Tuesday, May 14, 2024
14.3 C
Vancouver

ਖਾਲਸਾ ਦਿਹਾੜੇ ਦਾ ਮਨੋਰਥ ਅਤੇ ਅੱਜ ਦੇ ਹਾਲਾਤ

ਕੈਨੇਡਾ ਵਿੱਚ ਅਪ੍ਰੈਲ ਨੂੰ ‘ਖਾਲਸਾ ਵਿਰਾਸਤ ਮਹੀਨੇ’ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਸਿੱਖ ਵਿਸ਼ੇਸ਼ ਕਰ ਕੇ ਆਪਣੇ ਵਿਰਸੇ, ਇਤਿਹਾਸ, ਸੱਭਿਆਚਾਰ ਅਤੇ ਪ੍ਰਾਪਤੀਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇ ਸਕਦੇ ਹਨ। ਵਾਸਤਵ ਵਿੱਚ ਖਾਲਸਾ ਦਿਹਾੜਾ ਅਪ੍ਰੈਲ ਵਿੱਚ ਆਉਣ ਕਾਰਨ ਇਹ ਮਹੀਨਾ ‘ਸਿੱਖ ਹੈਰੀਟੇਜ ਮਹੀਨੇ’ ਵਜੋਂ ਐਲਾਨਿਆ ਗਿਆ ਹੈ। ਇਤਿਹਾਸਿਕ ਤੌਰ ‘ਤੇ ਵਿਚਾਰਿਆ ਜਾਏ, ਤਾਂ ਖਾਲਸਾ ਸੰਪੂਰਨਤਾ ਦਿਹਾੜਾ ਸਿੱਖੀ ਦਾ ਉਹ ਮਹਾਨ ਇਤਿਹਾਸਕ ਦਿਹਾੜਾ ਹੈ, ਜਦੋਂ ਦਸਵੇਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ ਅਤੇ ਜਾਤ, ਰੰਗ, ਵਰਣ ਆਦਿ ਦੇ ਵਿਤਕਰੇ ਨੂੰ ਸਦਾ ਲਈ ਖਤਮ ਕੀਤਾ। ਜਾਤ-ਪਾਤ, ਰੰਗ-ਨਸਲ ਵੰਸ਼-ਕੁਲ ਆਦਿ ਜਿਹੇ ਵਿਤਕਰਿਆਂ ਦੇ ਖਾਤਮੇ ਦਾ ਮੁੱਢ, ਸਿੱਖੀ ਦਾ ਬੂਟਾ ਲਾਉਂਦਿਆਂ ਗੁਰੂ ਨਾਨਕ ਸਾਹਿਬ ਨੇ ਬੰਨ ਦਿੱਤਾ ਸੀ, ਜਿਸ ਨੂੰ ਦਸ ਗੁਰੂ ਸਾਹਿਬਾਨਾਂ ਨੇ ਫੈਲਾਇਆ। ਦਰਅਸਲ ਪਹਿਲੀ ਵਿਸਾਖ ਦੇ ਇਤਿਹਾਸਿਕ ਪ੍ਰਸੰਗ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਅਤੇ ਖਾਲਸਾ ਦਿਹਾੜੇ ਦੋਹਾਂ ਨੂੰ ਸਮਰਪਿਤ ਹਨ। ਖਾਲਸਾ ਸੰਪੂਰਨਤਾ ਦਿਹਾੜੇ ਦੇ ਨਾਲ-ਨਾਲ ਇਸ ਮੁਬਾਰਕ ਦਿਹਾੜੇ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਵਜੋਂ ਮਾਨਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਿਸਾਖ 1699 ਨੂੰ ਖਾਲਸਾ ਦਿਹਾੜੇ ਵਜੋਂ ਤਾਂ ਹੀ ਚੁਣਿਆ ਸੀ, ਕਿਉਂਕਿ ਇਸ ਪਵਿੱਤਰ ਦਿਹਾੜੇ ‘ਤੇ ਪਹਿਲੀ ਵਿਸਾਖ 1469 ਈਸਵੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਪੁਰਾਤਨ ਇਤਿਹਾਸਿਕ ਸਰੋਤਾਂ ਤੋਂ ਇਲਾਵਾ ਇਸ ਦੀ ਵਧੇਰੇ ਜਾਣਕਾਰੀ ਕਰਮ ਸਿੰਘ ਹਿਸਟੋਰੀਅਨ (ਇਤਿਹਾਸਕਾਰ) ਦੀ ਕਿਤਾਬ ‘ਕੱਤਕ ਕਿ ਵਿਸਾਖ’ ‘ਚੋਂ ਮਿਲਦੀ ਹੈ, ਜਦ ਕਿ ਤਕਰੀਬਨ ਸਾਰੀਆਂ ਹੀ ਪਾਠ -ਪੁਸਤਕਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵਿਸਾਖ 1469 ਨੂੰ ਹੀ ਮਿਲਦਾ ਹੈ, ਹਾਲਾਂ ਕਿ ਸਿੱਖਾਂ ਵਿੱਚ ਪ੍ਰਕਾਸ਼ ਦਿਹਾੜਾ ਮਨਾਉਣ ਦੀ ਪਰੰਪਰਾ ਕੱਤਕ ਦੀ ਪੂਰਨਮਾਸ਼ੀ ਨੂੰ ਪ੍ਰਚਲਿਤ ਹੈ। ਇਹ ਵੱਖਰੇ ਰੂਪ ਵਿੱਚ ਸੰਜੀਦਾ ਅਤੇ ਗਹਿਰੇ ਵਿਚਾਰ ਦਾ ਵਿਸ਼ਾ ਹੈ, ਨਾ ਕਿ ਵਿਵਾਦ ਦਾ।
ਸਿੱਖੀ ਦੀ ਨੀਂਹ ਪਹਿਲੇ ਸਤਿਗੁਰੂ ਨਾਨਕ ਸਾਹਿਬ ਨੇ ਰੱਖਦਿਆਂ, ਨਿਰਮਲ ਪੰਥ ਚਲਾਇਆ, ਜਿਸ ਬਾਰੇ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ। ਸਿੱਖੀ ਨੂੰ ਦਸ ਗੁਰੂ ਸਾਹਿਬਾਨ ਦੇ ਰੂਪ ਵਿੱਚ ਮੁਕੰਮਲ ਕਰਦਿਆਂ ਹੋਇਆਂ, ਦਸਵੇਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨਾਮ ਬਖਸਅਿਾ। ‘ਸਿੱਖ’ ਦਰਅਸਲ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਮੂਲ ਰੂਪ ‘ਸ਼ਿਸ਼’ ਹੈ ਤੇ ਅਰਥ ਹੈ ਸਿੱਖਣ ਵਾਲਾ ਸ਼ਗਿਰਦ ਜਾਂ ਵਿਦਿਆਰਥੀ। ਸਿੱਖੀ ਦੇ ਖੇਤਰ ਵਿੱਚ ਸਿੱਖ ਸ਼ਬਦ ਦੇ ਅਰਥ ਸਨਾਤਨੀ ਮੱਤ ਨਾਲੋਂ ਵੱਖਰੇ ਹਨ। ਸਿੱਖੀ ਅੰਦਰ ‘ਸਿੱਖ’ ਸ਼ਬਦ ਸਿਰਫ਼ ਸਿੱਖਣ ਵਾਲਾ ਸ਼ਾਗਿਰਦ ਨਾ ਰਹਿ ਕੇ, ਇਸ ਦਾ ਅਰਥ ਅਤੇ ਪ੍ਰਸੰਗ ‘ਨਿਆਰਾ ਇਤਿਹਾਸ, ਬਿਰਤਾਂਤ ਅਤੇ ਸਿਧਾਂਤ’ ਬਣ ਜਾਂਦਾ ਹੈ, ਜਿੱਥੇ ਸਿੱਖ ਮੁਕੰਮਲ ਸਮਰਪਤਿ ਸੁਰਤ ਵਾਲਾ ਜੁਗਿਆਸੂ ਹੋ ਨਿਬੜਦਾ ਹੈ।
ਇਸੇ ਤਰੀਕੇ ਨਾਲ ਸਧਾਰਨ ਰੂਪ ਵਿੱਚ ‘ਗੁਰੂ’ ਸ਼ਬਦ ਦਾ ਅਰਥ ਹੈ ਹਨੇਰਾ ਦੂਰ ਕਰਨ ਵਾਲਾ। ਆਮ ਕਰਕੇ ਅਧਿਆਪਕ ਜਾਂ ਉਸਤਾਦ ਨੂੰ ਗੁਰੂ ਕਿਹਾ ਜਾਂਦਾ ਹੈ, ਪਰ ਜਦੋਂ ਸਿੱਖੀ ਵਿੱਚ ਗੁਰੂ ਸ਼ਬਦ ਆਉਂਦਾ ਹੈ, ਤਾਂ ਇਸ ਦਾ ਅਰਥ ‘ਸੁਰਤ ਦੀ ਅਗਵਾਈ ਕਰਨ ਵਾਲਾ ਸ਼ਬਦ’ ਉਹ ਨਿਬੜਦਾ ਹੈ। ਇਉਂ ਹੀ ਦਸ ਗੁਰੂ ਸਾਹਿਬਾਨ, ਗੁਰਤਾ ਗੱਦੀ ਦੇ ਰੂਪ ਵਿੱਚ ‘ਇਕ ਜੋਤ’ ਅਤੇ ਮੌਜੂਦਾ ਸਮੇਂ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ‘ਗੁਰੂ’ ਵਜੋਂ ਕਰਦੇ ਨਜ਼ਰ ਆਉਂਦੇ ਹਨ। ਇੱਥੇ ਇਹ ਸ਼ਬਦ ਕੇਵਲ ਉਸਤਾਦ ਜਾਂ ਅਧਿਆਪਕ ਨਾ ਹੋ ਕੇ, ਅਧਿਆਤਮਕ ਪ੍ਰਸੰਗ ਵਿੱਚ ਜੀਵਨ ਸੇਧ ਦਾ ਕਰਤਾ-ਧਰਤਾ ਅਤੇ ਲੋਕ-ਪਰਲੋਕ ਵਿੱਚ ਰਖਵਾਲਾ ਬਣ ਜਾਂਦਾ ਹੈ।
‘ਖਾਲਸਾ’ ਸ਼ਬਦ ਮੂਲ ਰੂਪ ਵਿੱਚ ਫ਼ਾਰਸੀ ਦਾ ਹੈ, ਜਿਸਦਾ ਅਰਥ ਹੈ ਸਿੱਧਾ ਇੱਕ ਰੱਬ ਨੂੰ ਸਮਰਪਤ ਹੋਣਾ ਅਤੇ ਕਿਸੇ ਹੋਰ ਦੇ ਅਧੀਨ ਨਾ ਹੋਣਾ। ਖੰਡੇ ਦਾ ਪਾਹੁਲ ਛੱਕ ਕੇ ਤਿਆਰ ਬਰ ਤਿਆਰ ਸਿੱਖਾਂ ਲਈ ‘ਖ਼ਾਲਸਾ’ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਚੁਣਿਆ। ਇਸ ਸ਼ਬਦ ਦੇ ਅਰਥ ਸਿੱਖੀ ਵਿੱਚ, ਇਸਲਾਮਿਕ ਮੱਤ ਨਾਲੋਂ ਬਿਲਕੁਲ ਨਿਵੇਕਲੇ ਹੋ ਜਾਂਦੇ ਹਨ। ਇੱਥੇ ਖਾਲਸਾ ਇੱਕ ਪੰਥ ਹੈ, ਨਾ ਕਿ ਫਾਰਸੀ ਵਿੱਚੋਂ ਲਏ ਗਏ ਸ਼ਬਦ ਦੇ ਸੀਮਤ ਅਰਥਾਂ ਤੱਕ ਹੀ ਸੰਕੁਚਤ ਹੈ।
ਇਉ ਸਿੱਖੀ, ਸਿੱਖ ਵਿਰਸੇ, ਸਿੱਖ ਸੱਭਿਆਚਾਰ ਤੇ ਸਿੱਖ ਸਭਿਅਤਾ ਦੇ ਰੂਪ ਵਿੱਚ ਅਰਥਾਂ ਦੇ ਨਵੇਂ ਪ੍ਰਸੰਗ ਅਤੇ ਨਵੇਂ ਵਿਰਾਸਤੀ ਅਰਥ ਸੰਕੇਤ ਹੁੰਦੇ ਹਨ। ਜਿੱਥੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਇੱਕੋ ਜੋਤ ਹਨ, ਉੱਥੇ ਸਿੱਖੀ ਅਤੇ ਖਾਲਸਾ ਪੰਥ ਵੀ ਇੱਕੋ ਹੀ ਹਨ। ਇਹਨਾਂ ਨੂੰ ਅੱਡ ਕਰਕੇ ਵੇਖਣਾ ਵੱਡੀ ਕੁਤਾਹੀ ਹੈ। ਇਸੇ ਕਾਰਨ ਸਿੱਖੀ ਵਜੋਂ ਆਰੰਭ ਅਤੇ ਖਾਲਸੇ ਵਜੋਂ ਮੁਕੰਮਲ ਹੋਣ ਦਾ ਇਹ ਸਫਰ ‘ਖਾਲਸਾ ਦਿਹਾੜੇ’ ਵਜੋਂ ਮਨਾਇਆ ਜਾਂਦਾ ਹੈ।
ਖਾਲਸਾ ਦਿਹਾੜੇ ਮੌਕੇ ‘ਤੇ ਦੁਨੀਆਂ ਭਰ ‘ਚ ਨਗਰ ਕੀਰਤਨ ਸਜਾਉਣ ਦੇ ਉਪਰਾਲੇ ਹੋ ਰਹੇ ਹਨ। ਨਗਰ ਕੀਰਤਨਾਂ ਦੇ ਸਬੰਧ ਵਿੱਚ ਕੁਝ ਅਹਿਮ ਵਿਚਾਰਾਂ ਦੀ ਸਾਂਝ ਪਾਉਣ ਦੀ ਖੁਸ਼ੀ ਲੈ ਰਹੇ ਹਾਂ, ਤਾਂ ਕਿ ਖਾਲਸਾ ਦਿਹਾੜੇ ਨੂੰ ‘ਵਿਸਾਖੀ ਮੇਲੇ’ ਦੀ ਥਾਂ, ਗੁਰਪੁਰਬ ਦੇ ਅਮਲੀ ਰੂਪ ਵਿਚ ਮਨਾਇਆ ਜਾਏ। ਅੱਜ ਪੰਜਾਬ ਤੋਂ ਲੈ ਕੇ ਦੁਨੀਆਂ ਦੇ ਹਰ ਕੋਨੇ ਵਿੱਚ, ਜਿੱਥੇ ਵੀ ਸਿੱਖ ਵਸਦੇ ਹਨ, ਅਕਾਲ ਪੁਰਖ ਦਾ ਜਸ ਅਤੇ ਕੀਰਤੀ ਕਰਦੇ ਹਨ। ਸਿੱਖ ਕੌਮ ਇਤਿਹਾਸਕ ਮੌਕਿਆਂ ਉੱਪਰ ਨਗਰ ਕੀਰਤਨ ਸਜਾਉਂਦੀ ਹੈ। ਇਹ ਪਰੰਪਰਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਦੁਬਈ ਅਤੇ ਪਾਕਿਸਤਾਨ ਸਮੇਤ ਹਰ ਉਸ ਮੁਲਕ ਦੇ ਵਿੱਚ ਸ਼ਾਨ ਨਾਲ ਕਾਇਮ ਹੈ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਿਆ ਹੋਇਆ ਹੈ।
ਨਗਰ ਕੀਰਤਨ ਸ਼ਬਦ ਦੀ ਪਰਿਭਾਸ਼ਾ ਦੇਖੀਏ, ਤਾਂ ਇਹ ਦੋ ਸ਼ਬਦਾਂ ਦਾ ਜੋੜ ਹੈ : ‘ਨਗਰ’ ਅਤੇ ‘ਕੀਰਤਨ’। ਕੀਰਤਨ ਸ਼ਬਦ ਗੁਰਬਾਣੀ ‘ਚ ਅਨੇਕਾਂ ਵਾਰ ਆਇਆ ਹੈ। ਜਿੱਥੇ ਕੀਰਤਨ ਗਾਇਨ ਸਿੱਖੀ ਦਾ ਸ਼ਾਨਮਈ ਵਿਰਸਾ ਹੈ ਅਤੇ ਗੁਰੂ ਸਾਹਿਬਾਨ ਸਮੇਂ ਤੋਂ ਕੀਰਤਨ ਆਰੰਭ ਹੋਇਆ ਹੈ, ਉੱਥੇ ਇਹ ਸਦਾ ਹੀ ਕਾਇਮ ਹੈ ਅਤੇ ਰਹੇਗਾ। ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਦੇ ਸਬੰਧ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ‘ਚ ਅਨੇਕ ਥਾਵਾਂ ‘ਤੇ ਇਹ ਸ਼ਬਦ ਹਨ, ਜਦੋਂ ਗੁਰੂ ਸਾਹਿਬ ਬਾਣੀ ਰਚਦੇ ਅਤੇ ਗਾਇਨ ਕਰਦੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ। ਗੁਰੂ ਕਾਲ ਦੌਰਾਨ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਮੌਲਿਕ ਰੂਪ ਵਿੱਚ ਸਰੰਦਾ ਅਤੇ ਅਨੇਕਾਂ ਹੋਰ ਸਾਜ ਬਖਸ਼ੇ ਅਤੇ ਹਰ ਇਕ ਸਿੱਖ ਨੂੰ ਕੀਰਤਨ ਕਰਨ ਵਾਸਤੇ ਪ੍ਰੇਰਿਆ।
ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 31 ਰਾਗਾਂ ਵਿੱਚ ਦਰਜ ਕਰਨ ਅਤੇ ਰਾਗਾਂ ਵਿੱਚ ਗਾਇਨ ਦੀ ਵਿਧੀ ਇਸ ਦੀ ਮਿਸਾਲ ਹੈ, ਜਿਸ ਨੂੰ ਆਧਾਰ ਬਣਾ ਕੇ ਕੀਰਤਨੀਏ ਰਾਗਾਂ ਦਾ ਅਧਿਅਨ ਕਰਦੇ ਹਨ। ਕੀਰਤਨ ਗਾਇਨ ਦੇ ਮਹਾਨ ਗੌਰਵਮਈ ਵਿਰਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਉੱਚਾ ਰੁਤਬਾ ਦਿੱਤਾ। ਇੱਥੋਂ ਤੱਕ ਕਿ ਜੰਗਾਂ ਮੌਕੇ ਵੀ ‘ਆਸਾ ਜੀ ਦੀ ਵਾਰ’ ਦਾ ਕੀਰਤਨ ਆਪ ਜੀ ਦੇ ਖੁਦ ਗਾਇਨ ਕਰਨ ਦੀਆਂ ਇਤਿਹਾਸਕ ਮਿਸਾਲਾਂ ਸਾਹਮਣੇ ਹਨ। ਉਸ ਤੋਂ ਮਗਰੋਂ ਹਰ ਹਾਲ ਵਿੱਚ ਕੀਰਤਨ ਦਾ ਸਤਿਕਾਰ ਵਧਿਆ ਅਤੇ ਇਹ ਹਮੇਸ਼ਾ ਕਾਇਮ ਹੈ।
ਸ਼ਬਦ ‘ਨਗਰ’ ਦਾ ਭਾਵ ਅਸਥਾਨ ਤੋਂ ਹੈ, ਚਾਹੇ ਪਿੰਡ, ਕਸਬਾ, ਸ਼ਹਿਰ, ਕੁਝ ਵੀ ਹੋਵੇ। ਦੇਸ਼-ਵਿਦੇਸ਼ ਜਿੱਥੇ ਵੀ, ਜਿਸ ਵੀ ਸ਼ਹਿਰ ਵਿੱਚ ਸਿੱਖ ਵੱਸਦੇ ਹਨ, ਉਨ੍ਹਾਂ ਲਈ ਉਹ ਨਗਰ ਹੈ। ਇਉਂ ਨਗਰ ਅਤੇ ਕੀਰਤਨ ਦੋਹੇਂ ਸ਼ਬਦਾਂ ਦੇ ਜੋੜ ਤੋਂ ‘ਨਗਰ ਕੀਰਤਨ’ ਬਣਦਾ ਹੈ, ਜਿਸ ਦਾ ਭਾਵ ਹੈ ਵਿਸ਼ੇਸ਼ ਧਾਰਮਿਕ ਮੌਕਿਆਂ ‘ਤੇ ਨਗਰ ਵਿੱਚ ਕੀਰਤਨ ਕਰਦੇ ਹੋਏ ਸਿੱਖੀ ਦੀ ਸ਼ੋਭਾ ਵਧਾਉਣੀ ਅਤੇ ਹੋਰਨਾ ਕੌਮਾਂ ਨੂੰ ਇਸ ਤੋਂ ਜਾਣੂ ਕਰਵਾਉਣਾ। ਇਸ ਦਾ ਖਾਸ ਨਿਯਮ ਇਹ ਹੈ ਕਿ ਨਗਰ ਕੀਰਤਨ ਸਜਾਉਂਦੇ ਹੋਏ ਕੀਰਤਨ ਕਰਦਿਆਂ ਹੋਇਆਂ ਨਗਰ ਵਿੱਚ ਦੀ ਗੁਜ਼ਰਨਾ। ਨਗਰ ਵਿੱਚ ਕੀਰਤਨ ਗਾਇਨ ਕਰਦੇ ਚੱਲਣਾ। ਕਿਉਂਕਿ ਨਗਰ ਕੀਰਤਨ ਨਿਰੋਲ ਧਾਰਮਿਕ ਅਤੇ ਸਿੱਖੀ ਪ੍ਰਚਾਰ ਦਾ ਜ਼ਰੀਆ ਹੈ, ਇਸ ਕਰਕੇ ਨਗਰ ਕੀਰਤਨ ਵਿੱਚ ਸਿੱਖ ਵਿਰਸੇ ਨਾਲ ਸਬੰਧਤ ਧਾਰਮਿਕ ਪੱਖਾਂ ਨੂੰ ਹੀ ਜੋੜ ਕੇ ਵੇਖਿਆ ਜਾਂਦਾ ਹੈ, ਜਿਵੇਂ ਕਿ ਨਗਰ ਕੀਰਤਨ ਵਿੱਚ ਸਿੱਖਾਂ ਦੀ ਸ਼ਾਨਦਾਰ ਵਿਰਾਸਤ ਦਾ ਪ੍ਰਤੀਕ ਗੱਤਕਾ ਖੇਡਣਾ, ਜੋ ਕਿ ਤਖ਼ਤ ਸਾਹਿਬਾਨਾਂ ਤੋਂ ਲੈ ਕੇ ਹਰ ਗੁਰਦੁਆਰਾ ਸਾਹਿਤਕ ਸਾਹਿਬ ਤੱਕ ਮੌਜੂਦ ਹੈ। ਇਸ ਦੇ ਨਾਲ ਹੀ ਗੁਰਬਾਣੀ ਦੀ ਕਥਾ-ਵਿਚਾਰ, ਢਾਡੀ-ਕਵੀਸ਼ਰੀ ਪਰੰਪਰਾ, ਇਹ ਸਭ ਸਿੱਖੀ ਦੇ ਧਾਰਮਿਕ ਪੱਖ ਹਨ ਅਤੇ ਨਗਰ ਕੀਰਤਨ ਦਾ ਹਿੱਸਾ ਹਨ।
ਵਿਦੇਸ਼ਾਂ ਵਿੱਚ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਨਗਰ ਕੀਰਤਨ ਦੇ ਮੌਕੇ ‘ਤੇ ਇਤਿਹਾਸ ਅਤੇ ਵਿਰਸੇ ਦੇ ਮਹੱਤਵ ਨੂੰ ਪੇਸ਼ ਕਰਦੇ ਪੁਸਤਕਾਂ ਜਾਂ ਪੰਫਲਿਟ, ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਅਤੇ ਹੋਰਨਾਂ ਭਾਸ਼ਾਵਾ ਵਿੱਚ ਵੰਡੇ ਜਾਣ। ਨਗਰ ਕੀਰਤਨ ਦੇ ਸ਼ੋਭਨੀਕ ਸਰੂਪ ਦੀ ਮਹੱਤਤਾ ਇਹ ਵੀ ਹੈ ਕਿ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਗਰ ਤੁਰਨ, ਨਾ ਕਿ ਜ਼ਿਆਦਾ ਤਾਦਾਦ ਵਿੱਚ ਗੱਡੀਆਂ ਚੱਲਣ। ਚੱਲਦਿਆਂ ਹੋਇਆਂ ਇਹ ਵੀ ਖਿਆਲ ਰੱਖਿਆ ਜਾਏ ਕਿ ਅਸੀਂ ਗੁਰਬਾਣੀ ਤੇ ਨਗਰ ਕੀਰਤਨ ਦਾ ਸਤਿਕਾਰ ਕਰਦੇ ਹੋਏ ਸਿਰ ਢੱਕੇ ਹਨ ਅਤੇ ਕਿਸੇ ਵੀ ਕਿਸਮ ਦੇ ਨਸ਼ਾ ਸੇਵਨ ਤੋਂ ਮੁਕਤ ਹਾਂ। ਸਿੱਖੀ ਵਿੱਚ ਨਸ਼ਾ ਵਿਵਰਜਤ ਹੈ ਅਤੇ ਇਹ ਸਿਹਤ ਅਤੇ ਮਾਹੌਲ ਖਰਾਬ ਕਰਦਾ ਹੈ। ਨਗਰ ਕੀਰਤਨ ਮੌਕੇ ਕਈ ਵਾਰ ਗੁਰਬਾਣੀ ਪ੍ਰਚਾਰ ਦੀ ਥਾਂ ‘ਤੇ ਵੱਖ-ਵੱਖ ਫਲੋਟਾਂ ‘ਤੇ ਵਪਾਰੀ-ਕਾਰੋਬਾਰੀ ਪ੍ਰਚਾਰ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਦਾ ਨਗਰ ਕੀਰਤਨ ਨਾਲ ਸਬੰਧ ਨਹੀਂ ਹੁੰਦਾ। ਅਜਿਹਾ ਕਰਨਾ ਨਗਰ ਕੀਰਤਨ ਸਰੂਪ ਅਤੇ ਪਰਿਭਾਸ਼ਾ ਦੇ ਬਿਲਕੁਲ ਉਲਟ ਹੈ ਅਤੇ ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਨਗਰ ਕੀਰਤਨ ਦੌਰਾਨ ਸਟੇਜਾਂ ਤੋਂ ਭੰਗੜੇ ਜਾਂ ਗਿੱਧੇ ਆਦਿਕ ਨਾਚਾਂ ਦੀਆਂ ਪੇਸ਼ਕਾਰੀਆਂ ਨਗਰ ਕੀਰਤਨ ਦੇ ਸਰੂਪ ਦੇ ਬਿਲਕੁਲ ਅਨੁਕੂਲ ਨਹੀਂ। ਇਨ੍ਹਾਂ ਦੀ ਥਾਂ ਦਸਤਾਰਾਂ ਸਜਾਉਣ, ਬੀਰਰਸੀ ਵਾਰਾਂ ਗਾਉਣ ਅਤੇ ਸਿੱਖ ਮਾਰਸ਼ਲ ਆਰਟਸ ਗੱਤਕਾ ਖੇਡਣਾ ਦੇ ਜੌਹਰ ਦਿਖਾਉਣ ਨੂੰ ਪ੍ਰਚਾਰਨਾ ਤੇ ਪ੍ਰਸਾਰਨਾ ਚਾਹੀਦਾ ਹੈ। ਲੋਕ ਨਾਚ ਪੰਜਾਬੀ ਸੱਭਿਆਚਾਰ ਦਾ ਹਿੱਸਾ ਹਨ ਅਤੇ ਇਨ੍ਹਾਂ ਦੀ ਪੇਸ਼ਕਾਰੀ ਨਗਰ ਕੀਰਤਨ ਦੀ ਜਗ੍ਹਾ, ਵੱਖਰੇ ਮੰਚ ਤੋਂ ਹੋਣੀ ਚਾਹੀਦੀ ਹੈ। ਇਹ ਨਾ ਵਿਵਾਦ ਦਾ ਵਿਸ਼ਾ ਹੋਣਾ ਚਾਹੀਦਾ ਹੈ ਤੇ ਨਾ ਹੀ ਇਸ ‘ਤੇ ਕੋਈ ਸੁਆਲ ਹੀ ਉੱਠਣ ਦੀ ਗੁੰਜਾਇਸ਼ ਹੈ, ਕਿਉਂਕਿ ਨਗਰ ਕੀਰਤਨ ਦਾ ਭਾਵ ਕੀਰਤਨ ਤੋਂ ਹੈ, ਜੋ ਨਗਰ ‘ਚੋਂ ਗੁਜ਼ਰਦਿਆਂ ਸ਼ਰਧਾ-ਸਤਿਕਾਰ ਅਤੇ ਪ੍ਰੇਮ -ਰਸ ਵਿੱਚ ਭਿੱਜ ਕੇ ਕੀਤਾ ਜਾਂਦਾ ਹੈ।
ਸਿੱਖ ਵਿਰਸੇ ਅਤੇ ਇਤਿਹਾਸ ਨਾਲ ਸਬੰਧਤ ਵਿਚਾਰਾਂ ਨਗਰ ਕੀਰਤਨ ਦਾ ਮੂਲ ਮਨੋਰਥ ਹੋਣੀਆਂ ਚਾਹੀਦੀਆਂ ਹਨ, ਜਿੰਨਾਂ ਵਿੱਚ ਸਿੱਖ ਕੌਮ ਦੇ ਲੰਮੇ ਸੰਘਰਸ਼ ਅਤੇ ਚੁਣੌਤੀਆਂ ਸਬੰਧੀ ਖਾਲਸੇ ਦੇ ਨੁਕਤਾ-ਨਿਗਾਹ ਤੋਂ ਵਿਚਾਰਾਂ ਹੋਣ, ਨਾ ਕਿ ਪੁਲੀਟੀਕਲ ਪਾਰਟੀਆਂ ਆਪਣਾ ਪ੍ਰਚਾਰ ਕਰਨ। ਇੱਥੇ ਇਹ ਚੰਗੀ ਗੱਲ ਹੈ ਕਿ ਜੇਕਰ ਵੱਖ- ਵੱਖ ਸਟੇਜਾਂ ਤੋਂ ਨਗਰ ਕੀਰਤਨ ਦੇ ਇਤਿਹਾਸਕ ਮਹੱਤਵ ਅਤੇ ਸਿੱਖੀ ਨਾਲ ਸਬੰਧਤ ਕਾਰਜਾਂ ਬਾਰੇ ਸੰਬੰਧਿਤ ਧਿਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਭੂਮਿਕਾਵਾਂ ਦੀ ਜਾਣਕਾਰੀ ਦਿੱਤੀ ਜਾਵੇ, ਨਾ ਕਿ ਨਿੱਜੀ ਪ੍ਰਚਾਰ ਨਗਰ ਕੀਰਤਨ ਦਾ ਕੇਂਦਰ ਬਿੰਦੂ ਹੋਣ। ਸੰਗਤ ਰੂਪ ਵਿੱਚ ਨਗਰ ਕੀਰਤਨ ਦੀ ਪਰਿਭਾਸ਼ਾ ਅਤੇ ਸਰੂਪ ਦੇ ਅਨੁਕੂਲ ਚੱਲਦਿਆਂ ਇਹ ਯਤਨ ਹੋਵੇ ਕਿ ਇਹ ਮਨੋਰੰਜਨ ਦਾ ਕੇਂਦਰ ਬਿੰਦੂ ਨਾ ਹੋ ਕੇ, ਮਹਾਨ ਵਿਰਸੇ ਦੀ ਇਤਿਹਾਸਕ ਜਾਣਕਾਰੀ ਦਾ ਕੇਂਦਰ ਹੈ। ਸੋ ਅਜਿਹੀ ਸੋਚ ਨਾਲ ਹੀ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਜਾਵੇ।
ਨਗਰ ਕੀਰਤਨ ਮੌਕੇ ਥਾਂ-ਥਾਂ ਲੱਗੇ ਸਟਾਲਾਂ ਦੀ ਸੇਵਾ ਜਿੱਥੇ ਬਹੁਤ ਅਹਿਮ ਹੈ, ਉੱਥੇ ਇਹ ਵੀ ਖਿਆਲ ਰੱਖਿਆ ਜਾਵੇ ਕਿ ‘ਨਿਰਾ ਭੋਜਨ ਵੰਡਣ’ ‘ਤੇ ਹੀ ਅਸੀਂ ਕੇਂਦਰਿਤ ਨਾ ਹੋ ਜਾਈਏ, ਸਗੋਂ ‘ਸ਼ਬਦ ਦੇ ਲੰਗਰ’ ਭਾਵ ਕਿਤਾਬਾਂ ਦੇ ਸਟਾਲ ਵੱਧ ਤੋਂ ਵੱਧ ਲਗਾਏ ਜਾਣ। ਕੌੜੀ ਸਚਾਈ ਹੈ ਕਿ ਨਗਰ ਕੀਰਤਨ ਮੌਕੇ ਵਧੇਰੇ ਲੋਕ ਭੋਜਨ ਦੇ ਸਟਾਲਾਂ ਤੇ ਹੀ ਇਕੱਤਰ ਹੁੰਦੇ ਹਨ। ਕਈ ਵਾਰ ਤਾਂ ਇੰਝ ਜਾਪਦਾ ਹੈ ਜਿਵੇਂ ਹੱਦੋਂ ਵੱਧ ਖਾ ਕੇ ਇੱਕੋ ਦਿਨ ਵਿੱਚ ਸਾਰੀ ਭੁੱਖ ਪੂਰੀ ਕਰਨੀ ਹੋਵੇ। ਖਾਣ-ਪੀਣ ਦੇ ਸਟਾਲਾਂ ਵਿਚ ਵੀ ਪੌਸ਼ਟਿਕ ਭੋਜਨ ਦੀ ਥਾਂ ਸੁਆਦਲੇ ਭੋਜਨ ‘ਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਲੋਕ ਪੂੜ੍ਹੀਆਂ, ਸਮੋਸੇ, ਟਿੱਕੀਆਂ ਦੇ ਸਟਾਲਾਂ ਤੇ ਵੱਡੀ ਤਾਦਾਦ ਵਿੱਚ ਨਜ਼ਰ ਆਉਂਦੇ ਹਨ।
ਦੂਜੇ ਪਾਸੇ ਇਹ ਵੀ ਸੱਚ ਹੈ ਕਿ ਨਗਰ ਕੀਰਤਨ ਮੌਕੇ ਫ਼ਲ ਫਰੂਟ ਅਤੇ ਸਲਾਦ ਆਦਿ ਦੇ ਸਟਾਲਾਂ ‘ਤੇ ਰੌਣਕ ਨਜ਼ਰ ਨਹੀਂ ਆਉਂਦੀ। ਤੇਲ ਵਾਲੀਆਂ ਚੀਜ਼ਾਂ ਅਤੇ ਸ਼ੂਗਰ ਵਾਲੇ ਪਦਾਰਥ ਇੱਕੋ ਦਿਨ ਵਿੱਚ ਖਾ ਕੇ ਲੋਕ ਜਿਨ੍ਹਾ ਸਰੀਰਕ ਨੁਕਸਾਨ ਕਰਦੇ ਹਨ, ਇਸ ਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ। ਇਸ ਤੋਂ ਇਲਾਵਾ ਖਾਣ-ਪੀਣ ਲਈ ਜਿੱਥੇ ਸਾਫ਼ ਸਫ਼ਾਈ ਦਾ ਖ਼ਿਆਲ ਰੱਖਣਾ ਬੜਾ ਉਚਿਤ ਹੈ, ਉੱਥੇ ਪਲਾਸਟਿਕ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਤ ਕਰਨਾ ਵੀ ਗਲਤ ਹੈ। ਇਸ ਤੋਂ ਗੁਰੇਜ਼ ਕੀਤਾ ਜਾਣਾ ਬਣਦਾ ਹੈ।
ਗੁਰਬਾਣੀ ਦੀਆਂ ਪੰਗਤੀਆਂ ਤੇ ਗੁਰਮੁੱਖੀ ਅੱਖਰਾਂ ਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਹੈ। ਆਮ ਦੇਖਿਆ ਜਾਂਦਾ ਹੈ ਕਿ ਅਜਿਹੇ ਮੌਕਿਆਂ ‘ਤੇ ਅਜਿਹੇ ਦਸਤਾਵੇਜ਼ ਪੈਰਾਂ ਵਿੱਚ ਰੁਲ ਰਹੇ ਹੁੰਦੇ ਹਨ, ਜੋ ਕਿ ਗੁਰਮੁਖੀ ਅਤੇ ਪੰਜਾਬੀ ਦਾ ਨਿਰਾਦਰ ਹੈ। ਖਾਲਸਾ ਦਿਹਾੜੇ ਦੇ ਨਗਰ ਕੀਰਤਨ ਵਿੱਚ ਸਿੱਖ ਸੰਗਤਾਂ ਅਤੇ ਹੋਰਨਾਂ ਕੌਮਾਂ ਦੇ ਲੋਕਾਂ ਨੂੰ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਏ। ਖਾਲਸਾ ਦਿਵਸ ਜਿੱਥੇ ਇੱਕ ਪਾਸੇ ਜ਼ਾਤ-ਪਾਤ ਦੇ ਵਿਤਕਰੇ ਨੂੰ ਸਦਾ ਲਈ ਖਤਮ ਕਰਨ ਦਾ ਸੁਨੇਹਾ ਹੈ, ਓਥੇ ਦੂਜੇ ਪਾਸੇ ਜ਼ਾਲਮ ਸਰਕਾਰ ਦੀ ਧੱਕੇਸ਼ਾਹੀ ਖਲਿਾਫ਼ ਸਿੱਖ ਇਨਕਲਾਬ ਹੈ। ਦੁੱਖ ਇਸ ਗੱਲ ਦਾ ਹੈ ਕਿ ਅੱਜ ਫਿਰ ਦੇਸ਼ ਦਾ ਭਗਵਾਂਕਰਨ ਹੋ ਚੁੱਕਿਆ ਹੈ। ਮਨੂ ਸਮ੍ਰਿਤੀ ਤ੍ਰਿਸ਼ੂਲ ਚੁੱਕੀ ਫਿਰ ਰਹੀ ਹੈ। ਨਫਰਤ ਵਧ ਰਹੀ ਹੈ। ਉਚ ਜਾਤੀਏ ਦਲਿਤ ਭਾਈਚਾਰੇ ਦੇ ਲੋਕਾਂ ‘ਤੇ ਜ਼ੁਲਮ ਕਰ ਰਹੇ ਹਨ। ਘੱਟ ਗਿਣਤੀਆਂ ਦਾ ਘਾਣ ਹੋ ਰਿਹਾ ਹੈ। ਪੰਜਾਬ ਵਿੱਚ ਸੈਂਕੜੇ ਸਿੱਖ ਨੌਜਵਾਨਾਂ ਖਲਿਾਫ਼ ਕਾਲੇ ਕਾਨੂੰਨ ਨੈਸ਼ਨਲ ਸਕਿਉਰਟੀ ਐਕਟ ਆਦਿ ਲਗਾਏ ਜਾ ਰਹੇ ਹਨ। ਜਬਰ ਖਿਲਾਫ ਲਾਮਬੰਦ ਕਰਨ ਲਈ ਜ਼ਰੂਰੀ ਹੈ ਕਿ ਨਗਰ ਕੀਰਤਨ ਮੌਕੇ ਝਾਕੀਆਂ ਦੌਰਾਨ ਅਜਿਹੇ ਸਰਕਾਰੀ ਤਸ਼ੱਦਦ ਤੋਂ ਸਿੱਖ ਸੰਗਤਾਂ ਅਤੇ ਹੋਰਨਾਂ ਕੌਮਾਂ ਨੂੰ ਜਾਣੂੰ ਕਰਵਾਇਆ ਜਾਏ।
ਜ਼ੁਲਮ ਦੇ ਖਿਲਾਫ਼ ਇਤਿਹਾਸ ਅਤੇ ਵਿਰਸੇ ਬਾਰੇ ਗਿਆਨ ਦਾ ਪਾਸਾਰ ਕਰਨਾ ਨਗਰ ਕੀਰਤਨ ਦਾ ਮਨੋਰਥ ਹੈ, ਨਾ ਕਿ ਭੋਜਨ ਸਟਾਲਾਂ ਤੇ ਮੌਜ-ਮੇਲਿਆਂ ਨੂੰ ਨਗਰ ਕੀਰਤਨ ਆਖਣਾ ਠੀਕ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖਾਲਸਾ ਸੰਪੂਰਨਤਾ ਦਿਹਾੜੇ ਦੇ ਮੁਕੰਮਲ ਇਤਿਹਾਸ ਤੋਂ ਭਾਵਪੂਰਤ ਢੰਗ ਨਾਲ ਜਾਣੂ ਕਰਵਾਇਆ ਜਾਣਾ ਬਹੁਤ ਜ਼ਰੂਰੀ ਹੈ। ਇਹ ਤਦ ਹੀ ਹੋ ਸਕਦਾ ਹੈ ਜੇ ਸਾਨੂੰ ਆਪ ਨੂੰ ਆਪਣੇ ਮਹਾਨ ਵਿਰਸੇ ਦੀ ਸੋਝੀ ਹੋਵੇ। ਜਿਹੜੇ ਸਕੂਲਾਂ- ਅਕੈਡਮੀਆਂ ਦੇ ਬੱਚੇ ਇਤਿਹਾਸ ਦੀ ਜਾਣਕਾਰੀ ਨਾਲ ਸਜ-ਧਜ ਕੇ ਖਾਲਸਾਈ ਪਹਿਰਾਵੇ ਵਿੱਚ ਨਗਰ ਕੀਰਤਨ ਦੀ ਸ਼ੋਭਾ ਵਧਾਉਂਦੇ ਹਨ, ਉਨ੍ਹਾਂ ਦੇ ਮਾਪੇ ਅਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਮੌਕੇ ਹਉਮੈ, ਹੰਕਾਰ ਅਤੇ ਕ੍ਰੋਧ ਦੀ ਥਾਂ ਨਿਮਰਤਾ, ਸਤਿਕਾਰ ਅਤੇ ਪ੍ਰੇਮ ਨਾਲ ਸ਼ਾਮਿਲ ਹੋਣਾ ਚਾਹੀਦਾ ਹੈ। ਤਦ ਹੀ ਅਸੀਂ ਨਗਰ ਕੀਰਤਨ ਦੀ ਸ਼ਾਨ ਅਤੇ ਗੁਰੂ ਦੇ ਸਤਿਕਾਰ ਦੇ ਧਾਰਨੀ ਹੋ ਸਕਦੇ ਹਾਂ ਅਤੇ ਫਖ਼ਰ ਨਾਲ ਆਖ ਸਕਦੇ ਹਾਂ :
”ਵਾਹਨ ਸ਼ਿੰਗਾਰੇ ਰਹੈਂ, ਬਾਜਤ ਨਗਾਰੇ ਰਹੈਂ,
ਵੈਰੀ ਭੂਮੀ ਡਾਰੇ ਰਹੈਂ, ਮੂੰਡ ਯੁਤ ਤਾਜ ਕੇ।
ਸੰਗਤੇਂ ਆਬਾਦ ਰਹੈਂ, ਆਵਤੇ ਪ੍ਰਸਾਦਿ ਰਹੈਂ,
ਬਾਢੇ ਅਹਿਲਾਦ ਰਹੈਂ, ਧਰਮ ਸੁ ਕਾਜ ਕੇ।
ਗਾਦੀਆਂ ਅਟੱਲ ਰਹੈਂ, ਚੌਕੀਆਂ ਅਚੱਲ ਰਹੈਂ,
ਬੁੰਗੇ ਝਲਾ ਝਲ ਰਹੈਂ, ਸਹਿਤ ਸਮਾਜ ਕੇ।
ਲਾਗਤੇ ਦੀਵਾਨ ਰਹੈਂ, ਗਾਵਤੇ ਸੁਜਾਨ ਰਹੈਂ,
ਝੂਲਦੇ ਨਿਸ਼ਾਨ ਰਹੈਂ, ਪੰਥ ਮਹਾਰਾਜ ਕੇ।”
(ਗਿਆਨੀ ਗਿਆਨ ਸਿੰਘ, ਪੁਰਾਤਨ ਪੰਥ ਪ੍ਰਕਾਸ਼)
ਦੂਜੇ ਪਾਸੇ ਨਗਰ ਕੀਰਤਨ ਮੌਕੇ ਆਤਮ-ਪੜਚੋਲ ਕਰਨੀ ਜ਼ਰੂਰੀ ਹੈ। ਸਿੱਖੀ ਦੇ ਸਿਧਾਂਤਾਂ ਤੋਂ ਦੂਰ ਹੋ ਕੇ ਸਿੱਖ ਸਮਾਜ ਵਿੱਚ ਵੱਧ ਰਹੀ ਗਿਰਾਵਟ, ਸਿੱਖ ਸੰਸਥਾਵਾਂ ਉੱਪਰ ਕਾਬਿਜ ਪਰਿਵਾਰਵਾਦ ਅਤੇ ਸਿੱਖੀ ਅਸੂਲਾਂ ਤੋਂ ਥਿੜਕੀ ਹੋਈ ਲੀਡਰਸਪਿ ਬਾਰੇ ਚਿੰਤਾ ਗੌਰ ਕਰਨ ਯੋਗ ਹੈ। ਪ੍ਰੋਫੈਸਰ ਆਫ ਸਿੱਖਿਜ਼ਮ ਅਤੇ ਉੱਘੇ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਹੁਰਾਂ ਨੇ 1974 ਵਿੱਚ ਇਹ ਵਿਅੰਗ ਭਰਪੂਰ ਤੇ ਕਟਾਕਸ਼ਮਈ ਕਵਿਤਾ ਲਿਖੀ ਸੀ, ਜੋ ਕਿ ਭਾਈ ਗਿਆਨ ਸਿੰਘ ਦੀ ਕਾਵਿ ਰਚਨਾ ਦੇ ਸੰਦਰਭ ਨੂੰ ਨਵੇਂ ਚਿੰਤਾਜਨਕ ਹਾਲਾਤ ਵਿੱਚ ਪੇਸ਼ ਕਰਦੀ ਹੈ ;
”ਸ਼੍ਰੋਮਣੀ ਹਮਾਰੀ ਰਹੇ, ਸੇਵਾ ਚੰਦਾ ਜਾਰੀ ਰਹੇ,
ਸੰਘ ਨਾਲ ਯਾਰੀ ਰਹੇ, ਥੱਲੇ ਆਰੀਆ ਸਮਾਜ ਕੇ।
ਸਿੱਖੀ ਕੀ ਨਾ ਬਾਤ ਚਲੇ, ਪੰਥ ਕੀ ਨਾ ਗਾਥ ਚਲੇ,
ਲੂਟ ਦੋਨੋਂ ਹਾਥ ਚਲੇ, ਸੰਗ ਸਾਜ ਬਾਜ ਕੇ।
ਅਕਲ ਦੀ ਨਾ ਗੱਲ ਰਹੇ, ਇੱਕੋ ‘ਕਾਲੀ ਦਲ ਰਹੇ,
ਨਿੱਤ ਤਰਥੱਲ ਰਹੇ, ਜ਼ਿੰਦਾਬਾਦ ਗਾਜ ਕੇ।
ਝੰਡੀ ਵਾਲੀ ਕਾਰ ਰਹੇ, ਫੂਲਨ ਕੇ ਹਾਰ ਰਹੇਂ,
ਗੋਲਕੇਂ ਭਰਪੂਰ ਕਰੇਂ, ਸਿੱਖ ਭਾਜ ਭਾਜ ਕੇ।
ਪੰਥ ਦੇ ਦਰਦ ਹਿੱਤ ਬੁੱਧੀ ਕੀ ਜੋ ਸੇਧ ਦੇਵੇ,
ਨਿਕਟ ਨਾ ਆਣੇ ਪਾਵੇ ਰਾਜ ਭਾਗ ਕਾਜ ਕੇ।
ਜਥੇਦਾਰ ਕਹਿਤ, ‘ਬਿਰਾਜੋ, ਮਤ ਭਾਜੋ, ਸਿੱਖੋ,
ਝੂਲਤੇ ਨਿਸ਼ਾਨ, ਪੰਥ ਮਹਾਰਾਜ ਕੇ।”

ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਹਿਤ
ਸਭਾ ਮੁਢਲੀ ਰਜਿਸਟਰਡ
ਐਬਟਸਫੋਰਡ, ਬੀ.ਸੀ.