Tuesday, May 14, 2024
16.2 C
Vancouver

ਕੈਨੇਡਾ ਸਰਕਾਰ ਨੇ ‘ਸਪਾਊਸ ਵਰਕ ਪਰਮਿਟ’ ਬੰਦ ਕਰਨ ਦਾ ਲਿਆ ਫੈਸਲਾ

ਔਟਵਾ : ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਦੇਸ਼ ਵਿਚ ਵਿਦੇਸ਼ੀ ਵਿਦਿਆਰਥੀਆਂ ਬਾਰੇ ਆਪਣੀਆਂ ਨੀਤੀਆਂ ਵਿਚ ਫੇਰਬਦਲ ਬੀਤੇ ਜਨਵਰੀ ਮਹੀਨੇ ਤੋਂ ਜਾਰੀ ਹੈ। ਇਸ ਦੇ ਤਹਿਤ ਆਪਣੇ ਦੇਸ਼ ਵਿਚ 12ਵੀਂ ਪੜ੍ਹ ਕੇ ਅਤੇ ਆਈਲੈਟਸ ਬੈਂਡਾਂ ਨਾਲ ਕੈਨੇਡਾ ਦੇ ਸਟੱਡੀ ਪਰਮਿਟ ਲੈਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਰੋਕਣ ਲਈ ‘ਸਪਾਊਜ਼ਲ ਓਪਨ ਵਰਕ ਪਰਮਿਟ’ ਨਾ ਦੇਣ ਦਾ ਫ਼ੈਸਲਾ ਬੀਤੇ ਦਿਨ (20 ਮਾਰਚ) ਤੋਂ ਲਾਗੂ ਕਰ ਦਿੱਤਾ।
ਜਿਹੜੇ ਵਿਦਿਆਰਥੀ 19 ਮਾਰਚ ਤੋਂ ਪਹਿਲਾਂ ਸਪਾਊਜ਼ ਵੀਜ਼ਾ ਲਈ ਅਪਲਾਈ ਕਰ ਚੁੱਕੇ ਹਨ, ਉਨ੍ਹਾਂ ਦੀ ਅਰਜ਼ੀ ਨਵੇਂ ਨਿਯਮਾਂ ਨਾਲ ਪ੍ਰਭਾਵਤ ਨਹੀਂ ਹੋਵੇਗੀ, ਬਸ਼ਰਤੇ ਇੰਟਰਨੈਸ਼ਨਲ ਸਟੂਡੈਂਟ ਕੋਲ ਜਾਇਜ਼ ਸਟੱਡੀ ਵੀਜ਼ਾ ਹੋਵੇ ਅਤੇ ਉਹ ਪੋਸਟ ਗ੍ਰੈਸਜੁਏਸ਼ਨ ਵਰਕ ਪਰਮਿਟ ਲਈ ਯੋਗ ਹੋਵੇ। ਹੁਣ ਐੱਮ.ਏ. ਜਾਂ ਪੀ.ਐੱਚ.ਡੀ. ਕਰਨ ਲਈ ਕੈਨੇਡਾ ਵਿਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀ ਹੀ ਆਪਣੇ ਪਤੀ ਜਾਂ ਪਤਨੀ ਦਾ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ। ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਡਾਕਟਰੀ, ਫਾਰਮੇਸੀ, ਵਕਾਲਤ, ਨਰਸਿੰਗ, ਇੰਜੀਨੀਅਰਿੰਗ, ਬੀ.ਐੱਡ ਆਦਿ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਲਈ ਵੀ ਵਰਕ ਪਰਮਿਟ ਦੀ ਸਹੂਲਤ ਬਰਕਰਾਰ ਰੱਖੀ ਗਈ ਹੈ। ਕੈਨੇਡਾ ਨੇ ਸਪਾਊਜ਼ਲ ਓਪਨ ਵਰਕ ਪਰਮਿਟ (ਸ਼ੌਾਂਫ) ਲਈ ਯੋਗਤਾ ਵਿੱਚ ਤਬਦੀਲੀਆਂ ਬਾਰੇ ਹੋਰ ਵੇਰਵੇ ਜਾਰੀ ਕੀਤੇ ਹਨ।
ਭਵਿੱਖ ਵਿਚ ਸਪਾਊਜ਼ਲ ਓਪਨ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰਨ ਵਾਲਿਆਂ ਨੂੰ ਆਪਣੇ ਜੀਵਨ ਸਾਥੀ ਦੇ ਦਾਖਲੇ ਦਾ ਸਬੂਤ ਅਤੇ ਰਿਸ਼ਤੇ ਦਾ ਸਬੂਤ ਲਾਜ਼ਮੀ ਤੌਰ ‘ਤੇ ਪੇਸ਼ ਕਰਨਾ ਹੋਵੇਗਾ। ਇਨ੍ਹਾਂ ਸਬੂਤਾਂ ਵਿਚ ਕੈਨੇਡਾ ਸਰਕਾਰ ਵੱਲੋਂ ਨਾਮਜ਼ਦ ਵਿਦਿਅਕ ਸੰਸਥਾਵਾਂ ਵੱਲੋਂ ਦਿਤਾ ਦਾਖਲਾ ਪ੍ਰਵਾਨਗੀ ਦਾ ਪੱਤਰ ਅਤੇ ਉਸ ਦੇ ਕੋਰਸ ਨਾਲ ਸਬੰਧਤ ਵੇਰਵੇ ਸ਼ਾਮਲ ਹੋਣਗੇ।
ਹੁਣ ਤੱਕ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਵਿੱਦਿਅਕ ਅਦਾਰਿਆਂ ਵਿਚ ਪੜ੍ਹਨ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਆਪਣੇ ਜੀਵਨ ਸਾਥੀ ਲਈ ਓਪਨ ਵਰਕ ਪਰਮਿਟ ਅਤੇ ਬੱਚਿਆਂ ਲਈ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਸੀ। ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਬੀਤੇ ਦਿਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ 19 ਮਾਰਚ ਤੱਕ ਅਪਲਾਈ ਕਰ ਚੁੱਕੇ ਯੋਗ ਵਿਦੇਸ਼ੀ ਵਿਦਿਆਰਥੀ ਸਪਾਊਜ਼ਲ ਓਪਨ ਵਰਕ ਪਰਮਿਟ ਲਈ ਯੋਗ ਮੰਨੇ ਜਾਣਗੇ ਪਰ ਨਵੀਂ ਨੀਤੀ ਨਹਿਤ ਨਵੇਂ ਬਦਲਾਅ 20 ਮਾਰਚ ਤੋਂ ਲਾਗੂ ਹਨ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਕਿਹਾ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿਚ ਭਰੋਸੇਯੋਗਤਾ ਬਣਾਈ ਰੱਖਣ ਲਈ ਵਰਕ ਪਰਮਿਟ ਨੀਤੀ ਵਿਚ ਕੁਝ ਸੁਧਾਰ ਕਰਨਾ ਸਮੇਂ ਦੀ ਲੋੜ ਸੀ।