਦੋਸ਼ੀ ਪੰਜਾਬ ਦੇ ਸਾਂਝੇ ਸੱਭਿਆਚਾਰ ਨੂੰ ਠਹਿਰਾ ਰਹੀ ਹੈ। ਅਫਸੋਸ ਹੈ ਕਿ ਪੰਜਾਬ ਵਿਰੋਧੀ ਬਿਰਤਾਂਤ ਦਾ ਸੰਦ ਬਣਨ ਲਈ ਪੰਜਾਬ ਦੇ ਕਲਾਕਾਰ, ਅਖੌਤੀ ਖੱਬੇ ਪੱਖੀ ਲੇਖਕ ਅਤੇ ਫਿਲਮਕਾਰ ਆਦਿ ਇੱਕ ਦੂਜੇ ਤੋਂ ਕਾਹਲੇ ਹਨ। ਇਨੀ ਦਿਨੀਂ ਚਮਕੀਲਾ ਫਿਲਮ ਰਾਹੀਂ ਜੋ ਪੇਸ਼ ਕੀਤਾ ਗਿਆ, ਉਸ ਦਾ ਤਥਾਂ ਹੀਣਾ ਤੇ ਇਤਰਾਜ਼ਯੋਗ ਪੱਖ ਇਹ ਵੀ ਹੈ ਕਿ ਚਮਕੀਲੇ ਦਾ ਕਤਲ ਇਸ ਕਰਕੇ ਹੋਇਆ ਕਿਉਂਕਿ ਉਹ ਚਮਾਰ ਸੀ ਅਤੇ ਉਸਨੂੰ ਕਤਲ ਜੱਟਾਂ ਦੇ ਵੱਲੋਂ ਕੀਤਾ ਗਿਆ।
ਕਲਾ ਅਤੇ ਕਲਾਕਾਰ ਨੂੰ ਜਾਤਾਂ ਅਤੇ ਵਰਗਾਂ ਚ ਵੰਡ ਕੇ ਦੇਖਣਾ ਬੇਹਦ ਸ਼ਰਮਨਾਕ ਵਰਤਾਰਾ ਹੈ। ਬ੍ਰਿਟਿਸ਼ ਕਲੰਬੀਆ ਦੇ ਸ਼ਹਿਰ ਬਰਨਵੀ ਵਿੱਚ ਲੱਗੀ ਪ੍ਰਦਰਸ਼ਨੀ ਓਵਰਕਾਸਟ ਵਿੱਚ ਹੋਰ ਹੀ ਬਿਰਤਾਂਤ ਸਿਰਜਿਆ ਗਿਆ ਕਿ ਚਮਕੀਲੇ ਦੀ ਪਤਨੀ ਅਮਰਜੋਤ ਜੱਟਾਂ ਦੀ ਧੀ ਸੀ, ਜਿਸ ਕਾਰਨ ਜੱਟਾਂ ਦੇ ਵੱਲੋਂ ਚਮਕੀਲੇ ਨੂੰ ਨਿਸ਼ਾਨਾ ਬਣਾਇਆ ਗਿਆ, ਬੇਸ਼ੱਕ ਥੱਲੇ ਕਹਿ ਦਿੱਤਾ ਗਿਆ ਇਹ ਅਫਵਾਹਾਂ ਹਨ। ਜਦੋਂ ਕਿ ਇਹ ਸੱਚ ਹੈ ਕਿ ਚਮਕੀਲੇ ਦੀ ਅਸ਼ਲੀਲ ਗਾਇਕੀ ਦਾ ਮਸਲਾ ਹਮੇਸ਼ਾ ਵਿਵਾਦਾਂ ਵਿੱਚ ਰਿਹਾ, ਨਾ ਕਿ ਮਸਲਾ ਉਸ ਦੇ ਦਲਿਤ ਹੋਣ ਦਾ ਜਾਂ ਜੱਟਾਂ ਦਾ ਉਸਦੇ ਵਿਰੁੱਧ ਹੋਣ ਦਾ ਰਿਹਾ। ਕਿਧਰੇ ਵੀ ਜੱਟਾਂ ਨੇ ਚਮਕੀਲੇ ਨੂੰ ਮਾੜਾ ਨਹੀਂ ਕਿਹਾ, ਬਲਕਿ ਸਾਰੇ ਅਖਾੜੇ ਜੱਟਾਂ ਵੱਲੋਂ ਲਗਾਏ ਗਏ ਅਤੇ ਚਮਕੀਲੇ ਨੂੰ ਮੁਕਾਮ ‘ਤੇ ਪਹੁੰਚਾਉਣ ਲਈ ਸਹਿਯੋਗ ਵਧੇਰੇ ਕਰਕੇ ਜੱਟਾਂ ਵੱਲੋਂ ਹੀ ਹੋਇਆ। ਮੈਨੂੰ ਯਾਦ ਆਉਂਦਾ ਹੈ ਸੁਰਿੰਦਰ ਸੰਿਦਾ ਨੂੰ ਇੱਕ ਵਾਰ ਮੀਡੀਆਕਾਰ ਨੇ ਪੁੱਛਿਆ ਕਿ ਤੁਸੀਂ ਜੱਟਾਂ ਦੇ ਇਨੇ ਗੀਤ ਕਿਉਂ ਗਾਉਂਦੇ ਹੋ, ਤਾਂ ਦਲਿਤ ਬਰਾਦਰੀ ਨਾਲ ਸੰਬੰਧ ਸੁਰਿੰਦਰ ਸੰਿਦਾ ਕਹਿਣ ਲੱਗਿਆ, ”ਕਿਉਂ ਨਾ ਗਾਵਾਂ? ਸਾਨੂੰ ਰੋਟੀ ਜੱਟਾਂ ਨੇ ਦਿੱਤੀ ਹੈ!”
ਅੰਦਰ ਜੇਕਰ ਹੰਕਾਰ ਹੈ, ਤਾਂ ਬਹੁਤ ਬੁਰਾ ਹੈ। ਜੱਟ ਦੇ ਘਰ ਜੰਮਣਾ ਮਾੜਾ ਨਹੀਂ, ਜੱਟਵਾਦ ਮਾੜਾ ਹੈ। ਜੇ ਅਸਲੀਅਤ ਵਿੱਚ ਦੇਖੀਏ, ਤਾਂ ਪੰਜਾਬੀਅਤ ਦੀ ਜਿਸ ਸਾਂਝ ਨੂੰ ਕਿ ਤੋੜਨ ਦੀ ਕੋਸਸ਼ਿ ਕੀਤੀ ਜਾ ਰਹੀ ਹੈ, ਉਸ ਬਾਰੇ ਪੰਜਾਬੀ ਦੇ ਮਹਾਨ ਲਿਖਾਰੀ ਸੰਤ ਰਾਮ ਉਦਾਸੀ ਨੇ ਜੋ ਗੀਤ ਲਿਖਿਆ, ਉਹ ਅੱਜ ਵੀ ਇਸ ਸਾਂਝ ਦਾ ਪੁਲ ਬਣ ਰਿਹਾ ਹੈ ਕਿ ਕਿਵੇਂ ਆਰਥਿਕ ਤੰਗੀ ਵਿੱਚ ਇੱਕ ਜੱਟ ਸੀਰੀ ਦੇ ਗਲ ਲੱਗ ਕੇ ਰੋ ਰਿਹਾ ਹੈ ਅਤੇ ਕਿਵੇਂ ਉਹ ਆਪਣੇ ਕਿਰਤੀ ਸੀਰੀ ਪੁੱਤ ਜੱਗੇ ਨੂੰ ਤੰਗਲੀ ਲਿਆ ਕੇ ਕਰਮਾਂ ਨੂੰ ਫਰੋਲਣ ਦੀ ਗੱਲ ਕਹਿ ਰਿਹਾ ਹੈ। ਅੱਜ ਸੰਤ ਰਾਮ ਉਦਾਸੀ ਵਰਗੇ ਅਜਿਹੇ ਮਹਾਨ ਸ਼ਾਇਰ ਚਾਹੀਦੇ ਹਨ, ਜੋ ਸਮਾਜ ਨੂੰ ਜੋੜਨ, ਨਾ ਕਿ ਤੋੜਨ ;
”ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲ਼ਾਂ ਵਿਚੋਂ ਨੀਰ ਵਗਿਆ।
ਓ!ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲ਼ੀਏ, ਤੂੜੀ ਵਿਚੋਂ ਪੁੱਤ ਜੱਗਿਆ।
ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ, ਮੇਰੀਏ ਜਵਾਨ ਕਣਕੇ।
ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ, ਤੂੰ ਸੋਨੇ ਦਾ ਪਟੋਲਾ ਬਣ ਕੇ।
ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ, ਓ ਮੇਰੇ ਬੇਜ਼ੁਬਾਨ ਢੱਗਿਆ..
ਸਾਡਾ ਘੁੱਟੀਂ-ਘੁੱਟੀਂ ਤੇਲ ਖ਼ੂਨ ਪੀ ਗਿਆ,
ਤੇ ਖਾਦ ਖਾ ਗਈ ਹੱਡ ਖਾਰ ਕੇ।
ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ, ਬਈ ਬੋਹਲ਼ ਨੂੰ ਖੰਗੂਰਾ ਮਾਰ ਕੇ।
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ, ਕਿ ਸੱਧਰਾਂ ਨੂੰ ਲਾਂਬੂ ਲੱਗਿਆ..
ਨੀ ਧੀਏ! ਕਿਹੜੇ ਨੀ ਭੜੋਲੇ ਵਿਚ ਡੱਕ ਲਾਂ, ਮੈਂ ਤੇਰੀਆਂ ਜਵਾਨ ਸੱਧਰਾਂ।
ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ, ਹੈ ਸਾਡੀਆਂ ਸਮਾਜੀ ਕਦਰਾਂ।
ਧੀਏ! ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ,
ਕਿਉਂ ਚੰਨ ਨੂੰ ਸਰਾਪ ਲੱਗਿਆ?..
ਸੁੱਕੇ ਜਾਣ ਨਾ ਬੋਹਲ਼ਾਂ ਦਾ ਮਾਰ ਮਗਰਾ, ਜੋ ਮਾਰਦੇ ਨੇ ਜਾਂਦੇ ਚਾਂਗਰਾਂ।
ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ, ਹੈ ਖੇਤਾਂ ‘ਚ ਬਰੂਦ ਵਾਂਗਰਾਂ।
ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾ, ਜੋ ਮਿਹਨਤਾਂ ਨੂੰ ਮਾਖੋਂ ਲੱਗਿਆ..
ਓ!ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲ਼ੀਏ, ਤੂੜੀ ਵਿਚੋਂ ਪੁੱਤ ਜੱਗਿਆ।”