Thursday, May 16, 2024
18.9 C
Vancouver

ਬੇਵਿਸ਼ਵਾਸੇ ਦਲਬਦਲੂਆਂ ਤੋਂ ਚੰਗੇ ਰਾਸ਼ਟਰ ਨਿਰਮਾਣ ਦੀ ਆਸ ਨਹੀਂ ਰੱਖੀ ਜਾ ਸਕਦੀ

ਲਿਖਤ : ਬਲਵਿੰਦਰ ਸਿੰਘ ਭੁੱਲਰ
ਸੰਪਰਕ : 91 – 98882 – 75913)
ਸਮੁੱਚੀ ਦੁਨੀਆਂ ਦਾ ਇਤਿਹਾਸ ਅਜਿਹੇ ਵਿਅਕਤੀਆਂ ਦੀਆਂ ਜੀਵਨ ਉਦਾਹਰਣਾਂ ਨਾਲ ਭਰਿਆ ਪਿਆ ਹੈ, ਜਿਹੜੇ ਵਿਸ਼ਵਾਸ, ਹੌਸਲੇ, ਦ੍ਰਿੜ੍ਹਤਾ ਅਤੇ ਲੋਕ ਸੇਵਾ ਕਰਦੇ ਹੋਏ ਸਿਖ਼ਰਾਂ ਤਕ ਪਹੁੰਚੇ ਹਨ। ਭਾਰਤ ਵਿੱਚ ਵੀ ਅਜਿਹੇ ਆਗੂਆਂ ਦੀਆਂ ਉਦਾਹਰਣਾਂ ਮਿਲਦੀਆਂ ਹਨ। ਆਜ਼ਾਦੀ ਤੋਂ ਬਾਅਦ ਸਿਆਸੀ ਪਾਰਟੀਆਂ ਖੜ੍ਹੀਆਂ ਹੋਈਆਂ ਤੇ ਚੋਣਾਂ ਦਾ ਸਿਲਸਿਲਾ ਸ਼ੁਰੂ ਹੋਇਆ। ਚੋਣਾਂ ਆਉਂਦੀਆਂ ਜਾਂਦੀਆਂ ਰਹੀਆਂ ਹਨ ਤੇ ਉਮੀਦਵਾਰਾਂ ਦੀ ਜਿੱਤ ਹਾਰ ਹੁੰਦੀ ਰਹੀ ਹੈ। ਚੋਣਾਂ ਲੜਨ ਵਾਲੇ ਨੇਤਾ ਦੇਸ਼ ਵਾਸੀਆਂ ਲਈ ਰੋਲ ਮਾਡਲ ਬਣਦੇ ਰਹੇ ਹਨ। ਉਹਨਾਂ ਬਹੁਤ ਚੰਗੇ ਮਾੜੇ ਦਿਨ ਵੀ ਵੇਖੇ, ਪਰ ਉਹਨਾਂ ਆਪਣੀ ਮਾਂ ਪਾਰਟੀ ਨੂੰ ਕਦੇ ਨਹੀਂ ਛੱਡਿਆ ਅਤੇ ਬਹੁਤ ਉੱਚੀਆਂ ਪਦਵੀਆਂ ਹਾਸਲ ਕੀਤੀਆਂ। ਮਿਸਾਲ ਦੇ ਤੌਰ ‘ਤੇ ਗਿ. ਜੈਲ ਸਿੰਘ, ਜਿਸਨੇ ਆਜ਼ਾਦੀ ਦੀ ਲੜਾਈ ਵਿੱਚ ਵੀ ਹਿੱਸਾ ਪਾਇਆ ਸੀ, ਆਜ਼ਾਦੀ ਤੋਂ ਬਾਅਦ ਉਹ ਕਾਂਗਰਸ ਦੇ ਵਿਧਾਇਕ, ਮੰਤਰੀ, ਮੁੱਖ ਮੰਤਰੀ, ਕੇਂਦਰ ਵਿੱਚ ਗ੍ਰਹਿ ਮੰਤਰੀ ਬਣਦੇ ਹੋਏ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚੇ। ਅਪ੍ਰੇਸ਼ਨ ਬਲਿਊ ਸਟਾਰ ਓਪਰੇਸ਼ਨ ਸਮੇਂ ਉਸ ਨੂੰ ਸਿੱਖਾਂ ਦੇ ਵਿਰੋਧ ਦਾ ਵੀ ਸਾਹਮਣਾ ਪਿਆ, ਭਾਵੇਂ ਕਿ ਇਹ ਕਾਰਵਾਈ ਉਹਨਾਂ ਦੀ ਸਲਾਹ ਤੋਂ ਬਗੈਰ ਹੀ ਕੀਤੀ ਗਈ ਸੀ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਰਾਸ਼ਟਰਪਤੀ ਹੁੰਦਿਆਂ ਹੋਇਆਂ ਵੀ ਉਸਨੇ ਹਿੰਦੂਆਂ ਦੀਆਂ ਨਫ਼ਰਤੀ ਅੱਖਾਂ ਵੇਖੀਆਂ ਤੇ ਦੁਖੀ ਹੋਏ ਪੀੜ ਨੂੰ ਚੁੱਪ ਚਾਪ ਝੱਲਦੇ ਰਹੇ। ਅਜਿਹੇ ਹਾਲਾਤ ਵਿੱਚ ਵੀ ਉਹਨਾਂ ਆਪਣੀ ਮਾਂ ਪਾਰਟੀ ਕਾਂਗਰਸ ਨਹੀਂ ਛੱਡੀ ਤੇ ਆਪਣੇ ਆਖ਼ਰੀ ਸਾਹ ਤਕ ਨਿਭਦੇ ਰਹੇ। ਇਸੇ ਤਰ੍ਹਾਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਜਦੋਂ ਅਕਾਲੀ ਆਗੂ ਸਥਾਪਤ ਹੋ ਗਏ ਤਾਂ ਉਹ ਪੰਜਾਬ ਦੇ ਵਿਧਾਇਕ, ਪੰਜ ਵਾਰ ਮੁੱਖ ਮੰਤਰੀ, ਕੇਂਦਰ ਦੇ ਖੇਤੀਬਾੜੀ ਮੰਤਰੀ, ਪਾਰਟੀ ਦੇ ਪ੍ਰਧਾਨ ਤੇ ਸ੍ਰਪ੍ਰਸਤ ਅਹੁਦਿਆਂ ‘ਤੇ ਰਹੇ। ਇੱਥੋਂ ਤਕ ਪਹੁੰਚਣ ਦਾ ਕਾਰਨ ਵੀ ਇਹੋ ਸੀ ਕਿ ਉਹਨਾਂ ਕਦੇ ਵੀ ਪਾਰਟੀ ਤੋਂ ਪਾਸਾ ਨਾ ਵੱਟਿਆ। ਉਹਨਾਂ ਨੂੰ ਕਈ ਵਾਰ ਹਾਰ ਦਾ ਮੂੰਹ ਵੇਖਣਾ ਪਿਆ, ਕਈ ਵਾਰ ਉੱਚ ਦਰਜੇ ਦਾ ਵਿਰੋਧ ਵੀ ਹੋਇਆ। ਬੇਅਦਬੀ ਘਟਨਾਵਾਂ ਦੇ ਦੋਸ਼ ਵੀ ਲੱਗੇ, ਪਰ ਉਹਨਾਂ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਕਦੀ ਵੀ ਮੂੰਹ ਨਾ ਫੇਰਿਆ। ਅਜਿਹੀਆਂ ਹੋਰ ਵੀ ਬਹੁਤ ਸ਼ਖ਼ਸੀਅਤਾਂ ਹਨ। ਇਹੋ ਕਾਰਨ ਹੈ ਕਿ ਉਹਨਾਂ ਦਾ ਵਿਰੋਧ ਖੜ੍ਹਾ ਹੋ ਜਾਣ ‘ਤੇ ਵੀ ਲੋਕ ਉਹਨਾਂ ਦਾ ਸਤਿਕਾਰ ਕਰਦੇ ਰਹੇ ਹਨ। ਕਈ ਵੱਡੇ ਲੀਡਰ ਅਜਿਹੇ ਵੀ ਸਨ ਕਿ ਉਹ ਤੰਗ ਤਾਂ ਹੋਏ, ਪਰ ਉਹ ਮਾਂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਦੀ ਗੋਦੀ ਵਿੱਚ ਨਹੀਂ ਡਿਗੇ। ਉਹਨਾਂ ਆਪਣੀ ਨਵੀਂ ਪਾਰਟੀ ਬਣਾ ਲਈ, ਭਾਵੇਂ ਉਹ ਸਫ਼ਲ ਵੀ ਨਾ ਹੋਏ। ਪਰ ਉਹਨਾਂ ‘ਤੇ ਕੁਰਸੀ ਦੀ ਭੁੱਖ ਵਿੱਚ ਕੀਤੀ ਬੇਈਮਾਨੀ ਦਾ, ਧੋਖਾਦੇਹੀ ਦਾ ਦੋਸ਼ ਨਹੀਂ ਲਗਦਾ। ਕੁਝ ਅਜਿਹੇ ਆਗੂ ਵੀ ਸਨ ਜੋ ਚੁੱਪ ਚਾਪ ਆਪਣੇ ਘਰ ਬੈਠ ਗਏ। ਅੱਜ ਵੀ ਅਜਿਹੇ ਲੀਡਰਾਂ ਪ੍ਰਤੀ ਆਮ ਲੋਕਾਂ ਦਾ ਸਤਿਕਾਰ ਕਾਇਮ ਹੈ।
ਹੁਣ ਪਿਛਲੇ ਦੋ ਕੁ ਦਹਾਕਿਆਂ ਤੋਂ ਆਗੂਆਂ ਦੇ ਚਰਿੱਤਰ, ਫ਼ਰਜ਼ਾਂ ਵਿੱਚ ਕਾਫ਼ੀ ਤਬਦੀਲੀ ਆਈ ਹੈ। ਉਹਨਾਂ ਨੇ ਕੁਰਸੀ ਦੀ ਲਾਲਸਾ ਤੇ ਭੁੱਖ ਕਾਰਨ ਆਪਣੀ ਅਣਖ, ਇੱਜ਼ਤ, ਵਫ਼ਾਦਾਰੀ ਛੱਡ ਕੇ ਆਪਣਾ ਨਿਸ਼ਾਨਾ ਸਿਰਫ਼ ਜਿੱਤ ਤੇ ਸੱਤਾ ਹਾਸਲ ਕਰਨ ਦਾ ਬਣਾ ਲਿਆ ਹੈ। ਉਹਨਾਂ ਨੂੰ ਕਿਸੇ ਪਾਰਟੀ ਨਾਲ ਕੋਈ ਮੋਹ ਨਹੀਂ ਹੈ। ਕਿਸੇ ਪਾਰਟੀ ਦੀਆਂ ਦੇਸ਼ ਪ੍ਰਤੀ ਨੀਤੀਆਂ ਨਾਲ ਕੋਈ ਸੰਬੰਧ ਨਹੀਂ ਹੈ, ਲੋਕਾਂ ਵੱਲੋਂ ਹੱਕ ‘ਤੇ ਨਿਆਂ ਲੈਣ ਲਈ ਵੋਟਾਂ ਰਾਹੀਂ ਦਿੱਤੇ ਅਧਿਕਾਰ ਦੀ ਕੋਈ ਚਿੰਤਾ ਨਹੀਂ ਹੈ। ਸ਼ਾਇਦ ਉਹ ਸਮਝਦੇ ਹਨ ਕਿ ਵੋਟਰ ਤਾਂ ਮੂਰਖ ਹਨ, ਉਹਨਾਂ ਦੀ ਯਾਦਸ਼ਕਤੀ ਕੁਝ ਮਹੀਨਿਆਂ ਦੀ ਹੈ ਤੇ ਕੀਤਾ ਕਰਾਇਆ ਸਭ ਭੁੱਲ ਹੀ ਜਾਂਦੇ ਹਨ। ਅਜਿਹੇ ਆਗੂ ਪਹਿਲਾਂ ਇੱਕ ਪਾਰਟੀ ਦੀ ਟਿਕਟ ਹਾਸਲ ਕਰਦਿਆਂ ਜਿੱਤ ਕੇ ਅੰਗੂਰੀਆਂ ਛਕਦੇ ਹਨ ਅਤੇ ਅਗਲੀ ਵਾਰ ਉਸ ਆਪਣੀ ਮਾਂ ਪਾਰਟੀ ਨੂੰ ਧੋਖਾ ਦੇ ਕੇ ਹੋਰ ਪਾਰਟੀ ਦੀ ਟਿਕਟ ਹਾਸਲ ਕਰ ਲੈਂਦੇ ਹਨ ਤੇ ਫਿਰ ਕੁਰਸੀ ਹਾਸਲ ਕਰਕੇ ਜੋ ਕੁਝ ਕਰਦੇ ਹਨ, ਉਹ ਸਭ ਦੇ ਸਾਹਮਣੇ ਹੈ। ਉਹਨਾਂ ਨੇ ਮਿਥਿਆ ਹੁੰਦਾ ਹੈ ਕਿ ਲੋਕ ਮਰਨ ਚਾਹੇ ਖਪਣ, ਉਹਨਾਂ ਨੇ ਤਾਂ ਕੁਰਸੀ ਹਾਸਲ ਕਰਨੀ ਹੈ, ਭਾਵੇਂ ਬੇਈਮਾਨੀ, ਧੋਖਾਦੇਹੀ ਨਾਲ ਹੋਵੇ ਜਾਂ ਚਾਲਬਾਜ਼ੀ ਨਾਲ।
ਰਾਜ ਅਜਿਹੇ ਲੋਕਾਂ ਦਾ ਹੋਣਾ ਚਾਹੀਦਾ ਹੈ ਜੋ ਦੌਲਤ, ਲਾਲਚ, ਸ਼ੋਹਰਤ ਦੀ ਬਜਾਏ ਇਮਾਨਦਾਰੀ ਨਾਲ ਲੋਕ ਸੇਵਾ ਕਰਨ ਨੂੰ ਤਰਜੀਹ ਦੇਣ, ਬੇਈਮਾਨਾਂ ਦਾ ਨਹੀਂ ਹੋਣਾ ਚਾਹੀਦਾ। ਲੋਕਾਂ ਨਾਲ ਨਿਆਂ ਉਹੀ ਕਰ ਸਕਦੇ ਹਨ, ਜਿਹਨਾਂ ਦਾ ਆਪਣਾ ਚਰਿੱਤਰ ਹੋਵੇ, ਅਣਖ ਹੋਵੇ। ਰਾਸ਼ਟਰ ਚਲਾਉਣਾ ਬਹੁਤ ਵੱਡਾ ਤੇ ਮਹੱਤਵਪੂਰਨ ਕੰਮ ਹੈ, ਇਸ ਕੰਮ ਨੂੰ ਨੇਤਾਵਾਂ, ਖਾਸ ਕਰਕੇ ਬੇਈਮਾਨਾਂ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ। ਅਜਿਹੇ ਬੇਵਿਸਵਾਸ਼ੀ ਲੋਕ ਦੇਸ਼ ਦੀ ਤਬਾਹੀ ਦਾ ਕਾਰਨ ਬਣਦੇ ਹਨ। ਦੇਸ਼ ਦੇ ਲੋਕਾਂ ਵਿੱਚ ਸਮਾਜਿਕ ਚੇਤਨਾ ਹੋਣੀ ਚਾਹੀਦੀ ਹੈ ਤੇ ਵੋਟ ਪਾਉਣ ਸਮੇਂ ਉਹਨਾਂ ਨੂੰ ਪੂਰੀ ਸੂਝ ਬੂਝ ਨਾਲ ਉਮੀਦਵਾਰ ਦੇ ਚਰਿੱਤਰ ਬਾਰੇ ਘੋਖ ਪੜਤਾਲ ਕਰਨੀ ਚਾਹੀਦੀ ਹੈ। ਇਹ ਵੀ ਇੱਕ ਸਚਾਈ ਹੈ ਕਿ ਰਾਸ਼ਟਰ ਵਿਅਕਤੀਆਂ ਨਾਲ ਨਹੀਂ ਬਣਦਾ, ਬਲਕਿ ਸੰਸਥਾਵਾਂ ਨਾਲ ਬਣਦਾ ਹੈ। ਵੱਖ ਵੱਖ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਵੋਟ ਪ੍ਰਤੀਸ਼ਤ ਵਧਾਉਣ ਦੇ ਆਸ਼ੇ ਨਾਲ ਬੇਵਿਸ਼ਵਾਸਿਆਂ ਤੇ ਬੇਈਮਾਨ ਦਲਬਦਲੂਆਂ ਨੂੰ ਆਪਣੇ ਵਿੱਚ ਸ਼ਾਮਲ ਕਰਨ ਤੋਂ ਗੁਰੇਜ਼ ਕਰਨ। ਸੱਤਾ ਨਾਲੋਂ ਦੇਸ਼ ਤੇ ਲੋਕਾਂ ਦਾ ਵਧੇਰੇ ਫਿਕਰ ਕਰਦਿਆਂ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰ ਸਾਹਮਣੇ ਲਿਆਉਣੇ ਚਾਹੀਦੇ ਹਨ। ਦੁਨੀਆਂ ਪੱਧਰ ਦੇ ਫਿਲਾਸਫ਼ਰ ਸ੍ਰੀ ਡਿਜਰਾਇਨੀ ਨੇ ਕਿਹਾ ਸੀ, ”ਰਾਜਨੀਤੀ ਕੇਵਲ ਖੇਡ ਨਹੀਂ, ਇਸ ਉੱਪਰ ਰਾਸ਼ਟਰ ਦਾ ਵਰਤਮਾਨ ਤੇ ਭਵਿੱਖ ਨਿਰਭਰ ਕਰਦਾ ਹੈ।” ਦੇਸ਼ ਵਾਸੀਆਂ ਨੂੰ ਇਹ ਕਥਨ ਆਪਣੇ ਹਿਰਦੇ ਵਿੱਚ ਵਸਾ ਕੇ ਵੋਟ ਪਾਉਣ ਦਾ ਫੈਸਲਾ ਲੈਣਾ ਚਾਹੀਦਾ ਹੈ।
ਕੇਂਦਰ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਵੱਡੀ ਬਹੁਗਿਣਤੀ ਵਾਲੀ ਸਰਕਾਰ ਸੀ, ਜਿਸਨੇ ਰੱਜ ਕੇ ਆਪਣੀਆਂ ਮਨਮਾਨੀਆਂ ਕੀਤੀਆਂ। ਅਗਲੀ ਸਰਕਾਰ ਵੀ ਭਾਜਪਾ ਦੀ ਆਉਣ ਬਾਰੇ ਖੁੱਲ੍ਹ ਕੇ ਮੀਡੀਆ ਰਾਹੀਂ ਪ੍ਰਚਾਰ ਕੀਤਾ। ਲੋਕਾਂ ਨੂੰ ਸਬਜ਼ਬਾਗ ਵਿਖਾਏ, ਕੁਝ ਨੂੰ ਡਰਾਇਆ ਧਮਕਾਇਆ, ਕੁਝ ਨੂੰ ਲਾਲਚ ਦਿੱਤੇ। ਦੂਜੀਆਂ ਪਾਰਟੀਆਂ, ਖਾਸ ਕਰਕੇ ਕਾਂਗਰਸ ਨੂੰ ਖਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ਵੇਖਦਿਆਂ ਪ੍ਰਭਾਵ ਹੇਠ ਆਏ ਕੁਝ ਕਾਂਗਰਸੀ ਆਪਣੀ ਮਾਂ ਪਾਰਟੀ ਛੱਡ ਕੇ ਇਸ ਮਾਸੀ ਪਾਰਟੀ ਵੱਲ ਭੱਜਣ ਲੱਗੇ। ਇਹਨਾਂ ਵਿੱਚ ਦੋ ਕਿਸਮ ਦੇ ਨੇਤਾ ਸਨ, ਇੱਕ ਉਹ ਸਨ ਜੋ ਸੱਤਾ ਦਾ ਭਾਗ ਬਣਨ ਲਈ ਕੁਰਸੀ ਦੀ ਲਾਲਸਾ ਵਿੱਚ ਜਾ ਰਹੇ ਸਨ, ਜਿਹਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਰਾਣਾ ਸੋਢੀ ਆਦਿ ਸਨ। ਦੂਜੇ ਈ ਡੀ ਤੋਂ ਡਰਦੇ ਚਲੇ ਗਏ, ਜਿਵੇਂ ਗੁਰਪ੍ਰੀਤ ਸਿੰਘ ਕਾਂਗੜ, ਬਲਵੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ ਆਦਿ। ਜਦੋਂ ਈ ਡੀ ਦਾ ਡਰ ਘਟ ਗਿਆ ਤਾਂ ਇਹਨਾਂ ਵਿੱਚੋਂ ਕੁਝ ਵਾਪਸ ਕਾਂਗਰਸ ਵਿੱਚ ਹੀ ਮੁੜ ਆਏ।
ਹੁਣ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਗਈਆਂ, ਚੋਣਾਂ ਦੀ ਤਾਰੀਖ ਮਿਥੀ ਗਈ ਤਾਂ ਕੁਰਸੀ ਦੇ ਭੁੱਖੇ ਦਲਬਦਲੂ ਭਾਜਪਾ ਦੇ ਪੈਰਾਂ ਵਿੱਚ ਜਾ ਡਿਗਣ ਲੱਗੇ ਹਨ। ਰਵਨੀਤ ਸਿੰਘ ਬਿੱਟੂ ਪੰਜਾਬ ਦੇ ਸਿਰਕਰਦਾ ਕਾਂਗਰਸੀ ਪਰਿਵਾਰ ਵਿੱਚੋਂ ਸਨ, ਜਿਹਨਾਂ ਕੁਰਸੀ ਲਈ ਭਾਜਪਾ ਦੇ ਪੈਰ ਫੜ ਲਏ ਹਨ। ਉਹਨਾਂ ਦੇ ਦਾਦਾ ਸ੍ਰ. ਬੇਅੰਤ ਸਿੰਘ, ਜਿਹਨਾਂ ਨੇ ਪੰਜਾਬ ਵਿੱਚ ਸ਼ਾਂਤੀ ਪੈਦਾ ਕਰਨ ਬਦਲੇ ਕਾਂਗਰਸੀ ਹੁੰਦਿਆਂ ਕੁਰਬਾਨੀ ਦਿੱਤੀ, ਜਿਸਦੀ ਕਦਰ ਕਰਦਿਆਂ ਕਾਂਗਰਸ ਹਾਈਕਮਾਂਡ ਨੇ ਰਵਨੀਤ ਸਿੰਘ ਬਿੱਟੂ ਦੀ ਹਰ ਇੱਛਾ ਪੂਰੀ ਕੀਤੀ। ਇਸ ਪਰਿਵਾਰ ਦੇ ਤੇਜ਼ ਪ੍ਰਕਾਸ਼ ਸਿੰਘ ਨੂੰ ਪੰਜਾਬ ਦਾ ਮੰਤਰੀ ਬਣਾਇਆ, ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਮੈਂਬਰ ਬਣਾਇਆ, ਗੁਰਕੀਰਤ ਕੋਟਲੀ ਨੂੰ ਵਿਧਾਇਕ ਬਣਾਇਆ। ਹੁਣ ਜਦੋਂ ਬਿੱਟੂ ਦੀ ਲੋਕਾਂ ਵਿੱਚ ਪਹਿਲਾਂ ਵਾਲੀ ਚੜ੍ਹਤ ਨਾ ਰਹੀ ਤਾਂ ਉਹ ਆਪਣੀ ਇਸ ਮਾਂ ਪਾਰਟੀ ਕਾਂਗਰਸ ਵਿੱਚੋਂ ਭੱਜ ਕੇ ਭਾਜਪਾ ਦੀ ਝੋਲੀ ਵਿੱਚ ਜਾ ਡਿਗਿਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਜਿਸਨੂੰ ਪਾਰਟੀ ਨੇ ਲੋਕ ਸਭਾ ਮੈਂਬਰ ਬਣਾਇਆ ਅਤੇ ਹੁਣ ਅਗਲੀਆਂ ਚੋਣਾਂ ਲਈ ਵੀ ਟਿਕਟ ਵੀ ਦੇ ਦਿੱਤੀ ਸੀ, ਜਦੋਂ ਭਾਜਪਾ ਨੇ ਡਰਾਇਆ ਧਮਕਾਇਆ ਤੇ ਫਿਰ ਸੰਸਦ ਮੈਂਬਰ ਨਾ ਬਣਨ ‘ਤੇ ਬਣਦਾ ਕੋਈ ਹੋਰ ਅਹੁਦਾ ਦੇਣ ਦਾ ਲਾਲਚ ਵੀ ਦਿੱਤਾ ਤਾਂ ਉਹ ਝੱਟ ਆਪਣੀ ਪਾਰਟੀ ਨਾਲ ਧੋਖਾ ਕਰਕੇ ਭਾਜਪਾ ਦੇ ਪੈਰਾਂ ਵਿੱਚ ਜਾ ਬੈਠਾ। ਇਸੇ ਤਰ੍ਹਾਂ ਆਪ ਦੇ ਵਿਧਾਇਕ ਸੀਤਲ ਅੰਗੁਰਾਲ ਨੇ ਫੁੱਲ ਵਾਲਾ ਪਰਨਾ ਗਲ ਵਿੱਚ ਪੁਆ ਲਿਆ ਹੈ।
ਇਹ ਹੈ ਅੱਜ ਦੇ ਵੱਖ ਵੱਖ ਪਾਰਟੀਆਂ ਵਿੱਚ ਨੇਤਾ ਬਣੇ ਕੁਝ ਲਾਲਚੀ ਤੇ ਕੁਰਸੀ ਦੇ ਭੁੱਖੇ ਲੋਕਾਂ ਦਾ ਕਿਰਦਾਰ। ਜਿਸ ਪਾਰਟੀ ਵਿੱਚ ਦਲਬਦਲੂ ਜਾਂਦਾ ਹੈ, ਉਹ ਜੇ ਇਹ ਸਮਝੇ ਕਿ ਉਸਦਾ ਵਫ਼ਾਦਾਰ ਰਹੇਗਾ, ਇਹ ਉਸਦੀ ਭੁੱਲ ਹੋਵੇਗੀ। ਲਾਲਚ ਅਤੇ ਹੰਕਾਰ ਮਨੁੱਖ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨ। ਲਾਲਚੀ ਤੇ ਹੰਕਾਰੀ ਮਨੁੱਖ ਕਿਸੇ ਨਾਲ ਵੀ ਨਿਭ ਨਹੀਂ ਸਕਦਾ। ਨਿਭ ਤਾਂ ਉਹੀ ਸਕਦਾ ਹੈ, ਜਿਸਦਾ ਆਪਣਾ ਕੋਈ ਚਰਿੱਤਰ ਹੋਵੇ ਤੇ ਅਣਖ ਇੱਜ਼ਤ ਬਾਰੇ ਗਿਆਨ ਰੱਖਦਾ ਹੋਵੇ। ਹਾਂ! ਕਈ ਵਾਰ ਅਣਖ ਵਾਲਾ ਵੀ ਆਪਣੀ ਪਾਰਟੀ ਤੋਂ ਤੰਗ ਆ ਜਾਂਦਾ ਹੈ ਤੇ ਚੋਣਾਂ ਸਮੇਂ ਆਪਣਾ ਹੱਕ ਨਾ ਮਿਲਣ ‘ਤੇ ਦੁਖੀ ਹੋ ਜਾਂਦਾ ਹੈ, ਪਰ ਉਹ ਕਿਸੇ ਹੋਰ ਪਾਰਟੀ ਵਿੱਚ ਟਿਕਟ ਮੰਗਣ ਨਾਲੋਂ ਜ਼ਿੰਦਗੀ ਛੱਡਣ ਨੂੰ ਤਰਜੀਹ ਦੇ ਦਿੰਦਾ ਹੈ। ਬੀਤੇ ਦਿਨ ਤਾਮਿਲਨਾਡੂ ਦੇ ਝਰੋੜ ਹਲਕੇ ਦੇ ਸੰਸਦ ਮੈਂਬਰ ਏ ਗਣੇਸਮੂਰਤੀ ਨੂੰ ਉਸਦੀ ਪਾਰਟੀ ਡੀ ਐੱਮ ਕੇ ਨੇ ਟਿਕਟ ਨਾ ਦਿੱਤੀ, ਤਾਂ ਉਸਨੇ ਹੋਰ ਪਾਰਟੀ ਤੋਂ ਟਿਕਟ ਮੰਗਣ ਦੀ ਬਜਾਏ ਕੀੜੇਮਾਰ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਇਹ ਜਾਣਕਾਰੀ ਉਸਦੇ ਪਰਿਵਾਰ ਵੱਲੋਂ ਦਿੱਤੀ ਗਈ ਹੈ। ਉਸਦੀ ਮੌਤ ਦਾ ਦੁੱਖ ਤਾਂ ਹਰ ਇਨਸਾਨ ਮਹਿਸੂਸ ਕਰਦਾ ਹੈ, ਇੱਕ ਇਨਸਾਨ ਦਾ ਦੁਨੀਆਂ ਤੋਂ ਚਲੇ ਜਾਣਾ ਦੁਖਦਾਈ ਹੁੰਦਾ ਹੈ। ਪਰ ਦਲਬਦਲੂਆਂ ਦੀਆਂ ਕਾਰਵਾਈਆਂ ਨਾਲੋਂ ਉਸਦੀ ਮੌਤ ਚਰਿੱਤਰ ਅਤੇ ਅਣਖ ਦੇ ਗੁਣਾਂ ਵਿੱਚ ਵਾਧਾ ਕਰਨ ਵਾਲੀ ਹੈ।
ਲੋਕ ਸਭਾ ਚੋਣਾਂ ਆ ਗਈਆਂ ਹਨ। ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਸਨੇ ਇੱਕ ਵਾਰੀ ਵਿਸ਼ਵਾਸਘਾਤ ਕੀਤਾ ਹੋਵੇ ਉਸ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਪੰਜਾਬ ਵਾਸੀ ਦਲਬਦਲੀ ਦੇ ਕਾਰਨ ਜਾਂਚ ਕੇ, ਦਲਬਦਲੂਆਂ ਦੇ ਚਰਿੱਤਰ ਨੂੰ ਘੋਖ ਕੇ ਹੀ ਆਪਣੀ ਅਤੀ ਕੀਮਤੀ ਵੋਟ ਦਾ ਇਸਤੇਮਾਲ ਕਰਨ, ਤਾਂ ਜੋ ਉਹਨਾਂ ਦੀ ਵੋਟ ਚੰਗੇ ਰਾਸ਼ਟਰ ਨਿਰਮਾਣ ਅਤੇ ਚੰਗੀ ਲੋਕ ਪੱਖੀ ਸਰਕਾਰ ਸਥਾਪਤ ਕਰਨ ਵਿੱਚ ਕੰਮ ਆ ਸਕੇ।